ਆਪਾ ਕਿਸੇ ਤੋਂ ਕੀ ਲੈਣਾ:

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ)-ਮਨੁੱਖੀ ਜੀਵਨ ਬਹੁਤ ਅਨਮੋਲ ਹੈ ।ਪਰਮਾਤਮਾ ਵੱਲੋਂ ਦਿੱਤਾ ਹੋਇਆ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਨੂੰ ਹੱਸ ਖੇਡ ਕੇ ਗੁਜ਼ਾਰਨਾ ਕੁੱਝ ਲੋਕ ਹੀ ਜਾਣਦੇ ਹਨ। ਹਰ ਇਨਸਾਨ ਜ਼ਿੰਦਗੀ ਨੂੰ ਆਪਣੇ ਮੁਤਾਬਿਕ ਬਸਰ ਕਰਦਾ ਹੈ। ਹਰ ਇਨਸਾਨ ਦਾ ਨਜ਼ਰੀਆ ਵੱਖਰਾ ਹੁੰਦਾ ਹੈ। ਠੀਕ ਹੈ ਜਿੰਦਗੀ ਕੁਦਰਤ ਦੇ ਦਾਇਰੇ ਵਿੱਚ ਰਹਿ ਕੇ ਬਸਰ ਕਰਨੀ ਚਾਹੀਦੀ ਹੈ। ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪਰ ਕਦੇ ਵੀ ਆਪਣੇ ਆਪ ਤੇ ਇੰਨ੍ਹੇ ਸਖ਼ਤ ਕਾਨੂੰਨ ਲਾਗੂ ਨਾ ਕਰੋ, ਕਿ ਤੁਹਾਡੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਹੀ ਦੂਰ ਹੋ ਜਾਣ। ਆਪਣੇ ਉੱਤੇ ਲਾਗੂ ਕੀਤੇ ਸ਼ਖ਼ਤ ਕਾਨੂੰਨਾਂ ਕਾਰਨ ਜ਼ਿੰਦਗੀ ਫ਼ਿਰ ਹੱਸ ਖੇਡ ਕੇ ਬਸਰ ਨਹੀਂ ਹੁੰਦੀ, ਸਗੋਂ ਫਿਰ ਅਸੀਂ ਉਸਨੂੰ ਕੱਟਦੇ ਹੀ ਹਾਂ। ਆਨੰਦ ਖ਼ਤਮ ਹੋ ਜਾਂਦਾ ਹੈ। ਇੱਕ ਕਾਇਦੇ ਵਿੱਚ ਆਪਣੇ ਆਪ ਨੂੰ ਵਧੀਆ ਰੱਖੋ। ਸਾਰਿਆਂ ਦੇ ਉੱਪਰ ਰੋਬ ਨਾ ਪਾਓ। ਪਿਆਰ ਭਰੀ ਜਿੰਦਗੀ ਨਾਲ ਅਸੀਂ ਆਪ ਵੀ ਫਿਰ ਖੁਸ਼ ਹੁੰਦੇ ਹਾਂ ਤੇ ਦੂਜੇ ਵੀ ਖੁਸ਼ ਰਹਿ ਪਾਉਂਦੇ ਹਨ। ਫਿਰ ਸਾਡੇ ਸਾਰੇ ਰਿਸ਼ਤੇ ਹੀ ਬਹੁਤ ਵਧੀਆ ਨਿਭਦੇ ਹਨ।
ਅਕਸਰ ਅਸੀਂ ਸਾਰੇ ਹੀ ਕੁਦਰਤ ਦਾ ਆਨੰਦ ਲੈਂਦੇ ਹਾਂ। ਦੇਖਦੇ ਹਾਂ ਕਿ ਜੇ ਕਿਸੇ ਪਸ਼ੂ ਪੰਛੀ ਤੇ ਕੋਈ ਮੁਸੀਬਤ ਆ ਜਾਵੇ , ਉਸਦੀ ਮਦਦ ਲਈ ਹੋਰ ਜੀਵ ਜੰਤੂ ਆ ਜਾਂਦੇ ਹਨ। ਉਹ ਇਨਸਾਨਾਂ ਦੀ ਤਰ੍ਹਾਂ ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਦੇ। ਜਾਤ ਜਾਂ ਧਰਮ ਨਹੀਂ ਦੇਖਦੇ। ਇੱਕ ਦੂਜੇ ਤੋਂ ਕੋਈ ਸਵਾਰਥ ਨਹੀਂ ਰੱਖਦੇ।ਅਕਸਰ ਅਸੀਂ ਸਮਾਜ ਵਿੱਚ ਵਿਚਰਦੇ ਹੋਏ ਦੇਖਦੇ ਹਾਂ ਕਿ ਕੁਝ ਇਨਸਾਨ ਇੱਕ ਦੂਜੇ ਨਾਲ ਬਹੁਤ ਨਫ਼ਰਤ ਕਰਦੇ ਹਨ। ਹਾਲਾਂਕਿ ਉਹ ਕਹਿ ਨਹੀਂ ਸਕਦੇ, ਪਰ ਉਨਾਂ ਦੇ ਮਨਾਂ ਅੰਦਰ ਦੂਜਿਆਂ ਪ੍ਰਤੀ ਬਹੁਤ ਵੈਰ ਹੁੰਦਾ ਹੈ। ਤੁਹਾਨੂੰ ਦੇਖ ਕੇ ਚਾਹੇ ਚਿਹਰੇ ਤੇ ਥੋੜੀ ਖੁਸ਼ੀ ਹੋਵੇ ,ਪਰ ਉਹ ਤੁਹਾਡੀ ਖੁਸ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਹਰ ਕਿਸੇ ਦੀ ਜ਼ਿੰਦਗੀ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ।ਅੱਜ ਤਾਂ ਜ਼ਮਾਨਾ ਉਹ ਆ ਗਿਆ ਹੈ ਕਿ ਲੋਕ ਆਪਣੇ ਆਪ ਵਿੱਚ ਹੀ ਖੁਸ਼ ਰਹਿੰਦੇ ਹਨ। ਕੌਣ ਕੀ ਕਰ ਰਿਹਾ ਹੈ ,ਕਿਉ ਕਰ ਰਿਹਾ ਹੈ? ਕਿੱਥੇ ਜਾ ਰਿਹਾ ਹੈ? ਜ਼ਿੰਨਾਂ ਇਸ ਤੋਂ ਬਚੋਗੇ , ਉਨ੍ਹਾਂ ਹੀ ਤੁਹਾਡੀ ਜਿੰਦਗੀ ਵਧੀਆ ਗੁਜ਼ਰੇਗੀ। ਜਿੱਥੇ ਤੁਹਾਨੂੰ ਸਾਜਿਸ਼ ਤਹਿਤ ਉਲਝਾਇਆ ਜਾ ਰਿਹਾ ਹੈ ,ਉਸ ਥਾਂ ਤੋਂ ਕਿਨਾਰਾ ਕਰੋ। ਅੱਜ ਸਮਾਜ ਵਿੱਚ ਅਜਿਹੇ ਇਨਸਾਨ ਹਨ, ਜੋ ਸਿਰਫ਼ ਤੁਹਾਡੀਆਂ ਕਮੀਆਂ ਹੀ ਕੱਢਦੇ ਹਨ। ਹੋਰਾਂ ‘ਚ ਕਮੀਆਂ ਕੱਢਣ ਦੀ ਬਜਾਏ ਆਪਣੀ ਗਲਤੀਆਂ ਨੂੰ ਸੁਧਾਰੋ। ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਇਹ ਸੋਚਣ ਦਾ ਤੁਹਾਡਾ ਕੰਮ ਨਹੀਂ ਹੈ। ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ। ਚੰਗੇ ਦੋਸਤੋਂ ਦਾ ਸੰਗ ਕਰੋ ,ਜੋ ਤੁਹਾਡਾ ਮੁਸੀਬਤਾਂ ਵਿੱਚ ਸਾਥ ਦੇਣ। ਮੁਸੀਬਤ ਵੇਲੇ ਡਾਵਾਂਡੋਲ ਬਿਲਕੁਲ ਨਾ ਹੋਵੋ।
ਕਦੇ ਵੀ ਕਿਸੇ ਪ੍ਰਤੀ ਮਨ ਮੁਟਾਅ ਬਿਲਕੁਲ ਨਾ ਰੱਖੋ। ਲੋੜਵੰਦਾਂ ਦੀ ਮਦਦ ਕਰੋ ।ਜਿੰਨਾ ਹੋ ਸਕੇ ਆਪਣੇ ਆਪ ਵਿੱਚ ਬੀਜੀ ਰਹੋ। ਆਪਣੇ ਆਪ ਨਾਲ ਪਿਆਰ ਕਰੋ। ਆਪਣੇ ਲਈ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਕਰੋ। ਸਵੇਰੇ ਜਲਦੀ ਉੱਠੋ। ਸੈਰ ਕਰਨ ਜਾਓ। ਕਸਰਤ ਕਰੋ। ਨਹਾ ਧੋ ਕੇ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੋ, ਜਿਸ ਨੇ ਤੁਹਾਨੂੰ ਸੋਹਣੀ ਜ਼ਿੰਦਗੀ ਬਖਸ਼ੀ ਹੈ। ਫ਼ਿਰ ਅਖਬਾਰ ਪੜੋ, ਤੁਹਾਨੂੰ ਦੇਸ਼ ਦੁਨੀਆਂ ਬਾਰੇ ਪਤਾ ਲੱਗੇਗਾ ਕਿ ਕੀ ਹੋ ਰਿਹਾ ਹੈ? ਵਧੀਆ ਰਸਾਲਾ ਮੈਗਜ਼ੀਨ ਪੜੋ। ਸਕੂਨ ਦੇਣ ਵਾਲੀਆਂ ਥਾਵਾਂ ਤੇ ਜਾਓ।ਦੂਜਿਆਂ ਦੀ ਕਦੇ ਵੀ ਪਰਵਾਹ ਨਾ ਕਰੋ। ਜਿੰਦਗੀ ਨੂੰ ਆਪਣੇ ਮੁਤਾਬਕ ਬਸਰ ਕਰੋ। ਦੂਜਿਆਂ ਦੇ ਮੁਤਾਬਕ ਜ਼ਿੰਦਗੀ ਬਸਰ ਨਾ ਕਰੋ। ਤੁਸੀਂ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖਣਾ ਹੈ । ਦੁਨੀਆਂ ਦੀ ਕੋਈ ਵੀ ਜਾਇਦਾਦ, ਦੋਸਤ ਤੁਹਾਨੂੰ ਖੁਸ਼ ਨਹੀਂ ਰੱਖ  ਸਕਦੀ, ਜਿੰਨਾਂ ਚਿਰ ਤੁਸੀਂ ਆਪ  ਖੁਸ਼  ਨਹੀਂ ਰਹਿ ਸਕਦੇ।ਮਾਂ ਪਿਓ ਦਾ ਹਮੇਸ਼ਾ ਸਤਿਕਾਰ ਕਰੋ। ਨੈਤਿਕ ਕਦਰਾਂ ਕੀਮਤਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
ਅੱਜ ਪੈਸੇ ਦੀ ਹੋੜ ਜਿਆਦਾ ਲੱਗੀ ਹੋਈ ਹੈ। ਭਰਾ ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈ ।ਇਨਸਾਨੀਅਤ ਖਤਮ ਹੋ ਚੁੱਕੀ ਹੈ। ਸੋਚਿਆ ਜਾਵੇ ਤਾਂ ਪੈਸੇ ਤੋਂ ਬਿਨਾਂ ਕੋਈ ਪੁੱਛਦਾ ਵੀ ਨਹੀਂ ਹੈ। ਪਰ ਪੈਸਾ ਗੁਜ਼ਾਰਨ ਲਈ ਹੋਣਾ ਚਾਹੀਦਾ ਹੈ। ਦੂਜਿਆਂ ਤੋਂ ਆਪਣੇ ਆਪ ਨੂੰ ਵਧੀਆ ਬਣਾਉਣ ਲਈ ਕਦੇ ਵੀ ਕਰਜ਼ਾ ਨਾ ਚੁੱਕੋ। ਦੇਖਦੇ ਹੀ ਹਾਂ ਜੋ ਝੁੰਗੀ ਚੋਪੜੀਆਂ ਵਾਲੇ ਹੁੰਦੇ ਹਨ ਉਹ ਹਰ ਰੋਜ਼ ਦਿਹਾੜੀ ਲਗਾਉਂਦੇ ਹਨ। ਸ਼ਾਮ ਨੂੰ ਹੱਸ ਖੇਡ ਕੇ ਖਾਣਾ ਪੀਣਾ ਖਾ ਕੇ ਸੋ ਜਾਂਦੇ ਹਨ। ਭਵਿੱਖ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। ਕਈ ਅਜਿਹੇ ਇਨਸਾਨ ਵੀ ਹੁੰਦੇ ਹਨ , ਜਿਨ੍ਹਾਂ ਕੋਲ ਕਰੋੜਾਂ ਰੁਪਏ ਹਨ ,ਪਰ ਉਹਨਾਂ ਦੀ ਜਿੰਦਗੀ ਵਿੱਚ ਸਬਰ ਸੰਤੋਖ ਨਹੀਂ ਹੈ। ਖੁਸ਼ੀਆਂ ਭਰੀ ਜਿੰਦਗੀ ਨਹੀਂ ਹੈ। ਹਰ ਛੋਟੀ ਛੋਟੀ ਖੁਸ਼ੀ ਵਿੱਚੋਂ ਆਨੰਦ ਲੈਣਾ ਸਿੱਖੋ। ਸੁੱਖ ਦੁੱਖ ਜ਼ਿੰਦਗੀ ਦੇ ਪਰਛਾਵੇਂ ਹੁੰਦੇ ਹਨ ,ਹਰ ਇਨਸਾਨ ਦੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਜ਼ਰੂਰ ਆਉਂਦੇ ਹਨ। ਆਪਣੇ ਆਪ ਨੂੰ ਕਦੇ ਵੀ ਹਾਰਿਆ ਹੋਇਆ ਮਹਿਸੂਸ ਨਾ ਹੋਣ ਦਿਓ। ਗਲਤੀਆਂ ਤੋਂ ਸਿੱਖੋ ।ਹਮੇਸ਼ਾ ਵਰਤਮਾਨ ਵਿੱਚ ਜਿਓ।
ਸਮਾਜ ਵਿੱਚ ਵਿਚਰਦੇ ਹੋਏ ਸਾਰੇ ਕੰਮ ਕਰੋ। ਜ਼ਿੰਦਗੀ ਦਾ ਆਨੰਦ ਜਰੂਰ ਲਵੋ। ਹਰ ਪਲ ਦਾ ਆਨੰਦ ਮਾਣੋ। ਪਰਿਵਾਰ ਨੂੰ ਸਮਾਂ ਦਿਓ। ਛੋਟਿਆਂ ਨਾਲ ਪਿਆਰ ਕਰੋ। ਛੁੱਟੀ ਵਾਲੇ ਦਿਨ ਪਰਿਵਾਰਕ ਮੈਂਬਰਾਂ ਨਾਲ ਬਾਹਰ ਜਾਓ, ਆਨੰਦ ਮਾਣ ਕੇ ਆਓ। ਇਕੱਠੇ ਖਾਣਾ ਖਾਓ। ਕੁਦਰਤ ਦਾ ਜ਼ਰੂਰ ਆਨੰਦ ਮਾਣੋ। ਜਾਨਵਰਾਂ ਦਾ ਦਰਦ ਸਮਝੋ। ਅੱਜ ਪੈਸੇ ਨੂੰ ਜ਼ਿਆਦਾ ਤਰਜੀਹ ਦੇ ਕੇ ਅਸੀਂ ਜ਼ਿੰਦਗੀ ਦਾ ਆਨੰਦ ਲੈਣਾ ਭੁੱਲ ਚੁੱਕੇ ਹਾਂ। ਖਾਣਾ ਖਾਣ ਲਈ ਵੀ ਸਾਡੇ ਕੋਲ ਸਮਾਂ ਨਹੀਂ ਹੈ। ਸੋਹਣੀ ਕੁਦਰਤ ਦਾ ਆਨੰਦ ਲੈਣਾ ਅਸੀਂ ਭੁੱਲ ਚੁੱਕੇ ਹਾਂ। ਮੋਬਾਇਲ ਨੇ ਜ਼ਿਆਦਾ ਆਪਣਾ ਸਾਡੇ ਨਾਲ ਨੇੜਤਾ ਪਾ ਲਈ ਹੈ। ਸੁੱਖ ਵਿੱਚ ਚਾਹੇ ਕਿਸੇ ਦੇ ਨਾ ਜਾਈਏ, ਪਰ ਦੁੱਖ ਵਿੱਚ ਜਰੂਰ ਸ਼ਰੀਕ ਹੋਈਏ।ਜਦੋਂ ਕਿਸੇ ਇਨਸਾਨ ਤੇ ਦੁੱਖ , ਮੁਸੀਬਤ ਪੈਂਦੀ ਹੈ ਤਾਂ ਉਸਨੂੰ ਸਹਿਣਸ਼ੀਲ ਹੋ ਕੇ ਹੀ ਕੱਟੋ। ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਬਸਰ ਕਰੋ, ਜੇ ਅਸੀਂ ਆਪ ਖੁਸ਼ ਰਹਾਂਗੇ ਤਾਂ  ਦੂਜਿਆਂ ਨੂੰ ਵੀ ਅਸੀਂ ਖੁਸ਼ ਰੱਖ ਸਕਦੇ ਹਾਂ। ਆਪਣੇ ਅੰਦਰ ਤੋਂ ਹੀ ਖੁਸ਼ੀਆਂ ਨੂੰ ਲੱਭੋ। ਜ਼ਿੰਦਗੀ ਨੂੰ ਕਦੇ ਵੀ ਬੋਝ ਨਾ ਸਮਝੀਏ। ਭਵਿੱਖ ਦੀ ਕਦੇ ਵੀ ਚਿੰਤਾ ਨਾ ਕਰੀਏ। ਵਰਤਮਾਨ ਨੂੰ ਹੀ ਵਧੀਆ ਹੱਸ ਖੇਡ ਕੇ ਗੁਜ਼ਾਰੀਏ।
ਸੰਜੀਵ ਸਿੰਘ ਸੈਣੀ,
ਮੋਹਾਲੀ,7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂਨਦਾਨ ਸਭ ਤੋ ਉੱਤਮ ਸੇਵਾ ਹੈ :- ਖਚਾਨਚੀ ਸਤਨਾਮ ਸਿੰਘ 
Next articleਸੰਤ ਬਾਬਾ ਨਛੱਤਰ ਸਿੰਘ ਪਬਲਿਕ ਸਕੂਲ  ‘ਭਲੂਰ’ ਦਾ ਨਤੀਜਾ ਰਿਹਾ ਸ਼ਾਨਦਾਰ