ਐਤਕੀ ਲੋਕ ਸਭਾ ਚੌਣਾਂ ਵਿੱਚ ਲੋਕਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ

ਭਵਨਦੀਪ ਸਿੰਘ ਪੁਰਬਾ

ਲੋਕ ਲਹਿਰ ਤੇ ਲੋਕ ਏਕਤਾ ਜਿੰਦਾਬਾਦ
ਐਤਕੀ ਲੋਕ ਸਭਾ ਚੌਣਾਂ ਵਿੱਚ ਲੋਕਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ

-ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ ਬਿਓਰੋ)

(ਸਮਾਜ ਵੀਕਲੀ)- ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਦੋ ਸਾਲ ਪਹਿਲਾਂ ਸਾਰੇ ਪੰਜਾਬ ਨੇ ਜਿਸ ਪਾਰਟੀ ਨੂੰ ਸਿਰ ਤੇ ਬੈਠਾ ਲਿਆ ਸੀ। ਅੱਜ ਦੋ ਸਾਲ ਬਾਅਦ ਉਸ ਨਾਲ ਮੋਹ ਇੰਨ੍ਹਾਂ ਭੰਗ ਹੋ ਗਿਆ ਕਿ ਲੋਕ ਸਭਾ ਵਿੱਚ ਉਹ ਸਿਰਫ ਤਿੰਨ ਸੀਟਾਂ ਤੇ ਆ ਗਈ। ਜਿੱਤਦੀ ਪਾਰਟੀ ਨਹੀਂ ਹੁੰਦੀਂ, ਜਿੱਤਦੇ ਵਿਧਾਇਕ ਨਹੀਂ ਹੁੰਦੇ! ਜਿੱਤਦੀਆਂ ਹੁੰਦੀਆਂ ਲੋਕ ਲਹਿਰਾ ਤੇ ਲੋਕ ਏਕਤਾ। ਸਿਆਸਤਦਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਪਾਵਰ ਦੇ ਹੰਕਾਰ ਵਿੱਚ ਤੁਸੀਂ ਬੰਦੇ ਨੂੰ ਬੰਦਾ ਨਹੀਂ ਜਾਣਦੇ, ਇਹ ਪਾਵਰਾ ਲੋਕਾਂ ਨੇ ਪਤਾ ਨਹੀਂ ਕਦੋਂ ਖੋਹ ਲੈਣੀਆਂ ਹਨ।

ਇੱਕ ਉਹ ਉਮੀਦਵਾਰ ਜੋ ਮੋਜੂਦਾ ਸੈਂਟਰ ਸਰਕਾਰ ਦੀ ਪਾਰਟੀ ਦਾ ਹੋਵੇ ਤੇ ਇੱਕ ਉਹ ਉਮੀਦਵਾਰ ਜੋ ਸਟੇਟ ਦੀ ਮੋਜੂਦਾ ਸਰਕਾਰ ਦਾ ਹੋਵੇ ਤੇ ਤੀਸਰਾ ਉਹ ਉਮੀਦਵਾਰ ਜੋ ਵਿਰੋਧੀ ਧਿਰ ਵਿੱਚ ਬੈਠੇ ਹੋਣ। ਜਿਨ੍ਹਾਂ ਦੀਆਂ ਜੜ੍ਹਾਂ ਹਰ ਪਿੰਡ ਦੇ ਅਗਵਾੜਾ ਤੱਕ ਲੱਗੀਆਂ ਹੋਣ, ਸ਼ਹਿਰ ਦੇ ਮੁਹੱਲਿਆਂ ਤੱਕ ਜਿਨ੍ਹਾਂ ਦੇ ਕੌਂਸਲਰ ਬੈਠੇ ਹੋਣ ਅਤੇ
ਉਨ੍ਹਾਂ ਕੋਲ ਕਰੋੜਾਂ ਦੇ ਫੰਡ ਹੋਣ ਤੇ ਉਹ ਸਭ ਫਿਰ ਵੀ ਹਾਰ ਜਾਣ ਤੇ ਇੱਕ ਉਹ ਅਜਾਦ ਉਮੀਦਵਾਰ ਜਿੱਤ ਜਾਵੇ ਜਿਸ ਦਾ ਕਿਸੇ ਪਿੰਡ ਸ਼ਹਿਰ ਵਿੱਚ ਕੋਈ ਐਮ.ਸੀ./ ਕੌਂਸਲਰ ਨਹੀਂ, ਕੋਈ ਪੰਚ ਸਰਪੰਚ ਨਹੀਂ ਅਤੇ ਨਾ ਹੀ ਉਸ ਕੋਲ ਕੋਈ ਫੰਡ ਹੋਵੇ ਆਪਣਾ ਪ੍ਰਚਾਰ ਕਰਨ ਤੇ ਵੋਟਾਂ ਖਰੀਦਨ ਲਈ, ਉਹ ਫਿਰ ਵੀ ਭਾਰੀ ਬਹੁਮਤ ਨਾਲ ਜਿੱਤ ਜਾਵੇ ਇਹ ਲੋਕ ਲਹਿਰ ਤੇ ਲੋਕ ਏਕਤਾ ਦੀ ਹੀ ਜਿੱਤ ਹੈ।

ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਮੋਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਬਿਲਕੁੱਲ ਨੇੜਲਾ ਵਿਅਕਤੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਰਮਜੀਤ ਅਨਮੋਲ ਉਹ ਇੰਨ੍ਹੀ ਬੁਰੀ ਤਰ੍ਹਾਂ ਹਾਰੇਗਾ ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਫਿਲਮ ਇੰਡਸਟਰੀ ਵਿੱਚ ਖਾਸ ਮੁਕਾਮ ਹਾਸਿਲ ਕਰਨ ਵਾਲੇ ਲੋਕਾਂ ਦੇ ਇਸ ਖਾਸ ਕਲਾਕਾਰ ਨੂੰ ਕੀ ਲੋੜ ਪੈ ਗਈ ਸੀ ਸਿਆਸਤ ਵਿੱਚ ਆਉਣ ਦੀ? ਜਿਸ ਦਿਨ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਅਨਾਉਸ ਹੋਈ, ਮੇਰੇ ਵਰਗੇ ਸੈਂਕੜੇ ਲੋਕਾਂ ਦੇ ਮਨੋ ਤਾਂ ਇਹ ਉਸ ਦਿਨ ਹੀ ਲਹਿ ਗਿਆ ਸੀ। ਜਿਸ ਨੂੰ ਕਲਾਕਾਰ ਦੇ ਤੌਰ ਤੇ ਅਸੀਂ ਪਲਕਾਂ ਤੇ ਬੈਠਾਇਆ ਸੀ, ਉਸ ਦੇ ਰਾਜਨੀਤੀ ਵਿੱਚ ਆਉਣ ਸਾਰ ਉਹ ਨਾਲ ਨਫਰਤ ਜਿਹੀ ਹੋ ਗਈ ਸੀ। ਜੇ ਉਸ ਨੇ ਸਿਆਸਤ ਵਿੱਚ ਆਉਣਾ ਵੀ ਸੀ ਤਾਂ ਆਪਣੇ ਇਲਾਕੇ ਵਿਚੋਂ ਚੋਣ ਲੜਦਾ। ਉਹ ਦਾ ਫਰੀਦਕੋਟ ਇਲਾਕੇ ਨਾਲ ਕੀ ਸਬੰਧ ਸੀ ? ਕੀ ਆਮ ਆਦਮੀ ਪਾਰਟੀ ਨੂੰ ਆਪਣੇ ਇਲਾਕੇ ਵਿਚੋਂ ਕੋਈ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਹੀ ਨਹੀਂ ਮਿਿਲਆ ? ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਣ ਵਾਲੇ ਵਰਕਰਾਂ ‘ਚੋ ਕਿਸੇ ਨੂੰ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ? ਇਸ ਗੱਲ ਦਾ ਅੰਦਰ ਖਾਤੇ ਕਈ ਵਲੰਟੀਅਰਾਂ ਨੂੰ ਰੋਸ ਸੀ ਪਰ ਕਿਸੇ ਮਜਬੂਰੀ ਕਾਰਨ ਜਾਂ ਕਈ ਕਿਸੇ ਲਾਲਚ ਕਾਰਨ ਉਹ ਆਪਣੀ ਪਾਰਟੀ ਨਾਲ ਤੁਰੇ ਫਿਰਦੇ ਸਨ।

ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਫਰੀਦਕੋਟ ਇਲਾਕੇ ਨਾਲ ਕੋਈ ਸਬੰਧ ਨਹੀਂ ਸੀ। ਭਾਜਪਾ ਦੇ ਵਰਕਰ ਵੀ ਅੰਦਰ ਖਾਤੇ ਨਾਰਾਜ ਸਨ। ਦੂਸਰਾ ਕਿਸਾਨਾ ਦਾ ਇਨ੍ਹਾਂ ਵਿਰੋਧ, ਜੋ ਜਾਇਜ ਵੀ ਸੀ ਪਰ ਹੰਸ ਰਾਜ ਹੰਸ ਕਿਸਾਨਾ ਦਾ ਗੁੱਸਾ ਸ਼ਾਤ ਕਰਨ ਵਿੱਚ ਨਾਕਾਮਯਾਬ ਰਿਹਾ ਜਿਸ ਕਾਰਨ ਆਮ ਵੋਟਰਾਂ ਵਿੱਚ ਵੀ ਉਹ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਵੋਟਾ ਤੋਂ 15 ਕੁ ਦਿਨ ਪਹਿਲਾ ਤਾਂ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਹਵਾ ਬਣ ਚੱਲੀ ਸੀ ਕਿਉਂਕਿ ਫਰੀਦਕੋਟ ਉਸ ਦੇ ਪੇਕੇ ਸਨ ਤੇ ਮੋਗਾ ਉਸ ਦੇ ਸਹੁੱਰੇ। ਆਪਣੇ ਇਲਾਕੇ ਦੀ ਹੋਣ ਕਾਰਨ ਉਸ ਦਾ ਗ੍ਰਾਫ ਉੱਪਰ ਹੋ ਗਿਆ ਸੀ ਪਰ ਜਦ ਭਾਈ ਸਰਬਜੀਤ ਸਿੰਘ ਮਲੋਆ ਵੱਲ ਲੋਕ ਝੁਕੇ ਤਾਂ ਉਹ ਉਪਰੋਕਤ ਸਾਰੇ ਕਾਰਨ ਭੁੱਲ ਕੇ ਸਿਰਫ ਉਸ ਦੇ ਪਿਤਾ ਜੀ ਦੀ ਕੁਰਬਾਨੀ ਦਾ ਮੁੱਲ ਪਾਉਣ ਲਈ ਵਹੀਰਾ ਘੱਤ ਕੇ ਉਸ ਦੇ ਨਾਲ ਤੁਰ ਪਏ। ਜੋ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਆਦਿ ਸਭ ਪਾਰਟੀਆ ਤੋਂ ਨਾਰਾਜ ਸਨ ਉਨ੍ਹਾਂ ਨੇ ਆਜਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਨਾਲ ਤੁਰਨ ਦਾ ਫੈਸਲਾ ਕਰ ਲਿਆ ਤੇ ਦਿਨ੍ਹਾ ਵਿੱਚ ਹੀ ਇਹ ਲੋਕ ਲਹਿਰ ਬਣ ਗਈ। ਲੋਕਾਂ ਨੇ ਆਪ ਮੁਹਾਰੇ, ਬਿਨ੍ਹਾਂ ਕਿਸੇ ਲਾਲਚ ਤੋਂ ਭਾਈ ਸਰਬਜੀਤ ਸਿੰਘ ਮਲੋਆ ਦਾ ਸਾਥ ਦਿੱਤਾ। ਰਵਾਇਤੀ ਪਾਰਟੀਆਂ ਦੇ ਨਾਲ ਤੁਰੇ ਫਿਰਨ ਵਾਲੇ ਲੋਕ ਕਿਸੇ ਸਵਾਰਥ, ਮਜਬੂਰੀ ਜਾਂ ਪਾਰਟੀ ਦੇ ਕਾਰਨ ਨਾਲ ਤੁਰੇ ਫਿਰਦੇ ਸਨ ਪਰ
ਭਾਈ ਸਰਬਜੀਤ ਸਿੰਘ ਮਲੋਆ ਨਾਲ ਫਿਰਨ ਵਾਲੇ ਲੋਕ ਸੱਚ ਵਿੱਚ ਅਸਲ ਵਿੱਚ ਉਸ ਦੇ ਨਾਲ ਸੀ। ਜਿਥੇ ਲੋਕਾਂ ਦਾ ਏਕਾ ਹੋ ਜਾਵੇ ਉਹ ਤਾਂ ਕਹਿੰਦੇ ਕਹਾਉਦੇ ਥੰਮਾਂ ਨੂੰ ਡੇਗ ਦਿੰਦੇ ਹਨ। ਇਸੇ ਏਕੇ ਦੀ ਬਰਕਤ ਲੋਕ ਏਕਤਾ ਤੇ ਲੋਕ ਲਹਿਰ ਦੀ ਜਿੱਤ ਹੋਈ।

ਕਲਾਕਾਰੀ ਜਜਬਾਤੀ ਹੁੰਦੀ ਹੈ ਅਤੇ ਸਿਆਸਤ ਬੜੀ ਨਿਰਦਈ ਹੈ। ਕਲਾਕਾਰੀ ਤੇ ਸਿਆਸਤ ਦਾ ਕੋਈ ਮੇਲ ਤਾਂ ਨਹੀਂ ਹੈ ਫਿਰ ਪਤਾ ਨਹੀਂ ਕਿਉਂ ਚੰਗੇ ਚੰਗੇ ਕਲਾਕਾਰ ਕਿਉਂ ਸਿਆਸਤ ਵਿੱਚ ਫਸ ਜਾਂਦੇ ਹਨ। ਕਰਵਾ ਤਾਂ ਉਹ ਆਪਣੀ ਬੇ-ਇੱਜਤੀ ਹੀ ਰਹੇ ਹਨ। ਉਨ੍ਹਾਂ ਨੂੰ ਚਾਹੁੱਣ ਵਾਲੇ ਲੱਖਾਂ ਦਰਸ਼ਕ ਸਿਮਟ ਕੇ ਹਜਾਰਾਂ ਵਿੱਚ ਰਹਿ ਜਾਦੇਂ ਹਨ। ਕਰਮਜੀਤ ਅਨਮੋਲ ਦੀ ਹੀ ਗੱਲ ਕਰੀਏ ਤਾਂ ਉਸ ਦੇ ਲੱਖਾਂ ਫੈਨ ਸੀ। ਮੈਨੂੰ ਨਹੀਂ ਲੱਗਦਾ ਕਿ ਕਲਾਕਾਰ ਦੇ ਤੌਰ ਤੇ ਉਸ ਨੂੰ ਕੋਈ ਵੀ ਪਸੰਦ ਨਾ ਕਰਦਾ ਹੋਵੇ ਪਰ ਜਿਸ ਦਿਨ ਉਸ ਨੇ ਸਿਆਸਤ ਵਿੱਚ ਪੈਰ ਰੱਖ ਲਿਆ ਉਸੇ ਦਿਨ ਲੋਕਾਂ ਦਾ ਉਸ ਦੇ ਨਾਲ ਮੋਹ ਭੰਗ ਹੋ ਗਿਆ ਤੇ ਉਹ ਸਿਰਫ ਇੱਕ ਪਾਰਟੀ ਦਾ ਹੋ ਕੇ ਰਹਿ ਗਿਆ। ਉਸ ਦੀ ਕਲਾਕਾਰੀ ਲੋਕਾਂ ਦੇ ਮਨੋ ਵਿਸਰ ਗਈ ਤੇ ਉਸ ਨੂੰ ਸਿਰਫ ਸਿਆਸਤ ਦਾਨ ਵਜੋਂ ਦੇਖਣ ਲੱਗ ਪਏ। ਸਿਆਸਤ ਵਿੱਚ ਉਹ ਕਿਥੇ ਖੜ੍ਹਾਂ ਉਹ ਆਪ ਸਭ ਜਾਣਦੇ ਹੀ ਹੋ। ਇਨੇ੍ਹ ਵੱਡੇ-ਵੱਡੇ ਕਲਾਕਾਰਾਂ ਅਨਮੋਲ ਦਾ ਪ੍ਰਚਾਰ ਕਰਨ ਲਈ ਆਏ ਹੋਣ ਤਾਂ ਵੀ ਉਹ ਹਾਰ ਜਾਵੇ ਤਾਂ ਹਾਰ ਸਿਰਫ ਉਸ ਦੀ ਹੀ ਨਹੀਂ, ਉਸ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਾਰੇ ਵੱਡੇ ਕਲਾਕਾਰਾਂ ਦੀ ਹੈ। ਮੈਂ ਸਮਝਦਾ ਕਿ ਸਿਆਸਤ ਵਿੱਚ ਪੈ ਕੇ ਕਰਮਜੀਤ ਅਨਮੋਲ ਦਾ ਬਹੁੱਤ ਵੱਡਾ ਨੁਕਸਾਨ ਹੋਇਆ ਹੈ। ਉਸ ਦੀ
ਫਿਲਮੀ ਲਾਈਨ ਵਿੱਚ ਵੀ ਲੋਕ ਪ੍ਰੀਅਤਾ ਘੱਟ ਗਈ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਫਰੀਦਕੋਟ ਇਲਾਕੇ ਵਿੱਚ ਜੋ ਮਾਣ-ਸਨਮਾਨ ਹੋਇਆ ਇਹ ਦੱਸਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ ਹਨ। ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਪੰਜਵੇ ਨੰਬਰ ਤੇ ਆਵੇਗਾ। ਇਕ ਸੁਪਰ ਸਟਾਰ ਗਾਇਕ ਹੋਵੇ ਤੇ ਲੋਕ ਉਸ ਨੂੰ ਪਿੰਡ ਵਿੱਚ ਵੜਣ ਨਾ ਦੇਣ। ਮੂੰਹ ਤੇ ਗਾਲਾ ਕੱਢਣ! ਗਾਇਕ ਹੁੰਦਿਆਂ ਜਿਸ ਨੂੰ ਸੁਨਣ ਲਈ ਲੋਕ ਉਸ ਦੇ ਸ਼ੋਅ ਦੀਆਂ ਟਿਕਟਾਂ ਖਰੀਦਦੇ ਹੋਣ ਤੇ ਅੱਜ ਸਿਆਸਤ ਵਿੱਚ ਆਉਣ ਤੋਂ ਬਾਅਦ ਉਸ ਨੂੰ ਬੋਲਣ ਵੀ ਨਾ ਦੇਣ ਇਸ ਤੋਂ ਵੱਡੀ ਨਾਮੋਸ਼ੀ ਹੋਰ ਕੀ ਹੋ ਸਕਦੀ ਹੈ। ਜਿਨ੍ਹਾਂ ਕਲਾਕਾਰਾਂ ਦੇ ਲੋਕ ਆਟੋਗ੍ਰਾਫ ਲੈਣ ਲਈ, ਉਨ੍ਹਾਂ ਨਾਲ ਫੋਟੋਆਂ ਕਰਵਾਉਣ ਲਈ ਤਰਲੋਮੱਛੀ ਹੁੰਦੇ ਹੋਣ ਉਨ੍ਹਾਂ ਕਲਾਕਾਰਾਂ ਨੂੰ ਲੋਕ ਕੰਜਰ ਜਾਂ ਨਚਾਰ ਲਿਖ ਕੇ, ਬੋਲ ਕੇ ਸੰਬੋਧਣ ਕਰਨ ਤਾਂ ਇਸ ਤੋਂ ਵੱਡੀ ਕੋਈ ਹਾਰ ਨਹੀਂ ਹੈ।

ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਸਮੇਂ ਚੁਣੇ ਗਏ (ਐਮ.ਐਲ.ਏ.) ਵਿਧਾਇਕਾਂ ਤੋਂ ਜੋ ਲੋਕਾਂ ਨੂੰ ਆਸਾਂ ਸਨ ਉਹ ਵੀ ਪੂਰੀਆਂ ਨਹੀਂ ਹੋਇਆ। ਆਮ ਘਰਾਂ ਦੇ ਵਿਧਾਇਕ ਵੀ ਖਾਸ ਬਣ ਗਏ। ਇਹ ਗੱਲਾਂ ਵਿਧਾਇਕਾਂ ਦੇ ਨਾਲ ਫਿਰਦੀ ਜੁਡਲੀ ਉਨ੍ਹਾਂ ਨੂੰ ਨਹੀਂ ਸਮਝਾ ਸਕਦੀ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਵਿਧਾਇਕ ਨੂੰ ਕੁੱਝ ਗਲਤ ਕਰਨ ਤੋਂ ਰੋਕ-ਟੋਕ ਦਿੱਤਾ ਤਾਂ ਸਾਡਾ ਅਹੁੱਦਾ ਖੁਸ ਜਾਵੇਗਾ। ਨਾ ਚਾਹੁੰਦੇ ਹੋਏ ਵੀ ਬਹੁੱਤ ਸਾਰੇ ਪਾਰਟੀ ਵਰਕਰ ਅਹੁੱਦੇਦਾਰ ਤੇ ਵਲੰਟੀਅਰ ਆਪਣੇ ਵਿਧਾਇਕ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਉਨ੍ਹਾਂ ਦੀ ਝੂਠੀ ਖੁਸ਼ਾਮਦ ਕਰਦੇ ਹਨ। ਬਹੁੱਤੀਆਂ ਗੱਲਾਂ ਤੋਂ ਵਿਧਾਇਕ ਵੀ ਅਣਜਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਨੇੜੇ ਤਾਂ ਉਹੀ ਖਸਾਮਦ ਕਰਨ ਵਾਲੇ ਚਾਪਲੂਸ ਲੋਕ ਹੀ ਹੁੰਦੇ ਹਨ ਜਿਹੜੇ ਵਿਧਾਇਕਾਂ ਨੂੰ ਸੱਚੀ ਰਿਪੋਰਟ ਨਹੀਂ ਦਿੰਦੇ। ਇਨ੍ਹਾਂ ਗੱਲਾ ਦਾ ਹਰਜਾਨਾ ਤਾਂ ਵਿਧਾਇਕਾਂ ਨੂੰ ਫਿਰ ਵੋਟਾਂ ਵਿੱਚ ਆਕੇ ਹੀ ਭੁਗਤਨਾ ਪੈਦਾ ਹੈ। ਵੋਟਾਂ ਵੇਲੇ ਲੋਕ ਆਪਣਾ ਬਦਲਾ ਲੈਦੇ ਹਨ, ਲੈਣਾ ਚਾਹੀਦਾ ਵੀ ਹੈ। ਵੋਟਰਾਂ ਦਾ ਹੱਕ ਹੈ ਕਿ ਜਿਹੜਾ ਵਿਧਾਇਕ ਉਨ੍ਹਾਂ ਦੀ ਦੁੱਖ ਤਕਲੀਫ ਨਹੀਂ ਸੁਣਦਾ, ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੰਦਾ, ਉਸ ਨੂੰ ਬਦਲ ਦਿੱਤਾ ਜਾਵੇ। ਐਮ.ਐਲ.ਏ., ਐਮ.ਪੀ. ਵਿਧਾਇਕਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਾਵਰਾਂ ਸਦਾ ਨਹੀਂ ਰਹਿੰਦੀਆਂ। ਜਿੰਨ੍ਹੀ ਮਰਜੀ ਧੰਨ ਦੌਲਤ ਇਕੱਠੀ ਕਰ ਲਵੋ, ਜਦੋਂ ਸਮੇਂ ਨੇ ਆਪਣਾ ਰੰਗ
ਦਿਖਾਇਆ ਤਾਂ ਮਿੰਟਾਂ, ਸਕਿੰਟਾਂ ਵਿੱਚ ਸਭ ਖਤਮ ਹੋ ਜਾਣਾ ਹੈ। ਰਾਜਿਆਂ ਤੋਂ ਭਿਖਾਰੀ ਬਣਦਿਆ ਟਾਈਮ ਨਹੀਂ ਲੱਗਦਾ।

ਖੈਰ! ਐਤਕੀ ਲੋਕ ਸਭਾ ਚੌਣਾਂ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਭੁਲੇਖੇ ਦੂਰ ਕਰ ਦਿੱਤੇ। 400 ਪਾਰ ਵਾਲੇ 291 ਤੇ ਆ ਗਏ। 0-13 ਵਾਲੇ ਸਿਰਫ 3 ਤੱਕ ਸੀਮਤ ਰਹਿ ਗਏ। ਹੁਣ ਤਾਂ ਸਿਆਸਤਦਾਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਛੱਡ ਕੇ, ਜੁਮਲੇਵਾਜੀਆਂ ਛੱਡ ਕੇ ਦੇਸ਼ ਤੇ ਪ੍ਰਾਤ ਦੇ ਵਿਕਾਸ ਲਈ ਕੰਮ ਕਰਨੇ ਚਾਹੀਦੇ ਹਨ। ਅੱਜ-ਕੱਲ੍ਹ ਵੋਟਰ ਤੇ ਦੇਸ਼ ਵਾਸੀ ਪਹਿਲਾਂ ਵਾਲੇ ਨਹੀਂ ਰਹੇ ਜਿਹੜੇ ਸਿਆਸਤਦਾਨਾਂ ਦੇ ਝੂਠੇ ਵਾਅਦੇ ਤੇ ਉਨ੍ਹਾਂ ਦੀਆਂ ਪਾਵਰਾਂ ਅੱਗੇ ਝੁੱਕ ਜਾਣ। ਅੱਜ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਹੈ ਕਿ ਮੁੱਫਤ ਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਨਿਕਾਰਾ ਬਣਾਇਆ ਜਾਂ ਰਿਹਾ ਹੈ। ਜਿਹੜੇ ਲੋਕ ਕਿਸੇ ਨੂੰ ਸਿਰ ਤੇ ਬੈਠਾਉਣਾ ਜਾਣਦੇ ਹਨ ਉਹ ‘ਚਲਾ ਕੇ ਪੈਰਾਂ ਵਿੱਚ ਮਾਰਨਾ’ ਵੀ ਜਾਣਦੇ ਹਨ। ਜੇਕਰ ਸਿਆਸਤਦਾਨਾਂ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦ ਵੋਟਰ ਸਿਆਸਤਦਾਨਾਂ ਦਾ ਜੁਤੀਆਂ ਦੇ ਹਾਰਾ ਨਾਲ ਸਵਾਗਤ ਵੀ ਕਰਿਆ ਕਰਨਗੇ। ਐਤਕੀ ਦੇ ਚੌਣਾਂ ਦੇ ਨਤੀਜਿਆ ਨੇ ਮਨ ਖੁਸ਼ ਕਰ ਦਿੱਤਾ, ਸਿਆਸਤਦਾਨਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿੱਤੀ। ਪ੍ਰਮਾਤਮਾਂ ਸਾਡੇ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ! ਉਹ ਆਪਣੇ ਨਿੱਜੀ ਸਵਾਰਥ ਛੱਡ ਕੇ ਦੇਸ਼, ਪ੍ਰਾਂਤ, ਸ਼ਹਿਰ ਤੇ ਹਲਕੇ ਦੇ ਵਿਕਾਸ ਲਈ ਕੰਮ ਕਰਨ।
ਫੋਨ: 9988-92-9988
ਈ-ਮੇਲ: [email protected]

Previous articleA SERIOUS POLITICAL WARNING TO Mr. CHANDRA BABU NAIDU OF TELUGU DESAM & Mr. NITISH KUMAR OF JANATA DAL (U)
Next articleਸਮਾਜ ਵਿੱਚ ਸੁਧਾਰ ਨਾ ਹੋਇਆ