ਸਮਲਿੰਗੀ ਵਿਆਹ ਕੁਦਰਤੀ ਬਨਾਮ ਗੈਰ ਕੁਦਰਤੀ

ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ) ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਹੈਡ ਮਨਿਸਟਰ ਗਿਆਨੀ ਰਘਵੀਰ ਸਿੰਘ ਨੇ ਦੋ ਸਮਲਿੰਗੀ ਸਿੱਖ ਕੁੜੀਆਂ ਵੱਲੋਂ ਆਪਸ ਵਿੱਚ ਵਿਆਹ ਕਰਵਾਏ ਜਾਣ ‘ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਗਿਆ ਸੀ ਕਿ ਅਜਿਹੇ ਵਿਆਹ ਗੈਰ ਕੁਦਰਤੀ ਹਨ ਤੇ ਸਿੱਖ ਧਰਮ ਵਿੱਚ ਇਸਦੀ ਕੋਈ ਥਾਂ ਨਹੀ। ਉਨ੍ਹਾਂ ਅਨੰਦ ਕਾਰਜ ਕਰਾਉਣ ਵਾਲ਼ੇ ਰਾਗੀਆਂ ਅਤੇ ਕਮੇਟੀ ਉੱਪਰ ਕਾਰਵਾਈ ਕਰਦੇ ਹੋਏ, ਉਨ੍ਹਾਂ ਤੇ ਬੈਨ ਲਗਾਉਣ ਦਾ ਆਰਡਰ ਕੀਤਾ ਹੈ। ਸਿੱਖ ਧਰਮ ਦੀ ਉੱਚ ਪਦਵੀ ਤੇ ਬੈਠੇ ਵਿਅਕਤੀ ਦੀ ਬਿਨਾਂ ਕਿਸੇ ਪੰਥਕ ਫੈਸਲੇ ਦੇ ਕਾਰਵਾਈ ਕਰਨੀ ਗੰਭੀਰ ਵਿਸ਼ਾ ਹੈ। ਕੀ ਇਸਨੂੰ ਗੁਰਬਾਣੀ ਸਿਧਾਂਤਾਂ ਅਨੁਸਾਰ ਵਿਚਾਰਿਆ ਨਹੀਂ ਜਾਣਾ ਚਾਹੀਦਾ? ਜਦੋ ਭਾਰਤੀ ਸੁਪਰੀਮ ਕੋਰਟ ਨੇ ਅਜਿਹੇ ਵਿਆਹਾਂ ਨੂੰ ਮਾਨਤਾ ਦਿੱਤੀ ਹੋਈ ਹੈ ਤਾਂ ਕੀ ਕਿਸੇ ਧਾਰਮਿਕ ਫਿਰਕੇ ਦੀਆਂ ਮਰਿਯਾਦਾਵਾਂ ਕਨੂੰਨ ਤੋਂ ਉੱਪਰ ਹੋ ਸਕਦੀਆਂ ਹਨ? ਕੀ ਅਜਿਹਾ ਕਰਕੇ ਸਾਡੇ ਜਥੇਦਾਰ ਗੁਰਦੁਆਰਿਆਂ ਨੂੰ ਕੋਰਟਾਂ ‘ਚ ਘਸੀਟਣ ਲਈ ਰਾਹ ਪੱਧਰਾ ਨਹੀ ਕਰ ਰਹੇ?
ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡੇ ਇਸ ਪਲੈਨਿਟ ‘ਤੇ ਕੁਝ ਵੀ ਕੁਦਰਤ ਦੇ ਨਿਯਮਾਂ ਤੋਂ ਉਲਟ ਨਹੀਂ ਹੋ ਸਕਦਾ। ਗੁਰਬਾਣੀ ਅਨੁਸਾਰ ਸਭ ਕੁਝ ਹੁਕਮ ਵਿੱਚ ਹੀ ਹੋ ਰਿਹਾ ਹੈ ਤਾਂ ਜਿਹੜਾ ਵੀ ਵਿਅਕਤੀ ਕੁਝ ਵੀ ਕਰਦਾ ਹੈ, ਉਹ ਕੁਦਰਤੀ ਹੀ ਹੋਵੇਗਾ, ਉਹ ਗੈਰ ਕੁਦਰਤੀ ਨਹੀ ਹੋ ਸਕਦਾ। ਜੇ ਗੈਰ ਕੁਦਰਤੀ ਹੁੰਦਾ ਤਾਂ ਬੰਦਾ ਆਪਣੀ ਮਰਜੀ ਨਾਲ਼ ਅਜਿਹਾ ਕੁਝ ਕਰ ਨਹੀ ਸਕਦਾ ਸੀ। ਇਸ ਲਈ ਸਮਲਿੰਗੀ ਵਿਆਹਾਂ ਨੂੰ ਗੈਰ ਕੁਦਰਤੀ ਨਹੀ ਕਿਹਾ ਜਾ ਸਕਦਾ। ਹਾਂ, ਇਹ ਤਾਂ ਕਿਹਾ ਜਾ ਸਕਦਾ ਹੈ, ਅਜਿਹੇ ਵਿਆਹ ਸਾਡੇ ਸਮਾਜ ਵਿੱਚ ਅਜੇ ਤੱਕ ਪ੍ਰਵਾਨਤ ਨਹੀ ਹਨ ਕਿਉਂਕਿ ਹੁਣ ਤੱਕ ਸਿਰਫ ਮਰਦ-ਔਰਤ ਦਾ ਹੀ ਵਿਆਹ ਹੁੰਦਾ ਸੀ। ਅਸੀ ਇਸ ‘ਤੇ ਵਿਚਾਰ ਕਰਾਂਗੇ। ਪਰ ਬਿਨਾਂ ਕਿਸੇ ਵਿਚਾਰ ਦੇ ਇੱਕ ਪਾਸੜ ਬਿਆਨ ਦੇਣਾ ਕਿ ਇਹ ਗੈਰ-ਕੁਦਰਤੀ ਹਨ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ।
ਹੈਰਾਨੀ ਇਸ ਗੱਲ ਦੀ ਹੈ ਕਿ ਆਪਣੇ ਆਪ ਨੂੰ ਪੰਥ ਦੇ ਵਿਦਵਾਨ ਕਹਾਉਣ ਵਾਲ਼ੇ ਸੱਜਣ ਚੁੱਪ ਬੈਠੇ ਹਨ। ਕਿਸੇ ਨੇ ਖੁੱਲ੍ਹ ਕੇ ਵਿਚਾਰ ਨਹੀ ਦਿੱਤੇ। ਕਿਤੇ ਕੋਈ ਵਿਚਾਰ ਚਰਚਾ, ਸੈਮੀਨਾਰ, ਮੀਟਿੰਗ ਨਹੀ ਸੁਣੀ। ਹਰ ਕੋਈ ਚੁੱਪ ਰਹਿਣ ‘ਚ ਹੀ ਭਲਾ ਸਮਝਦਾ ਹੈ। ਅਜਿਹੀਆਂ ਚੁੱਪੀਆਂ ਕਰਕੇ ਹੀ ਸਿੱਖ ਆਪਣਾ ਕੋਈ ਕੌਮੀ ਮਸਲਾ ਕਦੇ ਇਕੱਠੇ ਹੋ ਕੇ ਹੱਲ ਨਹੀ ਕਰ ਸਕੇ।
ਵਿਆਹ ਕਰਾਉਣਾ ਜਾਂ ਨਾ ਕਰਾਉਣਾ ਜਾਂ ਕਿਸ ਨਾਲ਼ ਕਰਾਉਣਾ, ਇਹ ਦੋ ਵਿਅਕਤੀਆਂ ਦਾ ਨਿੱਜੀ ਫੈਸਲਾ ਹੁੰਦਾ ਹੈ, ਉਸਨੂੰ ਧਰਮ ਨਾਲ਼ ਜੋੜਨਾ ਵੈਸੇ ਹੀ ਗਲਤ ਹੈ। ਦੂਜੀ ਗੱਲ ਇਹ ਹੈ ਕਿ ਕੋਈ ਆਪਣੇ ਬੈਡਰੂਮ ਵਿੱਚ ਕੀ ਕਰਦਾ ਹੈ ਜਾਂ ਕਿਵੇਂ ਕਰਦਾ ਹੈ, ਇਸ ਬਾਰੇ ਕਿਸੇ ਹੋਰ ਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ, ਇਹ ਉਨ੍ਹਾਂ ਦਾ ਨਿੱਜੀ ਮੈਟਰ ਹੈ। ਜੇ ਕੋਈ ਕਿਸੇ ਨਾਲ਼ ਜ਼ਬਰਦਸਤੀ ਕਰਦਾ ਹੈ ਤਾਂ ਪੀੜਤ ਵਿਅਕਤੀ ਕਨੂੰਨੀ ਮੱਦਦ ਲੈ ਸਕਦਾ ਹੈ।
ਸਮਲਿੰਗੀ ਜਾਂ ਬਹੁ-ਲਿੰਗੀ ਸਬੰਧ ਕੋਈ ਨਵਾਂ ਵਰਤਤਰਾ ਨਹੀਂ ਹੈ। ਇਹ ਸਦੀਆਂ ਤੋਂ ਸਾਰੇ ਸਮਾਜਾਂ ਵਿੱਚ ਲੁਕਵੇ ਰੂਪ ਵਿੱਚ ਚੱਲਦਾ ਰਿਹਾ ਹੈ ਕਿਉਂਕਿ ਸਮਾਜ ਖੁੱਲੇਆਮ ਮਾਨਤਾ ਨਹੀ ਦਿੰਦਾ ਸੀ। ਹੁਣ ਸਮਾਜ ਤੇ ਕਨੂੰਨ ਮਾਨਤਾ ਦੇਣ ਲੱਗਾ ਹੈ ਤਾਂ ਧਰਮਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ। ਗੁਰਬਾਣੀ ਅਨੁਸਾਰ ਸਾਰੇ ਮਨੁੱਖ ਬਰਾਬਰ ਹਨ, ਸਭ ਨੂੰ ਬਰਾਬਰ ਅਧਿਕਾਰ ਹਨ। ਜੇ ਕੋਈ ਸਮਲਿੰਗੀ ਜੋੜਾ ਗੁਰਦੁਆਰੇ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਖੁੱਲੇ ਮਨ ਨਾਲ਼ ਸਵੀਕਾਰ ਕਰਨਾ ਚਾਹੀਦਾ ਹੈ।
ਹਰਚਰਨ ਸਿੰਘ ਪ੍ਰਹਾਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article~ ਦੁੱਖਦਾਈ ਸਫ਼ਰ ~
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਾਤਾਵਰਨ ਦਿਵਸ ਮਨਾਇਆ