ਏਹੁ ਹਮਾਰਾ ਜੀਵਣਾ ਹੈ -580

(ਸਮਾਜ ਵੀਕਲੀ) – ‘ਕਲਪਨਾ’ ਭਾਵ ਮਨ ਵਿੱਚ ਪੈਦਾ ਹੋਣ ਵਾਲੇ ਖ਼ਿਆਲ। ਜਦ ਮਨੁੱਖ ਇਕੱਲਾ ਬੈਠਾ ਹੁੰਦਾ ਹੈ ਤਾਂ ਉਦੋਂ ਕਲਪਨਾਵਾਂ ਦਾ ਸਮੁੰਦਰ ਮਨ ਵਿੱਚ ਠਾਠਾਂ ਮਾਰ ਰਿਹਾ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਵਿਚਾਰ ਉਸ ਵਿੱਚ ਤਾਰੀਆਂ ਲਾਉਂਦੇ ਹਨ, ਗ਼ੋਤੇ ਖਾ ਰਹੇ ਹੁੰਦੇ ਹਨ। ਉਸ ਸਮੇਂ ਮਨ ਵਿੱਚ ਇੱਕ ਵੱਖਰੀ ਜਿਹੀ ਦੁਨੀਆਂ ਦਾ ਸ਼ੋਰ ਹੁੰਦਾ ਹੈ। ਉਸ ਸਮੇਂ ਮਨੁੱਖ ਦੀ ਅਵਸਥਾ ਆਮ ਅਵਸਥਾ ਨਾਲੋਂ ਥੋੜ੍ਹੀ ਵੱਖਰੀ ਹੁੰਦੀ ਹੈ। ਇਸ ਦਾ ਸਬੰਧ ਸਿੱਧੇ ਤੌਰ ਤੇ ਮਨ ਨਾਲ ਜੁੜਿਆ ਹੁੰਦਾ ਹੈ। ਕਲਪਨਾ ਜਦ ਉਡਾਰੀ ਮਾਰਦੀ ਹੈ ਤਾਂ ਉਹ ਇਕੱਲੇ ਬੈਠੇ ਉਦਾਸ ਇਨਸਾਨ ਨੂੰ ਹਸਾ ਸਕਦੀ ਹੈ, ਭਿਖਾਰੀ ਨੂੰ ਰਾਜਾ ਬਣਾ ਦਿੰਦੀ ਹੈ, ਚੰਗਿਆਂ ਨੂੰ ਮਾੜੇ, ਮਾੜਿਆਂ ਨੂੰ ਚੰਗੇ , ਜਿਉਂਦੇ ਬੰਦੇ ਦਾ ਜਨਾਜ਼ਾ ਉਠਵਾ ਦਿੰਦੀ ਹੈ ਅਤੇ ਮਰਿਆਂ ਨੂੰ ਕੋਲ਼ ਲਿਆ ਕੇ ਖੜ੍ਹਾ ਕਰ ਦਿੰਦੀ ਹੈ। ਇਹ ਮਨੁੱਖੀ ਮਨ ਦੀ ਇੱਕ ਅਵਸਥਾ ਹੈ ਜੋ ਖੁੱਲ੍ਹੀਆਂ ਅੱਖੀਆਂ ਨਾਲ਼ ਖੂਬਸੂਰਤ ਤਸਵੀਰਾਂ ਰਾਹੀਂ ਉਡਾਰੀ ਮਾਰਦੀ ਹੋਈ ਸਕਿੰਟਾਂ ਵਿੱਚ ਪੂਰੀ ਦੁਨੀਆ ਦਾ ਚੱਕਰ ਲਵਾ ਸਕਣ ਦੀ ਸਮਰੱਥਾ ਰੱਖਦੀ ਹੈ। ਕਲਪਨਾ ਇੱਕ ਸ਼ਕਤੀ ਹੈ,ਇਹ ਇੱਕ ਬਿਨਾਂ ਖੰਭਾਂ ਤੋਂ ਉਡਣ ਵਾਲੀ ਉਡਾਰੀ ਹੈ,ਇਹ ਇੱਕ ਜਾਗਦੀਆਂ ਅੱਖਾਂ ਵਿੱਚ ਦੇਖਿਆ ਹੋਇਆ ਸੁਪਨਾ ਹੁੰਦਾ ਹੈ। ਕਿਤੇ ਕਿਤੇ ਇਸ ਨੂੰ “ਹਵਾਈ ਕਿਲ੍ਹੇ ਉਸਾਰਨਾ ” ਵੀ ਆਖ ਦਿੱਤਾ ਜਾਂਦਾ ਹੈ, ਕਿਤੇ ਇਹ ਇੱਕ ਸ਼ਕਤੀ ਦੇ ਰੂਪ ਵਿੱਚ ਵਰਤੀ ਗਈ ਕਲਾ ਆਖੀ ਜਾਂਦੀ ਹੈ। ਅਸਲ ਵਿੱਚ ਕਲਪਨਾ ਸ਼ਕਤੀ ਇੱਕ ਮਾਨਸਿਕ ਕੰਮਕਾਜ ਵਿੱਚ ਵਰਤੀ ਜਾਣ ਵਾਲੀ ਇੱਕ ਸੰਵੇਦਨਸ਼ੀਲ ਪ੍ਰਕਿਰਿਆ ਹੈ ਅਤੇ ਅਕਸਰ ਇਸ ਨੂੰ ਮਨੋਵਿਗਿਆਨਕ ਚਿੱਤਰਾਂ ਦੇ ਨਾਲ ਵਰਤਿਆ ਜਾਂਦਾ ਹੈ।
                ਰੋਂਦੀਆਂ ਅੱਖਾਂ ਨੂੰ ਵਗਦੇ ਦਰਿਆ ਕਹਿਣਾ, ਮੁਸੀਬਤਾਂ ਨੂੰ ਦੁੱਖਾਂ ਦੇ ਪਹਾੜ,ਮਿੱਠੇ ਬੋਲਾਂ ਦੀ ਤੁਲਨਾ ਮਾਖਿਓਂ ਮਿੱਠੜੇ ਬੋਲ  ਨਾਲ ਕਰਨਾ ਆਦਿ ਅਨੇਕਾਂ ਸ਼ਬਦ ਕਲਪਨਾ ਸ਼ਕਤੀ ਦੀ ਉਪਜ ਹੀ ਤਾਂ ਹਨ। ਜਿਹਨਾਂ ਰਾਹੀਂ ਮਨੁੱਖੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦਾ ਨਾਪ ਤੋਲ ਕੀਤਾ ਜਾਂਦਾ ਹੈ। ਕਿਤੇ ਕਲਪਨਾ ਖਿਆਲੀ ਪੁਲਾਉ ਬਣ ਜਾਂਦੀ ਹੈ ਕਿਤੇ ਮਨੁੱਖ ਇਸ ਰਾਹੀਂ ਆਪਣੀ ਅਕਲ ਦੇ ਘੋੜੇ ਦੜਾਉਂਦਾ ਹੋਇਆ ਨਜ਼ਰ ਆਉਂਦਾ ਹੈ। ਕਲਪਨਾ ਸ਼ਕਤੀ ਤੋਂ ਬਿਨਾਂ ਮਨੁੱਖੀ ਜੀਵਨ ਹੀ ਸੰਭਵ ਨਹੀਂ ਹੈ। ਬਚਪਨ ਤੋਂ ਹੀ ਭਵਿੱਖ ਨਿਰਮਾਣਤਾ ਲਈ ਕਲਪਨਾ ਸ਼ਕਤੀ ਪੰਖ ਖਿਲਾਰਨ ਲੱਗਦੀ ਹੈ,ਉਮਰ ਦੇ ਪੱਧਰ ਨਾਲ ਖੰਭਾਂ ਦੀਆਂ ਉਡਾਰੀਆਂ ਲੰਮੇਰੀਆਂ ਤੇ ਹੋਰ ਲੰਮੇਰੀਆਂ ਹੁੰਦੀਆਂ ਜਾਂਦੀਆਂ ਹਨ। ਕਾਲੀਦਾਸ ਦੇ ਕਾਵਿ ਨਾਟਕ ਵਿੱਚ ਮੇਘ ਦਾ ਦੂਤ ਬਣ ਕੇ ਉਡਾਰੀਆਂ ਲਾਉਣਾ ਤੇ ਮੇਘ ਦੇ ਮਾਧਿਅਮ ਨਾਲ ਯਕਸ਼ ਨੇ ਆਪਣਾ ਸੁਨੇਹਾ ਅਲਕਾਪੁਰੀ  ਆਪਣੀ ਪ੍ਰੇਮਿਕਾ ਤੱਕ ਭੇਜਣ ਦੀ ਗੱਲ ਸੋਚਣਾ। ਇਹ ਕਲਪਨਾ ਸ਼ਕਤੀ ਦੀ ਸੁਚੱਜੀ ਵਰਤੋਂ ਕਰਕੇ ਇੱਕ ਪਿਆਰ ਦਾ ਭਾਵ ਖੂਬਸੂਰਤੀ ਨਾਲ ਚਿਤਰਿਆ ਹੈ।
               ਅਸਲ ਵਿੱਚ ਕਲਪਨਾ ਨੂੰ ਸ਼ਕਤੀ ਕਿਉਂ ਮੰਨਿਆ ਜਾਂਦਾ ਹੈ? ਕਲਪਨਾ ਦਾ ਸਬੰਧ ਸਿੱਧੇ ਰੂਪ ਵਿੱਚ ਮਨ ਨਾਲ਼ ਹੈ। ਮਨੁੱਖ ਆਪਣੇ ਮਨ ਅੰਦਰ ਕਿਸ ਤਰ੍ਹਾਂ ਦੇ ਭਾਵ ਉਪਜਦਾ ਹੋਇਆ ਕਲਪਨਾ ਦੀਆਂ ਉਡਾਰੀਆਂ ਮਾਰਦਾ ਹੈ ਉਸੇ ਤਰ੍ਹਾਂ ਦਾ ਉਸ ਦੇ ਭਵਿੱਖ ਦਾ ਨਿਰਮਾਣ ਹੋਣ ਲੱਗਦਾ ਹੈ। ਮਨੁੱਖੀ ਮਨ ਦੀਆਂ ਵੱਖ ਵੱਖ ਅਵਸਥਾਵਾਂ ਜਿਵੇਂ ਚੇਤਨ ਮਨ, ਅਵਚੇਤਨ ਮਨ ਅਤੇ ਅਰਧ ਚੇਤਨ ਮਨ ਹਨ। ਜਦੋਂ ਮਨੁੱਖ ਚੇਤਨ ਮਨ ਵਿੱਚ ਕਲਪਨਾਵਾਂ ਕਰਦਾ ਹੋਇਆ ਉਹਨਾਂ ਪ੍ਰਤੀ ਦਿ੍ੜ ਵਿਸ਼ਵਾਸ ਪੈਦਾ ਕਰ ਲੈਂਦਾ ਹੈ ਤਾਂ ਉਹ ਮਨੁੱਖ ਦੇ ਮਨ ਦੀ ਅਵਚੇਤਨਤਾ ਵਿੱਚ ਪ੍ਰਵੇਸ਼ ਕਰਨ ਲੱਗਦੀਆਂ ਹਨ ।ਜਿਹੜੀ ਕਲਪਨਾ ਖੁੱਲ੍ਹੀਆਂ ਅੱਖਾਂ ਵਿੱਚ ਉਡਾਰੀਆਂ ਲਾਉਂਦੀਆਂ ਲਾਉਂਦੀਆਂ  ਮਨੁੱਖ ਦੇ ਅਵਚੇਤਨ ਮਨ ਦਾ ਹਿੱਸਾ ਬਣ ਜਾਂਦੀਆਂ ਹਨ ਤਾਂ ਸੁੱਤੇ ਸਿੱਧ ਹੀ ਉਨ੍ਹਾਂ ਨੂੰ ਦਿਮਾਗ ਪੂਰੀ ਤਰ੍ਹਾਂ ਗ੍ਰਹਿਣ ਕਰਨ ਵਿੱਚ ਸਮਰੱਥ ਹੋ ਜਾਂਦਾ ਹੈ ਤਾਂ ਉਹ ਇੱਕ ਸ਼ਕਤੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀਆਂ ਹਨ। ਜਿਹੜੀਆਂ ਕਲਪਨਾਵਾਂ ਬਹੁਤ ਥੋੜ੍ਹ ਚਿਰੀ ਖਿਆਲੀ ਪੁਲਾਉ ਵਾਂਗ ਉਸੇ ਵਕ਼ਤ ਦੇਖੇ ਸੁਪਨੇ ਵਾਂਗ ਖਤਮ ਹੋ ਜਾਂਦੀਆਂ ਹਨ ਉਹ ਨਿਰੇ ਹਵਾਈ ਕਿਲ੍ਹੇ ਹੀ ਰਹਿ ਜਾਂਦੇ ਹਨ।
               ਕਲਪਨਾ ਨੂੰ ਦਿ੍ੜ ਸੰਕਲਪ ਬਣਾਉਂਦਾ ਹੋਇਆ ਇੱਕ ਸ਼ਕਤੀ ਦੇ ਰੂਪ ਵਿੱਚ ਸਿਰਜ ਕੇ ਇਸ ਸ਼ਕਤੀ ਨਾਲ ਮਨੁੱਖ ਵੱਡੇ ਵੱਡੇ ਰੋਗ ਠੀਕ ਕਰ ਸਕਦਾ ਹੈ, ਜ਼ਿੰਦਗੀ ਦੇ ਵੱਡੇ ਵੱਡੇ ਇਮਤਿਹਾਨਾਂ ਨੂੰ ਅਸਾਨੀ ਨਾਲ ਪਾਸ ਕਰ ਸਕਦਾ ਹੈ ਆਪਣੇ ਭਵਿੱਖ ਦਾ ਆਪਣੀ ਸੋਚ ਅਨੁਸਾਰ ਨਿਰਮਾਣ  ਕਰ ਸਕਦਾ ਹੈ, ਆਪਣੀ ਮਾਨਸਿਕਤਾ ਨੂੰ ਤੰਦਰੁਸਤ ਬਣਾਉਣਾ ਸਿੱਖ ਸਕਦਾ ਹੈ, ਆਪਣੀਆਂ ਅਧੂਰੀਆਂ ਰਹਿ ਗਈਆਂ ਕਾਮਨਾਵਾਂ ਨੂੰ ਨੇਪਰੇ ਚਾੜ੍ਹਨ ਦੇ ਯੋਗ ਬਣ ਸਕਦਾ ਹੈ, ਆਪਣੀ ਰੁਹਾਨੀ ਤਾਕਤ ਨੂੰ ਰੱਬੀ ਰੰਗਤ ਚੜ੍ਹਾ ਹੋਰ ਨਿਖ਼ਾਰ ਸਕਦਾ ਹੈ । ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਲਪਨਾਵਾਂ ਦੀਆਂ ਉਡਾਰੀਆਂ ਮਨੁੱਖ ਨੂੰ ਇੱਕ ਚੰਗਾ ਕਵੀ , ਚੰਗਾ ਕਹਾਣੀਕਾਰ,ਚੰਗਾ ਚਿੱਤਰਕਾਰ,ਚੰਗਾ ਕਲਾਕਾਰ, ਇੱਕ ਰਹਿਨੁਮਾ ਸ਼ਖ਼ਸੀਅਤ , ਇੱਕ ਸਾਇੰਸਦਾਨ ਬਣਾ ਦਿੰਦੀਆਂ ਹਨ।ਇਸ ਲਈ ਹਰ ਮਨੁੱਖ ਦੁਆਰਾ ਜ਼ਿੰਦਗੀ ਵਿੱਚ ਜੋ ਟੀਚੇ ਮਿੱਥ ਕੇ ਕਲਪਨਾਵਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਦਿ੍ੜਤਾ ਨਾਲ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਉਸੇ ਮਨੁੱਖ ਦੀ ਇੱਕ ਵੱਡੀ ਸ਼ਕਤੀ ਬਣ ਜਾਂਦੀਆਂ ਹਨ।ਇਸ ਤਰ੍ਹਾਂ ਹਰ ਮਨੁੱਖ ਨੂੰ ਆਪਣੀਆਂ ਕਲਪਨਾਵਾਂ ਨੂੰ ਆਪਣੀ ਸ਼ਕਤੀ ਬਣਾ ਕੇ ਉਡਾਰੀਆਂ ਮਾਰਨ ਦੇ ਯੋਗ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਸਲੀ ਜ਼ਿੰਦਗੀ ਦਾ ਇਹ ਇੱਕ ਅਹਿਮ ਹਿੱਸਾ ਹੁੰਦਾ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵ: ਬਲਕਾਰ ਸਿੰਘ ਮੰਤਰੀ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ 
Next articleਪਿੰਡ ਭਲੂਰ ਦੀ ਅਭੁੱਲ ਸ਼ਖ਼ਸੀਅਤ ਬਲਵਿੰਦਰ ਸਿੰਘ ਕਲੇਰ ਦੀ  ਯਾਦ ਨੂੰ ਸਮਰਪਿਤ 5 ਮਈ ਨੂੰ ਲੱਗ ਰਿਹਾ ਮੈਡੀਕਲ ਚੈੱਕਅਪ ਕੈਂਪ