(ਸਮਾਜ ਵੀਕਲੀ)
ਅੰਨਦਾਤਾ ਸ਼ਬਦ ਆਮ ਤੌਰ ਤੇ ਸਾਡੇ ਦੇਸ਼ ਦੇ ਕਿਸਾਨਾਂ ਲਈ ਵਰਤਿਆ ਜਾਂਦਾ ਹੈ ਜੋ ਦੇਸ਼ ਦੇ ਲੋਕਾਂ ਲਈ ਅਨਾਜ ਪੈਦਾ ਕਰਦਾ ਹੈ ਅਤੇ ਢਿੱਡ ਭਰਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿਸਾਨ ਦੇਸ਼ ਦੇ ਅੰਨਦਾਤਾ ਹਨ, ਪਰ ਮੌਜੂਦਾ ਸਮੇਂ ਵੱਲ ਝਾਤ ਮਾਰੀ ਜਾਵੇ ਤਾਂ ਇਹ ਅੰਨਦਾਤਾ ਦੇ ਨਾਲ ਨਾਲ ਮੌਤ ਦਾਤਾ ਵੀ ਬਣਦਾ ਜਾ ਰਿਹਾ ਹੈ।
ਕਾਰਨ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਹਾੜ੍ਹੀ ਅਤੇ ਸਾਉਣੀ ਸੀਜ਼ਨ ਮਗਰੋਂ ਕਿਸਾਨਾਂ ਵੱਲੋ ਫਸਲਾਂ ਦੀ ਰਹਿੰਦ ਖੂਹੰਦ ਨੂੰ ਲਗਾਈ ਗਈ ਅੱਗ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੱਲੋ ਉਚਾਰੀ ਬਾਣੀ ਦੀਆ ਪੰਕਤੀਆਂ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” ਤੋਂ ਵੀ ਲੋਕ ਸੇਧ ਨਹੀ ਲੈ ਰਹੇ। ਵਾਤਾਵਰਨ ਦਾ ਘਾਣ ਲਗਾਤਾਰ ਜਾਰੀ ਹੈ। ਸਾਡੇ ਦੇਸ਼ ਦੇ ਜਿਆਦਾਤਰ ਕਿਸਾਨ ਕਣਕ ਦੀ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਆਪਣੀ ਧਰਤੀ / ਜ਼ਮੀਨ ਲਈ ਸ਼ਾਨ ਸਮਝਣ ਲੱਗ ਪਏ ਹਨ ਜੋ ਕਿ ਬੇਹੱਦ ਗਲਤ ਵਰਤਾਰਾ ਹੈ।
ਅੱਗ ਲਾਉਣ ਕਰਕੇ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਏ ਬਿਨਾਂ ਹੀ ਬਹੁਤੇ ਕਿਸਾਨ ਅਜਿਹਾ ਘਟੀਆ ਅਤੇ ਮੰਦਭਾਗਾ ਕਾਰਾ ਕਰਨ ਤੋ ਸੰਕੋਚ ਨਹੀ ਕਰਦੇ। ਜਿਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਹੀ ਵਾਤਾਵਰਨ ਗੰਧਲਾ ਹੁੰਦਾ ਹੈ, ਇਨਾ ਹੀ ਨਹੀਂ ਅੱਗ ਲਾਉਣ ਨਾਲ ਬਹੁਤੇ ਪੌਦੇ / ਦਰੱਖਤ ਸੜਕੇ ਸੁਆਹ ਹੋ ਜਾਂਦੇ ਹਨ, ਇਸਤੋਂ ਇਲਾਵਾ ਪੰਛੀਆ, ਜਾਨਵਰਾਂ ਦਾ ਵੀ ਬਹੁਤ ਜਾਨੀ ਨੁਕਸਾਨ ਹੁੰਦਾ ਹੈ। ਕਿਸਾਨਾਂ ਦੁਆਰਾ ਲਗਾਈ ਅੱਗ ਇਨਸਾਨੀ ਜਿੰਦਗੀਆਂ ਲਈ ਵੀ ਘਾਤਕ ਸਾਬਿਤ ਹੋ ਚੁੱਕੀ ਹੈ ਹਾਲ ਦੇ ਵਿੱਚ ਹੀ ਪੰਜਾਬ ਦੇ ਇਕ ਸ਼ਹਿਰ ਵਿੱਚ ਕਣਕ ਦੇ ਨਾੜ ਦੇ ਧੂਏਂ ਨਾਲ ਮੋਟਰ ਸਾਇਕਲ ਸਵਾਰ ਜਿਸਤੇ ਦਾਦਾ, ਦਾਦੀ ਅਤੇ ਨਿੱਕਾ ਪੋਤਾ ਸਫ਼ਰ ਕਰ ਰਹੇ ਸੀ, ਧੂੰਏ ਕਰਕੇ ਉਕਤ ਮੋਟਰ ਸਾਇਕਲ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਿਆ ਸੀ ਜਿਸ ਨਾਲ ਤਿੰਨਾਂ ਦੀ ਦਰਦਨਾਕ ਮੌਤ ਹੋ ਗਈ ਸੀ ਅਤੇ ਪੂਰਾ ਪਰਿਵਾਰ ਉੱਜੜ ਗਿਆ ਸੀ।
ਅਜਿਹੀਆ ਦੁੱਖਦਾਈ ਖਬਰਾਂ / ਘਟਨਾਵਾਂ ਅਸੀ ਰੋਜਾਨਾ ਦੇਖਦੇ ਅਤੇ ਸੁਣਦੇ ਹਨ। ਅਖੀਰ ਕਦੋਂ ਤੱਕ ਅਜਿਹੀਆ ਦੁੱਖਦਾਈ/ ਮੰਦਭਾਗੀ ਘਟਨਾਵਾਂ ਹੁੰਦੀਆਂ ਰਹਿਣਗੀਆਂ ?
ਕਿ ਕਿਸਾਨਾਂ ਨੂੰ ਅਜਿਹਾ ਕਰਦੇ ਹੋਏ ਭੌਰਾ ਤਰਸ ਨਹੀਂ ਆਉਂਦਾ ਕਿ ਅਸੀਂ ਕਿਹੜਾ ਪਾਪ ਕਰਨ ਜਾ ਰਹੇ ਹਾਂ ਜਾਂ ਕਰ ਚੁੱਕੇ ਹਾਂ ??
ਅਜਿਹਾ ਨਹੀਂ ਕਿ ਸਾਡੇ ਦੇਸ਼ ਵਿੱਚ ਸਾਰੇ ਕਿਸਾਨ ਅਜਿਹੇ ਹਨ, ਬਹੁਤੇ ਕਿਸਾਨ ਅਗਾਂਹਵਧੂ ਹਨ ਅਤੇ ਜਾਗਰੂਕ ਹਨ, ਇਨਸਾਨੀਅਤ ਦੇ ਰੱਖਿਅਕ ਹਨ, ਆਪਣੇ ਸਵਾਰਥੀ ਹਿੱਤਾਂ ਨੂੰ ਪਿੱਛੇ ਰੱਖ ਕੇ ਓਹ ਉਕਤ ਰਹਿੰਦ ਖੂਹੰਦ ਨੂੰ ਪਸੂਆਂ/ ਗਊਸ਼ਾਲਾ ਲਈ ਦਾਨ ਦੇ ਦਿੰਦੇ ਹਨ ਅਤੇ ਅਜਿਹਾ ਕਰਕੇ ਓਹ ਆਪਣੀ ਸਾਰਥਕ ਸੋਚ ਦਾ ਸਬੂਤ ਦਿੰਦੇ ਹਨ, ਨਾਲ਼ੇ ਪੂੰਨ ਅਤੇ ਨਾਲੇ ਫਲੀਆ ਕਹਾਵਤ ਨੂੰ ਵੀ ਸਾਰਥਕ ਸਿੱਧ ਕਰਦੇ ਹਨ ਕਿਉਂਕਿ ਅੱਗ ਨਾ ਲਾਉਣ ਕਰਕੇ ਇਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਵਾਤਾਵਰਨ ਵੀ ਗੰਧਲਾ ਹੋਣੋਂ ਬਚ ਜਾਂਦਾ ਹੈ ਦੂਜਾ ਗਊਸ਼ਾਲਾ ਜਾਂ ਪਸ਼ੂਆਂ ਦੇ ਚਾਰੇ ਵੱਜੋ ਤੂੜੀ ਦਾਨ ਕਰਨ ਨਾਲ ਬੇਜੁਬਾਨਾਂ ਦੀਆ ਦੁਆਵਾਂ ਮਿਲਦੀਆਂ ਹਨ ਅਤੇ ਸੈਂਕੜੇ ਦਰਖਤ, ਪੌਦੇ ਵੀ ਨਸ਼ਟ ਹੋਣੋਂ ਬੱਚ ਜਾਂਦੇ ਹਨ।
ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਕੁਝ ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਜਿਹਾ ਘਿਨੌਣਾ ਕਾਰਾ ਕਰਨ ਤੋ ਗੁਰੇਜ਼ ਕਰਨ, ਜਿਸ ਨਾਲ ਪਸ਼ੂਆਂ , ਪੰਛੀਆ , ਪੌਦਿਆਂ ਅਤੇ ਆਮ ਮਨੁੱਖੀ ਜ਼ਿੰਦਗੀਆਂ ਦਾ ਨੁਕਸਾਨ ਹੋਵੇ। ਆਪਣੀਆ ਆਉਣ ਵਾਲੀਆਂ ਪੀੜ੍ਹੀਆਂ ਦਾ ਕੁਝ ਲਿਹਾਜ ਕਰੋ, ਰੱਬ ਤੋ ਡਰੋ, ਕਿਉਕਿ ਕੁਦਰਤ ਜਦੋਂ ਨਿਆਂ ਕਰਦੀ ਹੈ ਤਾਂ ਓਦੋਂ ਕੋਈ ਅਪੀਲ / ਦਲੀਲ ਨਹੀਂ ਚਲਦੀ।
ਸੋ ਕਿਸਾਨ ਵੀਰੋ ਸੰਭਲ ਜਾਓ, ਵਾਤਾਵਰਨ, ਧਰਤੀ ਨੂੰ ਬਚਾਉਣ ਲਈ ਹੰਭਲਾ ਮਾਰੋ, ਜਾਗਰੂਕ ਬਣੋ, ਸਿਹਤਮੰਦ ਪੰਜਾਬ, ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਓ।
ਕਰਨ ਮਹਿਤਾ
ਰਾਮਪੁਰਾ ਫੂਲ, ਜਿਲ੍ਹਾ ਬਠਿੰਡਾ..
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly