ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਇਨਾਤ ਚੋਣ ਆਬਜ਼ਰਬਰ ਡਾ. ਹੀਰਾ ਲਾਲ ਆਈ.ਏ.ਐੱਸ.ਨੇ ਜੋ ਗ੍ਰੀਨ ਇਲੈਕਸ਼ਨ ਕਰਵਾਉਣ ਦਾ ਬੀੜਾ ਚੁੱਕਿਆ ਹੈ ਉਸ ਦੇ ਤਹਿਤ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਉਨ੍ਹਾਂ ਦੀ ਆਮਦ ਵਿਸ਼ੇਸ਼ ਰਹੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਗ੍ਰੀਨ ਇਲੈਕਸ਼ਨ ਅਭਿਆਨ ਸੰਬੰਧੀ ਡਾ. ਹੀਰਾ ਲਾਲ ਆਈ.ਏ.ਐੱਸ. ਅਤੇ ਐੱਸ. ਡੀ. ਐੱਮ. ਸ੍ਰੀ ਵਿਕਰਮਜੀਤ ਸਿੰਘ ਪੀ.ਸੀ.ਐੱਸ. ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਕਾਲਜ ਕੈਂਪਸ ‘ਚ ਬੂਟੇ ਲਗਾਏ। ਇਸ ਮੌਕੇ ਡਾ. ਹੀਰਾ ਲਾਲ ਨੇ ਜਿੱਥੇ ਆਪ ਬੂਟੇ ਲਾਏ ਉੱਥੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਪ੍ਰੇਰ ਕੇ ਉਨ੍ਹਾਂ ਹੱਥੀਂ ਵੀ ਪੌਦੇ ਲਗਵਾਏ ਤੇ ਆਖਿਆ ਕਿ ਆਉਣ ਵਾਲੇ ਪੰਜ ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਜਦੋਂ ਇਹ ਬੂਟੇ ਤਿਆਰ ਹੋ ਜਾਣਗੇ ਉਦੋਂ ਤੁਹਾਨੂੰ ਇਸ ਵਾਰ ਦੀਆਂ ਚੋਣਾਂ ਵੇਲੇ ਕੀਤੇ ਏਸ ਯਤਨ ‘ਤੇ ਮਾਣ ਮਹਿਸੂਸ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਆਪਣੀ ਪੁਸਤਕ ਵੀ ਭੇਟ ਕੀਤੀ। ਐੱਸ. ਡੀ.ਐੱਮ. ਵਿਕਰਮਜੀਤ ਸਿੰਘ ਨੇ ਡਾ. ਹੀਰਾ ਲਾਲ ਦੀ ਏਸ ਮੁਹਿੰਮ ਨੂੰ ਸਲਾਹਿਆ ਤੇ ਕਿਹਾ ਕਿ ਏਸ ਯਤਨ ਨਾਲ ਪੰਜਾਬ ਵਿੱਚ ਮੁੜ ਹਰੀ ਕ੍ਰਾਂਤੀ ਆਵੇਗੀ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਏਸ ਮੁਹਿੰਮ ਨੂੰ ਕਾਲਜ ਗਤੀਵਿਧੀਆਂ ਰਾਹੀਂ ਘਰ-ਘਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਪ੍ਰਗਟਾਈ। ਏਸੇ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵੀ ਸਮਾਗਮ “ਮੇਰੀ ਵੋਟ ਹਰੀ ਭਰੀ ਵੋਟ” ਕੀਤਾ ਗਿਆ ਜਿਸ ਵਿੱਚ ਕਾਲਜ ਦੀ ਭੰਗੜਾ ਟੀਮ ਤੇ ਐੱਨ. ਸੀ. ਸੀ. ਕੈਡਿਟਾਂ ਨੇ ਭਾਗ ਲਿਆ। ਇੱਥੇ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਇੰਦੂ ਰੱਤੀ, ਡਾ. ਸੁਨਿਧੀ ਮਿਗਲਾਨੀ, ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਲਵਪ੍ਰੀਤ ਕੌਰ,ਚਮਨ ਲਾਲ, ਪਵਨ ਕੁਮਾਰ ਭੰਗੜਾ ਕੋਚ ਅਸ਼ੀਸ਼ ਤੇ ਤਾਰੀ ਮਾਲੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly