ਧੂਰੀ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ, ਧੂਰੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਦਫਤਰ ਵਿਖੇ ਹੋਈ, ਜਿਸ ਵਿੱਚ ਸ਼ਹਿਰ ਦੇ ਸਭ ਤੋਂ ਜਰੂਰੀ ਮਸਲੇ ਰੇਲਵੇ ਓਵਰ ਬਰਿੱਜ ਬਣਾਉਣ ਦੀ ਚਿਕੋਣੀ ਮੰਗ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਐਸੋਸੀਏਸ਼ਨ ਵੱਲੋਂ ਬਹੁਤ ਵਾਰ ਪ੍ਰਸ਼ਾਸ਼ਨ ਅਤੇ ਰੇਲਵੇ ਅਧਿਕਾਰੀਆਂ ਨੂੰ ਲਿਖਣ ਦੇ ਬਾਵਜੂਦ ਅਤੇ ਮਾਣਯੋਗ ਮੁੱਖ ਮੰਤਰੀ ਜੀ ਦੇ ਦੋ ਸਾਲਾਂ ਪਹਿਲਾਂ ਕੀਤੇ ਇਸ ਓਵਰ ਬਰਿੱਜ ਬਣਾਉਣ ਨੂੰ ਕੀਤੇ ਐਲਾਨ ਦੇ ਬਾਵਜੂਦ ਪੁਲ ਬਣਾਉਣ ਲਈ ਕੋਈ ਸਾਰਥਿਕ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਲੋਕਾਂ ਵਿੱਚ ਕੇਂਦਰ, ਰੇਲਵੇ ਅਤੇ ਪੰਜਾਬ ਸਰਕਾਰ ਦੀ ਲਾਪਰਵਾਹੀ, ਅਣਦੇਖੀ ਅਤੇ ਸੁਸਤੀ ਵਿਰੁੱਧ ਬਹੁਤ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਇਸ ਪੁਲ ਦੇ ਬਣਨ ਨਾਲ ਪਿੰਡ ਭਸੌੜ, ਬਰੜਵਾਲ, ਮੀਮਸਾ ਸਮੇਤ ਦਰਜਨ ਪਿੰਡਾਂ ਦੇ ਲੋਕਾਂ ਨੂੰ ਸਕੂਟਰ, ਮੋਟਰਸਾਈਕਲ, ਰਿਕਸ਼ਾ ਚਾਲਕਾਂ ਨੂੰ ਜੋ ਘੰਟਿਆਂਬੱਧੀ ਰੇਲਵੇ ਫਾਟਕ ਬੰਦ ਹੋਣ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਨੂੰ ਵੱਡੀ ਰਾਹਤ ਮਿਲੇਗੀ।
ਇਸ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਹਰਜਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ ਸਾਰੋਂ ਅਤੇ ਸੁਰਿੰਦਰ ਸ਼ਰਮਾ ਨੇ ਨਵੇਂ ਬੱਸ ਸਟੈਂਡ ਬਣਾਉਣ, ਕੱਕੜਵਾਲ ਚੌਂਕ ਲਾਇਟਾਂ ਦਾ ਪ੍ਰਬੰਧ ਕਰਨ, ਰੇਲਵੇ ਪੁਲ ਦੇ ਨਿੱਚੇ ਪਾਰਕ ਦਾ ਨਿਰਮਾਣ ਕਰਨ, ਹਸਪਤਾਲ ਵਿੱਚ ਪ੍ਰਬੰਧ ਠੀਕ ਕਰਨ, ਚਿਰਾਂ ਤੋਂ ਬੰਦ ਪਈ ਲਾਇਬਰੇਰੀ ਨੂੰ ਚਾਲੂ ਕਰਨ, ਪੁਰਾਣੇ ਸ਼ਹਿਰੀ ਪਾਰਕ ਦਾ ਸੁੰਦਰੀਕਰਨ ਵਰਗੀਆਂ ਮੰਗਾਂ ਜਲਦੀ ਪ੍ਰਵਾਨ ਕਰਨ ਦੀ ਮੰਗ ਕੀਤੀ ਅਤੇ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆ ਸਰਬਜੀਤ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਲੋਕਾਂ ਨੂੰ ਜਾਗੂਰਕ ਕਰਨ ਅਤੇ ਕੇਂਦਰ, ਪੰਜਾਬ ਸਰਕਾਰ ਦਾ ਮੰਗਾਂ ਵੱਲ ਧਿਆਨ ਖਿੱਚਣ ਲਈ 18 ਮਈ ਸ਼ਨੀਵਾਰ ਨੂੰ ਸ਼ਾਮ 4 ਵਜੇ ਐਸੋਸੀਏਸ਼ਨ ਦੇ ਦਫਤਰ ਤੋਂ ਸੈਕੜੇ ਸੀਨੀਅਰ ਸਿਟੀਜਨਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਬਜਾਰਾਂ, ਮੁਹੱਲਿਆਂ ਵਿੱਚ ਮੋਟਰਸਾਈਕਲ, ਸਕੂਟਰ, ਰਿਕਸ਼ਾ, ਸਾਈਕਲਾਂ ਤੇ ਰੋਸ ਮਾਰਚ ਕੀਤਾ ਜਾਵੇਗਾ, ਜੋ ਮਾਲੇਰਕੋਟਲਾ ਚੌਂਕ ਪਹੁੰਚਕੇ ਸਮਾਪਤ ਹੋਵੇਗਾ ਅਤੇ ਉਥੇ ਰੈਲੀ ਉਪਰੰਤ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ ਹੈ ਅਤੇ ਇਸ ਮਾਰਚ ਦੀ ਕਾਮਯਾਬੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਸ਼ਹਿਰ ਦੀਆਂ ਹੋਰ ਭਰਾਤਰੀ ਜੱਥੇਬੰਦੀਆਂ ਨੂੰ ਇਸ ਗੈਰ ਸਿਆਸੀ ਅਤੇ ਲੋਕ ਹਿਤੈਸ਼ੀ ਮਾਰਚ ਵਿੱਚ ਹਿੱਸਾ ਲੈਣ ਲਈ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਕਰਮ ਸਿੰਘ ਇੰਸਪੈਕਟਰ, ਗੁਰਦਿਆਲ ਸਿੰਘ ਨਿਰਮਾਣ, ਚਰਨਜੀਤ ਸਿੰਘ, ਹੰਸ ਰਾਜ, ਕੁਲਵੰਤ ਰਾਏ ਅਤੇ ਵਿਜੈ ਕੁਮਾਰ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly