ਮਿੰਨੀ ਕਹਾਣੀ

  (ਸਮਾਜ ਵੀਕਲੀ)
ਅਮਰਜੀਤ ਕੌਰ ਮੋਰਿੰਡਾ

ਸਫ਼ਾਈ 

 ਅੱਧੀ ਛੁੱਟੀ ਹੁੰਦੇ ਸਾਰ  ਅਧਿਆਪਕ ਆਪਣਾ ਆਪਣਾ ਡੱਬਾ ਚੁੱਕ ਸਟਾਫ ਰੂਮ ਵਿੱਚ ਆ ਗਏ।
ਮਿਡ ਡੇ ਮੀਲ ਵਿੱਚੋਂ ਕੜ੍ਹੀ ਦਾ ਡੌਂਗਾ ਅਤੇ ਚਾਵਲਾਂ ਦਾ ਥਾਲ਼ ਵੀ ਆ ਗਿਆ।
     ਨਵੀਂ ਆਈ ਇੰਗਲਿਸ਼ ਲੈਕਚਰਾਰ ਨੇ ਆਲੇ ਦੁਆਲੇ ਦੇਖਿਆ ਤੇ ਆਪਣੇ ਡੱਬੇ ਵਿੱਚ ਕੜ੍ਹੀ ਪਾਉਂਦਿਆਂ ਕਿਹਾ,”ਸ਼ੁਕਰ ਐ ਇਸ ਸਕੂਲ ਵਿੱਚ ਕੋਈ ਚੂ—,ਚ—ਨਹੀਂ ਹੈਗਾ। “
ਕੜ੍ਹੀ ਦਾ ਚਮਚ ਮੂੰਹ ਵਿੱਚ ਪਾਉਂਦੇ ਬੋਲੀ,”ਬੜੀ ਸਵਾਦ ਐ। ਜੇ ਸਭ ਨੇ ਲੈ  ਲਈ ਏ ਤਾਂ ਡੌਂਗਾ ਇੱਧਰ ਕਰਿਓ ਪਲੀਜ਼”
      ਆਪਣੇ ਡੱਬੇ ਵਿੱਚੋਂ ਫੁਲਕੇ ਕੱਢ ਕੇ ਢੱਕਣ ਤੇ ਰੱਖ ਲਏ ਤੇ ਡੱਬਾ ਕੜ੍ਹੀ ਨਾਲ ਭਰ ਲਿਆ।
   “ਮੇਰੇ ਹਸਬੈਂਡ ਕੜ੍ਹੀ ਬਹੁਤ ਲਾਈਕ ਕਰਦੇ ਨੇ।
ਯੂ ਨੋ , ਆਈ ਹੈਵ ਨੋ ਟਾਈਮ ਟੂ ਵੇਸਟ ਓਨਲੀ ਫਾਰ ਕੜ੍ਹੀ”
(“You know I have no time to waste only for kari”)
  ਦੋ ਅਧਿਆਪਕ ਖਾਸ ਤੌਰ ਤੇ ਉਸ ਦੀਆਂ ਹਰਕਤਾਂ ਨੋਟ ਕਰ ਕਰ ਰਹੇ ਸਨ।
“ ਯੂ ਨੋ ਮੇਰੇ ਪਿਛਲੇ ਸਕੂਲ ਦੀ ਹੈੱਡ,she was SC. ਸਰਕਾਰ ਇਹਨਾਂ ਨੂੰ ਸਿਰ ਚੜ੍ਹਾਈ ਜਾਂਦੀ ਐ। ਗੰਦ ਪਾਇਆ ਹੋਇਆ ਇਹਨਾਂ ਨੇ।
ਇਹ ਤਾਂ ਸਫਾਈ ਕਰਦੇ ਹੀ ਚੰਗੇ ਸੀ।”
       ਰਮਨ ਮੈਡਮ ਜੋ ਹੁਣ ਤੱਕ ਚੁੱਪਚਾਪ ਸਭ ਸੁਣ ਤੇ ਸਹਿ ਰਹੀ ਸੀ, ਤਲਖ਼ੀ ਵਿੱਚ ਆ ਗਈ।
ਉਹ ਪੀ ਐੱਡ ਡੀ ਕਰ ਕੇ ਵੀ ਮਾਸਟਰ ਕੇਡਰ ਵਿੱਚ ਕੰਮ ਕਰ ਰਹੀ ਮਿਹਨਤੀ ਅਧਿਆਪਕਾ ਸੀ।
 “ ਮੈਡਮ ਜੀ, ਜਦੋਂ ਅਸੀਂ ਭੁੱਖੇ ਤੇ ਗਰੀਬ ਸੀ,
ਤੁਹਾਡੇ ਘਰਾਂ ਦੀ ਸਫਾਈ ਕਰਦੇ ਸੀ। ਇਹ ਨੌਕਰੀ ਸਾਨੂੰ ਤੁਹਾਡੀ ਜਾਂ ਸਰਕਾਰ ਦੀ ਮਿਹਰਬਾਨੀ ਨਾਲ ਨਹੀਂ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਮਿਲੀ ਹੈ।ਅਸੀਂ ਬਦਲ ਗਏ ਹਾਂ ਪਰ ਤੁਹਾਡੀ ਸੋਚ ਨਹੀਂ ਬਦਲੀ।
ਲੱਗਦੈ ਹੁਣ ਸਾਨੂੰ ਤੁਹਾਡੇ ਦਿਮਾਗ਼ ਦੀ, ਤੁਹਾਡੀ ਸੋਚ ਦੀ ਸਫਾਈ ਕਰਨੀ ਪਵੇਗੀ।
—————_________________________             ਮਿੰਨੀ ਕਹਾਣੀ
                ਮਮਤਾ
      11 ਅਗਸਤ ਨੂੰ ਸੁਰਜੀਤ ਕੌਰ ਨੇ ਚੌਥੀ ਕੁੜੀ ਨੂੰ ਜਨਮ ਦਿੱਤਾ।
“ਚਿੱਤ ਨਾ ਡੁਲਾਈਂ, ਕੁੜੀਆਂ ਆਪਣੀ ਕਿਸਮਤ ਆਪ ਲਿਖਾ ਕੇ ਆਉਂਦੀਆਂ । ਜਿਵੇਂ ਨ੍ਹੇਰੀ ਆਈ, ਮੀਂਹ ਵੀ ਆਊ।” ਸੱਸ ਨੇ ਹੌਂਸਲਾ ਦਿੰਦਿਆਂ ਕਿਹਾ।
      ਦੇਸ਼ ਆਜ਼ਾਦ ਹੋ ਕੇ ਦੋ ਭਾਗਾਂ ਵਿੱਚ ਵੰਡਿਆ ਗਿਆ।ਹਿੰਦੂ ਸਿੱਖ ਭਾਰਤ ਵੱਲ ਤੇ ਮੁਸਲਮਾਨ ਪਾਕਿਸਤਾਨ ਵੱਲ ਹਿਜਰਤ ਕਰਨ ਲੱਗੇ।ਗਹਿਣੇ-ਗੱਟੇ ,ਨਕਦੀ ਤੇ ਕੁੱਝ ਕੱਪੜੇ ਲੈ ਕੇ
ਹਜਾਰਾ ਸਿੰਘ ਨੇ ਮੁੜ ਪਰਤਣ ਦੀ ਆਸ ਵਿੱਚ ਘਰ ਦੀ ਚਾਬੀ ਆਪਣੇ ਗੁਆਂਢੀ ਅਬਦੁੱਲੇ ਨੂੰ
ਸੌਂਪ ਕੇ ਭਰੀਆਂ ਅੱਖਾਂ ਨਾਲ ਵਿਦਾਈ ਲਈ।
       ਚਾਰ ਦਿਨਾਂ ਦੀ ਕੁੜੀ ਨੂੰ ਗੋਦੀ ਚੁੱਕ ਸੁਰਜੀਤ ਕੌਰ ਬਿਖੜੇ ਰਾਹਾਂ ਤੇ ਬਹੁਤ ਔਖੀ
ਤੁਰ ਰਹੀ ਸੀ। ਪਰਿਵਾਰ ਦੇ ਹਰ ਜੀਅ ਕੋਲ ਕੁੱਝ ਨਾ ਕੁੱਝ ਸਾਮਾਨ ਸੀ।” ਲਿਆ ਇਹਨੂੰ ਝਾੜੀਆਂ
ਵਿੱਚ ਰੱਖ ਆਵਾਂ ।ਸਾਰੇ ਪਰਿਵਾਰ ਲਈ ਬਿਪਤਾ ਖੜ੍ਹੀ ਕੀਤੀਆਸ।”ਬੱਚੀ ਦੇ ਪਿਤਾ ਨੇ ਆਪਣੀ ਪਤਨੀ ਕੋਲ਼ੋਂ ਬੱਚੀ ਖੋਹਦਿਆਂ ਕਿਹਾ।
ਉਹ ਬੱਚੀ ਨੂੰ ਝਾੜੀਆਂ ਵਿੱਚ ਰੱਖ ਆਏ।ਸੁਰਜੀਤ ਕੌਰ ਮੁੜ  ਮੁੜ ਪਿਛਾਂਹ ਵੇਖਦੀ। ਪੈਰ
ਪੁੱਟਿਆ ਨਹੀਂ ਸੀ ਜਾਂਦਾ। ਉਸਦੇ ਕਾਲਜੇ ‘ਚੋਂ ਮਾਨੋਂ ਰੁੱਗ ਭਰਿਆ ਗਿਆ। ਬਿਜਲੀ ਦੀ ਫੁਰਤੀ ਨਾਲ ਉਹ ਪਿਛਾਂਹ ਪਰਤੀ। ਬੱਚੀ ਨੂੰ ਘੁੱਟ ਕੇ ਛਾਤੀ ਨਾਲ ਲਾਉਂਦਿਆਂ ਬੋਲੀ,” ਮੈਂ ਬੱਚੀ ਨੂੰ ਛੋੜ ਕੇ ਨਾ ਜਾਸਾਂ, ਇਥਾਂਹੀ ਮਰਸਾਂ।”
ਤੇ ਉਹ ਬੱਚੀ ਨੂੰ ਦੁੱਧ ਚੁੰਘਾਉਣ ਲੱਗੀ।
———————————————।
ਰਖਵਾਲੇ
ਅੰਬ ਦੇ ਰੁੱਖ ਤੇ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ
ਸਨ।ਸਵੇਰੇ ਸਵੇਰੇ ਪੰਛੀਆਂ ਦਾ ਚਹਿਚਹਾਉਣਾ
ਕੋਈ ਇਲਾਹੀ ਰਾਗ ਛੇੜਦਾ ਸੀ।ਮੈਂ ਹਰ ਰੋਜ਼ ਪੰਛੀਆਂ ਨੂੰ ਦਾਣੇ ਪਾਉਂਦਾ ਤੇ ਉਹਨਾਂ ਨੂੰ ਦਾਣੇ ਚੁਗਦੇ ਵੇਖਣਾ ਬੜਾ ਆਨੰਦ ਦਿੰਦਾ ਸੀ।
ਵਿਹੜੇ ਵਿੱਚ ਚਿੜੀਆਂ , ਘੁੱਗੀਆਂ, ਗੁਟਾਰਾਂ,
ਕਬੂਤਰ ਸਾਰੇ ਰਲ ਮਿਲ ਦਾਣੇ ਚੁਗਦੇ ਸਨ।ਜਦੋਂ ਕਾਂ ਆ ਜਾਂਦੇ ਤਾਂ ਸਾਰੇ ਪੰਛੀ ਉੱਡ ਜਾਂਦੇ ਸਨ।
ਇੱਕ ਦਿਨ ਪੰਛੀਆਂ ਦੀ ਆਵਾਜ਼ ਸੁਣ ਕੇ ਮੈਂ ਬਾਹਰ ਆ ਕੇ ਵੇਖਿਆ ਕਾਂ ਵਾਰ ਵਾਰ ਚਿੜੀਆਂ ਦੇ ਆਲ੍ਹਣੇ ਵੱਲ ਜਾ ਰਿਹਾ ਸੀ।ਬੇਬਸ ਚਿੜਾ ਚਿੜੀ ਕਦੇ ਆਲ੍ਹਣੇ ਵੱਲ ਜਾਂਦੇ ਤੇ ਕਦੇ ਅੰਬ ਦੀ
ਟਾਹਣੀ ਤੇ ਬੈਠ ਜਾਂਦੇ।
       ਮਾਸੂਮ ਚਿੜੇ ਚਿੜੀ ਦੀ ਆਵਾਜ਼ ਸੁਣ ਕੇ
ਗੁਟਾਰਾਂ ਉਹਨਾਂ ਦੀ ਮੱਦਦ ਲਈ ਆਈਆਂ।
ਇੱਕ ਦਮ ਉਹਨਾਂ ਨੇ ਕਾਂ ਤੇ ਹੱਲਾ ਬੋਲ ਦਿੱਤਾ।
ਕਾਂ ਉੱਡ ਗਿਆ।
ਪੰਛੀਆਂ ਦਾ ਆਪਸੀ ਪਿਆਰ ਵੇਖ ਕੇ ਮੈਨੂੰ ਖ਼ਿਆਲ ਆਇਆ ਕਿ ਸਾਡੇ ਨਾਲੋਂ ਤਾਂ ਪੰਛੀ ਹੀ ਚੰਗੇ ਹਨ । ਅਸੀਂ ਰੰਗ ,ਨਸਲ , ਜਾਤ ਤੇ ਧਰਮ ਦੇ ਅਧਾਰ ਤੇ ਹੀ ਲੜਦੇ ਰਹਿੰਦੇ ਹਾਂ। ਕੁਦਰਤ ਨੇ ਪੰਛੀਆਂ ਵਿੱਚ ਵੀ ਪਿਆਰ ਤੇ ਹਮਦਰਦੀ ਦੀ ਭਾਵਨਾ ਭਰੀ ਹੈ।ਗੁਟਾਰਾਂ ਨੇ ਚਿੜੀਆਂ ਦੀ ਰਖਵਾਲੇ ਬਣ ਕੇ ਮੱਦਦ ਕੀਤੀ।
————————————————-
   ਉੱਜਲ ਭਵਿੱਖ- (ਮਿੰਨੀ ਕਹਾਣੀ)
        ਸੁਨੀਤਾ ਬੀ. ਏ. ਫਾਈਨਲ ਦੇ ਪੇਪਰ ਦੇ ਚੁੱਕੀ ਸੀ।ਰਿਸ਼ਤੇਦਾਰੀ ‘ਚੋਂ ਭੂਆ ਲੱਗਦੀ
ਸੱਤੋ ਨੇ ਬੜੇ ਮਾਣ ਨਾਲ ਉਸ ਲਈ ਰਿਸ਼ਤੇ ਦੀ
ਦੱਸ ਪਾਈ।ਕੁੜੀ ਸੁਹਣੀ ਸੁਨੱਖੀ ਸੀ। ਮੁੰਡਾ ਵੀ
ਉੱਚਾ ਲੰਮਾ ਸੁਹਣਾ ਜਵਾਨ ਐੱਮ ਬੀ ਏ ਸੀ।
ਉਹਨਾਂ ਦਾ ਆਪਣਾ ਕਾਰੋਬਾਰ ਸੀ। ਦੋਹਾਂ ਧਿਰਾਂ ਨੂੰ ਇਕ ਦੂਜੇ ਤੇ ਪੂਰਾ ਵਿਸ਼ਵਾਸ ਸੀ। ਫਿਰ ਵੀ
ਉਹਨਾਂ ਨੇ ਐਤਵਾਰ ਨੂੰ ਸੁਨੀਤਾ ਦੇ ਘਰ ਮਿਲਣ ਦਾ ਪ੍ਰੋਗਰਾਮ ਬਣਾ ਲਿਆ।
         ਚਾਹ ਪਾਣੀ ਪਿੱਛੋਂ ਲੜਕੇ ਵਾਲਿਆਂ ਨੇ ਆਪਣੀ ਸਹਿਮਤੀ ਦੇ ਦਿੱਤੀ। ਸੁਨੀਤਾ ਦੇ ਘਰ ਵਾਲਿਆਂ ਨੂੰ ਵੀ ਲੜਕਾ ਪਸੰਦ ਆ ਗਿਆ।
ਕੁੜੀ ਮੁੰਡੇ ਨੂੰ ਆਪਸੀ ਗੱਲਬਾਤ ਲਈ ਮੌਕਾ
ਦਿੱਤਾ ਗਿਆ।ਦੋਵੇਂ ਪਹਿਲੀ ਮੰਜ਼ਿਲ ਤੇ ਬਣੇ ਸੁਨੀਤਾ ਦੇ ਕਮਰੇ ਵਿੱਚ ਉੱਪਰ ਚਲੇ ਗਏ।
 “ਕੀ ਮੈਂ ਤੁਹਾਨੂੰ ਪਸੰਦ ਹਾਂ?”ਲੜਕੇ ਨਿਰਮਲ ਨੇ
ਪੁੱਛਿਆ।
“ਹਾਂ ਜੀ, ਸਭ ਕੁੱਝ ਠੀਕ ਹੈ।ਪਰ ਮੈਂ ਅਜੇ ਸ਼ਾਦੀ ਨਹੀਂ ਕਰਨੀ ਚਾਹੁੰਦੀ।ਕੀ ਤੁਸੀਂ ਚਾਹੁੰਦੇ ਹੋ ਕਿ ਮੈਂ
ਸ਼ਾਦੀ ਦੇ ਬੰਧਨ ਵਿੱਚ ਬੱਝ ਕੇ ਆਪਣਾ ਭਵਿੱਖ ਖਰਾਬ ਕਰ ਲਵਾਂ?”
“ਨਹੀਂ ਬਿਲਕੁਲ ਨਹੀਂ।”
“ ਫੇਰ ਤੁਸੀਂ ਆਪ ਹੀ ਕਿਸੇ ਢੰਗ ਨਾਲ ਜਵਾਬ ਦੇ ਦਿਉ।”
ਹੇਠਾਂ ਦੋਵੇਂ ਪਰਿਵਾਰ ਖੁਸ਼ੀ ਮਨਾ ਰਹੇ ਸਨ।ਦੁਬਾਰਾ ਚਾਹ ਬਣ ਰਹੀ ਸੀ।ਨਿਰਮਲ ਚਾਹ ਨਹੀਂ ਸੀ ਪੀਂਦਾ।
 “ਨਿਰਮਲ ਜੋਗਾ ਦੁੱਧ ਗਰਮ ਕਰ ਲਵੋ “
ਨਿਰਮਲ ਨੂੰ ਪੌੜੀਆਂ ਉੱਤਰਦੇ ਵੇਖ ਕੇ
 ਸੁਨੀਤਾ  ਦੇ ਮੰਮੀ ਨੇ ਉਸ ਦੀ ਭਾਬੀ ਨੂੰ ਕਿਹਾ।
 “ਨਹੀਂ ਜੀ ਮੈਂ ਕੁੱਝ ਨਹੀਂ ਪੀਣਾ।”
ਨਿਰਮਲ ਨੇ ਆਪਣੀ ਮੰਮੀ ਨਾਲ ਗੱਲ ਕੀਤੀ
ਤੇ ਉਹ “ਘਰ ਜਾ ਕੇ ਸਲਾਹ ਕਰ ਕੇ ਦੱਸ ਦਿਆਂਗੇ” ਕਹਿ ਕੇ ਚਲੇ ਗਏ।
ਅਗਲੀ ਸਵੇਰ ਸੁਨੀਤਾ ਉੱਜਲ ਭਵਿੱਖ ਦੀ ਤਲਾਸ਼ ਵਿੱਚ ਕੰਧ ਟੱਪ ਕੇ ਚਲੀ ਗਈ।
————————————————
ਮਿੰਨੀ ਕਹਾਣੀ
          ਜਨਮ ਸਫ਼ਲਾ
“ਵਾਹ ਜੀ ਵਾਹ! ਵਾਹਿਗੁਰੂ ਜੀ। ਕਰ ਲਉ ਜਨਮ ਸਫਲਾ। ਸੇਵਕ ਕਉ ਸੇਵਾ ਬਨ ਆਈ।
ਭਾਗਾਂ ਵਾਲਿਆਂ ਨੂੰ ਸੇਵਾ ਦਾ ਮੌਕਾ ਮਿਲਦੈ।”
  ਬਾਬਾ ਜੀ ਛਬੀਲ ਦੀ ਸੇਵਾ ਕਰਨ ਵਾਲਿਆਂ ਨੂੰ
ਹੱਲਾਸ਼ੇਰੀ ਦੇ ਰਹੇ ਸਨ।
“ਗੁਰਮੁਖ ਪਿਆਰਿਓ! ਸੇਵਾ ਦਾ ਮੇਵਾ ਮਿਲਦੈ।
ਜਲ਼ ਛਕਾਉਣ ਦੀ ਸੇਵਾ ਤਾਂ ਸਿੱਧੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਐ।”
ਤਪੇ ਫ਼ਰਸ਼ ਤੇ ਨੰਗੇ ਪੈਰ ਬੱਚੇ ਜਲ ਵਰਤਾ ਰਹੇ ਸਨ ਤੇ ਬੀਬੀਆਂ ਬਰਤਨਾਂ ਦੀ ਸੇਵਾ ਕਰ ਰਹੀਆਂ ਸਨ।ਜਦੋਂ ਪੈਰ ਸੜਦੇ ਤਾਂ ਬੱਚੇ ਪੈਰਾਂ ਤੇ ਪਾਣੀ ਪਾ ਲੈਂਦੇ।
“ਬਾਬਾ ਜੀ, ਤੁਹਾਡੇ ਬੱਚੇ ਦਿਖਾਈ ਨਹੀਂ ਦਿੰਦੇ,ਕਿੱਥੇ ਨੇ?” ਕਿਸੇ ਨੇ ਪੁੱਛਿਆ।
“ਉਹ ਜੀ ਅੰਦਰ ਪੜ੍ਹ ਰਹੇ ਐ”ਬਾਬਾ ਜੀ ਨੇ ਹੌਲੀ ਜਿਹੇ ਕਿਹਾ।
“ਬਾਬਾ ਜੀ, ਏਨੀ ਗਰਮੀ ਵਿੱਚ, ਤੁਸੀਂ ਬੂਹੇ ਵੀ ਬੰਦ ਕੀਤੇ ਐ।”  ਉਸਨੇ ਫਿਰ ਕਿਹਾ।
“ਨਾ ਜੀ, ਅੰਦਰ ਏ ਸੀ ਲੱਗਾ ਏ”
    ਅੰਦਰ ਬਾਬਾ ਜੀ ਦੇ ਬੱਚੇ ਪੜ੍ਹ ਕੇ ਤੇ ਬਾਹਰ
ਬੱਚੇ ਜਲ ਦੀ ਸੇਵਾ ਕਰ ਕੇ ਜੀਵਨ ਸਫ਼ਲਾ ਕਰ ਰਹੇ ਸਨ।
   ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵੱਖ ਵੱਖ ਅਧਿਆਪਕ ਜਥੇਬੰਦੀਆਂ ਵਲੋਂ ਅਧਿਆਪਕ ਜਗਮੋਹਣ ਸਿੰਘ ਦੀ ਮਾਤਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
Next articleਗੀਤ (ਦੋਗਾਣਾ )