ਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

22 ਜੂਨ ਦੇ ਅੰਕ ਲਈ

ਅਵਤਾਰ ਪੁਰਬ ‘ਤੇ ਵਿਸ਼ੇਸ਼

 (ਸਮਾਜ ਵੀਕਲੀ) ਸਿੱਖ ਇਤਿਹਾਸਕਾਰਾਂ ਨੇ ਆਮ ਤੌਰ ‘ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦੀ ਤਰੀਕ 19 ਜੂਨ ਸੰਨ 1595 ਮੰਨੀ ਹੈ ਪਰ ਸੰਨ ਸਭ ਨੇ 1595 ਹੀ ਹੈ। ਪਰ ਭੱਟ ਵਹੀਆਂ ਜਿਨ੍ਹਾਂ ਨੂੰ ਕੁਝ ਇਤਿਹਾਸਕਾਰ ਸਭ ਤੋਂ ਪੁਰਾਣੇ ਸ੍ਰੋਤ ਮੰਨਦੇ ਹਨ, ਨੇ ਇਹ ਮਿਤੀ 19 ਜੂਨ 1590 ਮੰਨੀ ਹੈ। ਪ੍ਰੋ. ਪਿਆਰਾ ਸਿੰਘ ਪਦਮ, ਡਾ. ਹਰਜਿੰਦਰ ਸਿੰਘ ਦਿਲਗੀਰ, ਮਹਿੰਦਰ ਸਿੰਘ ਜੋਸ਼ ਆਦਿ ਨੇ ਭੱਟ ਵਹੀਆਂ ਦੀ ਤਰੀਕ ਨੂੰ ਮੰਨਿਆ ਹੈ। ਡਾ. ਸੁਖਦਿਆਲ ਸਿੰਘ ਨੇ ਵੀ ਸੰਨ 1590 ਮੰਨਿਆ ਹੈ। ਕੇਸਰ ਸਿੰਘ ਛਿੱਬਰ ਨੇ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਦਾ’ ਵਿੱਚ ਵੀ ਇਸ ਤਰੀਕ ਨੂੰ ਠੀਕ ਮੰਨਿਆ ਜਾ ਰਿਹਾ ਹੈ। ਆਪ ਦੇ ਪਿਤਾ ਜੀ ਦਾ ਨਾਂ ਗੁਰੂ ਅਰਜਨ ਸਾਹਿਬ ਤੇ ਮਾਤਾ ਦਾ ਨਾਂ ਮਾਤਾ ਗੰਗਾ ਜੀ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ ਜੇਠ ਚੌਥ, ਸੰਮਤ 1663 ਬਿਕਰਮੀ ਮੁਤਾਬਕ 30 ਮਈ 1606 ਈ. ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ ਸਿੱਖ ਲਹਿਰ ਲਈ ਇੱਕ ਬਹੁਤ ਵੱਡੀ ਚੁਣੌਤੀ ਸੀ, ਜਿਸ ਨੂੰ ਆਪ ਨੇ ਸਵੀਕਾਰ ਕੀਤਾ। ਆਪ ਨੇ ਆਪਣਾ ਗੁਰਿਆਈ ਤਿਲਕ ਤਖ਼ਤ ‘ਤੇ ਬੈਠ ਕੇ ਧਾਰਨ ਕੀਤਾ। ਗੁਰਿਆਈ ਤਿਲਕ ਤਖ਼ਤ ‘ਤੇ ਬੈਠ ਕੇ ਧਾਰਨ ਕਰਨ ਤੋਂ ਭਾਵ ਸੀ ਕਿ ਹਕੂਮਤ ਦੀ ਕਾਰਵਾਈ ਦਾ ਜਵਾਬ ਉਸ ਦੀ ਆਪਣੀ ਬੋਲੀ ਵਿੱਚ ਦੇਣਾ ਸੀ। ਜੇ ਹਕੂਮਤ ਨੇ ਸੋਚਿਆ ਸੀ ਕਿ ਇਹ ਲਹਿਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਦੱਬ ਜਾਵੇਗੀ ਤਾਂ ਆਪ ਜੀ ਦਾ ਜਵਾਬ ਸੀ ਕਿ ਅੱਗੇ ਤੋਂ ਇਹ ਸਿੱਖ ਲਹਿਰ ਧਾਰਮਿਕ ਸ਼ਕਤੀ ਦੇ ਨਾਲ-ਨਾਲ ਸਿੱਖ ਸਮਾਜ ਦੇ ਆਤਮਨਿਰਣੈ ਦੀ ਸ਼ਕਤੀ ਵੀ ਧਾਰਨ ਕਰੇਗੀ। ਉਨ੍ਹਾਂ ਨੇ ਦੋ ਕ੍ਰਿਪਾਨਾਂ ਇੱਕ ਧਾਰਮਿਕ ਸ਼ਕਤੀ ਦੀ ਤੇ ਦੂਜੀ ਆਤਮਨਿਰਣੈ ਦੀ। ਸਿੱਖ ਪੰਥ ਵਿੱਚ ਇਸ ਨੂੰ ਮੀਰੀ ਪੀਰੀ ਦਾ ਸੰਕਲਪ ਕਿਹਾ ਜਾਂਦਾ ਹੈ। ਦੋ ਕ੍ਰਿਪਾਨਾਂ ਤੋਂ ਇਲਾਵਾ ਆਪ ਜੀ ਨੇ ਕਈ ਹੋਰ ਚਿੰਨ ਵੀ ਧਾਰਨ ਕੀਤੇ ਜਿਵੇਂ ਕਿ ਸੀਸ ਉਪਰ ਕਲਗੀਆਂ ਵਾਲੀ ਦਸਤਾਰ ਪਹਿਨਣਾਂ, ਸੀਸ ਉਪਰ ਛਤਰ ਝੁਲਾਉਣਾ, ਹਥਿਆਰਬੰਦ ਸਿੱਖ ਘੋੜ ਸੁਆਰ ਖੜੇ ਕਰਨਾ, ਨਗਾਰਾ ਵਜਾਉਣਾ, ਅਕਾਲ ਤਖ਼ਤ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਝੁਲਾਉਣਾ ਆਦਿ।

ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਹਾੜ ਸੁਦੀ ਪੰਚਮੀ, ਸੰਮਤ 1763 ਬਿ. ਮੁਤਾਬਕ15 ਜੂਨ 1606 ਈ. ਵਿੱਚ ਕੀਤੀ ਗਈ। ਇਸ ਮਹਾਨ ਸੰਸਥਾ ਦੀ ਨੀਂਹ ਰੱਖਣ ਦੀ ਰਸਮ ਅਤੇ ਇਸ ਦੀ ਸਾਰੀ ਉਸਾਰੀ ਆਪ ਜੀ ਨੇ ਖੁਦ ਕੀਤੀ। ਆਪ ਜੀ ਦੀ ਸਹਾਇਤਾ ਕਰਨ ਵਾਲੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਨ।

ਗੁਰਿਆਈ ਤਿਲਕ ਲਾਉਣ ਲਈ ਹਦਾਇਤਾਂ ਮੁਤਾਬਕ ਇੱਕ ਉੱਚੇ ਥੜੇ ਦੀ ਸਥਾਪਨਾ ਕੀਤੀ ਗਈ। ਇਸ ਥੜੇ ਦਾ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਰੱਖਿਆ ਗਿਆ। ਇਸ ਨੂੰ ਦੁਨਿਆਵੀਂ ਤਖ਼ਤਾਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਪ੍ਰਤੀਕ ਅਤੇ ਧਾਰਮਿਕ ਅਕੀਦਿਆਂ ਦੀ ਸੁਤੰਤਰਤਾ ਦਾ ਪ੍ਰਤੀਕ ਸਮਝਿਆ ਗਿਆ ਸੀ ।

ਇਸ ਤਖਤ ਉੱਪਰ ਬੈਠ ਕੇ ਸਭ ਤੋਂ ਪਹਿਲਾ ਐਲਾਨ ਇਹ ਕੀਤਾ ਗਿਆ ਕਿ ਜੋ ਵੀ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਵੇ ਉਹ ਹਥਿਆਰਬੰਦ ਅਤੇ ਘੋੜਸੁਆਰ ਹੋ ਕੇ ਹੀ ਆਵੇ। ਇਸ ਹੁਕਮ ਦੀ ਤਾਮੀਲ ਕਰਦੇ ਹੋਏ ਛੇਤੀ ਹੀ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਗੁਰੂ ਜੀ ਦੇ ਦੁਆਲੇ ਇਕੱਠੇ ਹੋ ਗਏ। ਸਮੁੱਚੇ ਹਥਿਆਰਬੰਦ ਸਿੱਖਾਂ ਨੂੰ ਚਾਰ ਜੱਥਿਆਂ ਵਿੱਚ ਜੱਥੇਬੰਦ ਕੀਤਾ ਗਿਆ। ਇਨ੍ਹਾਂ ਚਾਰ ਜੱਥਿਆਂ ਦੇ ਜਥੇਦਾਰ ਸਨ : ਭਾਈ ਬਿਧੀ ਚੰਦ, ਪੈਂਦੇ ਖਾਂ, ਭਾਈ ਪਿਰਾਨਾ ਅਤੇ ਭਾਈ ਜੇਠਾ। ਕੁਝ ਲਿਖਤਾਂ ਵਿੱਚ ਇਨ੍ਹਾਂ ਜੱਥਿਆਂ ਦੀ ਗਿਣਤੀ ਪੰਜ ਦੱਸੀ ਗਈ ਹੈ।ਪੰਜਵੇਂ ਜੱਥੇ ਦੀ ਜੱਥੇਦਾਰੀ ਭਾਈ ਲੰਗਾਹਾ ਕੋਲ ਸੀ। ਸਿਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ,ਜਿਹੜੇ ਧਾਰਨ ਕੀਤੀਆਂ ਗਈਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਵਾਂਗ ਹੀ ਅਧਿਆਤਮਿਕ ਅਤੇ ਸੰਸਾਰਿਕ ਸ਼ਕਤੀ ਦੀ ਸੁਮੇਲਤਾ ਅਤੇ ਅੰਤਰ ਸੰਬੰਧਤਾ ਦੇ ਪ੍ਰਤੀਕ ਸਨ। ਸਿੱਖ ਸੰਗਤਾਂ ਦੇ ਸਵੇਰੇ ਸ਼ਾਮ ਦਰਬਾਰ ਲਗਾਉਣੇ ਸ਼ੁਰੂ ਕੀਤੇ ਗਏ। ਇਨ੍ਹਾਂ ਦਰਬਾਰਾਂ ਵਿੱਚ ਸਿੱਖਾਂ ਦੇ ਆਪਣੇ ਮਸਲੇ ਸੁਣੇ ਜਾਂਦੇ ਸਨ ਅਤੇ ਨਿਬੇੜੇ ਜਾਂਦੇ ਸਨ, ਬੀਰ-ਰਸ ਭਰਪੂਰ ਵਾਰਾਂ ਸੁਣਾਈਆਂ ਜਾਂਦੀਆਂ। ਬਾਹਰਲੇ ਰਾਜਿਆਂ ਮਹਾਰਾਜਿਆਂ ਵੱਲੋਂ ਭੇਜੇ ਗਏ ਦੂਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ ਜਾਂਦਾ ਅਤੇ ਸਿੱਖਾਂ ਨੂੰ ਜ਼ੁਲਮ ਅਤੇ ਜਬਰ ਦੇ ਖਿਲਾਫ਼ ਡੱਟਣ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਸਿੱਖਾਂ ਦੇ ਸਰਬਉੱਚ ਨੇਤਾ ਦੇ ਰੂਪ ਵਿੱਚ ਸਾਹਮਣੇ ਆਏ ਅਤੇ ਸਿਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਬਉੱਚ ਅਦਾਲਤੀ ਅਸਥਾਨ ਬਣ ਕੇ ਸਾਹਮਣੇ ਆਇਆ। ਇਸ ਨਾਲ ਸਿੱਖ ਜਗਤ ਦੇ ਮਨਾਂ ਵਿੱਚ ਆਤਮ ਸ਼ਾਸਨ ਦਾ ਗਯਾਨ ਹੋਣਾ ਸ਼ੁਰੂ ਹੋ ਗਿਆ ਅਤੇ ਦਿੱਲੀ ਤਖ਼ਤ ਦੇ ਮੁਕਾਬਲੇ ‘ਤੇ ਇੱਕ ਵਿਸ਼ੇਸ਼ ਕਿਸਮ ਦੀ ਰਾਜਨੀਤਿਕ ਚੇਤੰਨਤਾ ਆਉਣੀ ਸ਼ੁਰੂ ਹੋ ਗਈ। ਉਨੀਵੀਂ ਸਦੀ ਦੇ ਇੱਕ ਗੁਰਮੁਖੀ ਲਿਖਤ ਦੇ ਲੇਖਕ ਵੀਰ ਸਿੰਘ ਬਲ ਨੇ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਿੱਲੀ ਅਤੇ ਲਾਹੌਰ ਦੇ ਤਖ਼ਤਾਂ ਦੀ ਸ਼ਕਤੀ ਨੂੰ ਰੱਦ ਕਰਕੇ ਅੰਮ੍ਰਿਤਸਰ ਵਿਖੇ ਇੱਕ ਨਿਰਮੋਰ ਤਖਤ ਦੀ ਸਥਾਪਨਾ ਕੀਤੀ। ਭਾਵੇਂ ਇਸ ਕਥਨ ਨੂੰ ਇੰਨ-ਬਿੰਨ ਅਰਥਾਂ ਵਿੱਚ ਨਾ ਵੀ ਲਿਆ ਜਾਵੇ ਪਰ ਇਸ ਨਾਲ ਸਿੱਖ ਹਿਰਦਿਆਂ ਵਿੱਚ ਆਈ ਇੱਕ ਵਿਸ਼ੇਸ਼ ਕਿਸਮ ਦੀ ਚੇਤੰਨਤਾ ਦਾ ਪ੍ਰਗਟਾਵਾ ਜਰੂਰ ਹੋਇਆ।

ਅੰਮ੍ਰਿਤਸਰ ਨਗਰ ਦੀ ਚਹੁੰ-ਤਰਫੋਂ ਕਿਲਾਬੰਦੀ ਕੀਤੀ ਗਈ ਤਾਂ ਕਿ ਕੋਈ ਗੁਰੂ ਘਰ ਦਾ ਦੋਖੀ ਨਗਰ ਉਪਰ ਅਚਾਨਕ ਹਮਲਾ ਨਾ ਕਰ ਸਕੇ। ਲੋਹਗੜ੍ਹ ਨਾਮੀਂ ਇੱਕ ਕਿਲ੍ਹਾ ਤਿਆਰ ਕੀਤਾ ਗਿਆ ਜਿੱਥੇ ਗੁਰੂ ਜੀ ਦੇ ਘੋੜ ਸੁਆਰ ਸਿੱਖ ਰਿਹਾ ਕਰਦੇ ਸਨ। ਇਹ ਸਭ ਤਿਆਰੀਆਂ ਗੁਰਿਆਈ ਤਿਲਕ ਧਾਰਨ ਕਰਨ ਦੇ ਤੁਰੰਤ ਬਾਅਦ ਹੀ ਕੀਤੀਆਂ ਗਈਆਂ ਸਨ।

ਹਕੂਮਤ ਨਾਲ ਲੜਾਈਆਂ :ਗੁਰੂ ਹਰਿਗੋਬਿੰਦ ਸਾਹਿਬ ਨੂੰ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਲੜਾਈਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਲੜਾਈਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਤੁਰੰਤ ਪਿੱਛੋਂ ਨਹੀਂ ਹੋਈਆਂ ਸਗੋਂ ਉਸ ਸਮੇਂ ਹੋਈਆਂ ਸਨ ਜਦੋਂ ਸਿੱਖ ਜਗਤ ਆਪਣੇ ਸ਼ਹੀਦ ਗੁਰੂ ਦੀ ਸ਼ਹਾਦਤ ਦੇ ਗ਼ਮ ਵਿੱਚੋਂ ਸੰਭਲ ਕੇ ਧਰਮ ਪ੍ਰਚਾਰ ਵਿੱਚ ਲੱਗਾ ਹੋਇਆ ਸੀ। ਬਾਦਸ਼ਾਹ ਜਹਾਂਗੀਰ ਦਾ ਪਿਛਲਾ ਸਾਰਾ ਸਮਾਂ ਗੁਰੂ ਘਰ ਪ੍ਰਤੀ ਦੋਸਤਾਨਾ ਸੀ। ਪਰ ਉਸ ਦੀ ਮੌਤ ਬਾਅਦ ਜਦੋਂ ਉਸ ਦਾ ਪੁੱਤਰ ਸ਼ਾਹ ਜਹਾਨ ਬਾਦਸ਼ਾਹ ਬਣਿਆ ਤਾਂ ਗੁਰੂ ਸਾਹਿਬ ਨੂੰ ਲੜਾਈਆਂ ਦਾ ਸਮਾਂ ਦੇਖਣਾ ਪਿਆ। ਇਹ ਲੜਾਈਆਂ ਉਸ ਦੇ ਮੁੱਢਲੇ ਸਮੇਂ ਵਿੱਚ ਹੀ ਹੋਈਆਂ ਸਨ। ਸ਼ਾਹ ਜਹਾਨ 1627 ਈ. ਵਿੱਚ ਗੱਦੀ ‘ਤੇ ਬੈਠਾ ਸੀ ਅਤੇ ਗੁਰੂ ਜੀ ਨੂੰ ਪਹਿਲੀ ਲੜਾਈ 1629 ਈ. ਵਿੱਚ ਕਰਨੀ ਪਈ ਸੀ। ਬਾਦਸ਼ਾਹ ਪੰਜਾਬ ਤੋਂ ਦੂਰ ਸੀ ਅਤੇ ਪੰਜਾਬ ਦੇ ਅਧਿਕਾਰੀ ਆਪਣੀ ਮਨਮਾਨੀ ਕਰਦੇ ਸਨ। ਜਦੋਂ ਬਾਦਸ਼ਾਹ ਪੰਜਾਬ ਵਿੱਚ ਆਇਆ ਸੀ ਤਾਂ ਗੁਰੂ ਜੀ ਨੂੰ ਵੀ ਕੋਈ ਲੜਾਈ ਨਹੀਂ ਕਰਨੀ ਪਈ ਸੀ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-

ਪਹਿਲੀ ਲੜਾਈ :- 1629, ਨਵੇਂ ਬਣੇ ਬਾਦਸ਼ਾਹ ਸ਼ਾਹ ਜਹਾਨ ਨੇ ਕਿਉਂਕਿ ਨੂਰ ਜਹਾਂ ਨੂੰ ਕੈਦ ਕਰਕੇ ਅਤੇ ਆਪਣੇ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਤਲ ਕਰਕੇ, ਆਪਣੇ ਸਹੁਰਾ ਆਸਿਫ਼ ਖ਼ਾਨ ਦੀ ਮਦਦ ਨਾਲ ਰਾਜ-ਭਾਗ ਸੰਭਾਲਿਆ ਸੀ। ਇਸ ਕਰਕੇ ਉਹ ਮੁਸਲਿਮ ਜਗਤ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਇਸ ਮਨੋਰਥ ਦੀ ਪੂਰਤੀ ਲਈ ਉਸ ਨੇ ਨਵੀਂ ਧਾਰਮਿਕ ਨੀਤੀ ਦਾ ਐਲਾਨ ਕੀਤਾ। ਇਸ ਤਹਿਤ ਮੁਸਲਮਾਨਾਂ ਵੱਲੋਂ ਧਰਮ ਬਦਲਣ ‘ਤੇ ਪਾਬੰਦੀ ਲਾਈ ਗਈ ਸੀ। ਹਿੰਦੂਆਂ ਦਾ ਕੋਈ ਨਵਾਂ ਮੰਦਰ ਨਹੀਂ ਬਣ ਸਕਦਾ ਸੀ। ਇਉਂ ਇਸ ਨੀਤੀ ਤੋਂ ਹੱਲਾਸ਼ੇਰੀ ਲੈ ਕੇ ਮੁਸਲਮਾਨ ਜਗਤ ਦੇ ਕੱਟੜ ਪੈਰੋਕਾਰ ਗੈਰ-ਮੁਸਲਮਾਨਾਂ ਪ੍ਰਤੀ ਹਮਲਾ ਕਰੂ ਨੀਤੀ ਅਪਣਾਉਣ ਲੱਗ ਪਏ ਸਨ। ਇਸ ਦਾ ਅਸਰ ਪੰਜਾਬ ਵਿੱਚ ਵੀ ਹੋਇਆ। ਸਿੱਖ ਧਰਮ ਦੀ ਵਿਰੋਧਤਾ ਕਰਨ ਵਾਲੇ ਮੁਸਲਿਮ ਕੱਟੜਪੰਥੀ ਮੋਲਾਣੇ ਅਤੇ ਅਧਿਕਾਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਤੀ ਅਤੇ ਸਿੱਖ ਗੁਰਦੁਆਰਿਆਂ ਪ੍ਰਤੀ ਹਮਲਾ ਕਰੂ ਰੁੱਖ ਅਖਤਿਆਰ ਕਰਨ ਲੱਗ ਪਏ ਸਨ। ਲਾਹੌਰ ਵਿੱਚ ਗੁਰੂ ਰਾਮਦਾਸ ਜੀ ਵੱਲੋਂ ਲਗਵਾਈ ਗਈ ਬਾਉਲੀ ਸਾਹਿਬ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਸੀ ਅਤੇ ਉੱਥੇ ਉਸਾਰੇ ਗਏ ਧਾਰਮਿਕ ਅਸਥਾਨ ਨੂੰ ਢਾਹ ਦਿੱਤਾ ਗਿਆ ਸੀ। ਗੁਰੂ ਘਰ ਦੇ ਵਿਰੋਧੀ ਸੈਨਿਕ ਅਧਿਕਾਰੀ ਗੁਰੂ ਜੀ ਉਪਰ ਹਮਲਾ ਕਰਨ ਦੇ ਮਨਸੂਬੇ ਬਣਾਉਣ ਲੱਗ ਪਏ ਸਨ।

ਲਾਹੌਰ ਦਾ ਗਵਰਨਰ ਕੁਲੀਜ਼ ਖ਼ਾਨ ਸੀ। ਉਸ ਨੇ ਆਪਣੇ ਇੱਕ ਫ਼ੌਜਦਾਰ ਮੁਖਲਿਸ ਖ਼ਾਨ ਨੂੰ ਅੰਮ੍ਰਿਤਸਰ ਗੁਰੂ ਜੀ ਉੱਪਰ ਹਮਲਾ ਕਰਨ ਲਈ ਭੇਜਿਆ ਤਾਂ ਕਿ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕੱਢ ਦਿੱਤਾ ਜਾਵੇ। ਇਹ ਗੱਲ ਅਪ੍ਰੈਲ, 1629 ਈ. ਦੀ ਹੈ। ਉਧਰ ਗੁਰੂ ਜੀ ਆਪਣੀ ਬੇਟੀ ਬੀਬੀ ਵੀਰੋ ਜੀ ਦੇ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਸਨ।ਅਚਨਚੇਤ ਗੁਰੂ ਜੀ ਉਪਰ ਹਮਲਾ ਕੀਤਾ ਗਿਆ। ਜਿੰਨੀਆਂ ਕੁ ਸਿੱਖ ਸੰਗਤਾਂ ਅੰਮ੍ਰਿਤਸਰ ਵਿਖੇ ਸਨ ਉਨ੍ਹਾਂ ਨੇ ਪੂਰੀ ਦ੍ਰਿੜਤਾ ਨਾਲ ਹਮਲਾਵਰ ਫੌਜ ਦਾ ਮੁਕਾਬਲਾ ਕੀਤਾ। ਇਸ ਝੜਪ ਵਿੱਚ ਗੁਰੂ ਜੀ ਦਾ ਘਰਬਾਰ ਲੁੱਟ ਲਿਆ ਗਿਆ ਸੀ। ਲੜਕੀ ਦੀ ਸ਼ਾਦੀ ਲਈ ਤਿਆਰ ਕੀਤਾ ਸਮਾਨ ਲੁੱਟ ਲਿਆ ਗਿਆ ਸੀ। ਬਰਾਤ ਲਈ ਤਿਆਰ ਕੀਤੀ ਮਠਿਆਈ ਲੁੱਟ ਲਈ ਗਈ ਸੀ। ਜੁਲਿਫ਼ਕਾਰ ਅਰਧਿਸਤਾਨੀ ਲਿਖਦਾ ਹੈ ਕਿ ਉਸ (ਗੁਰੂ ਜੀ) ਦਾ ਸ਼ਹਿਨਸ਼ਾਹੀ ਗਮਾਸ਼ਤਿਆਂ ਦੀ ਫ਼ੌਜ ਅਤੇ ਸ਼ਾਹਜਹਾਨ ਦੇ ਨੌਕਰਾਂ ਨਾਲ, ਜੋ ਬਾਦਸ਼ਾਹੀ ਫੁਰਮਾਨ ਅਨੁਸਾਰ ਉਸ ਦੇ ਉਪਰ ਚੜ੍ਹਕੇ ਗਏ ਸੀ, ਟਾਕਰਾ ਹੋ ਗਿਆ। ਗੁਰੂ ਦਾ ਘਰ ਬਾਰ ਲੁੱਟਿਆ ਗਿਆ। ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਜੀ ਉਪਰ ਹਮਲਾ ਕਰਨ ਬਾਰੇ ਬਾਦਸ਼ਾਹ ਦਾ ਸ਼ਾਹੀ ਫੁਰਮਾਨ ਕੋਈ ਨਹੀਂ ਸੀ ਅਤੇ ਨਾ ਹੀ ਬਾਦਸ਼ਾਹ ਦੀ ਗੁਰੂ ਜੀ ਉਪਰ ਹਮਲਾ ਕਰਨ ਵਿੱਚ ਕੋਈ ਦਿਲਚਸਪੀ ਹੀ ਸੀ। ਇਹ ਹਮਲਾ ਨਿਰੋਲ ਸਥਾਨਕ ਅਧਿਕਾਰੀਆਂ ਵੱਲੋਂ ਸੀ ਅਤੇ ਇਹ ਵੀ ਸਿਰਫ਼ ਸੀਮਤ ਹੱਦ ਤੱਕ ਹੀ ਸੀ। ਪੰਜਾਬ ਦੀ ਸਮੁੱਚੀ ਹਕੂਮਤ ਦੀ ਵੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ।

ਗੁਰੂ ਜੀ ਦੇ ਸਿੱਖਾਂ ਵੱਲੋਂ ਜੋ ਸਿੱਖ ਸ਼ਹੀਦ ਹੋਏ ਸਨ ਉਨ੍ਹਾਂ ਦੀ ਗਿਣਤੀ ਤੇਰ੍ਹਾਂ ਦੱਸੀ ਗਈ ਹੈ ਅਤੇ ਇਨ੍ਹਾਂ ਦੇ ਨਾਂ ਇਉਂ ਹਨ, ਭਾਈ ਨੰਦ ਜੀ, ਭਾਈ ਜੈਤਾ ਜੀ, ਭਾਈ ਪਿਰਾਣਾ, ਭਾਈ ਤੋਤਾ, ਭਾਈ ਤਿਲੋਕਾ, ਭਾਈ ਸਾਂਈ ਦਾਸ, ਭਾਈ ਪੈੜਾ, ਭਾਈ ਭਗਤੂ, ਭਾਈ ਅਨੰਤਾ, ਭਾਈ ਨਿਹਾਲਾ, ਭਾਈ ਤਖ਼ਤੂ, ਭਾਈ ਮੋਹਨ ਅਤੇ ਭਾਈ ਗੋਪਾਲ ਜੀ।

ਅੰਮ੍ਰਿਤਸਰ ਦੇ ਨੇੜੇ ਹੀ ਝੁਬਾਲ ਪਿੰਡ ਹੈ। ਝੁਬਾਲ ਦਾ ਚੌਧਰੀ ਲੰਗਾਹ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਮੁੱਖੀ ਸਿੱਖਾਂ ਵਿੱਚੋਂ ਸੀ। ਇਸ ਲੜਾਈ ਵਿੱਚ ਚੌਧਰੀ ਲੰਗਾਹਾ ਵੀ ਗੁਰੂ ਜੀ ਦੀ ਮਦਦ ਕਰਨ ਲਈ ਆਇਆ ਸੀ। ਲੜਾਈ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਝਬਾਲ ਵਿਖੇ, ਚੌਧਰੀ ਲੰਗਾਹ ਦੀ ਨਿਗਰਾਨੀ ਹੇਠ ਤੋਰ ਦਿੱਤਾ ਸੀ। ਹਮਲਾ ਕਰਨ ਆਏ ਅਧਿਕਾਰੀ ਚੌਧਰੀ ਲੰਗਾਹ ਦੀ ਜਾਗੀਰ ਵਿੱਚ ਨਹੀਂ ਜਾ ਸਕਦੇ ਸਨ। ਝੱਟਪੱਟ ਦੇ ਹਮਲੇ ਵਿੱਚ ਦੁਸ਼ਮਣ ਜਿੰਨਾਂ ਕੁ ਨੁਕਸਾਨ ਗੁਰੂ ਜੀ ਦਾ ਕਰ ਸਕਦਾ ਸੀ ਉਤਨਾ ਕੁ ਕਰ ਦਿੱਤਾ। ਉਪਰੰਤ ਉਹ ਜਿਧਰੋਂ ਆਏ ਸਨ ਉਧਰ ਹੀ ਤੇਜ਼ੀ ਨਾਲ ਮੁੜ ਗਏ ਸਨ। ਗੁਰੂ ਜੀ ਝਬਾਲ ਵਿਖੇ ਪਹੁੰਚੇ ਅਤੇ ਉਥੇ ਜਾ ਕੇ ਆਪਣੀ ਬੀਬੀ ਵੀਰੋ ਜੀ ਦੀ ਸ਼ਾਦੀ ਕੀਤੀ। ਸ਼ਾਦੀ ਕਰਨ ਉਪਰੰਤ ਗੁਰੂ ਜੀ ਉਥੇ ਨਹੀਂ ਠਹਿਰੇ ਅਤੇ ਆਪਣੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਕਰਤਾਰਪੁਰ ਵੱਲ ਆ ਗਏ।

ਅੰਮ੍ਰਿਤਸਰ ਦੀ ਲੜਾਈ ਸਿੱਖ ਇਤਿਹਾਸ ਵਿੱਚ ਪਹਿਲੀ ਲੜਾਈ ਹੈ ਜੋ ਸਿੱਖਾਂ ਨੇ ਗੁਰੂ ਜੀ ਦੀ ਅਗਵਾਈ ਹੇਠ ਮੁਗ਼ਲ ਹਕੂਮਤ ਦੇ ਸਥਾਨਕ ਅਧਿਕਾਰੀਆਂ ਨਾਲ ਕੀਤੀ ਸੀ। ਸਿੱਖਾਂ ਨੇ ਆਪਣੀ ਸਵੈ-ਰੱਖਿਆ ਲਈ ਤਲਵਾਰ ਚੁੱਕੀ ਸੀ ਅਤੇ ਦੁਸ਼ਮਣ ਨੂੰ ਦੱਸ ਦਿੱਤਾ ਗਿਆ ਸੀ ਕਿ ਸਿੱਖ ਨਿਰੋਲ ਭਾਣਾ ਮਿੱਠਾ ਕਰਕੇ ਮੰਨਣ ਵਾਲੇ ਭਗਤ ਨਹੀਂ ਹਨ ਸਗੋਂ ਉਹ ਲੋੜ ਪੈਣ ‘ਤੇ ਜੰਗ ਦੇ ਮੈਦਾਨ ਵਿੱਚ ਵੀ ਖੜੋ ਸਕਦੇ ਹਨ। ਅਹਿਮੀਅਤ ਇਸ ਗੱਲ ਦੀ ਨਹੀਂ ਹੈ ਕਿ ਇਸ ਲੜਾਈ ਵਿੱਚ ਸਿੱਖ ਜਿੱਤੇ ਜਾਂ ਹਾਰੇ, ਸਗੋਂ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਸਿਧਾਂਤ ਲਈ ਗੁਰੂ ਸਾਹਿਬ ਜੂਝ ਰਹੇ ਸਨ ਕੀ ਇਸ ਲੜਾਈ ਬਾਅਦ ਉਸ ਸਿਧਾਂਤ ਨੂੰ ਛੱਡ ਤਾਂ ਨਹੀਂ ਦਿੱਤਾ ਗਿਆ ਸੀ ? ਗੁਰੂ ਜੀ ਸਿੱਖਾਂ ਦੀ ਸੁੰਤਤਰਤਾ ਲਈ ਜੂਝ ਰਹੇ ਸਨ। ਉਨ੍ਹਾਂ ਨੇ ਇਸ ਸੁਤੰਤਰਤਾ ਦੀ ਕੀਮਤ ‘ਤੇ ਆਪਣੇ ਦੁਸ਼ਮਣਾਂ ਨਾਲ ਸੌਦਾ ਨਹੀਂ ਕੀਤਾ। ਇਸ ਸੁਤੰਤਰਤਾ ਦੀ ਰਾਖੀ ਲਈ ਉਨ੍ਹਾਂ ਨੂੰ ਜੇ ਤਲਵਾਰ ਵੀ ਚੁੱਕਣੀ ਪਈ ਤਾਂ ਇਸ ਤੋਂ ਸੰਕੋਚ ਨਹੀਂ ਕੀਤਾ। ਦੁਸ਼ਮਣ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਕਮਜ਼ੋਰ ਨਹੀਂ ਸਗੋਂ ਹਮਲਾਵਰਾਂ ਦੇ ਦੰਦ ਖੱਟੇ ਕਰਨ ਵਾਲਾ ਹੈ। ਇਸ ਲੜਾਈ ਦਾ ਪੰਜਾਬ ਦੇ ਮੁਗ਼ਲ ਅਧਿਕਾਰੀਆਂ ‘ਤੇ ਬੁਰਾ ਅਸਰ ਹੋਇਆ। ਜਦੋਂ ਵਜ਼ੀਰੇ ਆਜ਼ਮ ਆਸਿਫ਼ ਖ਼ਾਨ ਨੂੰ ਇਸ ਘਟਨਾ ਦਾ ਪਤਾ ਲੱਗਿਆ ਕਿ ਲਾਹੌਰ ਦੇ ਹਾਕਮਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਬਿਨਾਂ ਵਜ਼ਾਹ ਲੜਾਈ ਕੀਤੀ ਹੈ ਤਾਂ ਉਸ ਨੇ ਲਾਹੌਰ ਦੇ ਗਵਰਨਰ ਕੁਲੀਜ਼ ਖ਼ਾਨ ਨੂੰ ਹਟਾ ਦਿੱਤਾ ਸੀ ਅਤੇ ਉਸ ਦੀ ਥਾਂ ਅਨਾਇਤ-ਉਲਾ ਏਜ਼ਦੀ ਨੂੰ ਨਵਾਂ ਗਵਰਨਰ ਥਾਪ ਦਿੱਤਾ ਸੀ। ਇਸ ਤੋਂ ਵੀ ਸਾਬਤ ਹੁੰਦਾ ਹੈ ਕਿ ਲਾਹੌਰ ਦੇ ਹਾਕਮਾਂ ਨੇ ਸ਼ਾਹੀ ਮਨਜ਼ੂਰੀ ਤੋਂ ਬਿਨਾਂ ਹੀ ਗੁਰੂ ਜੀ ਉੱਪਰ ਹਮਲਾ ਕੀਤਾ ਸੀ।

ਇਹ ਲੜਾਈ ਅੰਮ੍ਰਿਤਸਰ ਵਿਖੇ, ਜਿੱਥੇ ਹੁਣ ਖਾਲਸਾ ਕਾਲਜ ਹੈ ਉਸ ਅਸਥਾਨ ‘ਤੇ ਲੜੀ ਗਈ ਸੀ। ਭਾਵੇਂ ਗੋਕਲ ਚੰਦ ਨਾਰੰਗ ਨੇ ਇਸ ਲੜਾਈ ਦਾ ਅਸਥਾਨ ਵਡਾਲੀ ਪਿੰਡ ਦੱਸਿਆ ਹੈ। ਪਰ ਵਡਾਲੀ ਦਾ ਵੀ ਖਾਲਸਾ ਕਾਲਜ ਵਾਲੀ ਥਾਂ ਤੋਂ ਕੋਈ ਜ਼ਿਆਦਾ ਫਰਕ ਨਹੀਂ ਹੈ। ਕੁਝ ਲਿਖਾਰੀਆਂ ਦਾ ਕਹਿਣਾ ਹੈ ਕਿ ਇਹ ਲੜਾਈ ਪਿੰਡ ਗੁਮਟਾਲੇ ਦੇ ਨੇੜੇ ਗੁਰਦੁਆਰਾ ਪਲਾਹ ਸਾਹਿਬ ਬਣਿਆ ਹੈ, ਉਸ ਅਸਥਾਨ ‘ਤੇ ਲੜੀ ਗਈ ਸੀ।

ਦੂਜੀ ਲੜਾਈ :- ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਦੀ ਲੜਾਈ ਪਿੱਛੋਂ ਝਬਾਲ ਵਿਖੇ ਆਪਣੀ ਪੁੱਤਰੀ ਦੀ ਸ਼ਾਦੀ ਦਾ ਕੰਮ ਨਿਬੇੜ ਕੇ, ਸਿੱਖ ਸੰਗਤਾਂ ਸਮੇਤ ਕਰਤਾਰਪੁਰ (ਦੁਆਬੇ) ਵਿੱਚ ਆ ਗਏ ਸਨ। ਉਹ ਨਹੀਂ ਚਾਹੁੰਦੇ ਸਨ ਕਿ ਦੁਸ਼ਮਣਾਂ ਨੂੰ ਹੋਰ ਹਮਲਾ ਕਰਨ ਦਾ ਸਮਾਂ ਦਿੱਤਾ ਜਾਵੇ। ਕਰਤਾਰਪੁਰ ਦੇ ਨੇੜੇ ਹੀ ਦਰਿਆ ਬਿਆਸ ਦੇ ਇੱਕ ਕਿਨਾਰੇ ਉੱਪਰ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਨਗਰ ਸ੍ਰੀ ਗੋਬਿੰਦਪੁਰ ਸੀ। ਇਹ ਇੱਕ ਵਿਸ਼ਾਲ ਖਾਲੀ ਜਗਾਹ ਸੀ ਅਤੇ ਦਰਿਆ ਬਿਆਸ ਦੇ ਨੇੜੇ ਹੋਣ ਕਰਕੇ ਰਮਣੀਕ ਵੀ ਸੀ। ਗੁਰੂ ਜੀ ਨੇ ਇੱਥੇ ਹੀ ਆਪਣਾ ਠਹਿਰਾ ਕਰਨ ਦਾ ਫੈਸਲਾ ਕੀਤਾ। ਸਿੱਖ ਸੰਗਤਾਂ ਨੇ ਇੱਥੇ ਕੈਂਪ ਲਗਾ ਕੇ ਇਸ ਥਾਂ ਦੀ ਨਵੀਂ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਗਰ ਦੇ ਆਲੇ-ਦੁਆਲੇ ਕੋਟ ਵਗਲ ਕੇ ਸਾਧਾਰਨ ਕਿਲਾਬੰਦੀ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ। ਪਿੰਡਾਂ ਦੇ ਦੁਆਲੇ ਕੋਟ ਵਗਲ ਕੇ ਕਿਲ੍ਹਾਬੰਦੀ ਦਾ ਰੂਪ ਦੇਣਾ ਉਨ੍ਹੀਾਂ ਦਿਨੀਂ ਕੋਈ ਵੱਡੀ ਗੱਲ ਨਹੀਂਸੀ ਸਮਝੀ ਜਾਂਦੀ ਸਗੋਂ ਇਹ ਪਿੰਡ ਦੀ, ਬਾਹਰਲੇ ਹਮਲਾਵਰਾਂ ਜਾਂ ਡਾਕੂਆਂ ਤੋਂ ਬਚਾਓ ਕਰਨ ਲਈ ਜ਼ਰੂਰੀ ਵੀ ਹੁੰਦਾ ਸੀ। ਜਿੱਥੇ ਵੀ ਕੋਈ ਸਰਦਾ-ਪੁਜਦਾ ਚੌਧਰੀ ਰਹਿੰਦਾ ਸੀ ਉਸ ਦਾ ਪਿੰਡ ਕੋਟ-ਨੁਮਾਂ ਦੀਵਾਰ ਨਾਲ ਵਗਲਿਆ ਹੁੰਦਾ ਸੀ। ਇਸ ਕਰਕੇ ਜੇਕਰ ਗੁਰੂ ਸਾਹਿਬ ਨੇ ਸ੍ਰੀ ਗੋਬਿੰਦਪੁਰ ਨੂੰ ਕੋਟ ਵਗਲ ਕੇ ਆਪਣੀ ਸਵੈ-ਰੱਖਿਆ ਲਈ ਮਜ਼ਬੂਤ ਕਰ ਲਿਆ ਸੀ ਤਾਂ ਇਹ ਹਕੂਮਤ ਦੇ ਖਿਲਾਫ ਕੋਈ ਜੰਗੀ ਤਿਆਰੀ ਨਹੀਂ ਸੀ। ਸਿੱਖ ਸੰਗਤਾਂ ਨੇ ਇੱਥੇ ਰਹਿਣ ਸਮੇਂ ਇਸ ਨਗਰ ਦਾ ਪਹਿਲਾ ਨਾਂ ਸ੍ਰੀ ਗੋਬਿੰਦਪੁਰ ਤੋਂ ਬਦਲ ਕੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਸੀ।

ਇਹ ਇਲਾਕਾ ਕਿਸੇ ਭਗਵਾਨ ਦਾਸ ਘਰੜ ਦੀ ਜਾਗੀਰ ਵਿੱਚ ਸੀ। ਗੁਰੂ ਜੀ ਦੇ ਇੱਥੇ ਠਹਿਰਾ ਕਰਨ ਨਾਲ ਉਸ ਨੇ ਆਪਣੇ ਆਪ ਨੂੰ ਖਤਰਾ ਸਮਝਿਆ। ਪਹਿਲਾਂ ਪਹਿਲਾਂ ਉਸ ਨੇ ਇੱਥੇ ਗੁਰੂ ਜੀ ਲਈ ਕਈ ਮੁਸ਼ਕਿਲਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਗੁਰੂ ਜੀ ਇੱਥੋਂ ਚਲੇ ਜਾਣ। ਪਰ ਜਦੋਂ ਗੁਰੂ ਜੀ ਨੇ ਉਸ ਦੀ ਕੋਈ ਪਰਵਾਹ ਨਾ ਕੀਤਾਂ ਤਾਂ ਉਸ ਨੇ ਸਿੱਧੀ ਦਖ਼ਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਇਸੇ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਕਰਦਾ ਹੋਇਆ ਉਹ ਸਿੱਖ ਸੰਗਤਾਂ ਦੁਆਰਾ ਮਾਰਿਆ ਗਿਆ। ਇਸ ਗੱਲ ਨੇ ਸਾਰੇ ਝਗੜੇ ਨੂੰ ਵਧਾ ਦਿੱਤਾ ਸੀ। ਉਸ ਦਾ ਪੁੱਤਰ ਰਤਨ ਚੰਦ ਜਲੰਧਰ ਦੇ ਹਾਕਮ ਕੋਲ ਜਾ ਫਰਿਆਦੀ ਹੋਇਆ। ਜਲੰਧਰ ਦਾ ਹਾਕਮ ਉਸ ਵੇਲੇ ਅਬਦੁੱਲਾ ਖ਼ਾਨ ਸੀ। ਉਹ ਵੀ ਗੁਰੂ ਜੀ ਦੇ ਦੁਆਬੇ ਵਿੱਚ ਆ ਕੇ ਵਸਣ ਕਰਕੇ ਖਤਰਾ ਮਹਿਸੂਸ ਕਰ ਰਿਹਾ ਸੀ। ਇੱਕ ਹੋਰ ਕਰਮ ਚੰਦ, ਜੋ ਚੰਦੂ ਸ਼ਾਹ ਦਾ ਪੁੱਤਰ ਸੀ, ਰਤਨ ਚੰਦ ਨਾਲ ਮਿਲ ਗਿਆ ਸੀ। ਸਭ ਨੇ ਮਿਲ ਕੇ ਜਲੰਧਰ ਦੇ ਹਾਕਮ ਨੂੰ ਸੈਨਿਕ ਮਦਦ ਕਰਨ ਲਈ ਉਕਸਾਇਆ। ਇਸ ਤਰ੍ਹਾਂ ਤਕਰੀਬਨ ਚਾਰ ਹਜ਼ਾਰ ਦੀ ਗਿਣਤੀ ਵਿੱਚ ਸੈਨਾ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬ ਉਪਰ ਚੜ੍ਹ ਕੇ ਆ ਗਏ। ਸਿੱਖ ਸੰਗਤਾਂ ਨੇ ਇਨ੍ਹਾਂ ਦਾ ਡਟ ਕਟ ਮੁਕਾਬਲਾ ਕੀਤਾ ਅਤੇ ਪਿੱਛੇ ਮੁੜਨ ਲਈ ਮਜ਼ਬੂਰ ਕਰ ਦਿੱਤਾ। ਅਬਦੁੱਲਾ ਖ਼ਾਨ ਮਾਰਿਆ ਗਿਆ ਸੀ। ਬਾਕੀ ਦੇ ਧਾੜਵੀਂ ਭੱਜ ਗਏ ਸਨ। ਸਿੱਖ ਸੰਗਤਾਂ ਨੇ ਪੂਰੀ ਕਾਮਯਾਬੀ ਨਾਲ ਹਮਲਾਵਰਾਂ ਨੂੰ ਨਸਾ ਦਿੱਤਾ ਸੀ। ਇਹ ਗੱਲ ਸਤੰਬਰ, 1630 ਈ. ਦੀ ਹੈ।

ਇੱਕ ਗੱਲ ਵਿਚਾਰਯੋਗ ਹੈ ਕਿ ਜਿੱਥੇ ਕੋਈ ਲੜਾਈ ਲੋਕ-ਸਮੂਹ ਨਾਲ ਹੁੰਦੀ ਹੈ ਉੱਥੇ ਜਿੱਤ ਵੀ ਲੋਕ-ਸਮੂਹ ਦੀ ਹੀ ਹੁੰਦੀ ਹੈ। ਹਮਲਾਵਰ ਜਾਗੀਰਦਾਰ ਸਨ ਜਾਂ ਫ਼ੌਜਦਾਰ। ਇਹ ਤਨਖਾਹਦਾਰ ਜਾਂ ਕਿਰਾਏ ਦੇ ਲੋਕਾਂ ਦੀ ਧਾੜ ਸੀ। ਗੁਰੂ ਜੀ ਲੋਕ-ਨੇਤਾ ਸਨ ਅਤੇ ਲੋਕ-ਸਮੂਹ ਉਨ੍ਹਾਂ ਦੀ ਮਦਦ ‘ਤੇ ਸੀ। ਜਦੋਂ ਕਿਰਾਏ ਦੇ ਧਾੜਵੀਂ ਹਮਲਾ ਕਰਕੇ ਆਏ ਤਾਂ ਅੱਗੋਂ ਸਿੱਖ ਸੰਗਤਾਂ ਦੇ ਰੂਪ ਵਿੱਚ ਲੋਕ-ਸਮੂਹ ਇਕੱਠਾ ਹੋ ਕੇ ਇਨ੍ਹਾਂ ਧਾੜਵੀਆਂ ਦੇ ਵਿਰੁੱਧ ਡੱਟ ਕੇ ਖੜ੍ਹਾ ਹੋ ਗਿਆ। ਧਾੜਵੀ ਆਪਣੇ ਸੁਆਰਥਾਂ ਲਈ ਲੜਦੇ ਸਨ ਜਦੋਂ ਕਿ ਗੁਰੂ ਜੀ ਆਪਣੀ ਰੱਖਿਆ ਲਈ ਮੁਕਾਬਲਾ ਕਰਦੇ ਸਨ। ਆਪਣੀ ਸੁਰੱਖਿਆ ਲਈ ਲੜਾਈ ਕਰਨਾ ਸ਼ਹੀਦ ਹੋਣ ਲਈ ਪ੍ਰੇਰਨਾ ਸ੍ਰੋਤ ਘਟਨਾ ਹੁੰਦੀ ਹੈ। ਸਿੱਖਾਂ ਲਈ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰਨਾ ਇੱਕ ਮਾਣ ਵਾਲੀ ਗੱਲ ਸੀ। ਇਸ ਕਰਕੇ ਹਮਲਾਵਰ ਦੁਸ਼ਮਣ, ਸੁਸਿੱਖਿਅਤ ਫ਼ੌਜ ਦੀ ਮਦਦ ਨਾਲ ਵੀ ਲੋਕ ਸਮੂਹ ਦੇ ਵਿਸ਼ਾਲ ਇਕੱਠ ਸਾਹਮਣੇ ਖੜੋ ਨਹੀਂ ਸਕਿਆ। ਇੰਦੂ ਭੂਸ਼ਨ ਬੈਨਰਜ਼ੀ ਲਿਖਦਾ ਹੈ : “ਹਰਿਗੋਬਿੰਦ ਨੇ ਇਨ੍ਹਾਂ ਨੂੰ ਕਾਮਯਾਬੀ ਨਾਲ ਕੁੱਟ ਕੇ ਭਜਾ ਦਿੱਤਾ ਸੀ ਅਤੇ ਸ੍ਰੀ ਹਰਿਗੋਬਿੰਦ, ਜਿਵੇਂ ਕਿ ਇਸ ਥਾਂ ਨੂੰ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਸੀ, ਦੀ ਸਥਾਪਨਾ ਬਿਨਾਂ ਕਿਸੇ ਹੋਰ ਬਿਘਨ ਦੇ ਚੱਲਦੀ ਰਹੀ”।

ਗਯਾਨ ਸਿੰਘ ਅਨੁਸਾਰ ਲੜਾਈ ਪਿੱਛੋਂ ਗੁਰੂ ਸਾਹਿਬ ਕਾਫੀ ਸਮਾਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਹੀ ਰਹਿੰਦੇ ਰਹੇ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਬੁਲਾ ਲਿਆ ਸੀ। ਇੱਕ ਮਸੀਤ ਵੀ ਇੱਥੇ ਬਣਾਈ ਗਈ ਸੀ ਤਾਂ ਕਿ ਗੁਰੂ ਜੀ ਦੇ ਮੁਸਲਿਮ ਪੈਰੋਕਾਰ ਆਪਣੇ ਧਾਰਮਿਕ ਅਕੀਦੇ ਪੂਰੇ ਕਰ ਸਕਣ।

ਤੀਜੀ ਲੜਾਈ :- ਗੁਰੂ ਹਰਿਗੋਬਿੰਦ ਸਾਹਿਬ ਵਧੀਆ ਤੋਂ ਵਧੀਆ ਘੋੜੇ ਰੱਖਣ ਦੇ ਸ਼ੌਕੀਨ ਸਨ। ਇਸ ਮਕਸਦ ਲਈ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਮੱਧ ਏਸ਼ੀਆਂ ਦੇ ਦੇਸ਼ਾਂ ਵਿੱਚ ਘੋੜੇ ਖਰੀਦਣ ਲਈ ਵੀ ਭੇਜਿਆ ਸੀ। ਇਸ ਤਰ੍ਹਾਂ ਹੀ ਜਦੋਂ ਮੱਧ ਏਸ਼ੀਆਂ ਦੇ ਮੁਲਕਾਂ ਵਿੱਚੋਂ ਖਰੀਦੇ ਹੋਏ ਦੋ ਅਤੀ ਸੁੰਦਰ ਘੋੜੇ, ਸਿੱਖ ਸੰਗਤਾਂ ਗੁਰੂ ਜੀ ਦੀ ਹਜੂਰੀ ਵਿੱਚ ਲਿਆ ਰਹੀਆਂ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਲਾਹੌਰ ਦੇ ਅਧਿਕਾਰੀਆਂ ਨੇ ਜ਼ਬਰਦਸਤੀ ਖੋਹ ਲਿਆ ਸੀ। ਇਹ ਗੱਲ ਗੁਰੂ ਜੀ ਨੂੰ ਸ੍ਰੀ ਹਰਿ-ਗੋਬਿੰਦਪੁਰ ਵਿਖੇ ਆ ਕੇ ਦੱਸੀ ਗਈ। ਗੁਰੂ ਜੀ ਨੇ ਆਪਣੇ ਸਿੱਖਾਂ ਰਾਹੀਂ ਭਾਈ ਬਿਧੀ ਚੰਦ ਦੀ ਅਗਵਾਈ ਹੇਠ ਇਨ੍ਹਾਂ ਘੋੜਿਆਂ ਨੂੰ ਵਾਪਸ ਖੋਹ ਲਿਆ ਸੀ। ਇੰਜ ਘੋੜੇ ਵਾਪਸ ਖੋਹ ਲੈਣ ਨਾਲ ਲਾਹੌਰ ਦੇ ਅਧਿਕਾਰੀਆਂ ਦੀ ਬੇਇੱਜ਼ਤੀ ਹੋਈ ਸਮਝੀ ਗਈ ਸੀ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਗੁਰੂ ਜੀ ਉਪਰ ਹਮਲਾ ਕਰਨ ਦਾ ਫ਼ੈਸਲਾ ਕੀਤਾ।

ਗੁਰੂ ਸਾਹਿਬ ਨੇ ਭਾਂਪ ਲਿਆ ਸੀ ਕਿ ਉਨ੍ਹਾਂ ‘ਤੇ ਜ਼ਰੂਰ ਹਮਲਾ ਹੋਵੇਗਾ। ਇਸ ਲਈ ਉਹ ਸ੍ਰੀ ਹਰਿਗੋਬਿੰਦਪੁਰ ਤੋਂ ਸਿੱਖ ਸੰਗਤਾਂ ਸਮੇਤ ਪੰਜਾਬ ਦੇ ਮਾਲਵੇ ਖੇਤਰ ਵੱਲ ਨੂੰ ਰਵਾਨਾ ਹੋ ਗਏ। ਮਾਲਵਾ ਸਾਰਾ ਹੀ ਗੁਰੂ-ਘਰ ਦਾ ਸ਼ਰਧਾਲੂ ਸੀ। ਮਾਲਵੇ ਵਿਚਲੇ ਸਾਰੇ ਹੀ ਜੱਟ ਕਬੀਲੇ ਗੁਰੂ ਜੀ ਲਈ ਮਰ ਮਿਟਣ ਨੂੰ ਤਿਆਰ ਸਨ। ਲਾਹੌਰ ਵੱਲੋਂ ਬਹੁਤ ਵੱਡੀ ਵਿਸ਼ਾਲ ਫ਼ੌਜ ਨਾਲ ਗੁਰੂ ਜੀ ਉਪਰ ਹਮਲਾ ਕੀਤਾ ਗਿਆ। ਇਤਿਹਾਸਕਾਰਾਂ ਨੇ ਭਾਵੇਂ ਇਸ ਫੌਜ ਦੀ ਗਿਣਤੀ 20-22 ਹਜ਼ਾਰ ਤੱਕ ਦੀ ਦੱਸੀ ਹੈ। ਇਤਨੀ ਫ਼ੌਜ ਭਾਵੇਂ ਨਾ ਵੀ ਹੋਵੇ ਪਰ ਇਹ ਹਮਲਾਵਰ ਫ਼ੌਜ ਬਹੁਤ ਵੱਡੀ ਗਿਣਤੀ ਵਿੱਚ ਸੀ। ਇਸੇ ਕਰਕੇ ਗੁਰੂ ਸਾਹਿਬ ਆਪਣੀ ਰਿਹਾਇਸ਼ ਛੱਡ ਕੇ ਮਾਲਵੇ ਵੱਲ ਰਵਾਨਾ ਹੋਏ ਸਨ। ਮਾਲਵੇ ਵਿੱਚ ਜੱਟ ਕਬੀਲਿਆਂ ਦੇ ਭਰਵੇਂ ਸਹਿਯੋਗ ਤੋਂ ਇਲਾਵਾ ਉੱਥੋਂ ਦਾ ਰੇਤਲਾ ਅਤੇ ਜੰਗਲੀ ਇਲਾਕਾ ਗੁਰੂ ਜੀ ਲਈ ਫਾਇਦੇਮੰਦ ਸੀ। ਮਾਲਵੇ ਦੇ ਜੱਟ ਕਬੀਲਿਆਂ ਦੀ ਮਦਦ ਨਾਲ ਗੁਰੂ ਜੀ ਨਥਾਣੇ ਦੇ ਇਲਾਕੇ ਵਿੱਚ ਇੱਕੋ ਇੱਕ ਪਾਣੀ ਵਾਲ ਢਾਬ ਰੋਕ ਕੇ ਡੱਟ ਗਏ। ਆਲੇ ਦੁਆਲੇ ਰੇਤੀਲੇ ਟਿੱਬੇ ਸਨ ਅਤੇ ਕੰਡੀਲੇ ਝਾੜ ਸਨ। ਜੇਕਰ ਦੁਸ਼ਮਣ ਇੱਥੇ ਆ ਕੇ ਗੁਰੂ ਜੀ ਉੱਪਰ ਹਮਲਾ ਕਰਦਾ ਸੀ ਤਾਂ ਆਲੇ ਦੁਆਲੇ ਟਿੱਬਿਆਂ ਦੀ ਓਟ ਵਿੱਚ ਬੈਠੇ ਸਿੱਖ ਉਸ ਉਪਰ ਚਾਰੇ ਪਾਸਿਆਂ ਤੋਂ ਹਮਲਾ ਕਰਨ ਲਈ ਤਿਆਰ ਸਨ। ਆਲੇ ਦੁਆਲੇ ਕਿਤੇ ਵੀ ਪਾਣੀ ਨਾ ਹੋਣ ਕਾਰਨ ਦੁਸ਼ਮਣ ਜ਼ਿਆਦਾ ਸਮਾਂ ਸਿੱਖਾਂ ਦੀ ਮਿਲਵੀਂ ਤਾਕਤ ਸਾਹਮਣੇ ਠਹਿਰ ਨਹੀਂ ਸਕਦਾ ਸੀ। ਗਯਾਨ ਸਿੰਘ ਲਿਖਦਾ ਹੈ :-

“ਏਧਰ ਕਾਂਗੜ, ਧੌਲੇ ਦੇਸ ਮਾਲਵੇ ਦੇ ਸਬ ਬਹਾਦਰ ਸਿੰਘ ਗੁਰੂ ਸਾਹਿਬ ਵੱਲ ਭੀ ਆ ਗਏ। ਰਾਇ ਜੋਧ, ਸਲੇਮ ਦੋਵੇਂ ਭਾਈ, ਭੱਲਣ, ਭੂਪਾ, ਸੂਰਾ, ਕਰਮਾ ਫੱਤਾ, ਆਕਲ, ਬੀਰਾ, ਸਾਗਰ, ਤਖਤਾ, ਕਾਲਾ ਦੁੱਲਟ, ਕਾਲਾ ਕਰਮ ਚੰਦ ਆਦਿਕ ਇਹ ਸਬ ਢੋਲ ਵਜਾਉਂਦੇ ਹੋਏ ਆਪਣੇ ਨਾਲ ਬਹੁਤ ਬਹੁਤ ਆਦਮੀ ਲੈ ਕੇ ਗਏ। ਗੁਰੂ ਸਾਹਿਬ ਨੇ ਏਨਾਂ ਨੂੰ ਨਾਲ ਲੈ ਕੇ ਬੜੇ ਭਾਰੀ ਜੰਗਲ ਵਿੱਚ (ਜਿੱਥੇ ਹੁਣ ਲਹਿਰਾ ਪਿੰਡ ਤੇ ਗੁਰੂ ਸਰ ਤਲਾਉ ਹੈ) ਪਾਣੀ ਦੀ ਢਾਬ ਦੇ ਕਿਨਾਰੇ 17 ਪੋਹ ਸੰਮਤ 1690 ਬਿ. ਮੁਤਾਬਕ ਜਨਵਰੀ, 1633 ਈ. ਨੂੰ ਮੋਰਚਾ ਬੰਨ੍ਹ ਕੇ ਲੜਾਈ ਸ਼ੁਰੂ ਕਰ ਦਿੱਤੀ”।

ਹਮਲਾਵਰ ਦੁਸ਼ਮਣ ਦੀ ਫ਼ੌਜ ਦੇ ਪਾਸ ਪਾਣੀ ਦਾ ਕੋਈ ਸੋਮਾ ਨਹੀਂ ਸੀ। ਮਾਲਵੇ ਦੇ ਜੱਟ ਕਬੀਲੇ ਆਪਣੇ ਜੰਗਲਾਂ ਦੇ ਭੇਤੀ ਸਨ। ਸਭ ਪਿੰਡਾਂ ਦੇ ਲੋਕ ਦੁਸ਼ਮਣ ਉੱਪਰ ਚਹੁੰ ਪਾਸਿਆਂ ਤੋਂ ਟੁੱਟ ਕੇ ਪੈ ਗਏ। ਸਾਰਾ ਦਿਨ ਲੜਾਈ ਹੋਈ। ਦੁਸ਼ਮਣ ਪਾਣੀ ਤੋਂ ਬਿਨਾਂ ਪਿਆਸ ਨਾਲ ਵਿਆਕੁਲ ਹੋਇਆ, ਆਪਣਾ ਜਾਨੀ ਨੁਕਸਾਨ ਕਰਵਾ ਕੇ ਵਾਪਸ ਨੱਸ ਆਇਆ। ਗੁਰੂ ਜੀ ਦੀ ਪੂਰਨ ਫਤਿਹ ਹੋਈ। ਮੈਕਾਲਿਫ ਅਨੁਸਾਰ, ਗੁਰੂ ਜੀ ਦੀ ਫ਼ੌਜ਼ ਪਾਣੀ ਦੇ ਇੱਕੋ-ਇੱਕ ਤਲਾਅ ਦੁਆਲੇ ਇਸ ਤਰ੍ਹਾਂ ਘੇਰਾ ਘੱਤੀਂ ਖੜੀ ਸੀ ਕਿ ਦੁਸ਼ਮਣ ਪਾਣੀ ਤੱਕ ਪਹੁੰਚ ਹੀ ਨਹੀਂ ਸਕਿਆ। ਇਸ ਤਰ੍ਹਾਂ ਪਿਆਸ ਨਾਲ ਵਿਆਕੁਲ ਹੋਇਆ ਭੱਜ ਗਿਆ। ਭਾਵੇਂ ਇਸ ਲੜਾਈ ਦਾ ਜੁਲਿਫ਼ਕਾਰ ਅਰਧਿਸਤਾਨੀ ਨੇ ਕੋਈ ਉਲੇਖ ਨਹੀਂ ਕੀਤਾ ਪਰ ਗੁਰਮੁੱਖੀ ਦੀਆਂ ਸਾਰੀਆਂ ਹੀ ਮੁੱਢਲੀਆਂ ਲਿਖਤਾਂ ਅਤੇ ਆਧੁਨਿਕ ਇਤਿਹਾਸਕਾਰ ਇਸ ਮੱਤ ਨਾਲ ਸਹਿਮਤ ਹਨ ਕਿ ਗੁਰੂ ਸਾਹਿਬ ਨੂੰ ਨਥਾਣੇ ਜਾਂ ਲਹਿਰਾ ਮੁਹੱਬਤ ਦੇ ਅਸਥਾਨ ‘ਤੇ ਦੁਸ਼ਮਣ ਨਾਲ ਫੈਸਲਾਕੁਨ ਲੜਾਈ ਲੜਨੀ ਪਈ ਸੀ। ਇੰਦੂ ਭੂਸ਼ਣ ਬੈਨਰਜ਼ੀ ਲਿਖਦਾ ਹੈ ਕਿ ਇਉਂ ਪ੍ਰਤੀਤ ਹੁੰਦਾ ਹੈ ਕਿ ਸ਼ਾਹੀ ਅਧਿਕਾਰੀ ਸਥਿਤੀ ਦੀਆਂ ਕੁਦਰਤੀ ਮੁਸ਼ਕਲਾਂ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਲਈ ਉਨ੍ਹਾਂ ਨੂੰ ਕੁੱਟ ਕੇ ਵਾਪਸ ਭਜਾਉਣ ਵਿੱਚ ਕੋਈ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਭਾਵੇਂ ਇਸ ਲੜਾਈ ਵਿੱਚ ਸਿੱਖਾਂ ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ ਸੀ ਪਰ ਲੜਾਈ ਇਹ ਫੈਸਲਾਕੁਨ ਸੀ। ਗੁਰੂ ਜੀ ਨੇ ਸਭ ਸ਼ਹੀਦ ਹੋਏ ਸਿਪਾਹੀਆਂ ਨੂੰ ਉਨ੍ਹਾਂ ਦੀਆਂ ਧਾਰਮਿਕ ਰਸਮਾਂ ਮੁਤਾਬਕ ਦਫ਼ਨਾਇਆ। ਜਿਸ ਥਾਂ ‘ਤੇ ਲੜਾਈ ਹੋਈ ਸੀ ਉੱਥੇ ਅੱਜ ਕੱਲ੍ਹ ਗੁਰਦੁਆਰਾ ਗੁਰੂਸਰ ਸ਼ੁਸੋਭਤ ਹੈ।

ਚੌਥੀ ਲੜਾਈ :- ਨਥਾਣਾ ਗੁਰੂਸਰ ਵਿਖੇ ਦੁਸ਼ਮਣ ਨੂੰ ਹਰਾਉਣ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਦੁਆਬੇ ਵਿੱਚ ਕਰਤਾਰਪੁਰ ਵਿਖੇ ਆ ਗਏ ਸਨ। ਇੱਥੇ ਕੁਝ ਸਮਾਂ ਸ਼ਾਂਤੀ ਨਾਲ ਬਤੀਤ ਹੋਇਆ। ਪਰ ਛੇਤੀ ਹੀ ਗੁਰੂ ਜੀ ਦੇ ਆਪਣੇ ਹੀ ਇੱਕ ਮੁੱਖੀ ਜਰਨੈਲ ਪੈਂਦੇ ਖ਼ਾਨ ਨਾਲ ਕੁਝ ਮੱਤਭੇਦ ਪੈਦਾ ਹੋ ਗਏ ਸਨ। ਪੈਂਦੇ ਖ਼ਾਨ ਫਤਿਹ ਖ਼ਾਨ ਗਨੈਦਾ ਪਠਾਣ ਦਾ ਪੁੱਤਰ ਸੀ। ਇਸ ਦੀ ਮਾਂ ਗੁਰੂ ਹਰਗੋਬਿੰਦ ਸਾਹਿਬ ਦੀ ਪਾਲਣਾ ਪੋਸ਼ਣਾ ਕਰਨ ਵਾਲੀ ਮਾਈ ਸੀ। ਪੈਂਦੇ ਖ਼ਾਨ ਅਤੇ ਗੁਰੂ ਜੀ ਤਕਰੀਬਨ ਹਮਉਮਰ ਹੀ ਸਨ। ਗੁਰੂ-ਘਰ ਵਿੱਚ ਪੈਂਦੇ ਖ਼ਾਨ ਗੁਰੂ ਜੀ ਦੇ ਸਭ ਤੋਂ ਵੱਧ ਵਿਸ਼ਵਾਸ ਪਾਤਰ ਸਿੱਖਾਂ ਵਿੱਚੋਂ ਸੀ। ਗੁਰਮੁਖੀ ਲਿਖਤਾਂ ਵਿੱਚ, ਗੁਰੂ ਸਾਹਿਬ ਅਤੇ ਪੈਂਦੇ ਖ਼ਾਨ ਵਿਚਕਾਰ ਮੱਤ-ਭੇਦ ਪੈਦਾ ਹੋਣ ਦੇ ਜੋ ਕਾਰਨ ਲਿਖੇ ਗਏ ਹਨ ਉਹ ਯਕੀਨ ਕਰਨ ਵਾਲੇ ਨਹੀਂ ਜਾਪਦੇ। ਇਉਂ ਲੱਗਦਾ ਹੈ ਕਿ ਜਾਂ ਤਾਂ ਪੈਂਦੇ ਖ਼ਾਨ ਨੂੰ ਦੁਸ਼ਮਣਾਂ ਨੇ ਕਿਸੇ ਤਰ੍ਹਾਂ ਕੋਈ ਯਕੀਨ ਦਿਵਾ ਕੇ ਆਪਣੇ ਨਾਲ ਰਲਾ ਲਿਆ ਹੋਵੇਗਾ ਅਤੇ ਜਾਂ ਫਿਰ ਪੈਂਦੇ ਖ਼ਾਨ ਕੋਈ ਮੁਗਲ ਅਧਿਕਾਰੀ ਹੋਵੇਗਾ। ਜੁਲਿਫ਼ਕਾਰ ਅਰਧਿਸਤਾਨੀ ਨੇ ਲਿਖਿਆ ਹੈ ਕਿ ਕਰਤਾਰਪੁਰ ਵਿਖੇ ਮੀਰ ਬਡੈਹਰਾ ਅਤੇ ਪੈਂਦੇ ਖ਼ਾਨ ਦੀ ਕਮਾਂਡ ਹੇਠ ਹਮਲਾ ਕੀਤਾ ਗਿਆ। ਇਰਵਿਨ ਵੀ ਉਸ ਨੂੰ ਸ਼ਾਹੀ ਕਮਾਂਡਰ ਹੀ ਲਿਖਦਾ ਹੈ। ਇਸ ਲਈ ਇਸ ਗੱਲ ਵਿੱਚ ਕੁਝ ਵਜ਼ਨ ਹੋ ਸਕਦਾ ਹੈ ਕਿ ਪੈਂਦਾ ਖ਼ਾਨ ਮੁਗ਼ਲ ਹਕੂਮਤ ਦਾ ਹੀ ਕੋਈ ਅਧਿਕਾਰੀ ਹੋਵੇ। ਗੁਰੂ ਜੀ ਦੇ ਘਰ ਵਿੱਚ ਪਲਣ ਵਾਲਾ ਪੈਂਦੇ ਖ਼ਾਨ ਕੋਈ ਹੋਰ ਹੋਵੇਗਾ। ਗੁਰੂ ਜੀ ਉਪਰ ਹਮਲਾ ਕੀਤਾ ਗਿਆ। ਪਰ ਇਹ ਹਮਲਾ ਸੌਖਿਆਂ ਹੀ ਪਛਾੜ ਦਿੱਤਾ ਗਿਆ। ਮੀਰ ਬਡੈਹਰਾ ਅਤੇ ਪੈਂਦੇ ਖ਼ਾਨ ਦੋਵੇਂ ਹੀ ਮਾਰੇ ਗਏ ਸਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਇਸ ਲੜਾਈ ਨੂੰ ਗੁਰੂ ਜੀ ਦੇ ਪਰਿਵਾਰਾਂ ਨੇ ਵੀ ਆਪਣੇ ਮਕਾਨਾਂ ਦੀਆਂ ਛੱਤਾਂ ਜਾਂ ਬਾਰੀਆਂ ਵਿੱਚੋਂ ਦੀ ਖੜੋ ਕੇ ਦੇਖਿਆ ਸੀ ਅਤੇ ਬਾਲ ਤੇਗ ਬਹਾਦੁਰ ਜੀ ਨੇ ਇਸ ਵਿੱਚ ਕੁਝ ਭਾਗ ਲਿਆ ਸੀ ਇਸ ਤੋਂ ਜਾਪਦਾ ਹੈ ਕਿ ਇਹ ਹਮਲਾ ਸਥਾਨਕ ਪੱਧਰ ਦਾ ਅਤੇ ਬਹੁਤ ਭਿਆਨਕ ਨਹੀਂ ਸੀ। ਸਿੱਖ ਸੰਗਤਾਂ ਨੇ ਇਸ ਨੂੰ ਸੌਖਿਆਂ ਹੀ ਪਛਾੜ ਦਿੱਤਾ ਸੀ। ਇਸੇ ਝੜੱਪ ਵਿੱਚ ਹੀ ਕਿਸੇ ਕਾਲੇ ਖ਼ਾਨ ਕਮਾਂਡਰ ਦਾ ਵੀ ਜ਼ਿਕਰ ਆਉਂਦਾ ਹੈ ਜਿਸ ਨੂੰ ਗੁਰੂ ਸਾਹਿਬ ਨੇ ਬੜੇ ਆਰਾਮ ਅਤੇ ਠਰੰਮੇ ਨਾਲ ਆਹਮੋ ਸਾਹਮਣੇ ਦੀ ਲੜਾਈ ਕਰਕੇ ਮਾਰ ਦਿੱਤਾ ਸੀ। ਜਦ ਕਾਲੇ ਖ਼ਾਨ ਦਾ ਵਾਰ ਖਾਲੀ ਗਿਆ ਸੀ ਤਾਂ ਗੁਰੂ ਜੀ ਨੇ ਆਪਣਾ ਵਾਰ ਕਰਨ ਸਮੇਂ ਉਸ ਨੂੰ ਕਿਹਾ ਸੀ ਕਿ “ਤਲਵਾਰ ਇਸ ਤਰ੍ਹਾਂ ਨਹੀਂ ਸਗੋਂ ਇਉਂ ਚਲਾਈ ਦੀ ਹੈ”। ਇਹ ਕਹਿ ਕੇ ਇੱਕੋ ਵਾਰ ਨਾਲ ਕਾਲੇ ਖ਼ਾਨ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ।

ਇਸ ਲੜਾਈ ਵਿੱਚ ਗੁਰੂ ਜੀ ਦੀ ਭਾਵੇਂ ਜਿੱਤ ਹੋਈ ਸੀ ਪਰ ਉਹ ਜ਼ਿਆਦਾ ਸਮਾਂ ਕਰਤਾਰਪੁਰ ਵਿਖੇ ਨਹੀਂ ਠਹਿਰੇ। ਗੁਰੂ ਜੀ ਪੂਰੇ ਲਾਓ ਲਸ਼ਕਰ ਸਮੇਤ ਫਗਵਾੜੇ ਵੱਲ ਨੂੰ ਚੱਲ ਪਏ ਸਨ। ਫਗਵਾੜੇ ਵਿਖੇ ਪਲਾਹੀ ਸਾਹਿਬ ਦੇ ਅਸਥਾਨ ‘ਤੇ ਅਚਨਚੇਤ ਹੀ ਦੁਸ਼ਮਣ ਵੱਲੋਂ ਗੁਰੂ ਜੀ ਉੱਪਰ ਲੁਕਵਾਂ ਹਮਲਾ ਕੀਤਾ ਗਿਆ ਸੀ। ਜਿਸ ਨੂੰ ਪਛਾੜ ਦਿੱਤਾ ਗਿਆ ਸੀ। ਗੁਰੂ ਜੀ ਅੱਗੇ ਚੱਲੇ ਗਏ ਅਤੇ ਕੀਰਤਪੁਰ ਪਹੁੰਚ ਕੇ ਆਪਣਾ ਠਿਕਾਣਾ ਕੀਤਾ। ਜੁਲਿਫ਼ਕਾਰ ਅਰਧਿਸਤਾਨੀ ਨੇ ਲਿਖਿਆ ਹੈ ਕਿ ਆਖਰਕਾਰ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਫਗਵਾੜੇ ਵੱਲ ਨੂੰ ਚੱਲ ਪਏ ਸਨ ਅਤੇ ਕਿਉਂਕਿ ਇਹ ਲਾਹੌਰ ਦੇ ਨੇੜੇ ਸੀ, ਇਸ ਲਈ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਉਹ ਛੇਤੀ ਹੀ ਕੀਰਤਪੁਰ ਵੱਲ ਨੂੰ ਰਵਾਨਾ ਹੋ ਗਏ।

ਲੜਾਈਆਂ ਦਾ ਮੁੱਲ-ਅੰਕਣ :- ਦੇਖਿਆ ਗਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਛੋਟੀਆਂ ਜਾਂ ਵੱਡੀਆਂ ਤਕਰੀਬਨ ਚਾਰ ਚੜਾਈਆਂ ਕਰਨੀਆਂ ਪਈਆਂ ਸਨ। ਭਾਵੇਂ ਹਰੀ ਰਾਮ ਗੁਪਤਾ ਨੇ ਇਨ੍ਹਾਂ ਦੀ ਤਾਦਾਦ ਕਾਫ਼ੀ ਵਧਾ ਕੇ ਲਿਖੀ ਹੈ ਕਿਉਂਕਿ ਉਸ ਨੇ ਹਰ ਇੱਕ ਨਿੱਕੀ-ਮੋਟੀ ਘਟਨਾ ਨੂੰ ਸੁਤੰਤਰ ਲੜਾਈ ਦਾ ਰੂਪ ਦਿੱਤਾ ਹੈ। ਮਿਸਾਲ ਦੇ ਤੌਰ ‘ਤੇ ਉਹ ਪਹਿਲੀ ਲੜਾਈ ਜੱਲੋ ਦੇ ਅਸਥਾਨ ‘ਤੇ ਹੋਈ ਦੱਸਦਾ ਹੈ। ਇਹ ਜੱਲੋ ਦਾ ਥਾਂ ਕਿੱਥੇ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫਿਰ ਉਹ ਫਗਵਾੜੇ ਨੇੜੇ ਹੋਈ ਝੜੱਪ ਨੂੰ ਅਲੱਗ ਲੜਾਈ ਦਾ ਰੂਪ ਦਿੰਦਾ ਹੈ। ਇਹ ਠੀਕ ਨਹੀਂ ਹੈ। ਫਗਵਾੜੇ ਦੀ ਝੜੱਪ ਨੂੰ ਕਰਤਾਰਪੁਰ ਦੀ ਲੜਾਈ ਦੇ ਨਾਲ ਹੀ ਰਲਾ ਕੇ ਦੇਖਣਾ ਚਾਹੀਦਾ ਹੈ। ਸਭ ਇਤਿਹਾਸਕਾਰਾਂ ਨੇ ਕੁਲ ਲੜਾਈ ਚਾਰ ਹੀ ਵਰਣਨ ਕੀਤੀਆਂ ਹਨ।

ਇਨ੍ਹਾਂ ਲੜਾਈਆਂ ਦਾ ਨਿਰਣਾ ਕਰਦੇ ਸਮੇਂ ਸਾਨੂੰ ਚਾਰ ਪੱਖਾਂ ਦਾ ਜ਼ਰੂਰ ਹੀ ਅਧਿਐਨ ਕਰਨਾ ਚਾਹੀਦਾ ਹੈ। ਪਹਿਲਾ, ਇਨ੍ਹਾਂ ਲੜਾਈਆਂ ਦੀਆਂ ਮਿਤੀਆਂ ਦਾ, ਦੂਸਰਾ ਇਨ੍ਹਾਂ ਲੜਾਈਆਂ ਦੇ ਕਾਰਨਾਂ ਦਾ ਅਤੇ ਤੀਜਾ ਇਨ੍ਹਾਂ ਲੜਾਈਆਂ ਦੇ ਮਨੋਰਥਾਂ ਦਾ ਅਤੇ ਚੌਥਾ ਇਹ ਕਿ ਕੀ ਬਾਦਸ਼ਾਹ ਇਨ੍ਹਾਂ ਵਿੱਚ ਖੁਦ ਸ਼ਾਮਲ ਸੀ ? ਜਿੰਨੇ ਵੀ ਇਤਿਹਾਸਕਾਰਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲੜਾਈਆਂ ਬਾਰੇ ਲਿਖਿਆ ਹੈ ਉਨ੍ਹਾਂ ਸਭ ਵਿੱਚ ਉਪਰੋਕਤ ਚਾਰ ਪੱਖਾਂ ਬਾਰੇ ਇੱਕ ਮੱਤ ਨਹੀਂ ਹੈ। ਸਭ ਤੋਂ ਪਹਿਲਾਂ ਅਸੀਂ ਲੜਾਈਆਂ ਦੀਆਂ ਮਿਤੀਆਂ ਬਾਰੇ ਗੱਲ ਕਰਦੇ ਹਾਂ।

ਸਾਰੇ ਇਤਿਹਾਸਕਾਰਾਂ ਨੇ ਮਿਤੀਆਂ ਵੱਖ ਵੱਖ ਦਿੱਤੀਆਂ ਹਨ ਜਾਂ ਉਹ ਇਨ੍ਹਾਂ ਬਾਰੇ ਚੁੱਪ ਹਨ। ਇੰਦੂ ਭੂਸ਼ਣ ਬੈਨਰਜ਼ੀ ਨੇ ਸਿਵਾਏ ਕਰਤਾਰਪੁਰ ਦੀ ਲੜਾਈ ਤੋਂ ਹੋਰ ਕਿਸੇ ਵੀ ਲੜਾਈ ਦੀ ਮਿਤੀ ਨਹੀਂ ਦਿੱਤੀ। ਵੈਸੇ ਗਲਤ ਮਿਤੀ ਦੇਣ ਨਾਲੋਂ ਚੁੱਪ ਰਹਿਣਾ ਹੀ ਠੀਕ ਹੈ। ਹਰੀ ਰਾਮ ਗੁਪਤਾ ਨੇ ਜੋ ਮਿਤੀਆਂ ਦਿੱਤੀਆਂ ਹਨ ਉਨ੍ਹਾਂ ਦਾ ਕੋਈ ਸ੍ਰੋਤ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਹ ਬਾਕੀ ਦੇ ਇਤਿਹਾਸਕਾਰਾਂ ਵੱਲੋਂ ਅਪਣਾਈਆਂ ਹੀ ਗਈਆਂ ਹਨ। ਇਸ ਅਨੁਸਾਰ ਅੰਮ੍ਰਿਤਸਰ ਦੀ ਲੜਾਈ 14 ਅਪ੍ਰੈਲ 1634 ਈ. ਨੂੰ ,ਗੁਰੂਸਰ ਦੀ ਲੜਾਈ ਦਸੰਬਰ1634 ਨੂੰ ,ਕਰਤਾਰਪੁਰ ਦੀ ਲੜਾਈ 26 ਅਪ੍ਰੈਲ, 1635 ਨੂੰ ਫਗਵਾੜੇ ਦੀ ਲੜਾਈ 29 ਅਪ੍ਰੈਲ, 1635 ਨੂੰ ਹੋਈ ਦੱਸੀ ਹੈ। ਇੰਦੂ ਭੂਸ਼ਣ ਬੈਨਰਜ਼ੀ ਨੇ ਅੰਮ੍ਰਿਤਸਰ ਦੀ ਲੜਾਈ ਦੀ ਮਿਤੀ 1628 ਈ. ਲਹਿਰਾ ਮੁਹੱਬਤ ਜਾਂ ਨਥਾਣਾਂ ਦੀ ਲੜਾਈ ਦੀ 1631 ਈ. ਅਤੇ ਕਰਤਾਰਪੁਰ ਦੀ ਲੜਾਈ ਦੀ 1634 ਈ. ਦਿੱਤੀ ਹੈ। ਤੇਜਾ ਸਿੰਘ ਗੰਡਾ ਸਿੰਘ ਨੇ ਅੰਮ੍ਰਿਤਸਰ ਦੀ ਲੜਾਈ 1628 ਈ. ਸ੍ਰੀ ਹਰਿਗੋਬਿੰਦਪੁਰ ਦੀ 1630 ਅਤੇ ਕਰਤਾਰਪੁਰ ਦੀ 1634 ਵਿੱਚ ਹੋਈ ਦੱਸੀ ਹੈ। ਸਤਿਬੀਰ ਸਿੰਘ ਨੇ ਇਨ੍ਹਾਂ ਲੜਾਈਆਂ ਦੀਆਂ ਮਿਤੀਆਂ ਇਉਂ ਦਿੱਤੀਆਂ ਹਨ : ਅੰਮ੍ਰਿਤਸਰ ਦੀ ਲੜਾਈ ਦੀ 15 ਮਈ, 1629 ਸ੍ਰੀ ਹਰਿਗੋਬਿੰਦ ਸਾਹਿਬ ਵਿਖੇ ਹੋਈ ਲੜਾਈ ਦੀ ਸਤੰਬਰ, 1629 ਨਥਾਣਾ ਵਿਖੇ ਹੋਈ ਲੜਾਈ ਦੀ ਨਵੰਬਰ, 1631 ਕਰਤਾਰਪੁਰ ਵਿਖੇ ਹੋਈ ਲੜਾਈ ਦੀ (ਅੰਦਾਜ਼ਨ) 1633 ਈ. ਲਿਖਿਆ ਹੈ। ਗਯਾਨੀ ਗਯਾਨ ਸਿੰਘ ਨੇ ਇਹ ਮਿਤੀਆਂ ਇਉਂ ਦਿੱਤੀਆਂ ਹਨ : ਅੰਮ੍ਰਿਤਸਰ ਦੀ ਲੜਾਈ ਦੀ ਬਿਸਾਖ, ਸੰਮਤ 1687 ਮੁਤਾਬਕ ਅਪ੍ਰੈਲ 1629, ਸ੍ਰੀ ਹਰਿਗੋਬਿੰਦਪੁਰ ਦੀ ਲੜਾਈ ਦੀ ਸਤੰਬਰ, 1630 ਨਥਾਣਾ ਸਾਹਿਬ ਦੀ ਲੜਾਈ ਦੀ 17 ਪੋਹ, ਸੰਮਤ 1690 ਬਿ. ਮੁਤਾਬਿਕ ਜਨਵਰੀ, 1633 ਈ.। ਗਯਾਨ ਸਿੰਘ ਪਹਿਲਾ ਸਿੱਖ ਇਤਿਹਾਸਕਾਰ ਹੈ ਜਿਸ ਨੇ ਸਿੱਖ ਇਤਿਹਾਸ ਨੂੰ ਖੋਜ ਦੇ ਨੁਕਤਾ ਨਿਗਾਹ ਤੋਂ ਲਿਖਿਆ ਹੈ। ਉਸ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਆਮ ਤੌਰ ‘ਤੇ ਆਧੁਨਿਕ ਇਤਿਹਾਸਕਾਰਾਂ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ। ਉਹ ਅੱਜ ਦੇ ਯੁੱਗ ਤੋਂ 100 ਸਾਲ ਤੋਂ ਵੱਧ ਸਮਾਂ ਪਹਿਲਾਂ ਹੋਇਆ ਹੈ। ਇਸ ਲਈ ਉਸ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਇਤਿਹਾਸਕ ਸਚਾਈ ਦੇ ਜ਼ਿਆਦਾ ਨੇੜੇ ਹਨ। ਇਸ ਲਿਖਿਤ ਵਿੱਚ ਗਯਾਨ ਸਿੰਘ ਵੱਲੋਂ ਦਿੱਤੀਆਂ ਗਈਆਂ ਮਿਤੀਆਂ ਨੂੰ ਹੀ ਅਪਣਾਇਆ ਗਿਆ ਹੈ।

ਜਿੱਥੋਂ ਤੱਕ ਲੜਾਈਆਂ ਦੇ ਕਾਰਨਾਂ ਦਾ ਸੰਬੰਧ ਹੈ ਇਨ੍ਹਾਂ ਦਾ ਜੋ ਵੇਰਵਾ ਗੁਰਮੁੱਖੀ ਦੀਆਂ ਮੁੱਢਲੀਆਂ ਲਿਖਤਾਂ ਵਿੱਚ ਦਿੱਤਾ ਗਿਆ ਹੈ ਉਹ ਯਕੀਨ ਕਰਨ ਯੋਗ ਨਹੀਂ ਹੈ। ਮਿਸਾਲ ਦੇ ਤੌਰ ‘ਤੇ ਪਹਿਲੀ ਅੰਮ੍ਰਿਤਸਰ ਦੀ ਲੜਾਈ ਬਾਜ ਨਾ ਮੋੜਨ ਦੇ ਕਾਰਨ ਹੋਈ ਸੀ। ਇਸ ਅਨੁਸਾਰ ਬਾਦਸ਼ਾਹ ਸ਼ਾਹ ਜਹਾਨ ਅੰਮ੍ਰਿਤਸਰ ਦੇ ਨੇੜੇ ਗੁਮਟਾਲੇ ਪਿੰਡ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਦਾ ਫਿਰਦਾ ਸੀ। ਉੱਥੇ ਹੀ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਖੇਡ ਰਹੇ ਸਨ। ਗੁਰੂ ਜੀ ਦੇ ਬਾਜ ਨੇ ਬਾਦਸ਼ਾਹ ਦੇ ਬਾਜ ਨੂੰ ਮਾਰ ਗਿਰਾਇਆ। ਪਿੱਛੋਂ ਬਾਦਸ਼ਾਹ ਦੇ ਅਧਿਕਾਰੀਆਂ ਵੱਲੋਂ ਬਾਜ਼ ਦੀ ਮੰਗ ਕਰਨ ‘ਤੇ ਬਾਜ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਟੇ ਵਜੋਂ ਅੰਮ੍ਰਿਤਸਰ ਦੀ ਲੜਾਈ ਹੋਈ ਅਤੇ ਗੁਰੂ ਜੀ ਨੂੰ ਸਭ ਕੁਝ ਲੁਟਾ ਕੇ ਇਸ ਥਾਂ ਨੂੰ ਛੱਡ ਕੇ ਜਾਣਾ ਪਿਆ। ਇਨ੍ਹਾਂ ਕਥਨਾਂ ਨੂੰ ਇਤਿਹਾਸ ਦੀ ਕਸਵੱਟੀ ਉਪਰ ਪਰਖਿਆ ਜਾਵੇ, ਜਾਂ ਦਲੀਲ ਦੇ ਜ਼ੋਰ ਨਾਲ ਪੜਚੋਲਿਆ ਜਾਵੇ ਜਾਂ ਸਿੱਖ ਧਰਮ ਦੇ ਆਸ਼ੇ ਅਤੇ ਉੇਦੇਸ਼ਾਂ ਨਾਲ ਤੁਲਨਾਇਆ ਜਾਵੇ ਤਾਂ ਇਹ ਗੱਲਾਂ ਇੱਕ ਦਮ ਗਲਤ ਹੋ ਜਾਂਦੀਆਂ ਹਨ। ਬਾਦਸ਼ਾਹ ਸ਼ਾਹ ਜਹਾਨ 1638 ਈ. ਤੀਕ ਪੰਜਾਬ ਵਿੱਚ ਨਹੀਂ ਆਇਆ ਇਸ ਕਰਕੇ ਬਾਦਸ਼ਾਹ ਦੇ ਸ਼ਿਕਾਰ ਖੇਡਣ ਵਾਲੀ ਗੱਲ ਆਪਣੇ ਆਪ ਹੀ ਗਲਤ ਹੋ ਜਾਂਦੀ ਹੈ। ਜੇਕਰ ਦੋ ਪਾਰਟੀਆਂ ਸ਼ਿਕਾਰ ਖੇਡਦੀਆਂ ਫਿਰਦੀਆਂ ਹਨ ਅਤੇ ਇੱਕ ਧਿਰ ਦਾ ਸ਼ਿਕਾਰੀ ਜਾਨਵਰ ਜੇ ਦੂਜੀ ਧਿਰ ਦੇ ਹੱਥ ਆ ਗਿਆ ਤਾਂ ਕੀ ਉਸ ਨੂੰ ਪਹਿਲੀ ਧਿਰ ਵੱਲੋਂ ਮੰਗਣ ‘ਤੇ ਵਾਪਸ ਕਰਨਾ ਸਦਾਚਾਰ ਦੀ ਗੱਲ ਨਹੀਂ ਹੈ ? ਬਾਜ ਵਾਪਸ ਨਾ ਕਰਨ ਵਿੱਚ ਕੀ ਵਡਿਆਈ ਸੀ ? ਸਿਰਫ਼ ਬਾਜ ਨਾ ਵਾਪਸ ਕਰਨ ਕਰਕੇ ਸਿੱਖ ਸੰਗਤਾਂ ਦਾ ਖਾਹਮੁਖਾਹ ਘਾਣ ਕਰਵਾਇਆ ਅਤੇ ਆਪਣੀ ਰਿਹਾਇਸ਼ਗਾਹ ਅਤੇ ਹਰਿਮੰਦਰ ਸਾਹਿਬ ਜੈਸੇ ਮਹਾਨ ਧਾਰਮਿਕ ਅਸਥਾਨ ਦੀ ਲੁੱਟ ਪੁੱਟ ਕਰਵਾ ਲੈਣਾ ਕਿਹੜੀ ਸਿਆਣਪ ਵਾਲੀ ਗੱਲ ਸੀ ? ਮਹਾਨ ਧਾਰਮਿਕ ਆਗੂ ਤਾਂ ਮਨੁੱਖਾਂ ਦਾ ਖੁਨ ਡੁੱਲ੍ਹਣ ਤੋਂ ਰੋਕਣ ਲਈ ਛੋਟੇ ਛੋਟੇ ਕਾਰਨਾਂ ਨੂੰ ਵੈਸੇ ਹੀ ਅੱਗੇ ਨਹੀਂ ਆਉਣ ਦਿੰਦੇ। ਸਿੱਖ ਧਰਮ ਦੇ ਆਸ਼ੇ ਅਤੇ ਉਦੇਸ਼ ਤਾਂ ਵੈਸੇ ਹੀ ਦੂਸਰੇ ਦੀ ਵਸਤੂ ਖੋਹਣ ਤੋਂ ਵਰਜਦੇ ਹਨ। ਇਸ ਕਰਕੇ ਬਾਜ ਦੇ ਖੋਹਣ ਦੀ ਗੱਲ ਜਾਂ ਬਾਜ ਨੂੰ ਵਾਪਸ ਨਾ ਕਰਨ ਦੀ ਗੱਲ ਠੀਕ ਨਹੀਂ ਹੈ। ਇੱਕ ਪਾਸੇ ਤਾਂ ਅਸੀਂ ਇਹ ਸਿੱਧ ਕਰਨ ‘ਤੇ ਜ਼ੋਰ ਲਾ ਰਹੇ ਹਾਂ ਕਿ ਗੁਰੂ ਜੀ ਆਪਣੇ ਬਚਾਓ ਦੀ ਲੜਾਈ ਲੜ ਰਹੇ ਸਨ ਪਰ ਦੂਜੇ ਪਾਸੇ ਅਸੀਂ ਅਚੇਤ ਤੌਰ ‘ਤੇ ਗੁਰੂ ਜੀ ਵੱਲੋਂ ਖੋਹਿਆ ਗਿਆ ਬਾਜ ਵਾਪਸ ਨਾ ਕਰਕੇ ਖਾਹਮੁਖਾਹ ਦੁਸ਼ਮਣ ਨੂੰ ਹਮਲਾ ਕਰਨ ਲਈ ਉਕਾਸਹਟ ਵਿੱਚ ਲਿਆਉਣ ਦੀਆਂ ਗੱਲਾਂ ਕਰ ਰਹੇ ਹਾਂ। ਇਹ ਨਾ ਹੀ ਤਾਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਠੀਕ ਹੈ ਅਤੇ ਨਾ ਹੀ ਇਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੇ ਮਿਸ਼ਨ ਨਾਲ ਹੀ ਇਨਸਾਫ਼ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਕੌਲਾਂ ਦੇ ਨਾਂ ‘ਤੇ ਲੜਾਈ ਦੀ ਨੌਬਤ ਲੈ ਆਉਣਾ, ਜਾਂ ਪੈਂਦੇ ਖ਼ਾਨ ਜੈਸੇ ਵਫ਼ਾਦਾਰ ਯੋਧੇ ਨੂੰ ਸਿਰਫ ਬਖਸ਼ੀ ਹੋਈ ਖਿੱਲਤ ਨਾ ਪਹਿਨਣ ਕਰਕੇ ਬਾਗੀ ਕਰਵਾ ਦੇਣ ਵਾਲੀਆਂ ਗੱਲਾਂ ਵੀ ਨਿਰਆਧਾਰ ਹਨ। ਗੁਰੂ ਜੀ ਨਾਲ ਲੜਾਈ ਕਰਨ ਵਾਲਾ ਪੈਂਦੇ ਖ਼ਾਨ ਜ਼ਰੂਰ ਹੀ ਹੋਰ ਪੈਂਦੇ ਖ਼ਾਨ ਹੋਣਾ ਹੈ। ਗੁਰੂ ਜੀ ਦੇ ਘਰ ਵਿੱਚ ਪਲਣ ਵਾਲਾ ਪੈਂਦੇ ਖ਼ਾਨ ਨਹੀਂ ਹੋ ਸਕਦਾ।

ਲੜਾਈਆਂ ਦੀ ਅਸਲ ਵਿੱਚ ਗੱਲ ਇਹ ਸੀ ਕਿ ਸ਼ਾਹਜਹਾਨ ਜਿਸ ਤਰ੍ਹਾਂ ਗੱਦੀ ਉਪਰ ਬੈਠਾ ਸੀ ਉਸ ਨਾਲ ਉਸ ਨੇ ਸ਼ਾਹੀ ਖ਼ਾਨਦਾਨ ਦੇ ਅਨੇਕਾਂ ਵਿਅਕਤੀਆਂ ਦਾ ਖੁਨ ਡੋਲ੍ਹਿਆ ਸੀ। ਆਪਣੇ ਪਿਤਾ ਦੀ ਅਤੀ ਪਿਆਰੀ ਬੇਗਮ ਨੂਰਜਹਾਂ ਨੂੰ ਕੈਦ ਕਰ ਦਿੱਤਾ ਗਿਆ ਸੀ, ਉਸ ਦੇ ਜਵਾਈ ਸਹਰਯਾਰ ਨੂੰ ਮਰਵਾ ਦਿੱਤਾ ਗਿਆ ਸੀ, ਸਵਰਗਵਾਸੀ ਸ਼ਹਿਜ਼ਾਦਾ ਖੁਸਰੋ ਦੇ ਪੁੱਤਰ ਦਵਾਰ ਬਖ਼ਸ਼ ­ਨੂੰ ਵੀ ਮਰਵਾ ਦਿੱਤਾ ਗਿਆ ਸੀ, ਜਿਸ ਦਾ ਬਾਦਸ਼ਾਹ ਬਣਨ ਲਈ ਜ਼ਿਆਦਾ ਅਧਿਕਾਰ ਬਣਦਾ ਸੀ ਆਦਿ, ਆਦਿ। ਅਜਿਹੇ ਖੁਨ-ਖਰਾਬੇ ਵਿੱਚ ਸ਼ਾਹਜਹਾਨ ਨੇ ਬਾਦਸ਼ਾਹ ਬਣ ਕੇ ਮੁਸਲਿਮ ਜਗਤ ਨੂੰ ਖੁਸ਼ ਕਰਨ ਲਈ ਨਵੀਂ ਧਾਰਮਿਕ ਨੀਤੀ ਨੂੰ ਧਾਰਨ ਕਰਨ ਦਾ ਐਲਾਨ ਕੀਤਾ ਸੀ। ਇਸ ਨੀਤੀ ਅਨੁਸਾਰ ਮੁਸਲਮਾਨਾਂ ਵੱਲੋਂ ਧਰਮ ਬਦਲਣ ਦੀ ਅਤੇ ਨਵੇਂ ਹਿੰਦੂ ਮੰਦਰ ਉਸਾਰੇ ਜਾਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਨੀਤੀ ਦਾ ਸਹਾਰਾ ਲੈ ਕੇ ਪੰਜਾਬ ਵਿੱਚ ਵੀ ਉਹ ਲੋਕ ਸਿੱਖ ਧਰਮ ਦੇ ਵਿਰੁੱਧ ਖੜ੍ਹੇ ਹੋ ਗਏ ਸਨ ਜੋ ਸਿੱਖ ਧਰਮ ਦੀ ਵਿਰੋਧਤਾ ਕਰਦੇ ਸਨ ਪਰ ਅਕਬਰ ਅਤੇ ਜਹਾਂਗੀਰ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਦੱਬੇ ਬੈਠੇ ਸਨ। ਹੁਣ ਇਨ੍ਹਾਂ ਲੋਕਾਂ ਜਾਂ ਅਧਿਕਾਰੀਆਂ ਨੂੰ ਗੁਰੂ ਜੀ ਦੇ ਖਿਲਾਫ਼ ਉੱਠਣ ਦਾ ਬਹਾਨਾ ਮਿਲ ਗਿਆ ਸੀ। ਇਸੇ ਬਹਾਨੇ ਰਾਹੀਂ ਪਹਿਲਾਂ ਲਾਹੌਰ ਵਿੱਚ ਬਣਿਆ ਸਿੱਖ ਧਾਰਮਿਕ ਅਸਥਾਨ ਢਾਹ ਦਿੱਤਾ ਗਿਆ ਸੀ ਫਿਰ ਅੰਮ੍ਰਿਤਸਰ ਉਪਰ ਹਮਲਾ ਕਰਨ ਦੇ ਮਨਸੂਬੇ ਬਣਨ ਲੱਗ ਪਏ ਸਨ। ਅੰਮ੍ਰਿਤਸਰ ਦੀ ਲੜਾਈ ਉਦੋਂ ਹੋਈ ਸੀ ਜਦੋਂ ਗੁਰੂ ਸਾਹਿਬ ਆਪਣੀ ਬੇਟੀ ਦੀ ਸ਼ਾਦੀ ਕਰਨ ਵਿੱਚ ਰੁੱਝੇ ਹੋਏ ਸਨ। ਇੱਕ ਪਾਸੇ ਬੇਟੀ ਦੀ ਸ਼ਾਦੀ ਦੀਆਂ ਤਿਆਰੀਆਂ ਹੋ ਰਹੀਆਂ ਹੋਣ ਤੇ ਦੂਜੇ ਪਾਸੇ ਗੁਰੂ ਸਾਹਿਬ ਦੁਸ਼ਮਣ ਦਾ ਬਾਜ਼ ਖੋਹ ਕੇ ਉਸ ਨੂੰ ਖਾਹਮੁਖਾਹ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋਣ, ਇਹ ਗੱਲ ਹੋ ਨਹੀਂ ਸਕਦੀ ਸੀ। ਦੁਸ਼ਮਣਾਂ ਨੇ ਗੁਰੂ ਸਾਹਿਬ ਨੂੰ ਘਰੇਲੂ ਮਾਮਲਿਆਂ ਵਿੱਚ ਰੁਝਿਆ ਹੋਇਆ ਦੇਖ ਕੇ ਅੰਮ੍ਰਿਤਸਰ ‘ਤੇ ਹਮਲਾ ਕਰ ਦਿੱਤਾ ਅਤੇ ਸ਼ਾਦੀ ਲਈ ਤਿਆਰ ਕੀਤੇ ਸਾਮਾਨ ਨੂੰ ਲੁੱਟ ਲਿਆ ਗਿਆ ਸੀ। ਗੁਰੂ ਜੀ ਨੂੰ ਆਪਣੀ ਬੇਟੀ ਦੀ ਸ਼ਾਦੀ ਵੀ ਅੰਮ੍ਰਿਤਸਰ ਤੋਂ ਦੂਰ ਝਬਾਲ ਜਾ ਕੇ ਕਰਨੀ ਪਈ ਸੀ। ਇਹ ਸਭ ਕੁਝ ਸਿੱਖ ਧਰਮ ਦੇ ਦੁਸ਼ਮਣਾਂ ਵੱਲੋਂ ਨਵੇਂ ਬਣੇ ਬਾਦਸ਼ਾਹ ਵੱਲੋਂ ਸਿੱਖ ਜਗਤ ਪ੍ਰਤੀ ਕੱਟੜ ਰਵੱਈਆ ਅਖਤਿਆਰ ਕਰਨ ਦੀ ਓਟ ਵਿੱਚ ਕੀਤਾ ਗਿਆ ਸੀ।

ਗੁਰੂ ਸਾਹਿਬ ਦਾ ਮਨੋਰਥ ਜਾਂ ਉਦੇਸ਼ ਆਪਣੇ ਸਮਾਜ ਦੀ ਸੁਤੰਤਰ ਹੋਂਦ ਬਣਾ ਕੇ ਰੱਖਣ ਦਾ ਸੀ। ਇਸੇ ਮਨੋਰਥ ਦੀ ਪੂਰਤੀ ਲਈ ਪਹਿਲਾਂ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵੀ ਭੁਗਤਣੀ ਪਈ ਸੀ। ਇਹ ਸੁਤੰਤਰ ਹੋਂਦ ਰਾਜਨੀਤਕ ਤਾਕਤ ਹਾਸਲ ਕਰਨ ਦੀ ਗੱਲ ਨਹੀਂ ਸੀ ਅਤੇ ਨਾ ਹੀ ਰਾਜਨੀਤਕ ਬਗ਼ਾਵਤ ਸੀ। ਇਹ ਨਿਰੋਲ ਮੁਗ਼ਲ ਹਕੂਮਤ ਦੇ ਪ੍ਰਬੰਧ ਹੇਠ ਸਿੱਖ ਸਮਾਜ ਦੀ ਅੰਦਰੂਨੀ ਖੁਦਮੁਖਤਿਆਰੀ ਦੀ ਭਾਵਨਾ ਸੀ। ਜਦੋਂ ਜਹਾਂਗੀਰ ਨੂੰ ਇਸ ਬਾਰੇ ਯਕੀਨ ਹੋ ਗਿਆ ਸੀ ਤਾਂ ਉਸ ਦਾ ਰਵੱਈਆ ਵੀ ਗੁਰੂ ਜੀ ਪ੍ਰਤੀ ਦੋਸਤਾਨਾ ਹੋ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਸ਼ਾਹ ਜਹਾਨ ਵੀ ਆਪਣੇ ਪੈਰਾਂ ‘ਤੇ ਪੱਕਾ ਹੋ ਗਿਆ ਸੀ ਤਾਂ ਉਸ ਨੇ ਵੀ ਧਾਰਮਿਕ ਕੱਟੜਤਾ ਛੱਡ ਦਿੱਤੀ ਸੀ ਅਤੇ ਇਸ ਸਮੇਂ ਕਿਸੇ ਮੁਗ਼ਲ ਅਧਿਕਾਰੀ ਦੀ ਵੀ ਗੁਰੂ ਜੀ ਉੱਪਰ ਹਮਲਾ ਕਰਨ ਦੀ ਹਿੰਮਤ ਨਹੀਂ ਪਈ ਸੀ।

ਬਾਦਸ਼ਾਹ ਸ਼ਾਹ ਜਹਾਨ ਵੱਲੋਂ ਨਵੀਂ ਧਾਰਮਿਕ ਨੀਤੀ ਧਾਰਨ ਕਰ ਲੈਣ ਦੇ ਬਾਵਜੂਦ ਵੀ ਉਸ ਦਾ ਗੁਰੂ ਹਰਗੋਬਿੰਦ ਸਾਹਿਬ ਵਿਰੱੁਧ ਕੋਈ ਫੁਰਮਾਨ ਜਾਰੀ ਨਹੀਂ ਹੋਇਆ। ਜਿੰਨੀਆਂ ਵੀ ਗੁਰੂ ਜੀ ਨੂੰ ਲੜਾਈਆਂ ਕਰਨੀਆਂ ਪਈਆਂ ਸਨ ਉਨ੍ਹਾਂ ਵਿੱਚੋਂ ਕੋਈ ਬਾਦਸ਼ਾਹ ਦੇ ਹੁਕਮ ਨਾਲ ਨਹੀਂ ਹੋਈ। ਇਹ ਸਭ ਸਥਾਨਕ ਅਧਿਕਾਰੀਆਂ ਦੀ ਨਿੱਜੀ ਈਰਖਾ ਕਾਰਨ ਹੋਈਆਂ ਸਨ। ਸਗੋਂ ਕੁਝ ਹੱਦ ਤੱਕ ਸ਼ਾਹ ਜਹਾਨ ਨੇ ਅਜਿਹੇ ਅਧਿਕਾਰੀਆਂ ਨੂੰ ਝਿੜਕਿਆ ਵੀ ਸੀ। ਤੇਜਾ ਸਿੰਘ ਗੰਡਾ ਸਿੰਘ ਲਿਖਦੇ ਹਨ ਕਿ ਜਦੋਂ ਸ੍ਰੀ ਹਰਿਗੋਬਿੰਦਪੁਰ ਦੀ ਲੜਾਈ ਪਿੱਛੋਂ “ਅਬਦੁੱਲਾ ਦੇ ਪੁੱਤਰ ਨੇ ਮਦਦ ਲਈ ਬਾਦਸ਼ਾਹ ਪਾਸ ਬੇਨਤੀ ਕੀਤੀ ਪਰ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਪਿਤਾ ਦੀ ਮੁਹਿੰਮ ਬਿਨਾਂ ਆਗਿਆ ਦੇ ਸੀ। ਇਸ ਲਈ ਉਸ ਸੰਬੰਧ ਵਿੱਚ ਕੁਝ ਵੀ ਨਹੀਂ ਕੀਤਾ ਜਾ ਸਕਦਾ ਸੀ”। ਸ਼ਾਹ ਜਹਾਨ ਦਾ ਵਜ਼ੀਰੇ ਆਜ਼ਮ ਆਸਿਫ਼ ਖ਼ਾਨ, ਜਿਹੜਾ ਕਿ ਰਿਸ਼ਤੇ ਵਿੱਚ ਉਸ ਦਾ ਸਹੁਰਾ ਲੱਗਦਾ ਸੀ, ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ੁੱਭ ਚਿੰਤਕ ਸੀ। ਉਸ ਨੇ ਅੰਮ੍ਰਿਤਸਰ ਦੀ ਲੜਾਈ ਤੋਂ ਤੁਰੰਤ ਬਾਅਦ, ਪਤਾ ਲੱਗਣ ‘ਤੇ, ਲਾਹੌਰ ਦੇ ਗਵਰਨਰ ਕੁਲੀਜ ਖ਼ਾਨ ਨੂੰ ਹਟਾ ਦਿੱਤਾ ਸੀ। ਹਰਿਗੋਬਿੰਦਪੁਰ ਦੀ ਝੜੱਪ ਹੋਣ ਪਿੱਛੋਂ ਆਸਿਫ ਖ਼ਾਨ ਨੇ ਪੂਰੀ ਰਿਪੋਰਟ ਮੰਗੀ ਅਤੇ ਇਹ ਪਤਾ ਲੱਗਣ ‘ਤੇ ਕਿ ਗੁਰੂ ਜੀ ਨੇ ਸ੍ਰੀ ਹਰਿਗੋਬਿੰਦ ਵਿਖੇ ਮੁਸਲਮਾਨਾਂ ਲਈ ਇੱਕ ਮਸੀਤ ਵੀ ਬਣਵਾਈ ਸੀ, ਗੁਰੂ ਜੀ ਦੀ ਪ੍ਰਸੰਸਾ ਵੀ ਕੀਤੀ ਸੀ।

ਤੇਜਾ ਸਿੰਘ ਗੰਡਾ ਸਿੰਘ ਅਨੁਸਾਰ, “ਗੁਰੂ ਹਰਿਗੋਬਿੰਦ ਜੀ ਨੇ ਚਾਰ ਲੜਾਈਆਂ ਜਿੱਤੀਆਂ ਪਰ ਕਿਉਂਕਿ ਉਨ੍ਹਾਂ ਦਾ ਮਨੋਰਥ ਸਦਾ ਆਪਣੇ ਬਚਾਅ ਵਿੱਚ ਲੜਨ ਦਾ ਰਿਹਾ ਸੀ, ਇਸ ਲਈ ਉਨ੍ਹਾਂ ਨੇ ਇਨ੍ਹਾਂ ਜਿੱਤਾਂ ਦੇ ਫਲਸਰੂਪ ਇੱਕ ਇੰਚ ਭਰ ਵੀ ਇਲਾਕੇ ਉੱਤੇ ਕਬਜ਼ਾ ਨਹੀਂ ਸੀ ਕੀਤਾ। ਇਨ੍ਹਾਂ ਲੜਾਈਆਂ ਦੇ ਪਿੱਛੇ ਨਿਰੇ ਬਾਜ਼ ਜਾਂ ਘੋੜੇ ਦੇ ਝਗੜੇ ਨਾਲੋਂ ਕਿਤੇ ਡੂੰਘਾ ਮਸਲਾ ਸੀ। ਪੰਜਾਬ ਦੀ ਧਰਤੀ ‘ਤੇ ਇੱਕ ਨਵੀਂ ਬੀਰਤਾ ਦਾ ਜਨਮ ਹੋ ਰਿਹਾ ਸੀ”।

ਏ.ਸੀ. ਬੈਨਰਜ਼ੀ ਨੇ ਆਪਣੇ ਸ਼ਬਦਾਂ ਵਿੱਚ ਗੁਰੂ ਸਾਹਿਬ ਦੀਆਂ ਲੜਾਈ ਅਤੇ ਮੁਗ਼ਲ ਹਕੂਮਤ ਦੇ ਰਵਈਏ ਦਾ ਪੱਖ ਇਸ ਤਰ੍ਹਾਂ ਪੇਸ਼ ਕੀਤਾ ਹੈ। ਇਸ ਅਨੁਸਾਰ, “ਜਿਵੇਂ ਕਿ ਉੱਪਰ ਦਿੱਤੇ ਵਿਸਥਾਰ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਗੁਰੂ ਜੀ ਦੀਆਂ ਲੜਾਈਆਂ ਨਿਰੋਲ ਸਥਾਨਕ ਮਸਲੇ ਸਨ। ਭੜਕਾਹਟ ਪੰਜਾਬ ਦੇ ਅਧਿਕਾਰੀਆਂ ਵੱਲੋਂ ਪੈਦਾ ਕੀਤੀ ਗਈ ਸੀ। ਸਿੱਖ ਲਿਖਤਾਂ ਵਿੱਚ ਬਾਦਸ਼ਾਹ ਦਾ ਜ਼ਿਕਰ ਵਾਰ ਵਾਰ ਆਉਣ ਦੇ ਬਾਵਜੂਦ ਵੀ ਇਹ ਮੰਨਣਾ ਮੁਸ਼ਕਿਲ ਹੈ ਕਿ ਕੀ ਕੇਂਦਰ ਦੀ ਸ਼ਾਹੀ ਹਕੂਮਤ ਦਾ ਇਨ੍ਹਾਂ ਛੋਟੇ ਛੋਟੇ ਮਸਲਿਆਂ ਨਾਲ ਸਚਮੁੱਚ ਹੀ ਕੋਈ ਸੰਬੰਧ ਸੀ ? ਗੁਰੂ ਜੀ ਨੇ ਆਤਮ ਰੱਖਿਆ ਲਈ ਸਭ ਕੁਝ ਕੀਤਾ ਸੀ। ਉਨ੍ਹਾਂ ਨੇ ਕੋਈ ਬਾਕਾਇਦਾ ਬਗ਼ਾਵਤ ਨਹੀਂ ਕੀਤੀ ਸੀ। ਗੁਰੂ ਸਾਹਿਬ ਵੱਲੋਂ ਜਿੱਤੀਆਂ ਗਈਆਂ ਲੜਾਈਆਂ ਦਾ ਨਾ ਹੀ ਤਾਂ ਪੰਜਾਬ ਦੇ ਰਾਜ ਪ੍ਰਬੰਧ ‘ਤੇ ਕੋਈ ਅਸਰ ਹੋਇਆ ਸੀ ਅਤੇ ਨਾ ਹੀ ਬਾਦਸ਼ਾਹ ਦੀ ਆਪਣੀ ਹਕੂਮਤ ‘ਤੇ।

ਇਸ ਲਈ ਅਸੀਂ ਸਿੱਟੇ ਦੇ ਤੌਰ ‘ਤੇ ਕਹਿ ਸਕਦੇ ਹਾਂ ਕਿ ਗੁਰੂ ਜੀ ਦੀਆਂ ਲੜਾਈਆਂ ਨਾਲ ਸ਼ਾਹ ਜਹਾਨ ਦਾ ਕੋਈ ਸੰਬੰਧ ਨਹੀਂ ਸੀ। ਇਹ ਨਿਰੋਲ ਸਥਾਨਕ ਅਧਿਕਾਰੀਆਂ ਜਾਂ ਚੌਧਰੀਆਂ ਵੱਲੋਂ ਆਪਣੀ ਈਰਖਾ ਕਾਰਨ ਕੀਤੀਆਂ ਗਈਆਂ ਸਨ। ਗੁਰੂ ਜੀ ਨੇ ਸਿਰਫ਼ ਆਤਮ ਰੱਖਿਆ ਲਈ ਤਲਵਾਰ ਚੁੱਕੀ ਸੀ ਅਤੇ ਜਦੋਂ ਹੀ ਉਨ੍ਹਾਂ ਦੀ ਆਤਮ ਰੱਖਿਆ ਯਕੀਨੀ ਹੋ ਗਈ ਤਾਂ ਉਨ੍ਹਾਂ ਨੇ ਵੀ ਤਲਵਾਰ ਨੂੰ ਰੱਖ ਕੇ ਧਰਮ ਦਾ ਪ੍ਰਚਾਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ।

ਹਵਾਲਾ ਪੁਸਤਕ :ਸੁਖਦਿਆਲ ਸਿੰਘ (ਡਾ.) ,ਪੰਜਾਬ ਦਾ ਇਤਿਹਾਸ(ਗੁਰੁ ਕਾਲ :1469-1708),(ਜਿਲਦ ਪੰਜਵੀਂ), ਪੰਜਾਬੀ ਯੂਨੀਵਰਸਿਟੀ ਪਟਿਆਲਾ 2012, ਪੰਨੇ 116 ਤੋਂ 129

ਡਾ. ਚਰਨਜੀਤ ਸਿੰਘ ਗੁਮਟਾਲਾ, 001-9375739812 (ਯੂ.ਐਸ.ਏ), ਵਟਸ ਐਪ-919417533060

Previous article14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਮੁਕਾਬਲੇ ਜਰਖੜ ਵਿਖੇ 13 ਤੋਂ 16 ਜੂਨ ਤੱਕ ਹੋਣਗੇ
Next articleਇੰਸਪੈਕਟਰ ਸੁਖਦੇਵ ਸਿੰਘ ਨੇ ਪੁਲਿਸ ਥਾਣਾ ਫਿਲੌਰ ਦਾ ਚਾਰਜ ਸੰਭਾਲਿਆ