ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਵੋਟ ਪਾਉਣ ਦੀ ਮਹੱਤਤਾ ਦੇ ਨਾਲ-ਨਾਲ ਪੌਦੇ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਖੱਟਕੜ ਕਲਾਂ ਵਿਖੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਇੱਕ ਵੋਟ-ਇੱਕ ਰੁੱਖ ਸਬੰਧੀ ਆਯੋਜਿਤ ਸਮਾਰੋਹ ਨੂੰ ਸੰਬੋਧਤ ਕਰਦਿਆਂ ਕੀਤਾ। ਇਸ ਮੌਕੇ ‘ਤੇ ਜਨਰਲ ਅਬਜਰਵਰ ਡਾ. ਹੀਰਾ ਲਾਲ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪੌਦੇ ਲਗਾ ਕੇ ਵੋਟਰਾਂ ਨੂੰ ਵੋਟ ਪਾਉਣ ਅਤੇ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।
ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਖਟਕੜ ਕਲਾਂ ਤੋਂ ਗਰੀਨ ਚੋਣਾਂ ਕਰਵਾਉਣ ਦੇ ਨਾਲ ਨਾਲ ਵਾਤਾਵਰਨ ਨੂੰ ਸੰਭਾਲਣ ਲਈ ਪੌਦੇ ਲਗਾਉਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਆਮ ਵੋਟਰਾਂ ਨੂੰ ਪਹਿਲੀ ਜੂਨ ਨੂੰ ਵੋਟ ਪਾਉਣ ਲਈ ਪ੍ਰੇਰਤ ਕਰਨ ਦੇ ਨਾਲ ਨਾਲ ਇੱਕ-ਇੱਕ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਵੋਟਰ ਨੂੰ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਲੋਕਤੰਤਰ ਨੂੰ ਮਜਬੂਤ ਕਰਨ ਦੇ ਨਾਲ ਨਾਲ ਇੱਕ-ਇੱਕ ਪੌਦਾ ਲਗਾ ਕੇ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾ ਨੇ ਕਿਹਾ ਕਿ ਸਾਡੇ ਵੱਲੋ ਲਗਾਇਆ ਗਿਆ ਇਕ ਬੂਟਾ ਵੀ ਗਰੀਨ ਇਲੈਕਸ਼ਨ ਦੇ ਸੰਕਲਪ ਨੂੰ ਮਜਬੂਤ ਕਰੇਗਾ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਜਨਰਲ ਅਬਜਰਵਰ ਡਾ. ਹੀਰਾ ਲਾਲ ਨੇ ਸਾਲ 2019 ਵਿਚ ਬਾਂਦਾ (ਉੱਤਰਪ੍ਰਦੇਸ਼) ਜ਼ਿਲ੍ਹੇ ਵਿਚ ਬਤੌਰ ਜ਼ਿਲ੍ਹਾ ਮੈਜਿਸਟਰੇਟ ਹੁਦਿੰਆ ਉਸ ਮੌਕੇ ਲੋਕ ਸਭਾ ਚੋਣਾਂ ਵਿਚ 10.5 ਫੀਸਦੀ ਮਤਦਾਨ ਵਧਾ ਕੇ ਕੌਮੀ ਪੱਧਰ ਤੇ ਨਾਮਨਾ ਖਟੀਆ ਸੀ। ਇਸ ਬਾਰ ਵੀ ਉਹਨਾਂ ਨੇ ਗਰੀਨ ਇਲੈਕਸ਼ਨ ਕਰਵਾਉਣ ਦਾ ਪ੍ਰਣ ਕਰਦੇ ਹੋਏ ਹਰ ਇੱਕ ਨੂੰ ਆਪਣੇ ਨਾਲ ਜੋੜਿਆ ਹੈ। ਉਹਨਾਂ ਨੇ ਜੋ ਮੁਹਿਮ ਸ਼ੁਰੂ ਕੀਤੀ ਹੈ ਉਸ ਨੂੰ ਜ਼ਿਲਾ ਨਿਵਾਸੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਨੂੰ ਈਕੋ ਫਰੈਂਡਲੀ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਵੋਟਰ ਵੋਟ ਵਾਲੇ ਦਿਨ ਇੱਕ ਇੱਕ ਪੌਦਾ ਜਰੂਰ ਲਗਾਏਗਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰੇਗਾ ਤਾਂ ਕਿ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਣ ਦੀ ਸੰਭਾਲ ਕਰ ਸਕੀਏ। ਇਸ ਮੌਕੇ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ, ਵੱਧ ਤੋਂ ਵੱਧ ਪੌਦੇ ਲਗਾਉਣ ,ਪੌਦਿਆਂ ਦੀ ਸਾਂਭ ਸੰਭਾਲ ਕਰਨ ਅਤੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਆਦਿ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਦੇਸ਼ ਦੇ ਹਰੇਕ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਦਿੱਤੀ ਹੈ ਜਿਸ ਦੀ ਵਰਤੋਂ ਨਾਲ ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨ ਤੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਆਪਣੀ ਵੋਟ ਦਾ ਜਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ‘ਤੇ ਸਹਾਇਕ ਕਮਿਸ਼ਨਰ ਜਨਰਲ ਡਾ. ਗੁਰਲੀਨ ਕੌਰ, ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ, ਗੂਡ ਗਵਰਨਸ ਫੈਲੋ ਅਸ਼ਮਿਤਾ, ਜ਼ਿਲਾ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਵੀ ਹਾਜ਼ਰ ਸਨ।
ਡਾ. ਹੀਰਾ ਲਾਲ ਨੇ ਖਟਕੜ ਕਲਾਂ ਤੋਂ ਗਰੀਨ ਚੋਣਾਂ ਕਰਵਾਉਣ ਦੇ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਦਿੱਤਾ ਸੰਦੇਸ਼ ਵੋਟਰਾਂ ਨੂੰ ਵੋਟ ਪਾਉਣ ਦੇ ਨਾਲ ਨਾਲ ਪੌਦੇ ਲਗਾਉਣ ਲਈ ਕੀਤਾ ਪ੍ਰੇਰਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ