ਜਸਵੰਤ ਗਿੱਲ ਸਮਾਲਸਰ ਦੀ ਪਲੇਠੀ ਕਿਤਾਬ “ਜ਼ਿੰਦਗੀ ਦੇ ਪਰਛਾਵੇਂ” ਨੂੰ ਪੜ੍ਹਦਿਆਂ 

(ਸਮਾਜ ਵੀਕਲੀ)
ਕਵੀ: ਜਸਵੰਤ ਗਿੱਲ ਸਮਾਲਸਰ 
ਕਿਤਾਬ : ਜ਼ਿੰਦਗੀ ਦੇ ਪਰਛਾਵੇਂ 
ਪੰਨੇ :128  ਮੁੱਲ : 250 
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ,ਨਾਭਾ
ਕਿਤਾਬ ਨਾਲ ਸਾਹਿਤਕ ਖ਼ੇਤਰ ਵਿੱਚ ਇੱਕ ਨਵੀ ਪੁਲਾਂਘ ਪੁੱਟ ਕੇ ਖੂਬਸੂਰਤ ਅੰਦਾਜ਼ ਨਾਲ ਅਗਲੇਰੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਛੋਟੇ ਵੀਰ ਜਸਵੰਤ ਗਿੱਲ ਸਮਾਲਸਰ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ।
ਇਸ ਕਿਤਾਬ ਵਿੱਚ ਜਸਵੰਤ ਗਿੱਲ ਸਮਾਲਸਰ ਨੇ ਆਪਣੇ ਤਨ ਤੇ ਹੰਢਾਏ , ਅਤੇ ਸਮਾਜ ਅੰਦਰ ਵਰਤ ਰਹੇ ਵਰਤਾਰੇ ਨੂੰ ਆਪਣੀ ਕਲਮ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਕਲਮਬੱਧ ਕਰਕੇ ਆਪਣੀਆਂ ਰਚਨਾਵਾਂ ਰਾਹੀਂ ਬਿਆਨ ਕੀਤਾ ਹੈ
ਮਿਹਨਤਕਸ਼ ਪਰਿਵਾਰ ਵਿੱਚ ਜਨਮੇ ਨੌਜੁਆਨ ਕਵੀ ਜਸਵੰਤ ਗਿੱਲ ਸਮਾਲਸਰ ਦੀ ਸੋਚ ਕਿਸੇ ਮੰਝੇ ਹੋਏ ਲੇਖ਼ਕ ਤੋ ਘੱਟ ਨਹੀ
ਉਹ ਹਿੰਮਤ , ਹੌਸਲੇ , ਅਤੇ ਨਿੱਡਰਤਾ ਨਾਲ ਸੱਚਾਈ ਨੂੰ ਬਿਆਨ ਕਰਨ ਦਾ ਮਾਦਾ ਰੱਖਦਾ ਹੈ
ਉਸ ਦੀਆਂ ਰਚਨਾਵਾਂ ਵਿੱਚੋਂ ਕਿਰਤੀ ਵਰਗ ਦੇ ਲੋਕਾਂ ਦਾ ਦਰਦ , ਉਹਨਾਂ ਦੇ ਸੰਘਰਸ਼ ਦੀ ਗੱਲ , ਜਬਰ ਜ਼ੁਲਮ ਕਰਨ ਵਾਲੇ ਜਰਵਾਣਿਆਂ ਨੂੰ ਲਲਕਾਰ ਅਤੇ ਦੋਗਲੇ ਕਿਰਦਾਰਾਂ ਵਾਲੇ ਸਮੇ ਦੇ ਹਾਕਮਾਂ ਨੂੰ ਵੰਗਾਰ ਸਾਫ ਝਲਕਦੀ ਹੈ
ਇਸ ਕਿਤਾਬ ਰਾਹੀਂ ਲੇਖ਼ਕ ਨੇ ਹਰ ਵਰਗ ਅਤੇ ਹਰ ਵਿਸ਼ੇ ਤੇ ਆਪਣੀ ਕਲਮ ਤੋਂ ਨਿਕਲੇ ਖੂਬਸੂਰਤ ਲਫ਼ਜਾਂ
ਨਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ
ਸਮਾਜਿਕ ਕੁਰੀਤੀਆਂ, ਗੁਰਬਤ , ਰਾਜਨੀਤਕ , ਆਰਥਿਕ , ਅਮੀਰੀ , ਗਰੀਬੀ , ਜਾਤ ਮਜ਼੍ਹਬ ਦੇ ਨਾਂਅ ਤੇ ਹੁੰਦੇ ਇਨਸਾਨੀਅਤ ਦੇ ਘਾਣ , ਪ੍ਰਸ਼ਾਸਨਿਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।
ਅੱਜ ਦੇ ਸਮਾਜ ਅੰਦਰ ਔਰਤਾਂ ਤੇ ਹੁੰਦੇ ਤਸ਼ੱਦਦ ,  ਔਰਤਾਂ ‘ਤੇ ਹੁੰਦੀ ਨਾ ਇਨਸਾਫੀ ਬਾਰੇ ਵੀ ਬਖੂਬੀ ਬਿਆਨ ਕੀਤਾ ਹੈ।
ਨਸ਼ਿਆ ਦੀ ਗੱਲ , ਕਿਸਾਨਾਂ ਦਰਦ, ਮੁੱਕਦੀ ਗੱਲ ਜਸਵੰਤ ਗਿੱਲ ਨੇ ਹਰ ਉਸ ਵਿਸ਼ੇ ਨੂੰ ਆਪਣੀ ਪਲੇਠੀ ਕਿਤਾਬ ਵਿੱਚ ਉਜਾਗਰ ਕਰਨ ਦਾ ਯਤਨ ਕੀਤਾ ਜੋ ਅੱਜ ਦੇ ਸਮੇਂ ਵਿੱਚ ਅੰਬਰ ਵੇਲ ਦੀ ਤਰ੍ਹਾਂ ਫੈਲ ਕੇ ਸਮਾਜ ਨੂੰ ਖੋਖਲਾ ਕਰ ਰਹੇ ਹਨ
ਪੇਸ਼ ਹੈ ਜਸਵੰਤ ਗਿੱਲ ਦੀ ਇਸੇ ਹੀ ਕਿਤਾਬ ਵਿੱਚੋਂ ਇੱਕ ਕਵਿਤਾ
ਕ੍ਰਾਂਤੀ ਦਾ ਝੰਡਾ 
ਉਹ ਆਪਣੀ ਜਿੱਤ ਲਈ
ਲੜ ਰਹੇ ਨੇ
ਤੇ ਮੈਂ
ਸਮਾਜ ਖ਼ਾਤਰ
ਜ਼ੁਲਮੀ ਸਰਕਾਰ ਨਾਲ
ਮੱਥਾ ਲਾਉਣ ਲਈ
ਚੁੱਕ ਲਿਆ ਹੈ
ਕ੍ਰਾਂਤੀ ਦਾ ਝੰਡਾ………
ਹੁਣ ਮੇਰੀ
ਜੁਬਾਨ ਤੇ
ਜੈ ਜੈ ਕਾਰ ਨਹੀ
ਸਗੋਂ
ਇਨਕਲਾਬ ਦੇ
ਨਾਅਰੇ ਹੋਣਗੇ ……..
ਅਤੇ ਰਚਨਾਂ ” ਆਜ਼ਾਦ ਖਤ “
ਦੇ ਕੁੱਝ ਅੰਸ਼
ਖ਼ਤ ਪੜ੍ਹਨ ਵਾਲਿਓ !
ਮੈਨੂੰ ਜਵਾਬ ਜ਼ਰੂਰ ਲਿਖਣਾ
ਕੀ ਤੁਹਾਨੂੰ
ਅਸਮਾਨ ‘ਚ ਫਿਰਦੇ ਜਹਾਜ
ਇੱਲ੍ਹਾਂ , ਗਿਰਝਾਂ ਨਹੀ ਲੱਗਦੇ
ਜੋ ਚੁਣ – ਚੁਣ ਕੇ
ਲਈ ਜਾ ਰਹੇ ਨੇ ਜਵਾਨੀ ਨੂੰ
ਤੇ ਦੂਰ ਸਮੁੰਦਰਾਂ , ਪਰਬਤਾਂ,
ਜੰਗਲਾਂ ਤੋਂ ਪਰ੍ਹੇ ਲਿਜਾ ਸੁੱਟ ਦਿੰਦੇ ਨੇ …..
ਕੀ ਤੁਹਾਨੂੰ ਵੀ ਹੁੰਦੀ ਹੈ ਬੇਚੈਨੀ
ਮਨ ‘ਚ ਉੱਠਦਾ ਹੈ
ਕੋਈ ਵਾਵਰੋਲਾ
ਜਦ ਦੇਖਦੇ ਹੋ ਕਿਸੇ ਬੁੱਢੇ ਪਿਓ ਨੂੰ
ਆਪਣੇ ਜਵਾਨ ਪੁੱਤ ਦੀ
ਅਰਥੀ ਨੂੰ ਮੋਢਾ ਦਿੰਦਿਆ
ਦੱਸਣਾ ਕੀ ਕਿਸੇ ਸਰਕਾਰ ਨੇ
ਬੰਦ ਕਰਨਾ ਚਾਹਿਆ
ਇਸ ਰਾਖਸ਼ ਦਾ ਮੂੰਹ
ਕੋਈ ਹਾਕਮ ਪਹੁੰਚਿਆ
ਚਿੱਟੇ ਦੀ ਗੁਫਾ ਵਿੱਚ
ਜਵਾਨੀ ਦੇ ਪਿੰਜਰ ਗਿਣਨ ਲਈ
ਇਸ ਖਤ ਦੇ
ਅੱਖਰ – ਅੱਖਰ ਵਿੱਚ
ਸਿਆਹੀ ਨਹੀ
ਮੇਰੇ ਹੰਝੂ ਤੇ ਖੂਨ ਘੁਲਿਆ ਹੈ
ਇਹ ਖ਼ਤ ਨਹੀ
ਦਾਸਤਾਂ – ਏ – ਪੀੜ ਏ
ਇਹ ਖ਼ਤ ਆਜ਼ਾਦ ਏ
ਮੇਰੇ ਦੋਸਤੋ !
ਇਸ ਨੂੰ ਆਪਣੇ ਤੱਕ ਹੀ
ਸੀਮਿਤ ਨਾ ਰੱਖਣਾ
ਸਗੋਂ ਇਸ ਨੂੰ ਘੁੰਮਣ ਦੇਣਾ
ਇਸ ਕੱਟੜ ਧਾਰਮਿਕ ਦੇਸ਼ ਅੰਦਰ
ਜਿੱਥੇ ਚੱਲ ਰਹੀ ਹੈ
ਮਜਹਬਾਂ, ਦੰਗਿਆਂ ਦੀ ਜਹਿਰੀਲੀ ਹਵਾ …..
ਦਾਸ ਵੱਲੋਂ ਜਸਵੰਤ ਗਿੱਲ ਨੂੰ ਇਸ ਪਲੇਠੀ ਕਿਤਾਬ ਆਉਣ ਤੇ ਢੇਰ ਸਾਰੀਆਂ ਵਧਾਈਆਂ ਮਾਲਿਕ ਵੀਰ ਦੀ ਕ਼ਲਮ ਨੂੰ ਹੋਰ ਤਰੱਕੀਆਂ ਬਖਸ਼ੇ।
ਆਸ ਕਰਦੇ ਹਾਂ ਕਿ ਆਪ ਜੀ ਵੀ ਇਸ ਕਿਤਾਬ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਦੇਵੋਗੇ। ਕਿਤਾਬ ਹਰ ਵਰਗ ਦੇ ਖਾਸਕਰ ਨਵੇਂ ਸਾਹਿਤਕਾਰਾਂ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।
ਕਿਤਾਬ ਖਰੀਦਣ ਲਈ ਸੰਪਰਕ।
97804-51878 (ਜਸਵੰਤ ਗਿੱਲ ਸਮਾਲਸਰ)
+91 98551 00712 (ਪ੍ਰੀਤ ਪਬਲੀਕੇਸ਼ਨ ਨਾਭਾ)
ਸੁਖਚੈਨ ਸਿੰਘ ਚੰਦ ਨਵਾਂ
+91 99149 73876

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲਾਂ
Next articleSAMAJ WEEKLY = 08/05/2024