ਕੁਝ ਵੀ ਕਰਨ ਤੋਂ ਪਹਿਲਾਂ ਨਤੀਜਿਆਂ ਬਾਰੇ ਪਹਿਲਾਂ ਸੋਚ ਲੈਣਾ?

ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ)
ਮੈਂ ਜਦੋਂ ਇਤਿਹਾਸ ਵਿੱਚੋਂ ਗੁਰੂਆਂ, ਪੈਗ਼ੰਬਰਾਂ, ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਦਾ ਸੀ ਤੇ ਉਨ੍ਹਾਂ ਦੇ ਜੀਵਨ ਵਿੱਚ ਆਈਆਂ ਕਠਿਨਾਈਆਂ ਅਤੇ ਉਨ੍ਹਾਂ ਦੇ ਸਮੇਂ ਦੇ ਲੋਕਾਂ ਵੱਲੋਂ ਕੀਤੇ ਜਾਂਦੇ ਵਿਰੋਧਾਂ, ਉਨ੍ਹਾਂ ਨੂੰ ਸਮੇਂ ਦੀਆਂ ਤਾਕਤਾਂ/ਹਕੂਮਤਾਂ ਵੱਲੋਂ ਦਿੱਤੇ ਜਾਂਦੇ ਤਸੀਹਿਆਂ ਬਾਰੇ ਜਾਣ ਕੇ ਬੜੀ ਹੈਰਾਨੀ ਹੁੰਦੀ ਸੀ ਕਿ ਅਜਿਹੇ ਸੱਚੇ-ਸੁੱਚੇ, ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ, ਸਮਾਜ ਦਾ ਭਲਾ ਚਾਹੁਣ ਵਾਲਿਆਂ ਨੂੰ ਲੋਕ ਦੁੱਖੀ ਕਿਵੇਂ ਕਰ ਸਕਦੇ ਸਨ? ਉਨ੍ਹਾਂ ਨਾਲ ਗ਼ੈਰ ਮਨੁੱਖੀ ਤੇ ਜਾਲਮਾਨਾ ਵਿਹਾਰ ਕਿਵੇਂ ਕਰ ਸਕਦੇ ਹਨ।
ਅੱਜ ਜਦੋਂ ਲੋਕਾਂ ਨੂੰ ਉਨ੍ਹਾਂ ਮਹਾਨ ਵਿਅਕਤੀਆਂ ਨੂੰ ਪੂਜਦੇ ਦੇਖਦਾ ਸੀ, ਉਨ੍ਹਾਂ ਦੇ ਪੁਰਬ ਮਨਾਉਂਦੇ ਦੇਖਦਾ ਸਾਂ, ਅੱਜ ਜਦੋਂ ਉਨ੍ਹਾਂ ਵਿਅਕਤੀਆਂ ਨੂੰ ਲੋਕਾਂ ਦੇ ਹੀਰੋ ਜਾਂ ਆਦਰਸ਼ ਦੇਖਦਾ ਸੀ ਤਾਂ ਲਗਦਾ ਸੀ ਕਿ ਸ਼ਾਇਦ ਪੁਰਾਣੇ ਲੋਕ ਬੜੇ ਘਟੀਆ ਤੇ ਜਾਲਮ ਸਨ, ਅੱਜ ਦੇ ਲੋਕ ਬੜੇ ਚੰਗੇ ਤੇ ਸਾਊ ਹਨ, ਚੰਗੇ ਲੋਕਾਂ ਦੀ ਕਦਰ ਕਰਦੇ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦੇ ਦਿਨ ਮਨਾਉਂਦੇ ਹਨ, ਉਨ੍ਹਾਂ ਨੂੰ ਆਪਣੇ ਰਹਿਨੁਮਾ ਤੇ ਹੀਰੋ ਮੰਨਦੇ ਹਨ।
ਪਰ ਪਿਛਲੇ 20-25 ਸਾਲਾਂ ਤੋਂ ਆਪਣੀ ਪਬਲਿਕ ਲਾਈਫ਼ ਦੌਰਾਨ ਆਪਣੀਆਂ ਪਰਿਵਾਰਕ, ਬਿਜਨੈਸ, ਮੀਡੀਆ ਤੇ ਸਮਾਜਿਕ ਜ਼ੁੰਮੇਵਾਰੀਆਂ ਨਿਭਾਉਂਦਿਆਂ ਸਮਾਜ, ਧਰਮ, ਮਨੁੱਖਤਾ ਪ੍ਰਤੀ ਜ਼ੁੰਮੇਵਾਰੀ ਸਮਝ ਕੇ ਥੋੜਾ ਜਿਹਾ ਆਪਣਾ ਯੋਗਦਾਨ ਪਾਉਣ ਲਈ ਵੱਖ-ਵੱਖ ਥਾਂਵਾਂ ਜਾਂ ਕੰਮਾਂ ਲਈ ਵਲੰਟੀਅਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਇਨ੍ਹਾਂ ਯਤਨਾਂ ਵਿੱਚ ਆਪਣੇ ਵੱਲੋਂ ਸਭ ਨਾਲ ਇਮਾਨਦਾਰ ਰਹਿਣ ਤੇ ਕਿਸੇ ਨਾਲ ਈਰਖਾ, ਨਫ਼ਰਤ ਜਾਂ ਵਿਤਕਰੇ ਨਾ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਬਿਨਾਂ ਕਿਸੇ ਮਾਨ-ਸਨਮਾਨ ਜਾਂ ਅਹੁਦੇ ਦੇ ਲਾਲਚ ਤੋਂ ਆਪਣਾ ਬਣਦਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰੀਦੀ ਹੈ।
ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿੱਥੇ ਆਮ ਲੋਕ ਸਮਾਜ ਵਿੱਚ ਹੋ ਰਹੇ ਚੰਗੇ ਕੰਮਾਂ ਵਿੱਚ ਆਪਣੇ ਵਿੱਤ ਅਨੁਸਾਰ ਯੋਗਦਾਨ ਵੀ ਪਾਉਂਦੇ ਹਨ, ਉੱਥੇ ਤੁਹਾਡਾ ਸਾਥ ਵੀ ਦਿੰਦੇ ਹਨ। ਜੇ ਉਹ ਸਾਥ ਨਾ ਦੇ ਸਕਣ ਤਾਂ ਤੁਹਾਡੇ ਸ਼ੁੱਭਚਿੰਤਕ ਜ਼ਰੂਰ ਹੁੰਦੇ ਹਨ ਜਾਂ ਜੇ ਕੁਝ ਵੀ ਨਾ ਕਰ ਸਕਣ ਤਾਂ ਤੁਹਾਡੀ ਵਿਰੋਧਤਾ ਨਹੀਂ ਕਰਦੇ, ਚੁੱਪ ਰਹਿ ਜਾਂਦੇ ਹਨ।
ਪਰ ਇਸਦੇ ਉਲਟ ਸਮਾਜ ਵਿੱਚ ਬਣੇ ਆਪੂੰ ਬਣੇ ਲੀਡਰ, ਘੜੰਮ ਚੌਧਰੀ, ਅਖੌਤੀ ਸਮਾਜ ਸੇਵਕ, ਸਵਾਰਥੀ ਕਿਸਮ ਦੇ ਲੋਕ, ਆਪਣੇ ਨਿੱਜੀ ਹਿੱਤਾਂ ਲਈ ਤੁਹਾਨੂੰ ਖ਼ਤਰਾ ਮਹਿਸੂਸ ਕਰਦੇ ਹਨ। ਉਹ ਕੋਸ਼ਿਸ਼ ਕਰਦੇ ਹਨ ਕਿ ਇਨ੍ਹਾਂ ਨੂੰ ਸਮਾਜ ਵਿੱਚ ਅੱਗੇ ਨਾ ਵਧਣ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੇ ਸਵਾਰਥੀ ਹਿੱਤ ਤਾਂ ਹੀ ਪੂਰੇ ਹੁੰਦੇ ਹਨ, ਜੇ ਉਨ੍ਹਾਂ ਦੀ ਅਸਲੀਅਤ ਨਾ ਜਾਨਣ, ਉਨ੍ਹਾਂ ਮਗਰ ਅੱਖਾਂ ਮੀਟ ਕੇ ਲੱਗੇ ਰਹਿਣ। ਉਨ੍ਹਾਂ ਨੂੰ ਸਵਾਲ ਕਰਨ ਵਾਲ਼ੇ, ਨੁਕਤਾਚੀਨੀ ਵਾਲ਼ੇ ਲੋਕ ਚੰਗੇ ਨਹੀਂ ਲੱਗਦੇ। ਇਸ ਲਈ ਉਹ ਸਿੱਧੇ ਅਸਿੱਧੇ ਢੰਗ ਨਾਲ਼ ਤੁਹਾਡਾ ਵਿਰੋਧ ਕਰਦੇ ਹਨ ਜਾਂ ਆਪਣੇ ਸਵਾਰਥੀ ਚੇਲਿਆਂ ਰਾਹੀਂ ਤੁਹਾਨੂੰ ਸੋਸ਼ਲ ਮੀਡੀਆ ‘ਤੇ ਹਰਾਸ ਕਰਨਗੇ।
ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਡੇ ਵਿੱਚ ਵੀ ਨਿਰਸਵਾਰਥ ਹੋ ਕੇ ਜਾਂ ਇਮਾਨਦਾਰੀ ਨਾਲ਼ ਸਮਾਜ ਵਿੱਚ ਕੁਝ ਕਰਨ ਦਾ ਕੀੜਾ ਹੈ ਤਾਂ ਫਿਰ ਇਸ ਗੱਲ ਨੂੰ ਜ਼ਰੂਰ ਯਾਦ ਰੱਖਿਓ ਕਿ ਤੁਹਾਡੇ ਨਾਲ਼ ਬਹੁਤ ਘੱਟ ਲੋਕ ਖੜਨਗੇ ਜਾਂ ਬਿਲਕੁਲ ਨਹੀਂ ਖੜਨਗੇ। ਜੋ ਵੀ ਕਰਨਾ ਹੈ, ਸੋਚ ਵਿਚਾਰ ਕੇ ਆਪਣੇ ਦਮ ‘ਤੇ ਕਰਨਾ ਹੈ, ਆਪਣੀ ਯੋਗਤਾ ਤੇ ਸਮਰੱਥਾ ਅਨੁਸਾਰ ਕਰਨਾ ਹੈ, ਕਿਸੇ ਤੋਂ ਆਸ ਨਹੀਂ ਰੱਖਣੀ। ਜੋ ਜਿਤਨਾ ਸਹਿਯੋਗ ਦਿੰਦਾ ਹੈ, ਉਤਨਾ ਪ੍ਰਸ਼ਾਦ ਸਮਝ ਕੇ ਲੈ ਲੈਣਾ। ਇਸਨੂੰ ਆਪਣਾ ਹੱਕ ਨਹੀਂ ਸਮਝਣਾ। ਨਾ ਹੀ ਕਿਸੇ ਨੂੰ ਤਾਅਨੇ ਮਾਰਨੇ ਹਨ, ਕਿ ਫਲਾਨਾ ਸਾਥ ਨੀ ਦਿੰਦਾ ਜਾਂ ਧਮਕਾਨਾ ਸਾਥ ਨੀ ਦਿੰਦਾ। ਜੋ ਵੀ ਕਰਨਾ ਹੈ, ਉਸਦੀ ਜਿੰਮੇਵਾਰੀ ਲੈਣੀ ਹੈ, ਫਿਰ ਭੱਜਣਾ ਨਹੀ। ਨਤੀਜਿਆਂ ਬਾਰੇ ਪਹਿਲਾਂ ਵਿਚਾਰ ਲੈਣਾ।
ਹਰਚਰਨ ਸਿੰਘ ਪ੍ਰਹਾਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next articleਇੱਕ ਕੋਸ਼ਿਸ਼, ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ