(ਸਮਾਜ ਵੀਕਲੀ)
ਝੂਠਿਆਂ ਦਾ ਝੂਠ, ਵੇਖਕੇ ਅਵੱਲਾ ਰਹਿ ਗਿਆ
ਝੂਠਿਆਂ ਦੇ ਝੁੰਡ ਵਿੱਚ ਸੱਚ ‘ਕੱਲਾ ਰਹਿ ਗਿਆ
ਕਲ਼ਯੁਗ ਵਿੱਚ ਝੂਠ ਹੋਇਆ ਪ੍ਰਧਾਨ ਏ
ਝੂਠੇ ਦਾ ਹੀ ਬੋਲਬਾਲਾ ਝੂਠਾ ਹੀ ਮਹਾਨ ਏ
ਸੱਚ ਲਈ ਮੈਂ ਯਾਰੋ ਅੱਡਦਾ ਈ ਪੱਲਾ ਰਹਿ ਗਿਆ
ਝੂਠਿਆਂ ਦੇ ਝੁੰਡ ਵਿੱਚ ਸੱਚ ‘ਕੱਲਾ ਰਹਿ ਗਿਆ
ਕਰਦਾ ਸੀ ਮਾਣ ਬੜਾ ਆਪਣੇ ਮੈਂ ਸੱਚ ‘ਤੇ
ਇੰਝ ਲੱਗੇ ਧਰ ਦਿੱਤਾ ਪੈਰ ਟੁੱਟੇ ਕੱਚ ‘ਤੇ
ਸੱਚ ਸਮਝਾਉਂਦਾ ਮਾਰਦਾ ਹੀ ਹੱਲਾ ਰਹਿ ਗਿਆ
ਝੂਠਿਆਂ ਦੇ ਝੁੰਡ ਵਿੱਚ ਸੱਚ ‘ਕੱਲਾ ਰਹਿ ਗਿਆ
ਸੱਚੀਆਂ ਸੁਣਾ ਕੇ ਵੈਰ ਝੂਠਿਆਂ ਨਾ’ ਪਾ ਲਿਆ
ਝੂਠਿਆਂ ਨੇ ਸੱਚ ਨੂੰ ਹੀ, ਝੂਠ ਮੰਨਵਾ ਲਿਆ
ਸੁਣੇ ਨਾ ਕੋਈ ਸੱਚ ਬਣਕੇ ਮੈਂ ਝੱਲਾ ਰਹਿ ਗਿਆ
ਝੂਠਿਆਂ ਦੇ ਝੁੰਡ ਵਿੱਚ ਸੱਚ ‘ਕੱਲਾ ਰਹਿ ਗਿਆ
ਕੌੜਾ ਹੁੰਦਾ ਸੱਚ ਨਾਲੇ, ਚੁੱਭੇ ਵਾਂਗ ਕੱਚ ਦੇ
ਤਾਹੀਂਓਂ ਚੰਗੇ ਲੱਗਦੇ ਨਹੀਂ ਬੋਲ “ਖੁਸ਼ੀ” ਸੱਚ ਦੇ
ਸੱਚ ਤਾਂ ਜੀ ਅੱਲ੍ਹਾ ਅੱਲ੍ਹਾ, ਖ਼ੈਰ ਸੱਲਾ ਰਹਿ ਗਿਆ
ਝੂਠਿਆਂ ਦੇ ਝੁੰਡ ਵਿੱਚ ਸੱਚ ‘ਕੱਲਾ ਰਹਿ ਗਿਆ
ਖੁਸ਼ੀ ਮੁਹੰਮਦ “ਚੱਠਾ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly