(ਸਮਾਜ ਵੀਕਲੀ)
ਤੂੰ ਝੂਠਾ ਦੀ ਹੈਂ ਪੰਡ ਸੱਜਣਾਂ
ਤੇਰਾ ਨਿਤ ਨਵਾਂ ਹੀ ਰੰਗ ਸੱਜਣਾਂ
ਮਹਿੰਗਾਈ ਕਿਥੇ ਜਾ ਪਹੁੰਚੀ
ਤੈਨੂੰ ਆਵੇ ਨਾ ਕੋਈ ਸੰਗ ਸੱਜਣਾਂ।
ਕਿਥੇ ਗਏ ਵੇ ਤੇਰੇ ਲੱਖ ਪੰਦਰਾਂ
ਸਾਨੂੰ ਤਾਂ ਮਿਲੇ ਨਾ ਤੇਰੇ ਕੱਖ ਪੰਦਰਾਂ
ਤੇਰੇ ਮਨ ਕੀ ਬਾਤ ਕੋਈ ਸੁਣੇ ਕਿਉਂ
ਤੂੰ ਉਥੇ ਵੀ ਕਰਦੈਂ ਪਖੰਡ ਸੱਜਣਾਂ।
ਤੂੰ ਲਾਰਾ ਨਵਾਂ ਨਿਤ ਲਵਾ ਛੱਡਦੈਂ
ਕੋਈ ਨਵਾਂ ਪੁਆੜਾ ਪਾ ਛੱਡਦੈਂ
ਜਨਤਾ ਤੇਰੇ ਤੋਂ ਹੋਈ ਦੁਖੀ
ਉਹਨਾਂ ਤੋੜਨਾ ਤੇਰਾ ਘੁਮੰਡ ਸੱਜਣਾਂ।
ਤੇਰੇ ਜੁਮਲੇ ਸੁਣ ਸੁਣ ਅੱਕ ਗਏ ਹਾਂ
ਉਡੀਕ ਚੰਗੇ ਦਿਨਾਂ ਦੀ ‘ਚ ਥੱਕ ਗਏ ਹਾਂ
ਤੇਰੀ ਨੋਟ ਬੰਦੀ ਸਾਨੂੰ ਰੋਲ ਗਈ
ਗਰੀਬਾਂ ਨੂੰ ਕੀਤਾ ਤੂੰ ਬੜਾ ਤੰਗ ਸੱਜਣਾਂ।
ਲੋਕਾਂ ਤਾਲੀਆਂ ਬਹੁਤ ਵਜਾਈਆਂ ਸੀ
ਥਾਲੀਆਂ ਵੀ ਬਹੁਤ ਖੜਕਾਈਆਂ ਸੀ
ਦੀਵਿਆਂ ਨਾਲ ਬਨੇਰੇ ਭਰ ਗਏ ਸੀ
ਕਰੋਨਾ ਨੂੰ ਸੀ ਚੜ੍ਹਿਆ ਹੋਰ ਰੰਗ ਸੱਜਣਾਂ।
ਗੀਤ
ਇਹ ਨੀਲੇ, ਚਿੱਟੇ, ਭਗਵੇਂ ਜੋ,
ਸਾਰੇ ਹੀ ਚੱਟੇ-ਵੱਟੇ ਨੇ
ਗੱਲ ਸੁਣ ਲੈ ਤੂੰ ਪੰਜਾਬ ਸਿਆਂ
ਤੇਰੇ ਸਾਰਿਆਂ ਨੇ ਮੁੱਲ ਵੱਟੇ ਨੇ।
ਇਕ ਘੁਟਵੀਂ ਪਜਾਮੀ ਵਾਲੇ ਨੇ
‘ਕਪੂਰੀ’ ਵਿੱਚ ਟੱਕ ਲਵਾਇਆ ਸੀ
ਫਿਰ ਬੁੱਢੇ ਬਾਬਾ ਬਖ਼ਤੌਰੇ ਨੇ
ਟੱਕ ਨੂੰ ਨਹਿਰ ਬਣਾਇਆ ਸੀ
ਹੁਣ ਭਗਵਿਆਂ ਦੀ ਇਸ ਮੰਡਲੀ ਨੇ
ਨਵਾਂ ਹੀ ਕਹਿਰ ਕਮਾਇਆ ਏ
ਸਰਮਾਏਦਾਰਾਂ ਦੇ ਬਣ ਬਰਦੇ
ਇਹਨਾਂ ਗਰੀਬਾਂ ਦੇ ਘਰ ਪੱਟੇ ਨੇ
ਗੱਲ ਸੁਣ ਲੈ ਤੂੰ ਪੰਜਾਬ ਸਿਆਂ
ਤੇਰੇ ਸਾਰਿਆਂ ਨੇ ਮੁੱਲ ਵੱਟੇ ਨੇ।
ਇਹਨਾਂ ਤਖ਼ਤਾਂ ਤੇ ਨਾ ਮਾਣ ਕਰੋ
ਇਹ ਤਖ਼ਤ ਹੀ ਤਖ਼ਤੇ ਬਣ ਜਾਂਦੇ
ਉੱਡਦੇ ਜੋ ਉੱਚੀਆਂ ਹਵਾਵਾਂ ਵਿੱਚ
ਉਹ ਖਾਕ ਵਿੱਚ ਹੀ ਰਲ ਜਾਂਦੇ
ਤਾਰੂ ਜੋ ਬਣਦੇ ਪੱਤਣਾਂ ਦੇ
ਉਹ ਬਿਨ ਪਾਣੀ ਹੀ ਡੁੱਬ ਜਾਂਦੇ
ਹਵਾ ਦਾ ਰੁੱਖ ਜਦ ਲੋਟ ਹੋਵੇ
ਵੱਡੇ ਰੁੱਖ ਵੀ ਜਾਂਦੇ ਪੱਟੇ ਨੇ।
ਗੱਲ ਸੁਣ ਲੈ ਤੂੰ ਪੰਜਾਬ ਸਿਆਂ
ਤੇਰੇ ਸਾਰਿਆਂ ਨੇ ਮੁੱਲ ਵੱਟੇ ਨੇ।
ਇਹ ਨੀਲੇ, ਚਿੱਟੇ, ਭਗਵੇਂ ਜੋ
ਸਾਰੇ ਹੀ ਚੱਟੇ-ਵੱਟੇ ਨੇ
ਗੱਲ ਸੁਣ ਲੈ ਤੂੰ ਪੰਜਾਬ ਸਿਆਂ
ਤੇਰੇ ਸਾਰਿਆਂ ਨੇ ਮੁੱਲ ਵੱਟੇ ਨੇ।
ਰਵਿੰਦਰ ਸਿੰਘ ਸੋਢੀ
604-369-2371
ਰਿਚਮੰਡ , ਕੈਨੇਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly