ਮਾਂ ਦਿਵਸ ਤੇ ਵਿਸ਼ੇਸ਼-  ਮਾਵਾਂ ਤਾਂ ਹੁੰਦੀਆ ਨੇ ਛਾਵਾਂ –  ਸੰਜੀਵ ਬਾਂਸਲ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) -ਸਾਲ ਦਾ ਹਰ ਦਿਨ ਆਪਣੇ ਆਪ ਵਿੱਚ ਮਹੱਤਵ ਰੱਖਦਾ ਹੈ ਅਤੇ ਕੋਈ ਨਾ ਕੋਈ ਘਟਨਾ ਜਾਂ ਦੁਰਘਟਨਾ, ਕਿਸੇ ਨਾ ਕਿਸੇ ਦਿਨ ਨਾਲ ਜੁੜੀ ਹੋਈ ਹੈ, ਜਿਸ ਕਰਕੇ ਉਹਨਾਂ ਦਿਨਾਂ ਤੇ ਕੁੱਝ ਯਾਦਾਂ ਅਤੇ ਇਤਿਹਾਸ ਦਾ ਚੇਤਾ ਆਉਂਦਾ ਹੈ। ਅੱਜ ਦੇ ਦਿਨ ਨੂੰ ‘‘ਮਦਰ ਡੇ’’ ਯਾਨੀ ਮਾਂ ਦਿਵਸ ਵਜੋਂ ਦਰਜ਼ ਕੀਤਾ ਗਿਆ ਹੈ। ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ ਕਿਉਂ ਨਾ ਹੋਵੇ- ਪਰ ਜੇਕਰ ਮਾਂ ਉਸ ਨੂੰ ਮਮਤਾ ਨਾਲ ਘੁੱਟ ਕੇ ਹਿੱਕ ਨਾਲ ਲਾ ਲਵੇ ਤਾਂ ਝੱਟ ਚੁੱਪ ਕਰ ਜਾਂਦਾ ਹੈ। ਮਾਂ ਰੱਬ ਵੱਲੋਂ ਦਿੱਤਾ ਗਿਆ ਦੁਨੀਆਂ ਦਾ ਸਭ ਤੋਂ ਅਨਮੋਲ ਤੋਹਫ਼ਾ ਹੁੰਦਾ ਹੈ। ਰੱਬ ਆਪਣਾ ਸਾਰਾ ਪਿਆਰ ਮਾਂ ਦੇ ਰੂਪ ਵਿੱਚ ਹੀ ਵੰਡਦਾ ਹੈ। ਮਾਂ ਦਾ ਨਿਸਵਾਰਥ ਪਿਆਰ ਹਰ ਇੱਕ ਦੇ ਦਿਲ ਵਿੱਚ ਅਜਿਹੀ ਨਿੱਘੀ ਯਾਦ ਬਣ ਕੇ ਰਹਿੰਦਾ ਹੈ ਕਿ ਮਾਂ ਦੇ ਵਿੱਛੜ ਜਾਣ ਤੋਂ ਬਾਅਦ ਵੀ ਬੱਚਿਆ ਦੇ ਦਿਲਾਂ ਵਿਚ ਉਸ ਦੀ ਗਰਮਾਹਟ ਬਰਕਰਾਰ ਰਹਿੰਦੀ ਹੈ। ਜੋ ਸਾਨੂੰ ਜ਼ਿੰਦਗੀ ਜਿਉਣ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ ।
ਮਾਂ ਆਪਣੇ ਬੱਚੇ ਲਈ ਹਰ ਦੁੱਖ ਸੁੱਖ ਆਪਣੇ ਤਨ ਤੇ ਜਰਦੀ ਹੈ, ਪਰ ਆਪਣੇ ਬੱਚਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੀ। ਮਾਂ ਮਮਤਾ ਦੀ ਮੂਰਤ, ਪਿਆਰ ਦਾ ਸਾਗਰ, ਦਇਆ ਤੇ ਤਿਆਗ ਦੀ ਦੇਵੀ ਹੈ। ਮਾਂ ਦੀ ਕੁਰਬਾਨੀ ਦਾ ਮੁੱਲ ਕਿਸੇ ਵੀ ਕੀਮਤ ਤੇ ਤਾਰਿਆ ਨਹੀਂ ਜਾ ਸਕਦਾ, ਪਰ ਪਿਆਰ ਸਤਿਕਾਰ ਤਾਂ ਦਿੱਤਾ ਹੀ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ਵਿੱਚ ਬੱਚੇ ਇਸ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਨ। ਆਮ ਤੌਰ ਤੇ ਨਾਰੀ ਦੇ ਚਾਰ ਰੂਪ ਮੰਨੇ ਜਾਂਦੇ ਹਨ- ਮਾਂ, ਭੈਣ, ਪਤਨੀ ਤੇ ਬੇਟੀ। ਇਹਨਾਂ ਵਿਚੋਂ ਮਾਂ ਦੇ ਰੂਪ ਨੂੰ ਸਰਵ-ਉਚ ਸਥਾਨ ਪ੍ਰਾਪਤ ਹੈ। ਮਾਂ ਦਾ ਰੋਲ ਕੇਵਲ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦੇ ਕੇ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਪਿਆਰ ਦੁਲਾਰ ਦੇ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਤੇ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣਾ ਵੀ ਉਸ ਦਾ ਫਰਜ਼ ਹੁੰਦਾ ਹੈ। ਇਹ ਮਾਂ ਦਾ ਹੀ ਹਿਰਦਾ ਹੁੰਦਾ ਹੈ ਕਿ ਬੇਸ਼ੱਕ ਪੁੱਤਰ ਜਿਹੋ ਜਿਹਾ ਮਰਜ਼ੀ ਹੋਵੇ, ਮਾਂ ਹਮੇਸ਼ਾਂ ਉਸ ਦੀ ਸੁੱਖ ਹੀ ਲੋੜਦੀ ਹੈ, ਅਸੀਸਾਂ ਦਿੰਦੀ ਹੈ, ਭਾਵੇਂ ਸਾਰਾ ਆਲਾ ਦੁਆਲਾ ਉਸ ਨੂੰ ਦੋਸ਼ੀ ਜਾਂ ਗੁਨਾਹਗਾਰ ਆਖੇ, ਪਰ ਮਾਂ ਕਦੇ ਨਹੀਂ ਮੰਨੇਗੀ ਕਿ ਮੇਰਾ ਪੁੱਤਰ ਦੋਸ਼ੀ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਕਈ ਪਰਿਵਾਰਾਂ ਵਿੱਚ ਇਹ ਰੋਲ ਦਾਦੀਆਂ ਨਾਨੀਆਂ ਵੀ ਨਿਭਾਅ ਰਹੀਆਂ ਹਨ। ਮਾਂ ਇੱਕ ਕਲਾਕਾਰ ਹੁੰਦੀ ਹੈ- ਜੋ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਲਈ ਆਪਣੀ ਪੂਰੀ ਵਾਹ ਲਾਉਂਦੀ ਹੈ।ਅਜੋਕੇ ਸਮੇਂ ਦਾ ਦੁਖਾਂਤ ਹੈ ਕਿ- ਅੱਜ ਸਾਡੀਆਂ ਮਾਵਾਂ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੀਆਂ ਹਨ। ਇੱਕ ਵਾਰੀ ‘ਮਦਰਜ਼ ਡੇ’ ਤੇ ਖਬਰ ਆਈ ਸੀ, ਕਿ ਬਿਰਧ ਆਸ਼ਰਮ ਦੀਆਂ ਬਜ਼ੁਰਗ ਔਰਤਾਂ ਨੂੰ ਜਦੋਂ ਦੱਸਿਆ ਗਿਆ ਕਿ ਅੱਜ ‘ਮਾਂ ਦਿਵਸ’ ਹੈ ਤਾਂ ਉਹ ਸਾਰਾ ਦਿਨ ਗੇਟ ਦੇ ਨੇੜੇ ਬੈਠੀਆਂ ਰਹੀਆਂ, ਕਿ ਸ਼ਾਇਦ ਉਹਨਾ ਦਾ ਕੋਈ ਆਪਣਾ ਮਿਲਣ ਆ ਜਾਵੇ। ਕਿੰਨੇ ਨਾ ਸ਼ੁਕਰੇ ਹਾਂ ਅਸੀਂ.. ਕਦੇ ਸੋਚਿਆ ?

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਕੁਰਾਲ਼ੀ ਵਿਖੇ ਨਰਸਿੰਗ ਡੇਅ ਮਨਾਇਆ
Next articleਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬੀ ਸਾਹਿਤ ਜਗਤ ਦੇ ਉੱਘੇ ਕਵੀ ਪਦਮਸ਼੍ਰੀ ਪ੍ਗਤੀਸ਼ੀਲ ਸਾਹਿਤਕਾਰ ਸੁਰਜੀਤ ਪਾਤਰ ਦੇ ਬੇਵਕਤ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ