ਵਧ ਰਹੇ ਜਲਵਾਯੂ ਸੰਕਟ ਰੋਕਣ ਲਈ ਗਲਾਸਗੋ-26 ਪੈਕਟ ਲਈ ਸੰਘਰਸ਼ ਜ਼ਰੂਰੀ

ਜਗਦੀਸ਼ ਸਿੰਘ ਚੋਹਕਾ

(ਸਮਾਜ ਵੀਕਲੀ) ਪੂੰਜੀਵਾਦੀ ਕਾਰਪੋਰੇਟੀ ਦੇਸ਼ ਆਪਣੇ ਉਤਪਾਦਨ ਅਤੇ ਵੱਧ ਤੋਂ ਵੱਧ ਮੁਨਾਫ਼ਾ ਲੈਣ ਲਈ ਪਿਛਲੇ ਡੇੜ-ਸਦੀਆਂ ਤੋਂ ਫਾੱਸਿਲ (ਕੋਇਲਾ ਤੇ ਜ਼ਮੀਨ ਤੋਂ ਪੈਦਾ ਹੋਇਆ ਪੈਟਰੋਲੀਅਮ) ਦੀ ਵਰਤੋਂ ਕਰਕੇ ਆਪਣੇ ਕਾਰਖਾਨੇ ਚਲਾ ਕੇ ਅਥਾਹ ਕਾਰਬਨ ਡਾਈਉਕਸਾਈਡ ਪੈਦਾ ਕਰ ਰਹੇ ਹਨ। ਵਾਤਾਵਰਨ ਵਿੱਚ ਪੈਦਾ ਹੋਈਆਂ ਗੈਸਾਂ ਦੇ ਰਿਸਆ ਕਾਰਨ ਤਾਪਮਾਨ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਦੁਨੀਆ ਦਾ ਤਾਪਮਾਨ ਵੱਧਣ ਕਾਰਨ ਮੌਸਮਾਂ ਵਿੱਚ ਤਬਦੀਲੀ ਆਉਣੀ ਲਾਜ਼ਮੀ ਹੈ! ਤਾਪਮਾਨ ਵਿੱਚ ਡੇੜ ਡਿਗਰੀ ਸੈਲਸੀਅਸ ਵਾਧੇ ਕਾਰਨ ਕਿਤੇ ਤਾਂ ਗਰਮੀ ਵਧ ਰਹੀ ਹੈ ਤੇ ਕਈ ਥਾਵਾਂ ‘ਤੇ ਮੌਸਮ ਲੰਬਾ ਹੋ ਰਿਹਾ ਹੈ। ਜਲਵਾਯੂ ਤਬਦੀਲੀ ਇਕ ਜਮਾਤੀ ਮੁੱਦਾ ਹੈ, ਕਿਉਂਕਿ ਪੂੰਜੀਵਾਦ ਦੁਆਰਾ ਕੁਦਰਤੀ ਸਰੋਤਾਂ ਦੀ ਬੇਕਿਰਕੀ ਨਾਲ ਬੇਕਾਬੂ ਲੁੱਟ ਹੋ ਰਹੀ ਹੈ। ਸਾਲ 2015 ਨੂੰ ਪੈਰਿਸ ਗਲੋਬਲ ਵਾਰਮਿੰਗ ਸਬੰਧੀ ਜੋ ਫੈਸਲੇ ਹੋਏ ਸਨ; ਉਹਨਾਂ ‘ਤੇ ਅਮਲ ਕਰਨ ਲਈ ਅਮਰੀਕਾ ਅਤੇ ਹੋਰ ਅਮੀਰ ਪੂੰਜੀਵਾਦੀ ਦੇਸ਼ ਭੱਜ ਰਹੇ ਹਨ। ਅਗਸਤ 2021 ਵਿੱਚ ਜਲਵਾਯੂ ਤਬਦੀਲੀ ਉਪਰ ਅੰਤਰ-ਸਰਕਾਰੀ ਪੈਨਲ (ਆਈ.ਪੀ.ਸੀ.ਸੀ.) ਦੀ ਤਾਜ਼ਾ ਛੇਵੀਂ ਮੁਲਾਂਕਣ ਰਿਪੋਰਟ ਵਿੱਚ ਪਹਿਲੀ ਵਾਰ ਮੰਨਿਆ ਗਿਆ ਹੈ ਕਿ ਜਲਵਾਯੂ ਸੰਕਟ ਨੂੰ ਪੈਦਾ ਕਰਨ ਵਾਲੇ ਵਾਯੂ-ਮੰਡਲ ਅੰਦਰ ਗਰੀਨ ਹਾਊਸਾਂ ‘ਚ ਗੈਸ ਇਕਤੱਰ ਹੋਣ ਦਾ ਇਕੋ ਇਕ ਕਾਰਨ ਮਨੁੱਖੀ ਗਤੀਵਿਧੀਆਂ ਹਨ।

          ਸਪਸ਼ਟ ਤੌਰ ‘ਤੇ ਅਮਰੀਕਾ ਦੀ ਅਗਵਾਈ ‘ਚ ਚਲ ਰਹੇ ਪੂੰਜੀਵਾਦ ਦੇਸ਼ ਜਿਥੇ ਵਿਕਾਸਸ਼ੀਲ ਦੇਸ਼ਾਂ ਉਪਰ ਨਿਕਾਸ ਕਟੌਤੀ ਦਾ ਵਧੇਰੇ ਬੌਝ ਚੁੱਕਣ ਲਈ ਦਬਾਅ ਪਾ ਰਹੇ ਹਨ; ਉਥੇ ਉਹ ਇਹ ਮੰਨਦੇ ਹਨ ਕਿ ਉਹ ਖੁੱਦ ਕਾਰਬਨ ਰਹਿਤ ਅਰਥ ਵਿਵੱਸਥਾ ਵਿੱਚ ਤਬਦੀਲੀ ਲਈ ਹੋਰ ਵਧ ਸਮੇਂ ਦੀ ਛੋਟ ਪਾਉਣ ਨੂੰ ਜਾਇਜ਼ ਮੰਨਦੇ ਹਨ। ਜੇਕਰ ਸੰਸਾਰ ਦੇ ਕਰੋੜਾਂ ਲੋਕਾਂ ਦੀ ਸੁੱਖ-ਸ਼ਾਂਤੀ ਨੂੰ ਖਤਰੇ ਵਿੱਚ ਨਹੀਂ ਪਾਇਆ ਜਾਣਾ ਤਾਂ ਸੰਸਾਰ ਵਾਰਮਿੰਗ ਉਤਪਾਦਕ ਸ਼ਕਤੀਆਂ ਜਿਹੜੀਆਂ ਇਸ ਸੰਕਟ ਦੀਆਂ ਨੁਮਾਇੰਦਗੀ ਕਰਦੀਆਂ ਸਨ ਅਤੇ ਹੁਣ ਵੀ ਕਰ ਰਹੀਆ ਹਨ ਤਾਂ ਉਹਨਾਂ ਵਲੋਂ ਸਮਾਨਤਾ ਦੇ ਆਧਾਰ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ? ਸੀ.ਓ.ਪੀ-26 ਸੰਸਾਰ ਸਮਾਨਤਾ ਦੇ ਲਈ ਜਾਰੀ ਇਸ ਸੰਘਰਸ਼ ਦੀ ਤੀਬਰਤਾ ਨੂੰ ਦਰਸਾਉਂਦਾ ਹੈ, ਜੋ ਕਿ ਇਕ ਲੰਬਾ ਸੰਘਰਸ਼ ਹੋਵੇਗਾ। ਇਹ ਕੋਈ ਛੁੱਪੀ ਗਲ ਨਹੀਂ ਹੈ ਕਿ ਕਾਰਬਨ ਰਿਸਾਅ ਲਈ ਸਭ ਤੋਂ ਵਧ ਜਿੰਮੇਦਾਰ ਦੇਸ਼ ਉਹ ਹਨ ਜੋ ਉਤਪਾਦਨ ਵਧਾਉਣ ਲਈ ਵਧ ਤੋਂ ਵਧ ਜੈਵ-ਈਥਨ ਦਾ ਇਸਤੇਮਾਲ ਕਰ ਰਹੇ ਹਨ। ਪੂੰਜੀਵਾਦੀ ਦੇਸ਼ਾਂ ਨੇ ਤਾਂ ਆਪਣੇ ਟੀਚੇ ਪੂਰੇ ਕਰ ਲਏ ਹੋਏ ਹਨ, ਪਰ ਹੁਣ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ‘ਤੇ ਕਾਰਬਨ ਰਿਸਾਅ ਘਟਾਉਣ ਲਈ ਜ਼ੋਰ ਪਾ ਰਹੇ ਹਨ। ਪਰ ਨਾ ਹੀ ਸਹਾਇਤਾ ਦੇਣਾ ਮੰਨ ਕੇ ਵੀ ਅੱਗੇ ਨਹੀਂ ਆ ਰਹੇ ਹਨ।
          ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਅੰਦਰ ਲੋਕਾਂ ਲਈ ਰੁਜ਼ਗਾਰ ਅਤੇ ਹੋਰ ਜ਼ਰੂਰੀ ਸਹੂਲਤਾਂ ਦੇਣੀਆ ਪਹਿਲੀ ਥਾਂ ਤੇ ਹੋਣਾ ਚਾਹੀਦਾ ਹੈ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਅੰਨ੍ਹੇਵਾਹ ਵਿਕਾਸ ਦੇ ਨਾਂ ‘ਤੇ ਕੁਦਰਤ ਨਾਲ ਖਿਲਵਾੜ ਕੀਤਾ ਰਿਹਾ ਹੈ, ਕਿਵੇਂ ਜੰਗਲਾਂ ਦਾ ਇਕ ਵੱਢਿਉ ਸਫ਼ਾਇਆ ਵੀ ਕੀਤਾ ਜਾ ਰਿਹਾ ਹੈ।ਕੁਦਰਤੀ ਜੱਲ ਅਤੇ ਜਮੀਨ ‘ਤੇ ਕਬਜ਼ੇ ਕਰਕੇ ਕਿਸ ਤਰ੍ਹਾਂ ਆਪਣੇ ਮੁਫ਼ਾਦਾ ਲਈ ਕੁਦਰਤੀ ਦਿਖ ਨੂੰ ਵੀ ਖਤਮ ਕੀਤਾ ਰਿਹਾ ਹੈ। ਬੇਲੋੜੇ ਢੰਗ ਨਾਲ ਜਮੀਨਾਂ ਨੂੰ ਕੰਕਰੀਟ ਨਾਲ ਢੱਕਿਆ ਜਾ ਰਿਹਾ ਹੈ। ਇਹ ਸਭ ਤਰੀਕੇ ਕੁਦਰਤੀ ਵਾਤਾਵਰਣ ਦੀ ਦਿਖ ਨੂੰ ਠੇਸ ਪਹੁੰਚਾਉਣਾ  ਹੈ। ਕਾਰਬਨ ਰਿਸਾਅ ਕਾਰਨ ਥੋੜੇ ਜਿਹੇ ਵਾਧੇ ਨਾਲ ਸਮਾਨ ਵਾਤਾਵਰਨ ਗੜਬੜਾਅ ਜਾਂਦਾ ਹੈ, ਸਾਡੀ ਜੀਵਨ ਸ਼ੈਲੀ ਵੀ ਬਦਲੀ ਜਾ ਰਹੀ ਹੈ। ਪ੍ਰੰਪਕ ਅਤੇ ਗੈਰ-ਪ੍ਰੰਪਕ ਤੌਰ ਤਰੀਕੇ  ਵੀ ਬਦਲ ਰਹੇ ਹਨ। ਪਰ ਹਾਕਮ ਜਮਾਤਾਂ ਦੇ ਸਾਹਮਣੇ ਆਪਣੇ ਹਿਤ ਹੁੰਦੇ ਹਨ। ਉਹ ਤਾਂ ਆਪਣੇ ਸਨਅਤੀ ਪੈਦਾਵਾਰ ਅਤੇ ਮੰਡੀ ਦੇ ਵਿਸਥਾਰ ਲਈ ਹੀ ਚਿੰਤਤ ਹਨ। ਉਹਨਾਂ ਨੂੰ ਆਵਾਮ ਦੇ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਵੇਲੇ ਭਾਰਤ ਅੰਦਰ ਉੱਤਰੀ ਖੇਤਰ ਭੱਠੀ ਵਾਂਗ ਤੱਪ ਰਿਹਾ ਹੈ। ਇਸ ਖੇਤਰ ਅੰਦਰ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਅਸੀਂ ਰੱਜ ਕੇ ਕੁਦਰਤ ਦਾ ਰੇਪ ਕੀਤਾ ਹੈ ਤੇ ਹੁਣ ਇਸ ਦਾ ਖਮਿਆਜ਼ਾ ਵੀ ਭੁਗਤ ਰਹੇ ਹਨ। ਜਮੀਨੀ ਪਾਣੀ ਹੇਠਾਂ ਜਾ ਰਿਹਾ ਹੈ।
          ਜੱਲਵਾਯੂ ਅੰਦਰ ਵਿਕਾਸ ਅਤੇ ਵਾਤਾਵਰਨ ਵਿਚਕਾਰ ਇਕ ਸੰਤੁਲਨ ਕਾਇਮ ਹੋਣਾ ਚਾਹੀਦਾ ਹੈ। ਨਹੀਂ ਤਾਂ ਮੁਨਾਫਿਆਂ ਦੀ ਦੌੜ ਅੰਦਰ ਹਰ ਪਾਸੇ ਮੁਸੀਬਤਾਂ ਹੀ ਮੁਸੀਬਤਾਂ ਸਾਨੂੰ ਘੇਰ ਲੈਣਗੀਆਂ ? ਸਾਡੇ ਮੌਸਮ ਅਤੇ ਰੁੱਤਾਂ ਬਦਲ ਰਹੀਆਂ ਹਨ, ਕਿਤੇ ਗਰਮੀ ਦਾ ਕਹਿਰ ਅਤੇ ਕਿਤੇ ਠੰਡ ਵੱਧ ਰਹੀ ਹੈ। ਇਕ ਪਾਸੇ ਔੜਾਂ ਲੱਗ ਰਹੀਆਂ ਹਨ ਅਤੇ ਦੂਸਰੇ ਪਾਸੇ ਹੜ੍ਹਾਂ ਕਾਰਨ ਤਬਾਹੀ ਮੱਚੀ ਹੋਈ ਹੈ। ਜਲਵਾਯੂ ਅਨੁਸਾਰ ਕਾਰਬਨ ਰਿਸਾਅ ਰੋ ਕੇ ਸੰਸਾਰ ਤਾਪਮਾਨ ‘ਚ ਵਾਧੇ ਨੂੰ 1.5-ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ। ਇਹ ਟੀਚਾ 2025 ਤਕ ਪੂਰਾ ਕਰਨ ਲਈ ਉਸ ਤੋਂ ਅੱਗੇ ਵੀ ਹੋਰ ਕਮੀ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗੰਭੀਰ ਤਬਾਹਕੁੰਨ ਸਿੱਟੇ ਭੁਗਤਣੇ ਪੈਣਗੇ ? ਸੰਸਾਰ ਅੰਦਰ ਉਚ ਤਾਪਮਾਨ ਵਿੱਚ ਵਾਧੇ ਨਾਲ ਲੋਕ ਜੋ ਪਹਿਲਾਂ ਹੀ ਗਰੀਬੀ-ਗੁਰਬਤ ਅਤੇ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ ਤੇ ਉਹਨਾਂ ਦੇ ਸਿਰ ਹੋਰ ਸੰਕਟ ਦੇ ਬਦਲ ਛਾਅ ਜਾਣਗੇ।ਨਵੀਆਂ-ਨਵੀਆਂ ਬਿਮਾਰੀਆਂ ਵੀਸ਼ਾਣੂ ਅਤੇ ਲਾਗ ਦਾ ਕਹਿਰ ਹਰ ਪਾਸੇ ਪੈਰ ਪਾਸਾਰ ਰਿਹਾ ਹੈ। ਅੱਜੇ ਕੋਵਿਡ-19 ਦਾ ਹਊਆ ਸਾਡਾ ਪਿਛਾ ਨਹੀਂ ਛੱਡ ਰਿਹਾ ਹੈ। ਨਵੇਂ-ਨਵੇਂ ਹਮਲਿਆਂ ਤੋ਼ ਫਿਰ ਕਿਵੇਂ ਨਿਜਾਤ ਪਾਵਾਂਗੇ ?
          ਕਾਰਪੋਰੇਟੀ ਪੂੰਜੀਵਾਦੀ ਹਾਕਮਾਂ ਵਲੋਂ ਆਪਣੇ ਮੁਨਾਫੇ ਵਧਾਉਣ ਲਈ ਜਿਵੇਂ ਪਿਛਲੇ ਤਿੰਨ ਦਹਾਕਿਆ ਤੋਂ ਉਦਾਰੀਵਾਦੀ ਆਰਥਿਕ ਨੀਤੀਆਂ ਸ਼ੁਰੂ ‘ਤੇ ਜਾਰੀ ਰੱਖੀਆ ਹੋਈਆਂ ਹਨ। ਉਹਨਾਂ ਨੀਤੀਆਂ ਦੇ ਸਿੱਟੇ ਵਜੋਂ ਸੰਸਾਰ ਜਲਵਾਯੂ ਸਮੇਤ ਹਵਾ, ਪਾਣੀ ਅਤੇ ਜਮੀਨ ਅੰਦਰ ਕੁਦਰਤੀ ਵਾਤਾਵਰਣ ‘ਚ ਵਿਗਾੜ ਪੈਦਾ ਹੋਣ ਕਾਰਨ ਅੱਜ ਸਾਰੀ ਮਨੁੱਖਤਾ ਖਤਰੇ ਦੇ ਖੰਗਾਰ ‘ਤੇ ਖੜੀ ਹੈ। ਇਸ ਦਾ ਸਭ ਤੋਂ ਵੱਧ ਮਾਰੂ ਅਸਰ ਲੋਕਾਂ ਦੀ ਸਿਹਤ ਤੇ ਪੈ ਰਿਹਾ ਹੈ। ਤਾਪ-ਮਾਨ ਵੱਧ ਰਿਹਾ ਹੈ, ਬੇ-ਮੌਸਮਾਂ ਮੀਂਹ ਤੇ ਹੜ੍ਹ ਅਤੇ ਔੜ ਕਾਰਨ ਸਾਡੀਆਂ ਫਸਲਾਂ ਤਬਾਹ ਹੋ ਰਹੀਆਂ ਹਨ ਤੇ ਭੁੱਖਮਰੀ ‘ਚ ਵਾਧਾ ਹੋ ਰਿਹਾ ਹੈ ! ਵਾਤਾਵਰਣ ਵਿੱਚ ਆਏ ਵਿਗਾੜਾਂ ਕਾਰਨ ਮਨੁੱਖ ਸਿਹਤ ‘ਤੇ ਵੀ ਦੁਰ-ਪ੍ਰਭਾਵਾਂ ਦੇ ਅਸਰ ਸਾਹਮਣੇ ਆ ਰਹੇ ਹਨ। ਨਵੇਂ-ਨਵੇਂ ਕਿਸਮਾਂ ਦੇ ਵਾਇਰਸ ਜੀਵਾਣੂ ਅਤੇ ਬਿਮਾਰੀਆਂ ਦੇ ਮਾਰੂ ਹਮਲਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਇਹ ਸਾਡੇ ਲਈ ਜਾਨਲੇਵਾ ਹਨ ਉਥੇ ਇਨ੍ਹਾਂ ਤੋਂ ਨਿਜਾਤ ਪਾਉਣੀ ਵੀ ਮਹਿੰਗੀ ਪੈ ਰਿਹੀ ਹੈ। ‘ਲਾਸੇਂਟ` ਮੈਗਜੀਨ ਦੀ ਇਕ ਖਬਰ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਸਮੇਂ ‘ਤੇ ਠੀਕ ਢੰਗ ਨਾਲ ਵਾਇਰਸ ਅਤੇ ਜੀਵਾਣੂਆਂ ਦੇ ਫੈਲਣ ਤੋਂ ਢੁੱਕਵੇ ਉਪਾਉ ਨਾ ਕੀਤੇ ਗਏ ਤਾਂ ਗਰੀਬ ਦੇਸ਼ਾਂ ਅੰਦਰ 7.5 ਲੱਖ ਮਨੁੱਖੀ ਜਾਨਾਂ ਜਾ ਸਕਦੀਆਂ ਹਨ ?
          ਸੰਸਾਰ ਅੰਦਰ ਲੋਕਾਂ ਦੀ ਸਿਹਤ ਸਬੰਧੀ ਕੰਮ ਕਰ ਰਹੀਆਂ ਖੋਜ-ਸੰਸਥਾਵਾਂ ਦੇ ਕੌਮਾਂਤਰੀ ਦੱਲ ਹਰ ਸਾਲ ਦੁਨੀਆਂ ਅੰਦਰ ਅੱਠ ਮੌਤਾਂ ਜੀਵਾਣੂਆਂ ਦੀ ਲਾਗ ਨਾਲ ਹੁੰਦੀਆਂ ਹਨ, ਇਨ੍ਹਾਂ ਵਿਚੋਂ ਇਕ ਲਾਗ ਨਾਲ ਹੁੰਦੀ ਹੈ। ਜਿਸ ਦਾ ਵੱਡਾ ਕਾਰਨ ਹੱਥਾਂ ਦੀ ਸਫ਼ਾਈ ਨਾ ਕਰਨਾ, ਹਸਪਤਾਲਾਂ, ਸਿਹਤ ਦੇਖਭਾਲ ਲਈ ਕੇਂਦਰਾਂ ਅੰਦਰ ਸਾਫ਼ ਪਾਣੀ ਅਤੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਨਾ ਕਰਨਾ, ਜੀਵਾਣੂਆਂ ਦੀ ਲਾਗ ਨਾਲ ਹੋਣ ਵਾਲੇ ਰੋਗਾਂ ਦਾ ਇਹ ਮੁੱਖ ਕਾਰਨ ਹਨ। ਖੋਜ-ਸੰਸਥਾਵਾਂ ਨੇ ਰੋਗਾਣੂ ਵਿਰੋਧੀ ਪ੍ਰਤੀਰੋਧ ਹਾਲਾਤਾਂ ‘ਤੇ ਪ੍ਰਭਾਵੀ ਢੰਗ ਨਾਲ ਨਿਪਟਣ ਲਈ ਲੋਕਾਂ ਨੂੰ ਢੁਕਵੇਂ ਅਤੇ ਅਨੁਕੂਲ ਐਂਟੀ-ਬਾਇਟਿਕਾਂ ਦੀ ਉਪਲੱਬਧਤਾ ਆਸਾਨ ਮੁਹੱਈਆ ਕਰਨ ਲਈ ਜ਼ੋਰ ਦਿੱਤਾ। ਜੇਕਰ ਅਜਿਹੇ ਕਦਮ ਸਮੇਂ ਸਿਰ ਨਾ ਉਠਾਏ ਗਏ ਤਾਂ ਸੰਯੁਕਤ ਰਾਸ਼ਟਰ ਵਲੋਂ ਐਲਾਨੇ ਵਿਕਾਸ ਟੀਚੇ ਪੂਰੇ ਕਰਨੇ ਮੁਸ਼ਕਲ ਹੋ ਜਾਣਗੇ। ਹਰ ਸਾਲ ਗਰਭਵੱਤੀ ਇਸਤਰੀਆਂ ਅਤੇ ਬੱਚਿਆਂ ਨੂੰ ਨਿਯਮਤ ਟੀਕੇ ਲਗਾਏਜਾਣ ਤਾਂ 1.82 ਲੱਖ ਲੋਕਾਂ ਦੀਆਂ ਜਾਨਾ ਬੱਚ ਸਕਦੀਆਂ ਹਨ। ਪਰ ਭਾਰਤ ਅੰਦਰ ਹਾਕਮ ਆਜ਼ਾਦੀ ਦੇ 76-ਸਾਲਾਂ ਬਾਦ ਵੀ ਲੋਕਾਂ ਨੂੰ ਮੁੱਢਲੀਆਂ ਸਿਹਤ ਸਹਾਇਤਾ ਦੇਣ ਤੋਂ ਅਸਮਰਥ ਰਹੇ ਹਨ। ਆਬਾਦੀ ਦਾ ਇਕ ਵੱਡਾ ਹਿੱਸਾ ਅਜੇ ਵੀ ਸਿਹਤ ਸਹੂਲਤਾਂ ਤੋਂ ਵੰਚਿਤ ਹੈ।
          ਪਰ ਪੂੰਜੀਵਾਦੀ ਸਿਸਟਮ ਵਾਲੀਆਂ ਸਰਕਾਰਾਂ 2015 ‘ਚ ਪੈਰਿਸ ਵਿੱਚ ਵਾਤਾਵਰਣ ਸਬੰਧੀ ਚੋਟੀ ਦੀ ਵਾਰਤਾ ਦੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਕਈ ਕੋਹਾਂ ਦੂਰ ਰਹੀਆਂ ਹਨ। ਜਿਸ ਕਰਕੇ ਕਾਰਬਨ-ਡਾਈਉਕਸਾਈਡ ਦੀ ਮਾਤਰਾ ਘੱਟ ਕਰਨ ਅਤੇ ਕੌਮਾਂਤਰੀ ਤਾਪਮਾਨ ਨੂੰ ਡੇੜ-ਡਿਗਰੀ ਹੇਠਾਂ ਲਿਆਉਣ ਲਈ ਮਿਥੇ ਟੀਚੇ ਪੂਰੇ ਨਹੀਂ ਹੋ ਰਹੇ ਹਨ। ਜਿਸ ਕਰਕੇ ਜੱਲਵਾਯੂ ਪ੍ਰੀਵਰਤਨ ਕਾਰਨ ਹੋਰ ਖਤਰੇ ਵੱਧ ਰਹੇ ਹਨ। ਜਿਸ ਦਾ ਅਸਰ ਆਵਾਮ ਦੀ ਸਿਹਤ ‘ਤੇ ਪੈ ਰਿਹਾ ਹੈ। ਤੇਜ਼ੀ ਨਾਲ ਜਲਵਾਯੂ ਵਿੱਚ ਆ ਰਹੇ ਪ੍ਰੀਵਰਤਨ ਕਾਰਲ ਨਵੇਂ-ਨਵੇਂ ਕਿਸਮ ਦੇ ਜੀਵਾਣੂ ਪੈਦਾ ਹੋ ਰਹੇ ਹਨ। ਜੇਕਰ ਸਮੇਂ ਸਿਰ ਕਾਬੂ ਨਾ ਪਾਇਆ ਗਿਆ ਅਤੇ ਢੁਕਵੇਂ ਕਦਮ ਨਾ ਚੁਕੇ ਗਏ ਤਾਂ ਸੰਸਾਰ ਅੰਦਰ ਭਿਆਨਕ ਜਾਨਲੇਵਾ ਬਿਮਾਰੀਆਂ ਲੋਕਾਂ ਨੂੰ ਚਿੰਬੜ ਜਾਣਗੀਆਂ। ਅਸੀਂ ਪੋਲੀਉ ਮੁਕਤ, ਮਲੇਰੀਆ, ਹੇਪੇਟਾਈਟਿਸ, ਜਪਾਨੀ ਬੁਖਾਰ, ਡੇਂਗੂ ਆਦਿ ਤੋਂ ਲੋਕਾਂ ਨੂੰ ਨਿਜਾਤ ਨਹੀਂ ਦੇ ਸੱਕੇ ਹਾਂ। ਕੋਵਿਡ-19 ਦੇ ਭਿਆਨਕ ਹਕਮਲੇ ਕਾਰਨ ਅਸੀਂ ਅੱਜੇ ਪੈਰਾਂ ਤੇ ਨਹੀਂ ਆ ਸੱਕੇ ਹਾਂ ? ਇਹ ਇਕ ਸਚਾਈ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਪ੍ਰਦੂਸ਼ਿਤ ਵਾਤਾਵਰਣ ਵਿੱਚ ਰਹਿ ਰਿਹਾ ਹੈ। ਦੇਸ਼ ਦੇ ਹਾਕਮ ਸੁਥਰਾ-ਭਾਰਤ, ਅੰਮ੍ਰਿਤ-ਭਾਰਤ ਅਤੇ ਦੁਨੀਆਂ ਦੀ ਪੰਜਵੀਂ ਆਰਥਿਕ ਸ਼ਕਤੀ ਦਾ ਢੋਲ ਤਾਂ ਹਰ ਰੋਜ਼ ਪਿੱਟਦੇ ਹਾਂ, ਪਰ ! ਲੋਕ ਸਾਫ਼ ਪਾਣੀ ਪ੍ਰਾਪਤ ਕਰਨ ਤੋਂ ਆਤੁਰ ਦਿੱਸ ਰਹੇ ਹਨ ?
          ਹਾਕਮ ਵੱਡੇ ਦਾਅਵੇ ਤੇ ਵਾਅਦੇ ਕਰਕੇ ਭਾਰਤੀਆਂ ਨੂੰ ਸਰਵਜਨਕ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਦੇਣ ਲਈ ਤਾਂ ਢੰਡੋਰਾ ਪਿੱਟ ਰਹੇ ਹਨ। ਪਰ ਨਾ ਹਸਪਤਾਲ, ਨਾ ਡਾਕਟਰ ਅਤੇ ਨਾ ਹੀ ਦਵਾਈਆਂ ਉਪਲੱਬਧ ਹੋ ਰਹੀਆਂ ਹਨ ! ਮਹਾਂਨਗਰਾਂ ਵਿੱਚ ਤਾਂ ਪਹੰੁਚ ਵਾਲੇ ਲੋਕਾਂ ਦੀ ਸਿਹਤ-ਸਹੂਲਤਾਂ ਤੱਕ ਪਹੰੁਚ ਹੈ। ਪਰ ਪੇਂਡੂ ਖੇਤਰਾਂ ‘ਚ ਲੋਕਾਂ ਦਾ ਰੱਬ ਰਾਖਾ ਹੈ। ਦੇਸ਼ ਦੀ ਇਕ ਵੱਡੀ ਆਬਾਦੀ ਪੀਣ ਵਾਲੇ ਪਾਣੀ ਤੋਂ ਮਰਹੂਮ ਹੈ ਅਤੇ ਨਹਾਉਣ ਲਈ, ਸਾਫ਼-ਸਫ਼ਾਈ ਅਤੇ ਕਪੜੇ ਧੌਣ ਦੀ ਸਹੂਲਤ ਤੋਂ ਵੰਚਿਤ ਹੈ, ਉਤੱਰੀ ਭਾਰਤ ਪੂਰੀ ਤਰਾਂ ਜੂਨ ਮਹੀਨਾ ਆਉਣ ਤੋਂ ਪਹਿਲਾ ਹੀ ਭੱਠੀ ਵਾਂਗ ਤੱਪ ਰਿਹਾ ਸੀ। ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਘਾਟ ਹਰ ਬਸ਼ਰ ਨੂੰ ਇਸ ਗਰਮੀ ਦੇ ਮੌਸਮ ਵਿੱਚ ਡਾਢੀ ਰੜਕ ਰਹੀ ਹੈ। ਇਸ ਦਾ ਵੱਡਾ ਕਾਰਨ ਕਾਰਬਨ ਰਸਾਅ ਦੇ ਵਾਧੇ ਕਾਰਨ ਤਾਪਮਾਨ ਵਿੱਚ ਵਧਾ ਹੋਣਾ। ਤਾਪਮਾਨ ਨੂੰ ਸਥਿਰ ਰੱਖਣ ਲਈ ਪਹਿਲ ਕਦਮੀ ਰਾਜਸਤਾ ‘ਤੇ ਕਾਬਜ਼ ਹਾਕਮ ਜਮਾਤਾਂ ਨੂੰ ਕਰਨੀ ਪੈਣੀ ਹੈ। ਜੇਕਰ ਦੇਸ਼ ਦੇ ਜੰਗਲ, ਜੱਲ ਅਤੇ ਜ਼ਮੀਨ ਦੇ ਕੁਦਰਤੀ ਰੂਪ ਨੂੰ ਕਾਇਮ ਨਾ ਰੱਖਿਆ, ਵਿਕਾਸ ਦੇ ਨਾਂ ਤੇ ਕੁਦਰਤੀ ਵਾਤਾਵਰਣ ਦੀ ਹੋ ਰਹੀ ਤਬਾਹੀ ਨੂੰ ਨਾ ਰੋਕਿਆ ਗਿਆ ਅਤੇ ਜੰਗਲ ਲਾਉਣ, ਫਸਲਾਂ ਵਿੱਚ ਵਿਭਿੰਨਤਾ ਤੇ ਜਮੀਨੀ ਪਾਣੀ ਦਾ ਲੈਵਲ ਬਰਕਰਾਰ ਰੱਖਣ ਵਿੱਚ ਅਸੀਂ ਕਾਮਯਾਬ ਨਾ ਹੋਏ, ਤਾਂ ! ਅਸੀਂ ਤਾਪਮਾਨ ਦੇ ਵਾਧੇ ਕਾਰਨ ਵਾਤਾਵਰਨ ਵਿੱਚ ਆਈ ਤਬਦੀਲੀ ਦੇ ਦੁਰ ਪ੍ਰਭਾਵਾਂ ਤੋਂ ਬੱਚ ਨਹੀਂ ਸਕਦੇ।
          ਪਹਿਲਾ ਹੀ ਦੁਨੀਆਂ ਕੋਵਿਡ-19 ਮਹਾਂਮਾਰੀ ਦੇ ਤਬਾਹਕੁੰਨ ਪ੍ਰਕੋਪ ਅਤੇ ਇਸ ਦੇ ਨਵੇਂ ਰੂਪਾਂ ਵਿੱਚ ਉਭਰਨ ਦੇ ਅਸਰਾਂ ਤੋਂ ਅਸੀਂ ਆਰਥਿਕ ਅਤੇ ਸਮਾਜਕ ਤੌਰ ‘ਤੇ ਮੁਕਤ ਨਹੀਂ ਹੋਏ ਹਾਂ। ਡੂੰਘੀ ਹੋ ਰਹੀ ਸੰਸਾਰ ਆਰਥਿਕ ਮੰਦੀ ਸਾਡੇ ਸਿਰ ਉਪੱਰ ਮੰਡਲਾਅ ਰਹੀ ਹੈ। ਧਰਤੀ ਦੇ ਗਰਮ ਹੋਣ ਨਾਲ ਜੋ ਨਵੇਂ ਨਵੇਂ ਗੰਭੀਰ ਖਤਰੇ ਅਤੇ ਵਾਤਾਵਰਣ ਤਬਦੀਲੀ ਦੇ ਮੁੱਦੇ ‘ਤੇ ਨਿਰਣਾਇਕ ਕਾਰਵਾਈ ਕਰਨ ਤੋਂ ਉੱਕ ਗਏ ਤਾਂ ਸੰਸਾਰ ਅੰਦਰ ਮਨੁੱਖਤਾ ਦੀ ਤਬਾਹੀ ਲਈ ਮਨੁੱਖ ਹੀ ਜਿੰਮੇਵਾਰ ਹੋਵੇਗਾ। ਇਹਨਾਂ ਮੁੱਦਿਆਂ ਦੇ ਕਾਰਕਾਂ ਲਈ ਜਿੰਮੇਵਾਰ ਦੁਨੀਆਂ ਅੰਦਰ ਪੂੰਜੀਵਾਦੀ-ਕਾਰਪੋਰੇਟੀ ਪ੍ਰਬੰਧ ਜੋ ਉਦਾਰਵਾਦੀ ਨੀਤੀਆਂ ਰਾਹੀਂ ਮੁਨਾਫ਼ਿਆ ਦੀ ਦੌੜ ਅੰਦਰ ਮੰਡੀਆਂ ‘ਤੇ ਕਾਬਜ਼ ਹੈ। ਉਹਨਾਂ ਵਿਰੁੱਧ ਸੰਸਾਰ ਦੀਆਂ ਸਾਰੀਆਂ ਅਮਨ-ਪਸੰਦ, ਜਮਹੂਰੀ ਅਤੇ ਮਨੁੱਖਤਾਵਾਦੀ ਸ਼ਕਤੀਆਂ ਨੂੰ ਮਿਲ ਕੇ ਉਹਨਾਂ ਦੀਆਂ ਨੀਤੀਆ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ।
 
91-9217997445                                                         ਜਗਦੀਸ਼ ਸਿੰਘ ਚੋਹਕਾ
001-403-285-4208                                                     ਹੁਸ਼ਿਆਰਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੋਰ
Next articleਬੁੱਧ ਚਿੰਤਨ