ਬੁੱਧ ਚਿੰਤਨ

ਲੀਡਰ ਬਣ ਜਾ ਯਾਰ, ਸਲਾਮਾਂ ਹੋਣਗੀਆਂ !

(ਸਮਾਜ ਵੀਕਲੀ) ਸਮਾਜ ਦੇ ਵਿੱਚ ਜਿਉਂਦੇ ਰਹਿਣ ਲਈ ਲੋਕਾਂ ਨੂੰ ਜਗਾਉਣ ਦੀ ਵਜਾਏ, ਸੁੱਤੇ ਰੱਖਣ ਲਈ ਸਮਾਜਿਕ ਚੇਤਨਾ ਦੀ ਲੋੜ ਨਹੀਂ ਹੁੰਦੀ ਸਗੋਂ ਕੋਈ ਕਰਾਮਾਤ ਕਰਨ ਦੀ ਲੋੜ ਹੁੰਦੀ ਹੈ। ਕਿਉਂਕਿ ਅਸੀਂ ਕਰਾਮਾਤਾਂ ਉਤੇ ਬਹੁਤਾ ਵਿਸ਼ਵਾਸ ਕਰਦੇ ਹਾਂ। ਇਸੇ ਕਰਕੇ ਅਸੀਂ ਸਾਰਾ ਦਿਨ ਧਰਮ ਦੀਆਂ ਦੁਕਾਨਾਂ ਮੂਹਰੇ ਝੁਕਦੇ ਰਹਿੰਦੇ ਹਾਂ। ਹਰ ਵੇਲੇ ਝੁੱਕਣ ਕਰਕੇ ਸਾਡਾ ਤਨ, ਮਨ ਹੀ ਨਹੀਂ ਸਗੋਂ ਸੋਚ ਸਮਝ ਨੂੰ ਵੀ ਸਦੀਵੀ ਮੋਚ ਆ ਜਾਂਦੀ ਹੈ। ਇਹ ਮੋਚ ਸਾਰੀ ਉਮਰ ਨਹੀਂ ਨਿਕਲਦੀ। ਅਸੀਂ ਇਸ ਮੋਚ ਨੂੰ ਕੱਢਣ ਦੀ ਵਜਾਏ ਪੱਕੀ ਕਰਨ ਲਈ ਚਾਨਣ ਵੱਲ ਨਹੀਂ ਸਗੋਂ ਹਨੇਰ ਵੱਲ ਵੱਧਦੇ ਹਾਂ। ਮਨ ਦੇ ਵਿੱਚ ਹਨੇਰਾ ਵਧਾਉਂਦੇ ਹੋਏ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਣ ਦਾ ਭ੍ਰਮ ਪਾ ਲੈਂਦੇ ਹਾਂ। ਭ੍ਰਮ, ਵਹਿਮ ਤੇ ਸ਼ੱਕ ਦਾ ਕੋਈ ਵੀ ਇਲਾਜ ਨਹੀਂ ਹੁੰਦਾ। ਅਸੀਂ ਇਸ ਬੀਮਾਰੀ ਤੋਂ ਖਹਿੜ੍ਹਾ ਛੁਡਾਉਣ ਦੇ ਲਈ ਨਹੀਂ ਸਗੋਂ ਪੱਕੀ ਕਰਨ ਵਾਸਤੇ ਭ੍ਰਮ ਫੈਲਾਉਣ ਵਾਲੇ ਸਾਧਾਂ ਦੇ ਡੇਰਿਆਂ ਵੱਲ ਦੌੜ ਦੇ ਆ। ਸੇਵਾ ਤੇ ਸਿਮਰਨ ਦੀ ਆੜ ਵਿੱਚ ਇਸ ਬੀਮਾਰੀ ਨੂੰ ਹੋਰ ਵੀ ਪ੍ਰਪੱਕ ਕਰਦੇ ਹਾਂ। ਅਸੀਂ ਚੇਤਨਾ ਪੈਦਾ ਕਰਨ ਵਾਸਤੇ ਗਿਆਨ ਵੱਲ ਨਹੀਂ ਸਗੋਂ ਧਿਆਨ ਵੱਲ ਦੌੜ ਦੇ ਆ। ਸਾਨੂੰ ਵਹਿਮ ਹੈ ਕਿ ਧਿਆਨ ਮੁਕਤੀ ਦਾ ਮਾਰਗ ਹੈ। ਅਸੀਂ ਮਾਨਸਿਕ ਮੁਕਤੀ ਨਹੀਂ ਸਰੀਰਕ ਮੁਕਤੀ ਚਾਹੁੰਦੇ ਹਾਂ। ਇਸੇ ਕਰਕੇ ਅਸੀਂ ਤਨ, ਮਨ ਤੇ ਧਨ ਨਾਲ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੇ ਗੁਲਾਮ ਬਣ ਜਾਂਦੇ ਹਾਂ। ਅਸੀਂ ਤਨ ਦੀ ਮੁਕਤੀ ਦੀ ਭਾਲ ਵਿੱਚ ਆਪਣਾ ਧਨ ਤੇ ਤਨ ਲੁਟਾਉਂਦੇ ਰਹਿੰਦੇ ਹਾਂ। ਅਸੀਂ ਸੋਚ ਤੇ ਸਮਝ ਦੀ ਆਜ਼ਾਦੀ ਦੀ ਵਜਾਏ ਤਨ ਦੀ ਆਜ਼ਾਦੀ ਚਾਹੁੰਦੇ ਹਾਂ। ਪਰ ਅਸੀਂ ਆਪ ਹੀ ਸਿਰਜੇ ਭਰਮਾਂ ਦੇ ਗੁਲਾਮ ਬਣੇ ਰਹਿੰਦੇ ਹਾਂ। ਅਸੀਂ ਜਦੋਂ ਵੀ ਜਾਗਦੇ ਹਾਂ ਤਾਂ ਸਾਡੇ ਕੰਨਾਂ ਵਿੱਚ ਧਰਮ ਦਾ ਰਸ ਪੈਣ ਲੱਗਦਾ ਹੈ। ਧਰਮ ਦੇ ਠੇਕੇਦਾਰ ਸਾਨੂੰ ਮੁਕਤੀ ਦੇ ਰਾਹ ਤੋਰਨ ਲਈ ਨਵੇਂ ਤਰੀਕੇ ਦੱਸਦੇ ਹਨ। ਧਰਮ ਦੇ ਠੇਕੇਦਾਰਾਂ ਦੀ ਸਰਕਾਰ ਤੇ ਸਿਆਸਤ ਨਾਲ ਪੀਡੀ ਸਾਂਝ ਐ। ਇਹ ਤਿੰਨੇ ਹੀ ਰਲ ਮਿਲ ਕੇ ਰਹਿੰਦੇ ਹਨ ਤੇ ਲੋਕਾਂ ਨੂੰ ਵਰਤਦੇ ਹਨ। ਅਸੀਂ ਸਦੀਆਂ ਤੋਂ ਮੁਕਤੀ ਦੀ ਭਾਲ ਵਿੱਚ ਵਰਤੇ ਜਾ ਰਹੇ ਹਾਂ। ਅਸੀਂ ਜਦੋਂ ਇਹਨਾਂ ਤੋਂ ਆਜ਼ਾਦ ਹੋਣ ਵਾਸਤੇ ਚੇਤਨ ਹੁੰਦੇ ਆ, ਉਦੋਂ ਹੀ ਕੋਈ ਜਾਤ ਤੇ ਧਰਮ ਦਾ ਹਮਲਾ ਹੋ ਜਾਂਦਾ ਹੈ। ਅਸੀਂ ਆਪਸ ਵਿੱਚ ਹੀ ਲੜ ਝਗੜ ਕੇ ਮਰ ਜਾਂਦੇ ਹਾਂ ਜਾਂ ਜ਼ਖ਼ਮੀ ਹੋ ਜਾਂਦੇ ਹਾਂ। ਫੇਰ ਇਹਨਾਂ ਜ਼ਖਮਾਂ ਨੂੰ ਪਲੋਸਦੇ ਰਹਿੰਦੇ ਹਾਂ। ਅਸੀਂ ਗਾਉਂਦੇ ਹਾਂ, ਇਹਨਾਂ ਜ਼ਖਮਾਂ ਦਾ ਕੀ ਕਹਿਣਾ, ਜਿਹਨਾਂ ਰੋਜ਼ ਹਰੇ ਰਹਿਣਾ। ਇਹ ਜ਼ਖ਼ਮ ਸਾਨੂੰ ਭੁਲਾਉਣ ਲਈ ਜਸ਼ਨ ਕਰਵਾਇਆ ਜਾਂਦਾ ਹੈ। ਅਸੀਂ ਜਸ਼ਨ ਤੋਂ ਪਹਿਲਾਂ ਹਵਨ, ਪੂਜਾ, ਪਾਠ ਤੇ ਅਰਦਾਸ ਦੇ ਉਲਝਾਇਆ ਜਾਂਦਾ ਹੈ। ਇਹ ਸਮਝਾਇਆ ਜਾਂਦਾ ਹੈ ਕਿ ਮੁਕਤੀ ਦਾ ਮਾਰਗ ਭਗਤੀ ਐ। ਭਗਤੀ ਲਈ ਗਿਆਨ ਦੀ ਨਹੀਂ ਧਿਆਨ ਧਰਨ ਤੇ ਕਰਨ ਦੀ ਲੋੜ ਹੁੰਦੀ ਹੈ। ਮੁਕਤੀ ਧਿਆਨ ਨਾਲ ਨਹੀਂ ਸਗੋਂ ਅਧਿਐਨ ਕਰਨ ਨਾਲ ਚਿੰਤਨ ਪੈਦਾ ਹੁੰਦਾ। ਚਿੰਤਨ ਕਰਨ ਨਾਲ ਚੇਤਨਾ ਪੈਦਾ ਹੁੰਦੀ ਹੈ। ਚੇਤਨਾ ਆਉਣ ਨਾਲ ਸੱਚ ਤੇ ਝੂਠ ਦੇ ਫ਼ਰਕ ਦਾ ਪਤਾ ਲੱਗਦਾ ਹੈ। ਚੇਤਨਾ ਦੀ ਸ਼ਕਤੀ ਹਰ ਸ਼ਖ਼ਸ ਦੇ ਅੰਦਰ ਐ। ਇਸਨੂੰ ਸਮਝਣ ਲਈ ਗਿਆਨ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ। ਲੋੜ ਪੂਰੀ ਕਰਨ ਲਈ ਤੁਰਨਾ ਪੈਂਦਾ ਹੈ। ਤੁਰਨ ਵਾਲੇ ਮੰਜ਼ਲਾਂ ਤੱਕ ਪੁੱਜਦੇ ਹਨ। ਰਸਤਿਆਂ ਵਿੱਚ ਲੱਗੇ ਧਰਮ ਦੇ ਨਾਕਿਆਂ ਤੋਂ ਬਚ ਕੇ ਨਿਕਲਣਾ ਹੁੰਦਾ ਹੈ। ਪਰ ਅਸੀਂ ਇਹਨਾਂ ਧਰਮ ਦੇ ਨਾਕਿਆਂ ਉੱਤੇ ਫ਼ਸ ਜਾਂਦੇ ਆਂ। ਧਰਮ ਦੀ ਸਿਆਸਤ ਸਦੀਆਂ ਤੋਂ ਫ਼ਲ ਤੇ ਫੁੱਲ ਰਹੀ ਹੈ। ਇਸੇ ਕਰਕੇ ਜਨ ਚੇਤਨਾ ਦੀ ਲਹਿਰ ਮੰਝਧਾਰ ਵਿੱਚ ਫਸੀ ਐ। ਸਿਆਸਤ ਸਦਾ ਧਰਮ ਦੀ ਆੜ੍ਹ ਵਿੱਚ ਲੋਕਾਂ ਦੀ ਚੇਤਨਾ ਨੂੰ ਦਬਾਉਂਦੀ ਹੈ। ਉਹ ਜਾਣਦੀ ਐਂ ਧਰਮ ਮੁਕਤੀ ਦਾ ਮਾਰਗ ਨਹੀਂ ਸਗੋਂ ਸੱਤਾ ਦੇ ਸਿੰਘਾਸਨ ਵੱਲ ਜਾਂਦਾ ਰਸਤਾ ਹੈ। ਇਸੇ ਕਰਕੇ ਉਹ ਧਰਮ ਦੀ ਆੜ੍ਹ ਹੇਠ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਤੇ ਭਨਾਉਣ ਵਾਸਤੇ ਹਰ ਤਰੀਕਾ ਵਰਤ ਦੀ ਐ। ਧਰਮ ਨਹੀਂ ਸਗੋਂ ਧਰਮ ਦੇ ਠੇਕੇਦਾਰ ਸਾਨੂੰ ਵੈਰ ਰੱਖਣ ਦਾ ਪਾਠ ਕੰਠਿ ਕਰਵਾਉਂਦੇ ਹਨ। ਸਦੀਆਂ ਤੋਂ ਇਹ ਧਰਮ ਦੇ ਵਪਾਰੀ ਮਨੁੱਖਤਾ ਦਾ ਘਾਣ ਕਰ ਰਹੇ ਹਨ। ਹੁਣ ਇਕ ਵਾਰ ਫਿਰ ਧਰਮ ਦੀਆਂ ਜੜ੍ਹਾਂ ਲਗਾਉਣ ਲਈ ਸਿਆਸਤ ਨੇ ਸ਼ਤਰੰਜ ਵਿਛਾਈ ਐ। ਪਰ ਜਦੋਂ ਹੱਕਾਂ ਦੀ ਰਾਖੀ ਲਈ ਲੋਕ ਜਾਗ ਪੈਣ ਤਾਂ ਹਾਕਮ ਧਰਮ ਦਾ ਪੱਤਾ ਖੇਡ ਦਾ ਹੈ। ਅਜੋਕੇ ਸਮਿਆਂ ਦੇ ਵਿੱਚ ਰੋਟੀ ਰੋਜ਼ੀ ਨਾਲੋਂ ਧਰਮ ਜਰੂਰੀ ਬਣਾ ਦਿੱਤਾ ਹੈ। ਧਰਮ ਦਾ ਕੀ ਧਰਮ ਸੀ ਸਭ ਲੋਕਤਾ ਨੂੰ ਭੁੱਲਾ ਦਿੱਤਾ ਹੈ। ਧਰਮ ਦੇ ਨਾਮ ਉਤੇ ਦੰਗੇ ਹੋ ਸਕਦੇ ਹਨ ਪਰ ਰੋਜ਼ੀ ਤੇ ਰੋਟੀ ਖਾਤਰ ਲੋਕਾਂ ਨੂੰ ਇਕੱਠੇ ਕਰਨਾ ਮੁਸ਼ਕਿਲ ਹੈ। ਜਦ ਲੋਕਾਂ ਨੂੰ ਜਾਤ, ਧਰਮ ਤੇ ਜਮਾਤ ਦੀ ਸੂਝ ਆਉਣ ਲੱਗਦੀ ਹੈ। ਕੋਈ ਨਾ ਕੋਈ ਕਰਾਮਾਤ ਹੋ ਜਾਂਦੀ ਹੈ। ਭਾਵੇਂ ਕੋਈ ਵੀ ਘਟਨਾ ਅਚਾਨਕ ਨਹੀਂ ਵਾਪਰਦੀ । ਹਰ ਘਟਨਾ ਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ । ਹਰ ਮਕਸਦ ਦੇ ਪਿੱਛੇ ਰਾਜਨੀਤੀ ਹੁੰਦੀ ਹੈ। ਰਾਜਨੀਤੀ ਦਾ ਵੀ ਆਪਣਾ ਮਕਸਦ ਹੁੰਦਾ ਹੈ ਪਰ ਇਹ ਮਕਸਦ ਆਮ ਲੋਕਾਂ ਨੂੰ ਸਮਝ ਨਹੀਂ ਆਉਦਾ । ਸਮਝ ਗਿਆਨ ਤੇ ਤਜਰਬੇ ਨਾਲ ਆਉਦੀ ਹੈ। ਗਿਆਨ ਜਦ ਵਿਕਾਊ ਤੇ ਅਰਥਹੀਣ ਹੋ ਜਾਵੇ ਤਾਂ ਫੇਰ ਸ਼ਰਧਾ ਧਰਮ ਵੱਲ ਝੁਕਦੀ ਹੈ। ਧਰਮ ਸ਼ਰਧਾ ਦੇ ਮਗਰ ਲੱਗ ਕੇ ਕਰਮ ਭੁੱਲ ਜਾਂਦਾ ਹੈ। ਭੁੱਲਿਆ ਹੋਇਆ ਮਨੁੱਖ ਹਨੇਰੇ ਵੱਲ ਤੁਰਦਾ ਹੈ। ਡਰ ਹੁੰਦਾ ਨਹੀਂ, ਡਰ ਫੈਲਾਇਆ ਜਾਂਦਾ ਹੈ। ਲੋਕਾਂ ਦੇ ਮਨਾਂ ਵਿੱਚ ਬੀਜਿਆ ਜਾਂਦਾ ਹੈ। ਬੀਜ ਹੀ ਉਗਦਾ ਹੈ। ਜਿਸ ਨੂੰ ਬੀਜ ਦੀ ਪਰਖ ਹੋਵੇ ਉਸਦੀ ਫਸਲ ਸੁਨਹਿਰੀ ਉਗਦੀ ਹੈ। ਜੋ ਉਗਿਆ ਹੈ,ਉਹ ਵਿਕਦਾ ਹੈ। ਵਿਕਾਊ ਹਰ ਮੰਡੀ ਵਿੱਚ ਵਿਕਦਾ ਹੈ। ਧਰਤੀ ਉਤੇ ਸਦਾ ਕੌਣ ਟਿਕਦਾ ਹੈ। ਹਰ ਪਾਸੇ ਲੁੱਟਮਾਰ ਦਾ ਬੋਲਬਾਲਾ ਹੈ। ਹੁਣ ਸਮਾਜ ਦੇ ਅੰਦਰ ਕਈ ਤਰ੍ਹਾਂ ਦੀਆਂ ਲੁੱਟਮਾਰ ਚੱਲਦੀ ਹੈ। ਇਹ ਲੁੱਟਮਾਰ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਦੇ ਹਰ ਖੇਤਰ ਵਿੱਚ ਸਦੀਆਂ ਤੋਂ ਪਨਪ ਰਹੀ ਹੈ। ਹਰ ਥਾਂ ਉਤੇ ਕੁੱਝ ਚੁਸਤ ਤੇ ਚਲਾਕ ਬੰਦੇ ਸਮਾਜ ਦੀ ਸੇਵਾ ਦੇ ਨਾਮ ਉਤੇ ਪਹਿਲਾਂ ” ਲੋਕ ਸੇਵਾ ਚੈਰੀਟੇਬਲ ” ਲਈ ਕਮੇਟੀ ਗਠਨ ਕਰਦੇ ਹਨ। ਫੇਰ ਵੱਖ ਵੱਖ ਤਰ੍ਹਾਂ ਦੇ ਕੈਪ ਲਗਾ ਕੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਸਮਾਜ ਸੇਵੀ ਹੋਣ ਦਾ ਦੰਭ ਰਚਦੇ ਹਨ। ਹਰ ਤਿੱਥ ਤਿਉਹਾਰ ਦੇ ਉਪਰ ਕੋਈ ਮੁਫਤ ਕੈਪ ਲਗਾ ਕੇ ਲੋਕਾਂ ਵਿੱਚ ਆਪਣੇ ਆਪ ਨੂੰ ਸਮਾਜ ਸੇਵੀ ਅਖਵਾਉਣ ਦੀਆਂ ਕਹਾਣੀਆਂ ਫੈਲਾਉਦੇ ਹਨ ਤੇ ਦਾਨ ਕਰਨ ਵਾਲਿਆਂ ਨੂੰ ਮਗਰ ਲਗਾਉਦੇ ਹਨ। ਖੇਤਰ ਕੋਈ ਵੀ ਹੋਵੇ ਸਭ ਪਾਸੇ ਹੀ ਇਹਨਾਂ ਦਾ ਬੋਲਬਾਲਾ ਹੈ। ਸਿਹਤ, ਸਿੱਖਿਆ ਦੇ ਵਿੱਚ ਹੁਣ ਸੰਸਥਾਵਾਂ ਵੱਡੀਆਂ ਇਮਾਰਤਾਂ ਦੇ ਵਿੱਚ ਚੱਲ ਰਹੀਆਂ ਹਨ, ਇਹ ਸਭ ਲੋਕ ਸੇਵਾ ਦੇ ਨਾਲ ਸ਼ੁਰੂ ਹੋਈਆਂ ਜਦੋਂ ਕਾਰੋਬਾਰ ਚੱਲ ਗਿਆ ਫੇਰ ਸੇਵਾ ਦਾ ਰੂਪ ਬਦਲ ਗਿਆ । ਪਹਿਲਾਂ ਮੁਫਤ ਫੇਰ ਇਕ ਰੁਪਏ ਦੀ ਫੀਸ ਲੈ ਕੇ ਸਮਾਜ ਵਿੱਚ ਆਪਣੀ ਥਾਂ ਬਣਾਈ । ਹੁਣ ਤੁਸੀਂ ਸਭ ਦੇਖਦੇ ਹੀ ਸਗੋਂ ਆਪਣੇ ਪਿੰਡੇ ਉਤੇ ਸਭ ਜਰ ਰਹੇ ਹੋ। ਹੁਣ ਲੋਕ ਸੇਵਾ ਦੇ ਨਾਮ ਹੇਠਾਂ ਜਨਮੀਆਂ ਸਿਹਤ ਤੇ ਸਿੱਖਿਆ ਦੀਆਂ ਸੰਸਥਾਵਾਂ ਲੋਕਾਂ ਦੀ ਜਾਨ ਦਾ ਕਜੀਆ ਬਣ ਗਈਆਂ ਹਨ । ਇਨ੍ਹਾਂ ਦੇ ਮਾਲਕਾਂ ਦੀਆਂ ਜੜ੍ਹਾਂ ਸਿਆਸਤ ਦੇ ਵਿੱਚ ਹਨ। ਸਮਾਜ ਦੇ ਵਿੱਚ ਕੋਈ ਵੀ ਕਾਰੋਬਾਰ ਜੇ ਤੁਸੀਂ ਕਰਨਾ ਹੈ ਤਾਂ ਤੁਹਾਨੂੰ ਪ੍ਰਸਾਸ਼ਨ ਤੇ ਸਿਆਸੀ ਲੋਕਾਂ ਦੀ ਸਰਪ੍ਰਸਤੀ ਦੀ ਲੋੜ ਹੁੰਦੀ ਹੈ, ਜੇ ਨਹੀਂ ਤਾਂ ਤੁਸੀਂ ਆਪਣਾ ਕਾਰੋਬਾਰ ਨਹੀਂ ਕਰ ਸਕਦੇ। ਹੁਣ ਸਭ ਕੁੱਝ ਦਾ ਨਿੱਜੀਕਰਨ ਹੋਣ ਦੇ ਕਰਕੇ ਲੁੱਟਮਾਰ ਵੱਧ ਗਈ ਹੈ। ਦੇਸ਼ ਦੀ ਵੰਡ ਹੋਇਆ ਸਾਢੇ ਸੱਤ ਹੋ ਗਏ। ਇਹਨਾਂ ਸੱਤ ਦਹਾਕਿਆਂ ਦੇ ਜੋ ਕੁੱਝ ਹੋਇਆ ਸਭ ਦਿਲ ਕੰਬਾਊ ਹੈ। ਹੁਣ ਤਾਂ ਹਰ ਪਾਸੇ ਹੀ ਲੁੱਟਮਾਰ ਵਧੀ ਹੈ। ਜਿਸਦਾ ਜਿਸ ਥਾਂ ਉਤੇ ਹੱਥ ਪੈਂਦਾ ਹੈ.ਉਹ ਆਪਣੀ ਲੁੱਟਮਾਰ ਕਰਦਾ ਹੈ। ਹਰ ਕੋਈ ਦੂਜੇ ਦੇ ਮੋਢਿਆਂ ਦੇ ਉਪਰ ਬੰਦੂਕ ਰੱਖ ਕੇ ਆਪਣਾ ਮਕਸਦ ਪੂਰਾ ਕਰਦਾ ਹੈ। ਅੱਜਕੱਲ੍ਹ ਸਿਆਸਤ ਦੇ ਵਿੱਚ ਪ੍ਰਤੱਖ ਹੋ ਰਿਹਾ ਹੈ। ਹਾਲਤ ਦਿਨੋਂ ਦਿਨ ਪਤਲੀ ਹੋ ਰਹੀ ਹੈ। ਕਿਹੜਾ,ਕਿਸਦੇ ਵਾਸਤੇ ਕਾਰੋਬਾਰ ਕਰਦਾ ਹੈ ? ਪਹਿਲੀ ਨਜ਼ਰ ਪਤਾ ਨਹੀਂ ਲੱਗਦਾ ਪਰ ਜਦੋਂ ਪਤਾ ਲੱਗਦਾ ਹੈ ਲੋਕ ਹੱਥ ਮਲਦੇ ਤੇ ਸੋਚਦੇ ਹੀ ਰਹਿ ਜਾਂਦੇ ਹਨ। ਹੁਣ ਵੀ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੀ ਤਿਕੜਮਬਾਜ਼ੀ ਦੇ ਚਾਣਕਯ ਕੋਈ ਹੋਰ ਹਨ । ਮੰਚ ਉਤੇ ਪਾਤਰ ਕੋਈ ਹੋਰ ਹਨ ਪਰ ਉਨ੍ਹਾਂ ਦੀਆਂ ਵਾਗਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ। ਸਿਆਸਤ ਦੇ ਵਿੱਚ ਹੋ ਰਿਹਾ ਕੱਠਪੁਤਲੀ ਨਾਚ ਦਾ ਅਸਲੀ ਸੱਚ ਭਵਿੱਖ ਦੇ ਗਰਭ ਵਿੱਚ ਹੈ। ਚਿਹਰੇ ਵਰਤੇ ਜਾ ਰਹੇ ਹਨ। ਜਾਤ ਤੇ ਊਚ ਨੀਚ ਦਾ ਕੋਹੜ ਜ਼ੋਰਦਾਰ ਢੰਗ ਨਾਲ ਫੈਲਾਇਆ ਜਾ ਰਿਹਾ ਹੈ। ਸਭ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਤੇਰੀ ਥਾਂ ਕੀ ਹੈ ? ਜਾਤ ਦਾ ਕੋਹੜ ਪੰਜਾਬ ਦੀਆਂ ਰਗਾਂ ਦੇ ਵਿੱਚ ਤਾਂ ਸਦੀਆਂ ਤੇ ਯੁੱਗਾਂ ਤੋਂ ਹੈ। ਮੌਕਾ ਪ੍ਰਸਤ ਇਸਨੂੰ ਮੌਕੇ ਅਨੁਸਾਰ ਵਰਤਦੇ ਹਨ। ਚੋਣਾਂ ਦੇ ਦਿਨੀਂ ਕੀੜੀ ਦੇ ਘਰ ਨਰੈਣ ਆਉਦੇ ਹਨ। ਕੀੜੀਆਂ ਤੇ ਕੀੜਿਆਂ ਦੇ ਨਾਲ ਰਲ ਕੇ ਭੋਜਨ ਛਕਦੇ ਹਨ ਤੇ ਉਨ੍ਹਾਂ ਦੇ ਚਰਨ ਛੂਹਦੇ ਹਨ। ਮੁਸ਼ਕਿਲ ਵਿੱਚ ਗਧੇ ਨੂੰ ਬਾਪ ਬਣਾਉਣਾ ਆਮ ਗੱਲ ਹੈ। ਸਿਆਸਤ ਦੇ ਵਿੱਚ ਇਹ ਆਮ ਹੈ। ਕਿਸੇ ਦਾ ਕਿਸੇ ਦੇ ਉਪਰ ਕੋਈ ਭਰੋਸਾ ਨਹੀਂ । ਹਰ ਕੋਈ ਆਪਣਾ ਕਾਰੋਬਾਰ ਦੇਖਦਾ ਹੈ। ਕਿਸ ਨੂੰ ਗਲੇ ਲਗਾਉਣਾ ਤੇ ਕਿਸਦਾ ਗਲਾ ਘੁੱਟਣਾ ਹੈ…ਮੌਕੇ ਉਤੇ ਹੀ ਫੈਸਲਾ ਹੁੰਦਾ ਹੈ। ਮਾਸਟਰ ਤਰਲੋਚਨ ਦਾ ਗੀਤ ਹੈ..
.” ਲੀਡਰ ਬਣ ਜਾ ਯਾਰ
ਸਲਾਮਾਂ ਹੋਣਗੀਆਂ ।”
ਸਮਾਜ ਹਰ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਹੈ । ਸਮਾਜ ਵਿੱਚ ਲਿਆਕਤ ਦਾ ਨਹੀਂ ਜਾਤ ਤੇ ਕਾਰੋਬਾਰ ਦਾ ਮੁੱਲ ਹੈ । ਮੁੱਲ ਕੁੱਝ ਵੀ ਖਰੀਦਿਆ ਜਾ ਸਕਦਾ ਹੈ। ਸਮਾਜ ਵਿੱਚ ਹਰ ਕੋਈ ਮੰਡੀ ਦੀ ਜਿਣਸ ਬਣ ਗਿਆ ਹੈ, ਵਿਕਾਊ ਮਾਲ। ਹੁਣ ਲੋਕਾਂ ਦੀਆਂ ਭਾਵਨਾਵਾਂ ਤੋਂ ਲੈ ਕੇ ਜਿਸਮ ਵੇਚਣ ਤੇ ਖਰੀਦਣ ਦਾ ਕਾਰੋਬਾਰ ਸਿਖਰ ਉਪਰ ਹੈ। ਧਰਮ ਵਾਲੇ ਧਰਮ ਵੇਚਦੇ ਨੇ ਤੇ ਬੇਸ਼ਰਮ ਸ਼ਰਮ ਵੇਚਦੇ ਹਨ। ਹੁਣ ਮਨੁੱਖ ਨਹੀਂ ਵਿਕਦੇ ਜਿਣਸ ਵਿਕਦੀ ਹੈ। ਵੇਚਣ ਵਾਲੇ ਤੇ ਖਰੀਦਣ ਵਾਲੇ ਕੋਈ ਹੋਰ ਹਨ। ਲੋਕਾਂ ਦੀਆਂ ਭਾਵਨਾਵਾਂ ਨੂੰ ਵੇਚਣਾ ਕਦੋਂ ਤੇ ਕਿਥੇ ਹੈ ਪਤਾ ਨਹੀ ਹੁੰਦਾ । ਇਹਨਾਂ ਭਾਵਨਾਵਾਂ ਨੂੰ ਭੜਕਾਉਣਾ ਕਦੋਂ ਹੈ ਸਭ ਸਿਆਸਤ ਜਾਣਦੀ ਹੈ। ਲੋਕਾਂ ਦੀਆਂ ਭਾਵਨਾਵਾਂ ਬਹੁਤ ਕੋਮਲ ਹਨ ਤੇ ਕਾਰੋਬਾਰੀ ਬਹੁਤ ਸਖ਼ਤ ਹਨ ਤੇ ਖਮਿਆਜਾ ਲੋਕ ਭੁਗਤਦੇ ਹਨ। ਹਰ ਵਾਰ ਭਾਵਨਾਵਾਂ ਤੇ ਦੇਹਾਂ ਦੇ ਕਤਲੇਆਮ ਤੋਂ ਬਾਅਦ ਅਮਨ ਤੇ ਸ਼ਾਂਤੀ ਦਾ ਭਰਾਤਰੀ ਦਾ ਕਾਰੋਬਾਰ ਹੁੰਦਾ ਹੈ। ਕਤਲੇਆਮ ਤੋਂ ਬਾਅਦ ਭਾਈਚਾਰੇ ਨੂੰ ਮਜ਼ਬੂਤ ਰੱਖਣ ਦਾ ਪਾਠ ਕਰਵਾਇਆ ਜਾਂਦਾ ਹੈ। ਸਾਂਝ ਦੇ ਦੀਵੇ ਜਗਾਏ ਜਾਂਦੇ ਹਨ। ਸਭ ਇਕ ਹੀ ਹਨ ਦਾ ਸਬਕ ਦੁਰਹਾਇਆ ਜਾਂਦਾ ਹੈ। ਇਹ ਕਾਰੋਬਾਰ ਵੀ ਦਹਾਕਿਆਂ ਤੇ ਸਦੀਆਂ ਤੋਂ ਚੱਲ ਰਿਹਾ ਹੈ। ਲੋਕ ਹਰ ਵਾਰ ਮੂਰਖ ਬਣਦੇ ਹਨ ਤੇ ਬਣਦੇ ਰਹਿਣਗੇ । ਲੋਕਾਂ ਦੇ ਕੋਲ ਅਕਲ ਦਾ ਖਾਨਾ ਨਹੀ ਜੇ ਕਿਸੇ ਨੇ ਹਾਸਲ ਕਰ ਲਿਆ ਤਾਂ ਉਸਦੇ ਵਿੱਚ ਧਰਮ ਤੇ ਹੰਕਾਰ ਦਾ ਭਰਤ ਪਾ ਕੇ ਉਸਨੂੰ ਬਰਾਬਰ ਕੀਤਾ ਜਾਂਦਾ ਹੈ। ਲੁੱਟਮਾਰ ਦਾ ਕਾਰੋਬਾਰ ਹੁਣ ਚਰਮਸੀਮਾ ਉਪਰ ਹੈ। ਇਹ ਉਸ ਵੇਲੇ ਤੱਕ ਹੁੰਦਾ ਰਹੇਗਾ ਜਦੋਂ ਤੱਕ ਅਸੀਂ ਆਪਣਾ ਮੂਲਿ ਨਹੀਂ ਪਛਾਣ ਦੇ।
ਗੁਰੂ ਸਾਹਿਬ ਨੇ ਆਖਿਆ ਸੀ ਕਿ..
” ਮਨ ਤੂੰ ਜੋਤਿ ਸਰੂਪ ਹੈ
ਆਪਣਾ ਮੂਲਿ ਪਛਾਣੁ ॥
ਗੁਰੂ ਜੀ ਹੁਕਮ ਮੰਨ ਕੇ ਕਿਸਨੇ ਕਦ ਤੇ ਕਦੋਂ ਆਪਣਾ ਪਛਾਣਿਆ ਹੈ ? ਜੇ ਲੋਕਾਂ ਨੇ ਆਪਣਾ ਮੂਲਿ ਪਛਾਣਿਆ ਹੁੰਦਾ ਤਾਂ ਇਹ ਕੁੱਝ ਨਹੀਂ ਸੀ ਹੋਣਾ, ਜੋ ਹੋ ਰਿਹਾ ਹੈ। ਮੱਛੀਆਂ ਪੱਥਰ ਚੱਟਣ ਜਾ ਰਹੀਆਂ ਹਨ ਪਰ ਵਾਪਸ ਨਹੀਂ ਪਰਤਦੀਆਂ । ਇਹ ਮੱਛੀਆਂ ਕਦ ਵਾਪਸ ਪਰਤਣਗੀਆਂ ? ਇਹ ਕਹਿਣਾ ਮੁਸ਼ਕਲ ਹੈ।

ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਧ ਰਹੇ ਜਲਵਾਯੂ ਸੰਕਟ ਰੋਕਣ ਲਈ ਗਲਾਸਗੋ-26 ਪੈਕਟ ਲਈ ਸੰਘਰਸ਼ ਜ਼ਰੂਰੀ
Next articleSAMAJ WEEKLY = 05/06/2024