ਮੈਂ ਜਿੱਤਣ ਤੋਂ ਬਾਅਦ ਹੁਸ਼ਿਆਰਪੁਰ ਦੇ ਲੋਕਾਂ ਦੇ ਵਿਕਾਸ ਲਈ ਵਚਨਬੱਧ ਰਹਾਂਗਾ : ਭੀਮ ਰਾਉ ਯਸ਼ਵੰਤ ਅੰਬੇਦਕਰ

ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਨੀਅਤ ਦੇਸ਼ ਅਤੇ ਸੰਵਿਧਾਨ ਪ੍ਰਤੀ ਸਾਫ ਨਹੀਂ ਹੈ : ਭੈਣ ਸੰਤੋਸ਼ ਕੁਮਾਰੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ )- ਗਲੋਬਲ ਰਿਪਬਲਿਕਨ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਭੀਮ ਰਾਓ ਜਸਵੰਤ ਅੰਬੇਡਕਰ ਨੇ ਚੋਣ ਮੁਹਿੰਮ ਦੇ ਆਖਰੀ ਪੜਾਅ ਦੌਰਾਨ ਵੱਖ-ਵੱਖ ਹਲਕਿਆਂ ਵਿਚ ਭਾਰੀ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1 ਜੂਨ ਨੂੰ  ਦੇਸ਼, ਦੇ ਸੰਵਿਧਾਨ, ਲੋਕਤੰਤਰ ਨੂੰ ਬਚਾਉਣ ਲਈ ਹੁਸ਼ਿਆਰਪੁਰ ਵਾਸੀ ਮੈਨੂੰ ਸਹਿਯੋਗ ਦੇਣ ਕਿਉਂਕਿ ਕੇਂਦਰ ਵਿਚ ਦਸ ਸਾਲਾਂ ਤੋਂ ਰਾਜ ਕਰ ਰਹੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਨੀਅਤ ਦੇਸ਼ ਅਤੇ ਸੰਵਿਧਾਨ ਪ੍ਰਤੀ ਸਾਫ ਨਹੀਂ ਹੈ।ਕਾਂਗਰਸ ਤੇ ਭਾਜਪਾ ਨੇ ਅੱਠ ਦਹਾਕੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ।ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਲਈ ਭਾਜਪਾ, ਕਾਂਗਰਸ ਤੇ ਆਪ ਵਰਗੀਆਂ ਮਜ਼ਦੂਰ, ਕਿਸਾਨ, ਛੋਟਾ ਵਪਾਰੀ ਵਿਰੋਧੀ ਸੋਚ ਵਾਲੀਆਂ ਪਾਰਟੀਆਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਉਹਨਾ ਗਲੋਬਲ ਰਿਪਬਲਿਕਨ ਪਾਰਟੀ ਦੇ 26 ਸੂਤਰੀ ਪ੍ਰੋਗਰਾਮ ਨੂੰ ਜਾਰੀ ਕਰਦਿਆਂ ਭੀਮ ਰਾਉ ਯਸ਼ਵੰਤ ਅੰਬੇਡਕਰ ਨੇ ਕਿਹਾ ਕਿ ਮੈਂ ਜਿੱਤਣ ਤੋਂ ਬਾਅਦ ਹੁਸ਼ਿਆਰਪੁਰ ਦੇ ਲੋਕਾਂ ਦੇ ਵਿਕਾਸ ਲਈ ਵਚਨਬੱਧ ਰਹਾਂਗਾ ਜਿਸ ਵਿਚ ਸਿੱਖਿਆ ਦੇ ਮਿਆਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾਣ, ਐੱਸਸੀ, ਐੱਸਟੀ, ਓਬੀਸੀ ਲਈ ਸਕਾਲਰਸ਼ਿਪ ਅਕਾਊਂਟ ਵਿਚ ਭੇਜਣਾ, ਰਾਜ ਖਤਮ ਕਰਨ ਅਤੇ ਦੂਜੇ ਰਾਜਾਂ ਵਿਚ ਗਏ ਉਦਯੋਗਾਂ ਨੂੰ ਵਾਪਸ ਲਿਆਉਣਾ, ਚੰਡੀਗੜ੍ਹ ਭਰਤੀ ਵਿਚ ਪੰਜਾਬ ਦਾ 60 ਫੀਸਦੀ ਹਿੱਸਾ ਬਹਾਲ ਕਰਨਾ, ਪੰਜਾਬ ਵਿਚ ਹਰ ਨੌਜਵਾਨ ਨੂੰ ਰੁਜ਼ਗਾਰ ਉਪਲੱਬਧ ਕਰਾਉਣਾ, ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ,ਸੰਵਿਧਾਨ ਅਨੁਸਾਰ ਰਾਈਟ ਟੂ ਐਜੂਕੇਸ਼ਨ ਐਕਟ ਨੂੰ ਲਾਗੂ ਕਰਨਾ, ਸਿਹਤ ਸਹੂਲਤਾਂ ਯਕੀਨੀ ਅਤੇ ਮੁਫਤ ਕਰਨਾ,
ਕਿਸਾਨਾਂ ਦੇ ਕਰਜ਼ੇ ਮਾਫ਼ ਅਤੇ ਕਿਸਾਨ ਅੰਦੋਲਨ ਦੌਰਾਨ
ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ
ਦੇਣਾ, ਕਿਸਾਨਾਂ ਦੀਆਂ ਫਸਲਾਂ ਦੀ ਐੱਮਐੱਸਪੀ ਸੁਰੱਖਿਅਤ ਕਰਨਾ, ਜਾਤੀਗਤ ਜਨਗਣਨਾ ਕਰਾਉਣਾ, ਪ੍ਰਵਾਸੀ
ਮਜ਼ਦੂਰਾਂ ਲਈ ਰੈਣ ਬਸੇਰੇ ਤੇ ਰਾਸ਼ਨ ਮੁਹੱਈਆ ਕਰਾਉਣਾ,
ਜਾਤੀਗਤ ਰਾਖਵਾਂਕਰਨ ਬੇਕਲਾਗ ਪੂਰਾ ਕਰਨਾ, ਸ਼ਹਿਰਾਂ ਨੂੰ
ਕੂੜਾ ਮੁਕਤ ਕਰਨਾ, ਘਰੇਲੂ ਗੈਸ ਸਿਲੰਡਰ 450 ਰੁਪਏ
ਕਰਨਾ, ਪੰਜਾਬ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਨਾ,
ਖੇਡ ਉਦਯੋਗ ਅਤੇ ਖੇਡ ਸਟੇਡੀਅਮ ਬਣਾਉਣਾ, ਪਾਣੀ ਨੂੰ
ਬਚਾਉਣ ਲਈ ਨਹਿਰਾਂ, ਤਲਾਬਾਂ, ਝੀਲਾਂ ਦੀ ਮੁੜ ਉਸਾਰੀ,
ਉਦਯੋਗਾਂ ਨੂੰ ਸਿੰਗਲ ਵਿੰਡੋ ਨਾਲ ਜੋੜਨਾ ਹਰ ਨਾਗਰਿਕ ਲਈ ਬਿਜਲੀ/ਪਾਣੀ ਮੁਫਤ, ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਿਸਾਨ ਕਮਿਸ਼ਨ ਬਣਾਉਣ ਵਰਗੇ ਕਈ ਅਹਿਮ ਮੁੱਦੇ ਸੰਸਦ ਵਿਚ ਉਠਾ ਕੇ ਇਨ੍ਹਾਂ ਨੂੰ ਪੂਰੀ ਵਚਨਬੱਧਤਾ ਨਾਲ ਲਾਗੂ ਕਰਾਵਾਂਗਾ।ਉਨ੍ਹਾਂ ਕਿਹਾ ਕਿ 1 ਜੂਨ ਨੂੰ ਮੇਰੇ ਚੋਣ ਨਿਸ਼ਾਨ ਗੈਸ ਸਿਲੰਡਰ ਨੂੰ ਵੋਟ ਪਾ ਕੇ ਮੈਨੂੰ ਸੇਵਾ ਦਾ ਮੌਕਾ ਦਿਓ।ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਪੰਜਾਬ ਪ੍ਰਧਾਨ ਗਲੋਬਲ ਰਿਪਬਲਿਕਨ ਪਾਰਟੀ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਆਮ ਆਮਦੀ ਪਾਰਟੀ ਔਰਤਾਂ ਦੇ ਹੱਕਾਂ ਪ੍ਰਤੀ ਇਮਾਨਦਾਰ ਨਹੀਂ ਹਨ।ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਵਿਧਾਨ ਅੰਦਰ ਔਰਤਾਂ ਦੇ ਹੱਕਾਂ, ਉਨ੍ਹਾਂ ਦੇ ਮਾਣ-ਸਨਮਾਨ ਤੇ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਹਨ ਪਰ ਪਿਛਲੇ ਅੱਠ ਦਹਾਕਿਆਂ ਤੋਂ ਸੰਵਿਧਾਨ ਨੂੰ ਸਹੀ ਰੂਪ ਵਿੱਚ ਲਾਗੂ ਹੀ ਨਹੀਂ ਕੀਤਾ ਗਿਆ, ਬਲਕਿ 200 ਦੇ ਕਰੀਬ ਸੋਧਾਂ ਕਰਕੇ ਔਰਤਾਂ ‘ਤੇ ਤਸ਼ੱਦਦ ਕਰਨ ਵਾਲਿਆਂ ਦੇ ਬਚਾਅ ਲਈ ਚੋਰ ਰਸਤੇ ਬਣਾ ਦਿੱਤੇ ਜਿਸ ਕਾਰਨ ਜ਼ੁਲਮਾਂ ਵਿਚ ਵਾਧਾ ਹੋਇਆ। ਇਸ ਮੌਕੇ ਹੋਰਨਾ ਤੋ ਇਲਾਵਾ ਇੰਦਰਜੀਤ ਕਾਲਰਾ,ਮੋਹਣ ਸੱਭਰਵਾਲ,ਰਾਜੂ ਸਿੰਘ ਭੱਟੀ ਭੁਲੱਥ ਬਿੰਦਰ ਸਰੋਆ,ਸੁੱਚਾ ਸਿੰਘ ,ਹਰਦੀਪ ਕੌਰ ,ਹਰਵੀਰ,ਸ਼ੇਰਾ ਦਸੂਹਾ,ਲੱਕੀ ,ਰਮਨ ਆਦਿ ਹਾਜਰ ਸਨ ।
ਫੋਟੋ : ਅਜਮੇਰ ਦੀਵਾਨਾ

Previous articleਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਜੁੜੇ ਜਨਤਕ ਪ੍ਰਤੀਨਿਧ, ਚੋਣਾਂ ਦੇ ਸ਼ੋਰ ‘ਚ ਲੋਕ ਸੰਗਰਾਮ ਤੇ ਟੇਕ ਰੱਖਣ ਦਾ ਅਹਿਦ
Next articleਅੰਡਰ-19 ‘ਚ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ ਪਾਰੀ ਅਤੇ 57 ਦੌੜਾਂ ਨਾਲ ਹਰਾਇਆ : ਡਾ: ਰਮਨ ਘਈ