ਉਹ ਬਾਲੜੀ ……….

ਰਮੇਸ਼ ਸੇਠੀ ਬਾਦਲ
    (ਸਮਾਜ ਵੀਕਲੀ)  ਅਜੇ ਅੱਖ ਲੱਗੀ ਨੂੰ ਬਹੁਤ ਸਮਾਂ ਨਹੀਂ ਸੀ ਹੋਇਆ । ਜਾਗੋ ਮੀਚੀ ਜਿਹੀ ਵਿਚ ਪਈ ਸਾਂ। ਉਹ ਨਾ ਸਪਨਾ ਸੀ ਨਾ ਹਕੀਕਤ । ਛੋਟੀ ਜਿਹੀ  ਬਾਲੜੀ ਮੇਰੇ ਪਿਛੇ ਪਿਛੇ ਰੋਂਦੀ ਫਿਰਦੀ ਸੀ। ਉਮਰ ਕੋਈ ਪੰਜ ਕੁ ਸਾਲ ਦੀ ਹੋਵੇਗੀ। ਪਤਾ ਨਹੀਂ ਮੈਥੋ  ਕੀ ਮੰਗਦੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਚਿਹਰਾ ਵੀ ਜਾਣਿਆ ਪਹਿਚਾਣਿਆ ਜਿਹਾ ਨਹੀ ਸੀ ਲਗਦਾ । ਪਰ ਇਹ ਮੇਰੇ ਪਿਛੇ ਕਿਉ ਪਈ ਹੈ। ਕੀ ਮੰਗਦੀ ਹੈ। ਮੈਥੋਂ ਅਪਣੱਤ  ਜਿਹੀ ਵੀ ਲਗਦੀ ਸੀ  ਦਿਮਾਗ ਸ਼ਸ਼ੋਪੰਜ ਵਿੱਚ ਸੀ। ਮੇਰੇ ਤਾਂ ਕੋਈ ਵੀ ਬੇਟੀ ਨਹੀਂ ਸੀ । ਦੋ ਬੇਟੇ ਹੀ ਹਨ ਸੁਖ ਨਾਲ ਵੱਡੇ ਵੱਡੇ ਹਨ ਕਾਲਜਾਂ ਚ ਪੜਦੇ ਹਨ। ਤੇ ਫਿਰ ਇਹ ਬਾਲੜੀ ……..।
ਮੈਂ ਉਸ ਤੋ ਦੂਰ ਭੱਜ ਰਹੀ ਸੀ ਤੇ ਉਹ ਮੇਰੇ ਪਿੱਛੇ ਪਿੱਛੇ ਆ ਰਹੀ ਸੀ । ਕਦੇ ਮੰਮੀ ਤੇ ਮਾਂ ਕਹਿੰਦੀ। ਪਤਾ ਨਹੀਂ ਮੈ ਕਿੱਧਰ ਕਿੱਧਰ ਨੂੰ ਭੱਜੀ । ਸੁੰਨਸਾਨ ਥਾਵਾਂ ਤੇ ਸੜਕਾਂ ਤੇ ਕੱਚੇ ਪੱਕੇ ਰਾਹਾਂ ਤੇ ਪਰ ਇਹ ਬਾਲੜੀ ਮੇਰੇ ਪਿੱਛੇ ਪਿੱਛੇ। ਕਦੇ ਕਦੇ ਉਹ ਜੋਰ ਜੋਰ ਦੀ ਹੱਸਦੀ। ਮੈਨੂੰ ਸਾਹ ਚੜ੍ਹ ਗਿਆ ।ਮੈਥੋਂ  ਬੋਲ ਨਹੀਂ ਸੀ ਹੁੰਦਾ । ਮੈ ਚੀਕਾਂ ਮਾਰਨੀਆਂ ਚਾਹੁੰਦੀ ਸੀ । ਪਰ ਮੇਰੇ ਮੂੰਹੋ ਆਵਾਜ ਨਹੀ ਸੀ ਨਿਕਲ ਰਹੀ । ਪਰ ਏਸ ਬਾਲੜੀ ਨੇ ਮੈਨੂੰ ਬਹੁਤ ਤੰਗ ਕੀਤਾ । ਤੇ ਫੇਰ ਇਕ ਦਮ ਮੇਰੀ ਚੀਕ ਨਿਕਲ  ਗਈ ।ਮੈ ਉੱਠ ਬੈਠੀ । ਮੇਰਾ ਸਾਹ ਵੀ ਉਖੱੜਿਆ ਪਿਆ ਸੀ । ਇਹ ਨਾਲ ਹੀ ਘੂਕ ਸੁੱਤੇ ਪਏ ਸਨ। ਸ਼ੁਕਰ ਸੀ ਕਿ ਇਹਨਾਂ ਨੂੰ ਮੇਰੀ ਏਸ ਹਾਲਤ ਦਾ ਕੋਈ ਪਤਾ ਨਹੀਂ ਸੀ । ਇਹਨਾਂ ਦੇ ਘੁਰਾੜੇ ਬਾਦਸਤੂਰ ਜਾਰੀ ਸਨ। ਪਰ ਮੈਂ ਜਾਗ ਕੇ ਵੀ ਡਰ ਰਹੀ ਸਾਂ। ਇਹ ਕੀ ਸੀ । ਤੇ ਉਹ ਬਾਲੜੀ ਕੌਣ ਸੀ।
ਮੈ ਉੱਠੀ ਤੇ ਪਾਣੀ ਦੀ ਘੁੱਟ ਪੀਤੀ । ਕੁਝ ਰਮਾਣ ਜਿਹਾ ਆਇਆ । ਮੈਂ ਤਾਂ ਉਂਜ ਹੀ ਮੇਰੀਆਂ ਬੀਮਾਰੀਆਂ ਤੋ ਡਾਢੀ ਪ੍ਰੇਸ਼ਾਨ ਰਹਿੰਦੀ ਸਾਂ। ਨੀਂਦ ਤਾਂ ਵੈਸੇ ਵੀ ਨਹੀ ਆਉਂਦੀ । ਕੁਝ ਬੀਮਾਰੀਆਂ ਤੇ ਕੁਝ ਟੈਂਸ਼ਨਾ ਨੇ ਖਾ ਲਿਆ ਸੀ । ਏਹ ਵੀ ਤਾਂ ਨੀਂਦ ਦੀ ਗੋਲੀ ਲੈ ਕੇ ਹੀ  ਸੋਂਦੇ ਸਨ। ਤੇ ਮੈਂ ਵੀ । ਕਦੇ ਸ਼ੂਗਰ ਦੀ ਸਮੱਸਿਆ ਤੇ ਬਲੱਡ ਪ੍ਰੈਸ਼ਰ ਦਾ  ਵਧਣਾ ਘਟਣਾ। ਪਹਿਲਾਂ ਪਹਿਲਾਂ ਪਿੱਤੇ ਦੀ ਪੱਥਰੀ ਨੇ ਜਾਨ ਸੁਕਾ ਰੱਖੀ ਸੀ ਤੇ ਫੇਰ ਜਨਾਨੀਆਂ ਆਲੀ ਬੀਮਾਰੀ ਨੇ । ਦੋ ਦੋ ਤਿੰਨ ਤਿੰਨ ਅਪਰੇਸ਼ਨਾ ਤੋ ਬਾਅਦ ਸਰੀਰ ਵਿਚ ਕੀ ਬਚਦਾ ਹੈ ਤੇ ਇਹ ਖੋਖਲਾ ਹੀ ਹੋ ਜਾਂਦਾ ਹੈ । ਰਹਿੰਦੀ ਖੂੰਹਦੀ ਕਸਰ ਘਰੇਲੂ ਤੇ ਸਮਾਜਿਕ ਟੈਂਸ਼ਨਾਂ ਨੇ ਪੂਰੀ ਕਰ ਦਿੱਤੀ । ਰਿਸ਼ਤੇਦਾਰੀਆਂ ਦੇ ਕਾਟੋ ਕਲੇਸ਼ ਨਿੱਤ ਦੀ ਤੂੰ ਤੂੰ ਮੈਂ ਮੈਂ । ਬਸ ਜਨਾਨੀ ਤਾਂ ਦੋ ਪੁੜਾਂ ਦੇ ਵਿਚਾਲੇ ਫਸੀ ਹੁੰਦੀ ਹੈ। ਇਕ ਪਾਸੇ ਪੇਕਿਆਂ ਦਾ ਪਿਆਰ ਮੋਹ ਤੇ ਦੂਜੇ ਪਾਸੇ ਘਰ ਅਤੇ ਸਹੁਰੇ ਪਰਿਵਾਰ ਦੀਆਂ ਜੁੰਮੇਦਾਰੀਆਂ । ਅਪਣਾ ਘਰ  ਚਲਾਉਣਾ ਹੁੰਦਾ ਹੈ। ਪਤੀ ਅਤੇ ਸਹੁਰੇ ਪਰਿਵਾਰ ਦੀ ਮਰਿਆਦਾ ਵੀ ਕਾਇਮ ਰੱਖਣੀ ਹੁੰਦੀ ਹੈ।  ਪੇਕੇ ਪਰਿਵਾਰ ਦਾ ਮੋਹ ਵੀ ਛੱਡ ਨਹੀਂ ਹੁੰਦਾ। ਹਾਲਾਂ ਕਿ ਜਨਾਨੀ ਦਾ ਜੀਵਂਨ ਬਚਪਨ ਤੋ ਲੈ ਕੇ ਅੰਤ ਤੱਕ ਸੰਘਰਸਮਈ  ਹੁੰਦਾ ਹੈ।ਹਲਾਤਾਂ ਨਾਲ ਸਮਙੋਤਾ ਕਰਨਾ ਹੁੰਦਾ ਹੈ ਤੇ ਏਹ ਹੀ ਜਿੰਦਗੀ ਹੁੰਦੀ ਹੈ ।ਤੇ ਫਿਰ ਹਾਸੇ ਤੇ ਖੁਸ਼ੀਆਂ ਕਿਥੋਂ ? ਜਿੰਦਗੀ ਦੇ ਸਵਾਸ ਪੂਰੇ ਕਰਨੇ ਹੁੰਦੇ ਹਨ। ਸਮਾਂ ਲੰਘਾਉਣਾ ਪੈਂਦਾ ਹੈ ? ਬਸ ਇਕੋ ਮਨੋਰਥ ਰਹਿ ਜਾਂਦਾ ਹੈ। ਕਿ ਜੇ ਬੱਚੇ ਜੰਮੇ ਹਨ ਤਾਂ ਉਹਨਾਂ ਪ੍ਰਤੀ ਸਾਡੀਆਂ ਜੁੰਮੇਵਾਰੀਆਂ ਹਨ। ਤੇ ਉਹ ਪੂਰੀਆਂ ਕਰਨੀਆਂ ਵੀ ਸਾਡਾ ਫਰਜ਼ ਹੈ। ਤੇ ਮਾਂ ਏਸੇ ਹੋਸਲੇ ਨਾਲ ਤੇ ਏਸੇ ਨਸ਼ੇ ਵਿੱਚ  ਜਿਉਦੀ ਰਹਿੰਦੀ ਹੈ। ਨਹੀਂ ਤਾਂ ਸ਼ਾਇਦ ਇੱਕ ਔਰਤ ਜੇ ਉਹ ਮਾਂ ਨਾਂ ਹੋਵੇ ਤਾਂ ਕਦੇ ਵੀ ਤਿੜਕ ਜਾਵੇ ।ਤੇ ਜਿੰਦਗੀ ਤੋ ਅੱਕ ਜਾਵੇ ।
ਮੈਂ ਤੇ ਕੋਈ ਅਜੇਹਾ ਕੰਮ ਨਹੀਂ ਕੀਤਾ । ਜਿੰਦਗੀ ਚ ਫੇਰ ਮੈਨੁੰ ਇਹ ਸਜਾ ਕਿਉਂ । ਕਿਉਂ ਮੈਂ ਡਾਢੀ ਦੁੱਖੀ ਹਾਂ ਤੇ ਉਤੋ ਅੱਜ ਇਸ ਬਾਲੜੀ ਆਲੀ ਘਟਨਾ ਨੇ ਤਾਂ ਨੱਕ ਚ ਦਮ ਲਿਆਤਾ । ਜੀਵਨ ਤੇ ਹਰ ਪਲ ਤੇ ਝਾਤੀ ਮਾਰੀ। ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਨਾ ਕਦੇ ਪੇਕਿਆਂ ਦਾ ਤੇ ਨਾ ਕਦੇ ਸਹੁਰਿਆਂ ਦਾ । ਕਹਿੰਦੇ ਧਰਿਤਰਾਸ਼ਟਰ  ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਪੁੱਛਿਆ ਸੀ ਕਿ ਮੈਨੂੰ ਮੇਰੇ ਪਿਛਲੇ ਸੌ ਜਨਮ ਦਾ  ਲੇਖਾ ਜੋਖਾ ਪਤਾ ਹੈ ਮੈਂ ਕੋਈ ਅਜੇਹਾ ਕਰਮ ਕੀਤਾ ਜਿਸ ਦੀ ਸਜਾ ਫਲਸਰੂਪ ਮੈਂ ਅੰਨਾ ਹੋਇਆ ਹੋਵਾਂ । ਤਾਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਮਹਾਰਾਜ ਤੁਸੀ ਇਕ  ਸੌ ਛੇਵੇ ਜਨਮ ਵਿੱਚ ਕਿਸੇ ਪ੍ਰਾਣੀ ਦੀ ਅੱਖ ਵਿੱਚ ਡੱਕਾ ਮਾਰ ਕੇ ਉਸਨੂੰ ਅੰਨਾ  ਕੀਤਾ ਸੀ । ਤੇ ਇਹ ਉਸਦੀ ਹੀ ਸਜਾ ਦਾ ਫਲ ਹੈ ਜੋ ਤੁਸੀ ਭੋਗ ਰਹੇ ਹੋ।
ਹੁਣ ਮੇਰੇ ਕੋਲ ਤਾਂ  ਭਗਵਾਨ ਸ੍ਰੀ ਕ੍ਰਿਸ਼ਨ ਵਰਗਾ ਮਹਾਪੁਰਸ਼ ਵੀ ਨਹੀਂ ਹੈ ।  ਮੇਰੇ ਕੋਲ ਤਾਂ ਬਸ ਮੇਰੀ ਅੰਤਰ ਆਤਮਾ ਹੀ ਹੈ ਜੋ ਮੈਨੂੰ ਮੇਰੀ ਕਿਸੇ ਭੁਲ ਦਾ ਅਹਿਸਾਸ ਕਰਵਾ ਸਕਦੀ ਹੈ ।  ਇਹ ਬਾਲੜੀ ਕੌਣ ਸੀ । ਇਹ ਮੇਰੀ ਕੀ ਲਗਦੀ ਸੀ। ਤੇ ਇਕ ਦਮ ਮੇਰੀ ਸੋਚ ਮੈਨੂੰ ਬਹੁਤ ਸਾਲ ਪਿੱਛੇ ਲੈ ਗਈ । ਮੇਰਾ ਬੇਟਾ ਅਜੇ ਕੁਝ ਕੁ ਮਹੀਨਿਆਂ ਦਾ ਹੀ ਸੀ । ਮੈਂ ਬਹੁਤ ਖੁਸ਼ ਸੀ। ਅਚਾਨਕ ਮੈਨੂੰ ਫਿਰ ਤੋ ਵੱਤ ਜਿਹੇ ਆਉਣ ਲੱਗ ਪਏ। ਮੈਂ ਸਾਰਾ ਦਿਨ ਹੀ ਉਲਟੀਆਂ ਕਰਦੀ ਰਹਿੰਦੀ । ਚਾਹੇ ਪਰਿਵਾਰ ਲਈ ਇਹ ਇੱਕ ਖੁਸ਼ਖਬਰੀ ਸੀ । ਪਰ ਮੈਨੂੰ ਕੁਝ ਅਜੀਬ ਜਿਹਾ ਲੱਗਦਾ ਸੀ । ਥੋੜੀ ਜਿਹੀ ਵਿੱਥ ਨਾਲ ਦੋ ਬੱਚਿਆਂ ਦਾ ਪਾਲਣ ਪੋਸ਼ਣ ਤੇ ਫਿਰ ਜੱਗ ਹਸਾਈ ਤੋ ਵੀ ਡਰ ਲੱਗਦਾ ਸੀ ਕਿ ਪੜ੍ਹੇ ਲਿਖੇ ਹੋ ਕੇ ਵੀ ਅਸੀਂ ਅਜਿਹਾ ਕਿਉਂ ਕੀਤਾ ।
ਇਹ ਵੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸਨ ਕਿਉਕਿ ਇਸ ਨਾਲ ਵੱਡੇ ਬੱਚੇ ਦੀ ਸਿਹਤ ਦਾ ਮਸਲਾ ਵੀ ਜੁੜਿਆ ਹੋਇਆ ਸੀ । ਪਰ ਇਸਦਾ ਜੋ ਹੱਲ ਸੀ ਉਹ ਮੇਰੀ ਸੱਸ ਨੂੰ ਪਰਵਾਨ ਨਹੀ ਸੀ । ਉਹ ਧਾਰਮਿਕ ਖਿਆਲਾਂ ਦੀ ਸੀ ਤੇ ਅਜਿਹੇ ਕੰਮਾਂ ਤੋਂ ਦੂਰ ਭੱਜਦੀ ਸੀ । ਇੱਕ ਮਾਂ ਹੋ ਕੇ ਮੈਂ ਵੀ ਤਾਂ ਇਸ ਦੇ ਹੱਕ ਵਿੱਚ ਨਹੀਂ ਸੀ । ਅਸੀਂ ਏਸੇ ਉਲਝਣ ਵਿੱਚ ਇੱਕ ਡਾਕਟਰ ਨੂੰ ਮਿਲੇ ਤੇ ਡਾਕਟਰ ਨੇ ਵੀ ਮੇਰੀ ਸੱਸ ਦੇ ਵਿਚਾਰਾਂ ਦੀ ਤਾਈਦ ਕੀਤੀ ਤੇ ਪਾਪ ਤੋਂ ਬਚਣ ਦਾ ਇਸ਼ਾਰਾ ਵੀ ਕੀਤਾ । ਪਰ ਸਾਡੀ ਸੋਚ ਤੇ ਉਸ ਸਮੇਂ ਕੋਈ ਹੋਰ ਵਿਚਾਰ ਭਾਰੂ ਸਨ। ਦੁੱਵਿਧਾ ਵਿੱਚ ਫਸੇ ਅਸੀਂ ਮਾਹਿਰ ਤੇ ਮਸ਼ਹੂਰ ਲੇਡੀ ਡਾਕਟਰ ਕੋਲ ਚਲੇ ਗਏ । ਡਾਕਟਰ ਨੇ ਸਾਡੀ ਗੱਲ ਧਿਆਨ ਨਾਲ ਸੁਣੀ ।ਡਾਕਟਰ ਨੂੰ ਇਨਸਾਨੀਅਤ ਤੇ ਮਨੁੱਖਤਾ ਨਾਲੋਂ ਆਪਣੇ ਪੇਸ਼ੇ ਤੇ ਮਾਣ ਸੀ । “ਕੋਈ ਨਾ , ਫਿਕਰ ਨਾ ਕਰੋ ਤੁਸੀਂ ਕੱਲ ਨੂੰ ਆ ਜਾਇਓ । ਬਸ ਪੰਜ ਮਿੰਟ ਦਾ ਹੀ ਕੰਮ ਹੈ।ਂ ਤੇ ਅਸੀਂ ਉਸਨੂੰ ਹੋਸਲਾ ਸਮਝਦੇ ਹੋਏ ਘਰ ਪਰਤ ਆਏ ।ਅਗਲੇ ਦਿਨ ਅਸੀਂ ਫੇਰ ਉਸ ਡਾਕਟਰ ਕੋਲ ਚਲੇ ਗਏ ਜੋ ਸਾਨੂੰ ਸਾਡੀ ਸਮੱਸਿਆ ਦੇ ਹੱਲ ਬਾਰੇ ਸ਼ਾਇਦ ਰੱਬ ਹੀ ਲਗਦੀ ਸੀ । ਤੇ ਅਸੀਂ ਸ਼ਾਮ ਨੂੰ ਆਪਣਾ ਕਾਲਜਾ ਗਵਾਕੇ ਤੇ  ਅੱਠ ਸੋ ਰੁਪਇਆ ਡਾਕਟਰ ਦੀ ਤਲੀ ਤੇ ਧਰ ਕੇ  ਵਾਪਿਸ ਆ ਗਏ । ਮੇਰੀ ਸੱਸ ਨੇ ਅੱਖਾਂ ਭਰਕੇ ਡਾਕਟਰ ਨੂੰ ਪੁੱਛਿਆ  “ਕੀ ਸੀ ?ਂ।“ ਬਸ ਕੁਝ ਨਹੀਂ , ਕੁੜੀ ਹੀ ਸੀ। ਕੋਈ ਖਾਸ ਗੱਲ ਨਹੀਂ ।ਂ ਕਹਿ ਕੇ ਉਹ ਡਾਕਟਰ ਨੋਟ ਗਿਣਦੀ ਹੋਈ ਆਪਣੇ ਕੈਬਿਨ ਵਿੱਚ ਚਲੀ ਗਈ। ਤੇ ਅੱਜ  ਉਹੀ ਬਾਲੜੀ ਮੈਨੂੰ ਪ੍ਰੇਸ਼ਾਨ ਕਰ ਰਹੀ ਸੀ ।ਤੇ ਜਾਂ ਮੇਰੀ ਅੰਤਰਆਤਮਾ ਮੈਨੰ ਕੁਰੇਦ ਰਹੀ ਸੀ।ਮੈਨੂੰ ਮੇਰੀ ਅਣਜਾਣੇ ਚ ਕੀਤੀ ਭੁੱਲ ਦਾ ਪਛਤਾਵਾ ਸੀ।
                                                            ਰਮੇਸ਼ ਸੇਠੀ ਬਾਦਲ।
                                                         ਸੰਪਰਕ 98 766 27233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੀ ਸਿਆਸਤ ਦੀ ਮੌਜੂਦਾ ਸਮੇਂ ਦੀ ਅਸਲ ਤਸਵੀਰ
Next articleਬੋਲੀਆਂ