ਕਵਿਤਾ

 ਅਮਰਜੀਤ ਕੌਰ ਮੋਰਿੰਡਾ
(ਸਮਾਜ ਵੀਕਲੀ)
ਬੇਬੇ ਬਾਪੂ ‘ਕੱਲੇ
ਚੁੱਕ ਕੇ ਕਰਜ਼ਾ ਔਖੇ ਸੌਖੇ
 ਕੀਤੀ ਉੱਚ ਪੜ੍ਹਾਈ।
ਮਿਲਿਆ ਨਾ ਰੁਜ਼ਗਾਰ ਕੋਈ ਵੀ,
ਕਿਸੇ ਕੰਮ ਨਾ ਆਈ।
ਵੇਚ ਕੇ ਪੈਲ਼ੀ ਚਾੜ੍ਹ ਜਹਾਜੇ
ਪੁੱਤ ਪਰਦੇਸੀਂ ਘੱਲੇ।
ਇੱਕ ਦੂਜੇ ਵੱਲ ਬਿਟ ਬਿਟ ਤੱਕਣ
ਬੇਬੇ ਬਾਪੂ ‘ਕੱਲੇ।
ਕਾਹਦੀ ਇਹ ਪੜ੍ਹਾਈ ਜੋ ਨਾ ,
ਹੱਥੀਂ ਕੰਮ ਸਿਖਾਵੇ।
ਪੜ੍ਹ ਕੇ ਚਾਰ ਜਮਾਤਾਂ ਕੋਈ ,
ਕੰਮ ਨਾ ਕਰਨਾ ਚਾਹਵੇ।
ਕਿੱਦਾਂ ਹੋਊ ਗੁਜ਼ਾਰਾ ਹਰਦਮ,
ਸੋਚਾਂ ਨੇ ਰਾਹ ਮੱਲੇ ।
ਇੱਕ ਦੂਜੇ———————।
ਪੁੱਤਰ ਸੋਚੇ ਪਹੁੰਚ ਕਨੇਡਾ,
ਡਾਲਰ ਖੂਬ ਕਮਾਵੇ।
ਬੁਰਾ ਵਿਛੋੜਾ ਪੁੱਤਰਾਂ ਦਾ ,
ਕੌਣ ਉਹਨੂੰ ਸਮਝਾਵੇ।
ਨਜ਼ਰ ਟਿੱਕੀ ਬੂਹੇ ਵੱਲ ਰਹਿੰਦੀ,
ਨੈਣੋਂ ਨੀਰ ਨਾ ਠੱਲ੍ਹੇ।
ਇੱਕ ਦੂਜੇ—————-।
ਖਾਣ ਲੱਗਣ ਜਦ ਰੋਟੀ ਸੰਘੋਂ ,
ਬੁਰਕੀ ਹੇਠ ਨਾ ਲਹਿੰਦੀ।
ਪੁੱਤਰ ਖ਼ਬਰੇ ਭੁੱਖਾ ਹੋਣਾ,
ਆਪਣੇ ਦਿਲ ਨੂੰ ਕਹਿੰਦੀ।
ਆ ਜਾ ਪੁੱਤਰਾ ਤੇਰੇ ਬਾਝੋਂ,
ਮਾਪੇ ਹੋਏ ਝੱਲੇ।
ਇੱਕ ਦੂਜੇ ——————-।
ਲੰਘੀਆਂ ਤੀਆਂ ਆਈ ਰਾਖੀ,
ਤੱਕੇ ਤੇਰੀਆਂ ਰਾਹਵਾਂ।
ਤੱਤੀ ‘ਵਾ ਨਾ ਲੱਗੇ ਵੀਰਾ,
ਕਰਦੀ ਨਿੱਤ ਦੁਆਵਾਂ।
ਭਾਈ ਭੈਣ ਦਾ ਪਿਆਰ ਮਿਲੇ ਨਾ,
ਭਰ ਮਾਇਆ ਦੇ ਗੱਲੇ।
ਇੱਕ ਦੂਜੇ ਵੱਲ ਬਿਟ ਬਿਟ ਤੱਕਣ,
ਬੇਬੇ ਬਾਪੂ ‘ਕੱਲੇ।
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਭ ਆਸਰਾ ਵਿੱਚ ਪੰਘੂੜੇ ਰਾਹੀਂ ਆਈ ਨਵੀਂ ਨੰਨ੍ਹੀ ਮਹਿਮਾਨ
Next articleਮੁਹਾਵਰਾ