*ਘਰ ਦਾ ਫਰਨੀਚਰ, ਘਰੈਲੂ ਸਮਾਨ, ਮੋਟਰਸਾਈਕਲ, ਰਾਸ਼ਨ, ਨਕਦੀ ਤੇ ਗਹਿਣੇ ਸੜ ਕੇ ਹੋਏ ਰਾਖ*
ਫਿਲੌਰ/ਲਸਾੜਾ/ਅੱਪਰਾ (ਜੱਸੀ)(ਸਮਾਜ ਵੀਕਲੀ)-ਨਜ਼ਦੀਕੀ ਪਿੰਡ ਸੇਲਕੀਆਣਾ ਵਿਖੇ ਅੱਜ ਸਵੇਰੇ ਲਗਭਗ 10 ਵਜੇ ਅੱਗ ਲੱਗਣ ਕਾਰਣ ਇੱਕ ਗੁੱਜਰ ਪਰਿਵਾਰ ਦਾ ਡੇਰਾ ਸੜ ਕੇ ਸੁਆਹ ਹੋ ਗਿਆ ਤੇ ਘਰ ਦਾ ਸਾਰਾ ਹੀ ਸਮਾਨ ਅੱਗ ਦੀ ਭੇਟ ਚੜ ਗਿਆ। ਇਸ ਸੰਬੰਧ ’ਚ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮਾਲਕ ਯੂਰੀ ਗੁੱਜਰ ਪੁੱਤਰ ਗਾਮੀ ਵਾਸੀ ਸੇਲਕੀਆਣਾ ਤੇ ਚੌਧਰੀ ਮੁਹੰਮਦ ਅਲੀ ਪੋਸਵਾਲ ਚੇਅਰਮੈਨ ਗੁੱਜਰ ਵਿਕਾਸ ਪ੍ਰੀਸ਼ਦ ਨੇ ਦੱਸਿਆ ਕਿ ਅੱਜ ਸਵੇਰੇ ਉਨਾਂ ਦੇ ਪਿੰਡ ਸੇਲਕੀਆਣਾ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਸਥਿਤ ਡੇਰੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਣ ਡੇਰੇ ’ਚ ਪਿਆ ਫਰਨੀਚਰ, ਘਰੈਲੂ ਸਮਾਨ, ਮੋਟਰਸਾਈਕਲ, ਗਹਿਣੇ, ਨਕਦੀ ਆਦਿ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਕਾਰਣ ਇੱਕ ਗਾਂ ਵੀ ਅੱਗ ਦੀ ਲਪੇਟ ’ਚ ਆ ਕੇ ਬੁਰੀ ਤਰਾਂ ਝੁਲਸ ਗਈ ਤੇ ਉਸਦਾ ਮੂੰਹ ਤੇ ਅੱਖਾਂ ਝੁਲਸ ਗਈਆਂ। ਘਟਨਾ ਦੀ ਸੂਚਨਾ ਮਿਲਣ ਉਪਰੰਤ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਫਿਲੌਰ ਤੇ ਫਗਵਾੜਾ ਤੋਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਡੇਰੇ ਦੇ ਮਾਲਕ ਯੂਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਣ ਉਸਦਾ ਲਗਭਗ 7 ਲੱਖ ਰੁਪਏ ਦਾ ਮਾਲੀ ਨੁਸਾਨ ਹੋ ਗਿਆ ਹੈ।
ਪੀੜਤ ਪਰਿਵਾਰ ਨੂੰ ਸਰਕਾਰ ਦੇਵੇ ਮੁਆਵਜ਼ਾ- ਚੌਧਰੀ ਮੁਹੰਮਦ ਅਲੀ ਪੋਸਵਾਲ ਚੇਅਰਮੈਨ ਗੁੱਜਰ ਵਿਕਾਸ ਪ੍ਰੀਸ਼ਦ ਨੇ ਕਿਹਾ ਕਿ ਅੱਗ ਲੱਗਣ ਕਾਰਣ ਉਕਤ ਪੀੜਤ ਪਰਿਵਾਰ ਸੜਕ ’ਤੇ ਆ ਗਿਆ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੁੱਖ ਦੀ ਘੜੀ ’ਚ ਸਰਕਾਰ ਨੂੰ ਪੀੜਤ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਹੈ ਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਉਕਤ ਪਰਿਵਾਰ ਦੁਬਾਰਾ ਆਪਣੇ ਪੈਰਾਂ ’ਤੇ ਖੜਾ ਹੋ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly