ਬਦਲਾਅ… (ਮਿੰਨੀ ਕਹਾਣੀ)

ਮਨਜੀਤ ਕੌਰ ਧੀਮਾਨ
(ਸਮਾਜ ਵੀਕਲੀ)
ਉਹ ਕਈ ਦਿਨਾਂ ਤੋਂ ਅੰਦਰ ਹੀ ਅੰਦਰ ਘੁਟ ਰਹੀ ਸੀ। ਭਲਾ ਓਹਨੇ ਇੰਝ ਕਿਉਂ ਕੀਤਾ? ਮੇਰੀ ਸਿੱਖਿਆ ਵਿੱਚ ਕੀ ਕਮੀ ਰਹਿ ਗਈ ਸੀ? ਕੀ ਹੁਣ ਬੱਚੇ ਅਧਿਆਪਕਾਂ ਦਾ ਆਦਰ- ਸਤਿਕਾਰ ਕਰਨਾ ਬਿਲਕੁੱਲ ਹੀ ਭੁੱਲ ਗਏ ਹਨ? ਸਗੋਂ ਉਹ ਅਧਿਆਪਕ ਦੀ ਬੇਇਜ਼ਤੀ ਕਰਕੇ ਖੁਸ਼ ਹੁੰਦੇ ਹਨ।ਕੀ ਚੰਗਾ ਪੜ੍ਹਾਉਣਾ ਹੀ ਗੁਨਾਂਹ ਹੋ ਗਿਆ ਹੈ? ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਓਹਦੇ ਮਨ ਵਿੱਚ ਉੱਠਦੇ। ਕਈ ਪ੍ਰਸ਼ਨਾਂ ਦੇ ਉੱਤਰ ਓਹ ਆਪੇ ਲੱਭ ਲੈਂਦੀ ਤੇ ਕਈ ਪ੍ਰਸ਼ਨ ਓਹਦੇ ਅੰਦਰ ਘੋਲ਼ ਘੁਲਦੇ ਰਹਿੰਦੇ। ਓਹਦਾ ਕਿਸੇ ਕੰਮ ਵਿੱਚ ਮਨ ਨਹੀ ਲੱਗ ਰਿਹਾ ਸੀ।
             ਦਰਅਸਲ ਅੰਮ੍ਰਿਤ ਕੌਰ ਇੱਕ ਸਕੂਲ ਅਧਿਆਪਕਾ ਸੀ। ਉਹ ਨਿੱਤ ਹੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੀਆਂ ਗੱਲਾਂ ਵੀ ਸਿਖਾਉਂਦੀ। ਉਹ ਹਮੇਸ਼ਾਂ ਖ਼ੁਸ਼ ਰਹਿੰਦੀ ਸੀ।ਪਰ ਕੁਝ ਬੱਚਿਆਂ ਦੀਆਂ ਹਰਕਤਾਂ ਅਕਸਰ ਹੀ ਉਹਨੂੰ ਪਰੇਸ਼ਾਨ ਕਰ ਦਿੰਦੀਆਂ। ਇਸੇ ਤਰ੍ਹਾਂ ਇਸ ਵਾਰ ਵੀ ਹੋਇਆ। ਰੋਜ਼ ਸਵੇਰੇ ਉਹਦੀ ਮੁੱਖ ਦਰਵਾਜ਼ੇ ਮੂਹਰੇ ਡਿਊਟੀ ਹੁੰਦੀ। ਓਸਨੇ ਮਹਿਸੂਸ ਕੀਤਾ ਕਿ ਇੱਕ ਬੱਚਾ ਉਸਨੂੰ ਨੀਵਾਂ ਦਿਖਾਉਣ ਲਈ ਕੋਲ਼ ਖੜ੍ਹੇ ਚਪੜਾਸੀ ਅੰਕਲ ਨੂੰ ਮੱਥਾ ਟੇਕ ਕੇ ਲੰਘ ਜਾਂਦਾ, ਪਰ ਉਸਨੂੰ ਨਹੀਂ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੇ।
            ਹਾਂਜੀ ਪੁੱਤਰ! ਇੱਧਰ ਆਉ। ਇੱਕ ਦਿਨ ਓਸਨੇ ਹਿੰਮਤ ਜਿਹੀ ਕਰਕੇ ਉਸ ਬੱਚੇ ਨੂੰ ਬੁਲਾਇਆ।
             ਹਾਂਜੀ! ਬੱਚੇ ਨੇ ਬੇਸ਼ਰਮੀ ਜਿਹੀ ਨਾਲ ਕਿਹਾ।
               ਪੁੱਤਰ ਏਧਰ ਵੀ ਮੱਥਾ ਟੇਕੋ। ਓਸਨੇ ਓਹਦੀ ਮਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
             ਜੀ ਮੈਡਮ ਜੀ! ਬੱਚੇ ਨੇ ਸ਼ਰਮਿੰਦਾ ਹੁੰਦਿਆਂ ਆਪਣੀ ਮਾਂ ਤੇ ਮੈਡਮ ਦੋਵਾਂ ਨੂੰ ਮੱਥਾ ਟੇਕਿਆ ਤੇ ਅੰਦਰ ਚਲਾ ਗਿਆ।
             ਮੈਡਮ ਜੀ! ਚੰਗਾ ਹੋਇਆ ਤੁਸੀਂ ਮੈਨੂੰ ਬੁਲਾ ਲਿਆ। ਇਸਨੂੰ ਜ਼ਰੂਰ ਸਿੱਖਿਆ ਮਿਲ਼ ਗਈ ਹੋਣੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਕਹਿ ਕੇ ਉਸ ਬੱਚੇ ਦੀ ਮਾਂ ਵੀ ਚਲੀ ਗਈ।
                  ਬਦਲਾਅ ਜ਼ਰੂਰੀ ਹੈ ,ਪਰ ਕਿੱਥੇ ਤੇ ਕਿਵੇਂ ਬਦਲਾਅ ਕਰਨਾ ਹੈ, ਇਸ ਬਾਰੇ ਸੋਚਣਾ ਵੀ ਜ਼ਰੂਰੀ ਹੈ, ਸੋਚਦਿਆਂ ਅੰਮ੍ਰਿਤ ਕੌਰ ਨੇ ਸੌਖਾ ਸਾਹ ਲਿਆ।ਹੁਣ ਉਹ ਬਿਲਕੁੱਲ ਪਰੇਸ਼ਾਨ ਨਹੀਂ ਸੀ, ਸਗੋਂ ਸ੍ਵੈਮਾਣ ਨਾਲ਼ ਭਰੀ ਹੋਈ ਉਹ ਵੀ ਅੰਦਰ ਤੁਰ ਗਈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ
 ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵੇ ਚੁਗ ਲੈ ਹਾਣਦਿਆ ਖਿੰਡਗੇ ਗਾਨੀ ਦੇ ਮਣਕੇ..!
Next articleਗ਼ਜ਼ਲ