(ਸਮਾਜ ਵੀਕਲੀ)
ਜਲੰਧਰ। ਹੁਣ ਤੱਕ ਕੇਂਦਰ ਤੇ ਸੂਬੇ ’ਚ ਬਣਦੀਆਂ ਆ ਰਹੀਆਂ ਸਰਕਾਰਾਂ ਦੀ ਅਣਦੇਖੀ ਕਰਕੇ ਸਰਕਾਰੀ ਸਿਹਤ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਅਜਿਹੀ ਸਥਿਤੀ ’ਚ ਰੋਜ਼ਾਨਾ ਲੋਕ ਬੇਇਲਾਜੇ ਮਾਰੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲੋਕਾਂ ਨਾਲ ਰੂਬਰੂ ਹੁੰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੱਤਾ ’ਚ ਰਹੀਆਂ ਪਾਰਟੀਆਂ ਨੇ ਲੋਕਾਂ ਤੋਂ ਵੋਟਾਂ ਤਾਂ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਦੇ ਨਾਂ ’ਤੇ ਲਈਆਂ, ਪਰ ਸਰਕਾਰਾਂ ਬਣਾ ਕੇ ਇਸ ਪਾਸੇ ਗੰਭੀਰਤਾ ਨਹੀਂ ਦਿਖਾਈ। ਸਰਕਾਰੀ ਹਸਪਤਾਲਾਂ ’ਚ ਗੰਭੀਰ ਬੀਮਾਰੀਆਂ ਦਾ ਇਲਾਜ ਮਿਲਣਾ ਤਾਂ ਦੂਰ, ਕਈ ਜ਼ਰੂਰੀ ਟੈਸਟ ਕਰਨ ਦਾ ਪ੍ਰਬੰਧ ਵੀ ਨਹੀਂ ਹੈ। ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਲੋਕ ਬੇਮੌਤ ਮਾਰੇ ਜਾ ਰਹੇ ਹਨ।
ਇਲਾਜ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆਂ ਸਭ ਤੋਂ ਮਹੱਤਵਪੂਰਨ ਮੁੱਦਾ ਹੈ, ਪਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹਾਲਤ ਗੰਭੀਰ ਹੋਣ ਦੀ ਸਥਿਤੀ ’ਚ ਜਦੋਂ ਲੋਕ ਸਰਕਾਰੀ ਹਸਪਤਾਲਾਂ ’ਚ ਜਾਂਦੇ ਹਨ ਤਾਂ ਉਨ੍ਹਾਂ ’ਚ ਯੋਗ ਇਲਾਜ ਨਹੀਂ ਮਿਲ ਪਾਉਂਦਾ। ਅਜਿਹੇ ’ਚ ਜਦੋਂ ਉਹ ਬਾਹਰੋਂ ਇਲਾਜ ਕਰਾਉਣ ਲਈ ਮਜਬੂਰ ਹੁੰਦੇ ਹਨ। ਇਸ ਕਰਕੇ ਲੋਕ ਆਰਥਿਕ ਬੋਝ ਹੇਠਾਂ ਦੱਬਦੇ ਜਾ ਰਹੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਜਲੰਧਰ ਦੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਤਾਂ ਉਹ ਸਾਂਸਦ ਵੱਜੋਂ ਲੋਕਾਂ ਲਈ ਚੰਗੀਆਂ ਸਿਹਤ ਸੁਵਿਧਾਵਾਂ ਦਾ ਪ੍ਰਬੰਧ ਕਰਨਗੇ। ਲੋਕਾਂ ਨੂੰ ਇਲਾਜ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।