(ਸਮਾਜ ਵੀਕਲੀ)
“ਸੋਭਾ”
ਤਾਰਿਆਂ ਦੇ ਬਿਨ ਰਾਤਾਂ ਸੋਭਾ ਨਹੀਂ ਦਿੰਦੀਆਂ।
ਬਿਨਾਂ ਹੁੰਗਾਰੇ ਬਾਤਾਂ ਸੋਭਾ ਨਹੀਂ ਦਿੰਦੀਆਂ।
ਸਾਵਣ ਦੇ ਵਿੱਚ ਰਿਮ-ਝਿਮ ਚੰਗੀ ਲੱਗਦੀ ਹੈ,
ਬੇ ਮੌਸਮ ਬਰਸਾਤਾਂ ਸੋਭਾ ਨਹੀਂ ਦਿੰਦੀਆਂ।
ਢੋਲ-ਢੱਮੱਕੇ ਵਾਜੇ-ਗਾਜੇ ਹੁੰਦਿਆਂ ਵੀ,
ਲਾੜੇ ਬਿਨਾਂ ਬਰਾਤਾਂ ਸੋਭਾ ਨਹੀਂ ਦਿੰਦੀਆਂ।
ਸਮਾਂ ਖੁਸ਼ੀ ਦਾ ਹੋਵੇ ਤਾਂ ਮਨ ਭਾਉਦੀਆਂ ਨੇ,
ਦੁੱਖਾਂ ਵਿੱਚ ਸੌਗਾਤਾਂ ਸੋਭਾ ਨਹੀਂ ਦਿੰਦੀਆਂ।
ਜਾਕੇ ਆਪਣੇ ਮਿੱਤਰਾਂ ਦੀ ਮਹਿਫਲ ਦੇ ਵਿੱਚ,
ਪੁੱਛੀਏ ਯਾਰ ਔਕਾਤਾਂ ਸੋਭਾ ਨਹੀਂ ਦਿੰਦੀਆਂ।
ਉਂਝ ਤਾਂ ਬਹੁਤ ਸੁਹਾਣੀਆਂ ਨੇ ਪਰ ਪੰਛੀਆਂ ਦੀ,
ਚਹਿ-ਚਹਿ ਬਿਨਾ ਪਰਭਾਤਾਂ ਸੋਭਾ ਨਹੀਂ ਦਿੰਦੀਆਂ।
ਖ਼ੁਦ ਨੂੰ ਸਮਝੇ ਸਿਆਣਾ ਜੇ ਡੀ ਦੀਆਂ ਪਰ,
ਸਭ ਪੁੱਠੀਆਂ ਗੱਲਾਂ ਬਾਤਾਂ ਸੋਭਾ ਨਹੀਂ ਦਿੰਦੀਆਂ।
“ਸਮਝ”
ਪੈਣ ਨਾ ਦੋ ਤਲਵਾਰਾਂ ਕਦੇ ਇੱਕ ਹੀ ਮਿਆਨ ਵਿੱਚ।
ਏਨੀ ਕੁ ਸਮਝ ਤਾਂ ਹੋਣੀ ਐ ਅੱਜ ਦੇ ਇਨਸਾਨ ਵਿੱਚ।
ਆਵੇ ਨਾ ਪੈਰਾ ਸਿਰ ਕਦੇ ਇਸਦਾ ਮਧੋਲਿਆ,
ਮੰਦਾ ਕਹੀ ਨਾ ਕੁੱਝ ਵੀ ਤੂੰ ਵੇਲੇ ਦੀ ਸ਼ਾਨ ਵਿੱਚ।
ਚਿਹਰੇ ਤੇ ਬੱਸ ਨਕਾਬ ਹੈ ਬਖਸੰਦ ਹੋਣ ਦਾ,
ਮਾਫੀ ਦਾ ਸ਼ਬਦ ਪਰ ਨਹੀਂ ਤੇਰੇ ਵਿਧਾਨ ਵਿੱਚ।
ਮੈਂ ਲਰਜਦੀ ਇੱਕ ਬੂੰਦ ਹਾਂ ਕੋਈ ਨਦੀ ਨਹੀਂ,
ਸਿੱਦਤ ਤੂੰ ਅਪਣੀ ਪਿਆਸ ਦੀ ਰੱਖੀ ਧਿਆਨ ਵਿੱਚ।
ਵਿਰਲਾ ਹੀ ਕੋਈ ਮਿਲਦਾ ਜੋ ਰਮਜਾਂ ਨੂੰ ਸਮਝ ਲਵੇ,
ਉਂਝ ਜੇ ਡੀ ਵਰਗੇ ਵਾਧੂ ਫਿਰਦੇ ਜਹਾਨ ਵਿੱਚ।
“ਮਿਹਨਤ”
ਜਿਹੜੇ ਸੱਚ ਦਾ ਹੋਕਾ ਦਿੰਦੇ ਡਰਦੇ ਨਹੀਂ ਜੰਜੀਰਾਂ ਤੋਂ।
ਕੋਈ ਕਲਮ ਤੋਂ ਕੰਮ ਲੈਂਦਾ ਏ ਕੋਈ ਲੈਂਦਾ ਸ਼ਮਸ਼ੀਰਾ ਤੋਂ।
ਹਿੰਮਤ ਕਰਕੇ ਅੱਗੇ ਵਧ ਲੈ ਢੇਰੀ ਢਾਹ ਕੇ ਬੈਠੀ ਨਾ,
ਮਿਹਨਤ ਨਾਲ ਹੈ ਮਿਲਦਾ ਸਭ ਕੁੱਝ ਨਹੀਂ ਮਿਲਦਾ ਤਕਦੀਰਾਂ ਤੋਂ।
ਰੁੱਖੀ -ਸੁੱਕੀ ਖਾਕੇ ਠੰਡਾ ਪਾਣੀ ਪੀ ਤੇ ਸਬਰ ਕਰ,
ਇਹੋ ਜਿਹਾ ਕੁੱਝ ਤੂੰ ਵੀ ਸਿੱਖ ਲੈ ਉਹਨਾਂ ਸੰਤ ਫਕੀਰਾਂ ਤੋਂ।
ਇਹਨਾਂ ਮੂਹਰੇ ਨੱਕ ਰਗੜਕੇ ਕਿਉਂ ਤੂੰ ਟਾਇਮ ਗਵਾਉਨਾ ਏਂ,
ਸਭ ਕੁੱਝ ਤੇਰੇ ਹੱਥਾਂ ਵੱਸ ਹੈ ਕੀ ਮੰਗਦੈ ਤਸਵੀਰਾਂ ਤੋਂ।
ਪਾਕ ਮੁਹੱਬਤ ਹੁੰਦੀ ਏ ਇਹਨੂੰ ਰਹਿਮਤ ਪੀਰ ਫਕੀਰਾਂ ਦੀ,
ਮੇਲ ਹੈ ਸੱਚੀਆਂ ਰੂਹਾਂ ਦਾ ਨਹੀਂ ਮਿਲਦੀ ਇਹ ਸਰੀਰਾਂ ਤੋਂ।
ਦੇਖ ਕਿਸੇ ਦੀ ਚਮਕ ਦਮਕ ਐਵੇਂ ਨਾ ਉਸਤੇ ਡੁੱਲ ਜਾਈਂ,
ਅਕਸਰ ਖੁੱਦੋ ਬਣਦੀ ਹੁੰਦੀ ਪਾਟੀਆਂ ਹੋਈਆ ਲੀਰਾਂ ਤੋਂ।
ਆਖਰ ਵੇਲੇ ਜੇ ਡੀ ਵਰਗੇ ਆਪਣੇ ਹੀ ਕੌਮ ਆਉਦੇ ਨੇ,
ਜਿਨਾਂ ਲਈ ਤੂੰ ਆਪਣੇ ਛੱਡੇ ਪਾਸੇ ਹਟ ਜਾ ਹੀਰਾਂ ਤੋਂ।
“ਅੰਤਰਝਾਤ”
ਚੰਦ ਸੂਰਜ ਜੇ ਨਾ ਚੜ੍ਹਨ ਹੋ ਜਾਊ ਨੇਰਾ।
ਧਰਤੀ ਉੱਤੇ ਕੋਈ ਨਾ ਫਿਰ ਰਹੂ ਬਸੇਰਾ।
ਕੱਟ ਕੇ ਰੁੱਖਾਂ ਨੂੰ ਤੂੰ ਦਿੱਤੇ ਮਹਿਲ ਉਸਾਰ।
ਕੁਦਰਤ ਰਾਣੀ ਦੀ ਤੂੰ ਕਿਉਂ ਨਹੀ ਲੈਂਦਾ ਸਾਰ।
ਧੀਆਂ ਮਾਰ ਕੇ ਕੁੱਖ ਚ ਖੁਦ ਨੂੰ ਸਮਝੇ ਬੰਦਾ।
ਤੇਰੇ ਨਾਲੋ ਬੰਦਿਆਂ ਡੰਗਰ ਵੀ ਚੰਗਾ।
ਆਪਣੇ ਆਪ ਨੂੰ ਸਮਝੇ ਤੂੰ ਵੱਡਾ ਬਲਸ਼ਾਲੀ।
ਪਰ ਸੋਚ ਤੇਰੀ ਐ ਮੂਰਖਾ ਹੈ ਗਈ ਜੰਜਾਲੀ।
ਜਿੱਦਾ -ਜਿੱਦਾ ਕਰ ਰਹੀ ਹੈ ਸਾਇੰਸ ਤਰੱਕੀ।
ਧਰਤ ਇੱਕ ਦਿਨ ਹੋਵਣੀ ਬਰਬਾਦੀ ਪੱਕੀ।
ਲਾ ਕੇ ਟਿਊਬਵੈਲ ਚੂਸ ਲਿਆ ਧਰਤੀ ਚੋ ਪਾਣੀ।
ਆਵਣ ਵਾਲੀ ਪੀੜ੍ਹੀ ਤੂੰ ਕਰਤੀ ਮੰਗ ਖਾਣੀ।
ਪਾ ਜਹਿਰਾਂ, ਲਾ ਅੱਗਾਂ ਧਰਤੀ ਬੰਜਰ ਕਰਤੀ।
ਸੋਨਾ ਤਾਂ ਕੀ ਘਾਹ ਵੀ ਉਗਲੂ ਨਾ ਧਰਤੀ।
ਉਤੇ ਮੂੰਹ ਚੁੱਕ ਚੱਲਦਾਂ ਦੇਖੇ ਨਾ ਥੱਲੇ।
ਪਤਾ ਲੱਗੂ ਜਦੋਂ ਕੁਦਰਤ ਨੇ ਪਾ ਤੇ ਤਰਥੱਲੇ।
ਖੜਨ ਵੇਲੇ ਅਰਦਾਸ ਵਿੱਚ ਭੋਰਾ ਨੀ ਸੰਗਦਾ।
ਕਿਹੜੇ ਮੂੰਹ ਨਾਲ ਤੂੰ ਭਲਾ ਸਰਬੱਤ ਦਾ ਮੰਗਦਾ।
ਜਾਤਾਂ ਗੋਤਾਂ ਵਾਲੇ ਤੂੰ ਗੁਰੂਘਰ ਬਣਾਤੇ।
ਬਾਣੀ ਪੜ੍ਹਦਾ ਝੂਠ ਦੀ ਪਊ ਕਿਹੜੇ ਖਾਤੇ।
ਮਿਹਨਤ ਕਰਨ ਤੋਂ ਡਰਦਾ ਬਣ ਗਿਆ ਹੱਡ ਹਰਾਮੀ ।
ਦੋ ਫਸਲਾਂ ਤੇ ਹੋ ਗਿਆ ਕਰ ਰਿਹਾ ਖਨਾਮੀ।
ਅਜੇ ਵੀ ਮੌਕਾ ਸਾਭ ਲੈ ਜੇ ਸਾਭਿਆਂ ਜਾਂਦਾ।
ਰੁੱਖੀ ਤੋਂ ਵੀ ਜਾਏਂਗਾ ਜੋ ਚੋਪੜੀ ਖਾਂਦਾ।
ਭੁੱਲ ਬਖਸ਼ਾ ਲੈ ਕੁਦਰਤ ਦਾ ਤੂੰ ਪੱਲਾ ਫੜ ਲੈ।
ਜੇ ਡੀ ਵਾਂਗੂੰ ਆਪਣੇ ਅੰਦਰ ਨੂੰ ਪੜ ਲੈ।
ਜੇ ਡੀ
ਸੰਪਰਕ:-81460 42936
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly