ਬੁੱਧ ਬਾਣ

ਬੁੱਧ  ਸਿੰਘ  ਨੀਲੋੰ

ਬੋਲ ਮੇਰੀ ਮੱਛਲੀ..ਕਿੰਨਾ ਕਿੰਨਾ ਪਾਣੀ…?

(ਸਮਾਜ ਵੀਕਲੀ) ਬਚਪਨ ਦੀਆਂ ਇਹ ਲੋਕ ਖੇਡਾਂ ਦੀ ਉਦੋਂ ਸਮਝ ਨਹੀਂ  ਜਦੋਂ  ਖੇਡ ਦੇ ਹੁੰਦੇ ਸੀ। ਉਦੋਂ ਤਾਂ ਬਸ ਟਾਈਮ ਪਾਸ ਹੁੰਦਾ  ਸੀ। ਬਾਂਦਰ ਕੀਲਾ ਜਦ ਖੇਡਿਆ ਕਰਦੇ ਸੀ…ਤਾਂ ਬਾਂਦਰ ਬਣ ਕੇ ਕੁੱਟ ਖਾਣ ਦਾ ਸੁਆਦ ਹੀ ਹੋਰ ਹੁੰਦਾ ਸੀ। ਜੁੱਤੀਆਂ ਦੀ ਬਰਖਾ ਅਖੀਰ ਤੱਕ ਹੁੰਦੀ ਸੀ। ਕੋਈ  ਡਰ ਭੈਅ ਤੇ ਗੁੱਸਾ ਗਿਲਾ ਨਹੀਂ  ਸੀ ਹੁੰਦਾ । ਅਕਸਰ ਮਾੜਾ ਸਾਥੀ  ਵੱਧ ਕੁੱਟਿਆ ਜਾਂਦਾ ਸੀ। ਸਿਆਲ ਦੇ ਦਿਨੀ ਖੁੱਲ੍ਹੀ ਥਾਂ ਉਤੇ ਗੁੱਲੀ ਡੰਡਾ ਬਹੁਤ  ਖੇਡ ਦੇ ਹੁੰਦੇ  ਸੀ…ਵੱਡੇ  ਛੋਟੇ  ਸਭ ਰਲ ਕੇ.ਜੇ ਕਿਸੇ ਦੇ ਗੁੱਲੀ ਲੱਗਣੀ ਤਾਂ  ਕਿਸੇ ਸੁਆਣੀ ਨੇ ਗਾਲਾਂ ਦੀ ਹਨੇਰੀ ਲਿਆ ਦੇਣੀ, ਉਸਨੇ ਸਭ ਦੇ ਦਾਦੇ ਨਾਨਕੇ ਪੁਣ ਦੇਣੇ। ਆ ਧੌਲ ਦਾਹੜੀਏ…ਵੀ ਮੁੰਢੀਰ ਨਾਲ ਰਲੇ ਆ। ਵਿਹਲੜ ਨਾ ਹੋਣ…ਕੁੱਝ ਦੇਰ …ਇਹ ਗਾਲਾਂ ਸੁਣ ਕੇ ਸਭ ਨੇ ਇਕ ਦੂਏ ਵੱਲ ਦੇਖ ਹੱਸੀ ਜਾਣਾ। ਸੁਆਣੀ ਨੇ ਨਾਲੇ ਆਪਣਾ ਕੂੜੇ ਵਾਲਾ ਟੋਕਰਾ ਇਕ ਦੋ ਵਾਰ ਧਰਤੀ ਉਤੇ ਮਾਰਨਾ ਨਾਲੇ…ਗਰਮ ਸਲੋਕ ਬੋਲਣਾ…ਅਸੀਂ  ਹੱਸੀ ਜਾਣਾ….ਬੇਬੇ ਨਰਾਤੀ ਨੇ ਕਹਿਣਾ…ਨੀ ਕੁੜੇ…ਬਹੂਏ…ਤੂੰ  ਜਾ …ਇਹ ਤਾਂ ਹੁਣ ਮੱਛਰੇ ਹੋਏ ਨੇ…! ਚਰਨ ਵੀਰ ਨੇ ਨਾਲੇ ਹੱਸੀ ਜਾਣਾ ਤੇ ਨਾਲ ਜੇਬ ਵਿੱਚੋ  ਕੱਢ ਕੇ ਚਰਦਾ ਮਲੀ ਜਾਣਾ…ਭਾਗ ਚਾਚੇ ਨੇ ਬੀੜੀ ਲਾ ਲੈਣੀ…ਕਿਸੇ ਕਹਿਣਾ…ਛੱਡੋ…ਯਾਰ ਬਾਂਟੇ ਖੇਡ ਦੇ…ਫਿਰ ਮੂੰਹ ਹਨੇਰੇ ਤੱਕ ਖੇਡੀ ਜਾਣਾ…ਕਈਆਂ ਨੇ ਕੋਲ ਹੀ ਬਹਿ ਬਾਰਾਂ ਢੀਕਰੀ ਖੇਲਣ ਲੱਗ ਜਾਣਾ..ਸਿਆਲ ਦੀ ਰੁੱਤ ਹੋਣੀ ਤਾਂ ਗੀਜੇ ਭੁੰਨੇ ਦਾਣਿਆਂ ਦੇ ਭਰ ਲੈਣੇ…ਜਾਂ ਫਿਰ ਮੂੰਗਫਲੀ ਖਾਣੀ।
ਧਰਮਸਾਲਾ ਦੇ ਬੱਚਿਆਂ ਨੇ ਖੇਡੀ ਜਾਣਾ ਤੇ ਨਾਲੇ ਜੂਡੋਂ ਜੂਡੇ ਹੋਈ ਜਾਣਾ। ਕੁੱਝ ਦੇਰ ਫੇਰ ਖੇਡਣ ਲੱਗ ਜਾਣਾ। ਕਿਸੇ ਦਾ ਝੱਗਾ ਪਾਟ ਜਾਣਾ…ਜਾਂ  ਘਰੂਟ ਵੱਜ ਜਾਣਾ…ਆਮ ਗੱਲ ਸੀ…। ਜੇ ਕੋਈ ਬਹੁਤਾ ਜ਼ਹਿਰੀ ਹੋਣਾ, ਉਹਨੂੰ ਕਿਸੇ ਵੱਡੇ ਨੇ ਘੂਰ ਕੇ ਹਟਾ ਦੇਣਾ।
ਕੁੜੀਆਂ ਨੇ ਅੱਡੀ ਟੱਪਾ..ਰੋੜੇ ਖੇਡਣ ਲਾਗ ਜਾਣਾ…ਛੋਟੀਆਂ ਨੇ…ਘੇਰਾ ਬਣਾ ਕੇ…ਜਦ ਊਚੀ ਊਚੀ.ਬੋਲਣਾ….ਬੋਲ ਮੇਰੀ

ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ
ਮੱਛਲੀ ਕਿੰਨਾ ਕਿੰਨਾ ਪਾਣੀ।
ਗਿੱਟੇ ਗਿੱਟੇ
ਵਗਦੇ ਪਾਣੀਆਂ ਦੀ ਸੰਵੇਦਨਾ
ਗੋਡੇ ਗੋਡੇ
ਪਾਣੀ
ਲੱਕ ਲੱਕ
ਪਾਣੀ
ਗਲ ਗਲ
ਪਾਣੀ
ਸਿਰ ਸਿਰ ਪਾਣੀ
ਸਿਰ ਸਿਰ ਪਾਣੀ..!
ਬੋਲਣਾ ਤਾਂ ਮੱਛੀ ਨੇ ਡੁੱਬ ਜਾਣਾ ਤੇ ਮਰ ਜਾਣ ਦਾ ਡਰਾਮਾ ਕਰਨਾ।… ਇਸ ਤਰ੍ਹਾਂ ਇਹ ਖੇਡਾਂ  ਖੇਡ ਦੇ ਹੁੰਦੇ ਸੀ। ਹੁਣ ਜਦ ਇਹਨਾਂ  ਖੇਡਾਂ  ਦੇ ਅਰਥ  ਸਮਝ ਆਉਣ ਲੱਗੇ ਤਾਂ  ਹੈਰਾਨੀ ਹੁੰਦੀ  ਹੈ ਕਿ ਵਡੇਰੇ ਕਿੰਨੇ ਸੂਝਵਾਨ  ਸਨ। ਉਹਨਾਂ  ਨੇ ਖੇਡਾਂ ਦੇ ਰਾਹੀ ਹੀ ਜੀਵਨ ਤੱਤ ਪੇਸ਼ ਕਰ ਦਿੱਤੇ।  ਹਰ ਖੇਡ  ਵਿੱਚ ਸਮਾਜਿਕ, ਰਾਜਨੀਤਿਕ ਤੇ ਗਣਿਤ ਦੇ ਅਰਥ ਹਨ। ਇਹਨਾਂ ਅਰਬਾਂ ਦੀ ਜਦ ਤੁਸੀਂ ਵਿਆਖਿਆ ਕਰਦੇ ਹੋ ਤਾਂ ਹੈਰਾਨ ਹੁੰਦੇ ਓ। ਹੁਣ ਭਾਰਤੀ ਲੋਕਾਂ ਦੀ ਹਾਲਤ ਉਸ ਮੱਛੀ ਵਰਗੀ ਹੈ,ਜਿਹੜੀ ਲੋਕਾਂ ਦੇ ਸਮੁੰਦਰ ਵਿੱਚ ਹੈ। ਲੋਕ ਸਮੂਹ ਸਮੁੰਦਰ ਹੈ। ਸਮੁੰਦਰ ਦਾ ਸੁਭਾਅ ਜ਼ਿੰਦਗੀ ਦੇ ਨਾਲ ਬਹੁਤ  ਮਿਲਦਾ ਹੈ। ਪਾਣੀ ਦਾ ਜੀਵਨ ਵਿੱਚ ਬੜਾ ਮਹੱਤਵ ਹੈ..ਪਾਣੀ ਕੁਦਰਤੀ ਨਿਆਮਤ ਹੈ ਪਰ ਹੁਣ ਪਾਣੀ ਸਾਡੇ ਜੀਵਨ ਦਾ ਜੰਜ਼ਾਲ ਬਣ ਗਿਆ ਹੈ ਜਾਂ ਬਣਾ ਲਿਆ ਹੈ। ਪਾਣੀ ਤੇ ਹਵਾ ਮੁਫਤ ਹੈ । ਇਨ੍ਹਾਂ ਦੋਹਾਂ ਦੀ ਹਾਲਤ ਹੱਡਾ ਰੋੜੀ ਵਿੱਚ  ਘਿਰੇ ਬਾਹਰੀ ਕੁੱਤੇ ਵਰਗੀ ਬਣਗੀ। ਢਿੱਡ ਦੀ ਭੁੱਖ …ਹੱਡਾ ਰੋੜੀ ਦੇ ਪੱਕੇ ਕੁੱਤਿਆਂ ਦੇ ਨਾਲ ਜੰਗ ਨਾਲ ਨਾਲ ਕਰਨੀ ਪੈਦੀ ਹੈ। ਹਾਲਤ ਪੰਜਾਬ ਦੀ ਹੱਡਾ ਰੋੜੀ ਵਰਗੀ ਹੈ। ਹੁਣ ਪਿੰਡ ਦੇ ਕੁੱਝ ਕੁੱਤੇ ਬਾਹਰਲੇ ਕੁੱਤਿਆਂ ਨੇ ਰਲ ਗਏ ਹਨ। ਹੁਣ ਹੱਡਾ ਰੋੜੀ ਉਤੇ ਕਾਬਜ਼ ਹੋਣ ਲਈ ਲਛਮਣ ਰੇਖਾ ਵਾਹ ਦਿੱਤੀ  ਹੈ।  ਹੁਣ ਜਦ ਕਿਸੇ ਨੇ ਕਦੇ ਵੀ ਕੋਈ ਲਛਮਣ ਰੇਖਾ ਟੱਪੀ ਹੈ। ਉਸਦਾ ਹਸ਼ਰ ਜੋ ਸੀਤਾ ਹੋਇਆ ਸੀ ਹੁੰਦਾ । ਸੀਤਾ ਨੂੰ ਤਾਂ ਬਚਾ ਲਿਆ ਸੀ..ਸਾਰਿਆਂ ਨੇ ਰਲ ਕੇ ਪਰ ਹੁਣ ਡੁੱਬ ਰਹੀ ਮੱਛੀਆਂ ਨੂੰ ਕੌਣ ਬਚਾਊਗਾ ?
ਕਿਸ ਨੂੰ ਯਾਦ ਹੈ ਕਿ ਮੱਛੀ  ਬਚ ਜਾਵੇ । ਬਹੁਗਿਣਤੀ ਤਾਂ ਮੱਛੀਆਂ ਵਾਲਾ ਤਲਾਅ ਹੀ ਛੱਡਕੇ ਜਾ ਰਹੇ ਹਨ । ਅਸੀਂ ਆਪਣੀਆਂ ਮੱਛੀਆਂ ਨੂੰ ਬਗਾਨੇ ਖੂਹ ਵਿੱਚ ਆਪਣੇ ਹੱਥੀਂ ਸੁੱਟ ਰਹੇ ਹਾਂ। ਉਹ ਇਕੱਲੀਆਂ ਮੱਗਰਮੱਛਾਂ ਦੇ ਝੁੰਡ ਵਿੱਚ ਕਿਵੇਂ ਜੀਅ ਰਹੀਆਂ ਹਨ, ਕੋਈ ਪਤਾ ਨਹੀਂ। ਇਹ ਮੱਛੀਆਂ ਦੂਜੇ ਲੋਕਾਂ ਦਾ ਖਾਜਾ ਬਣ ਰਹੀਆਂ ਹਨ। ਇਹ ਹਰ ਸਾਹ ਮਰ ਰਹੀਆਂ ਹਨ। ਘਰ ਵਿੱਚ ਤਾਂ ਕੁੱਤਿਆਂ ਤੋਂ ਅਸੀਂ ਬਚਾ ਲੈਂਦੇ ਸੀ ਪਰ ਹੁਣ ਕੌਣ ਬਚਾਊਗਾ ਇਹਨਾਂ ਮੱਛੀਆਂ ਤੇ ਤਲਾਅ ਨੂੰ ? ਜਿਹੜੀਆਂ ਸਭ ਕੁੱਝ ਛੱਡ ਕੇ ਜਾ ਰਹੀਆਂ ਹਨ।

₹₹₹₹₹₹
   ਬੁੱਧ ਸਿੰਘ ਨੀਲੋੰ
94643 70823 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਐਨ ਚੋਣਾਂ ਮੌਕੇ ਸਿਆਸੀ ਲਾਹਾ ਲੈਣ ਦਾ ਯਤਨ, ਸੀ ਬੀ ਆਈ ਦਾ ਸਜ਼ਾ ਵਾਲਾ ਫੈਸਲਾ ਰੱਦ, ਡੇਰਾ ਮੁਖੀ ਨੂੰ ਵੱਡੀ ਰਾਹਤ
Next articleਕਹਾਣੀ