ਏਹੁ ਹਮਾਰਾ ਜੀਵਣਾ ਹੈ -579

ਬਰਜਿੰਦਰ ਕੌਰ ਬਿਸਰਾਓ

 (ਸਮਾਜ ਵੀਕਲੀ)-ਮੇਰੀ ਵੱਡੀ ਭੁੱਲ…! ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ,ਮੈਂ ਆਪਣੀ ਵੱਡੀ ਭੈਣ ਕੋਲ ਸ਼ਾਹਕੋਟ ਦੋ ਦਿਨ ਰਹਿ ਕੇ ਵਾਪਸ ਆਉਣਾ ਸੀ। ਮੈਂ ਕਿਸੇ ਕਾਰਨ ਕਰਕੇ ਇਕੱਲੀ ਬੱਸ ਰਾਹੀਂ ਗਈ ਸੀ। ਪਰ ਬੱਸ ਰਾਹੀਂ ਮੇਰਾ ਇਹ ਸਫ਼ਰ ਬਹੁਤ ਸਾਲਾਂ ਬਾਅਦ ਹੋ ਰਿਹਾ ਸੀ। ਵਾਪਸੀ ਵਾਲ਼ੇ ਦਿਨ ਸ਼ਾਮ ਨੂੰ ਸਾਢੇ ਕੁ ਚਾਰ ਵਜੇ ਮੇਰੀ ਭੈਣ ਤੇ ਉਸ ਦਾ ਬੇਟਾ ਮੈਨੂੰ ਸੜਕ ਤੇ ਆ ਕੇ ਬੱਸ ਚੜ੍ਹਾ ਗਏ । ਕੰਡਕਟਰ ਨੇ ਟਿਕਟ ਦਿੰਦੇ ਦਿੰਦੇ ਪੁੱਛਿਆ,”ਭਾਈ…. ਕਿੱਥੇ ਉਤਰਨਾ…?

ਮੈਂ ਕਿਹਾ,…. ਮੋਗੇ…!
” ਚੌਂਕ ਵਿੱਚ ਕਿ ਮੋਗੇ ਬੱਸ ਅੱਡੇ ਤੇ…?” ਮੈਂ ਅੰਦਾਜ਼ੇ ਮੁਤਾਬਿਕ ਉਸ ਨੂੰ ਆਖਿਆ,”…. ਚੌਂਕ ਵਿੱਚ…!” ਮੈਨੂੰ ਬਹੁਤ ਪੁਰਾਣਾ ਸਫਰ ਯਾਦ ਸੀ ਕਿ ਮੋਗੇ ਬੱਸ ਅੱਡੇ ਤੇ ਕਿੰਨੇ ਈ  ਕਿਲੋਮੀਟਰ ਅੱਗੇ ਜਾ ਕੇ ਫਿਰ ਬੱਸ ਅੱਡੇ ਤੋਂ ਬੱਸ ਲੈ ਕੇ ਤੇ ਫਿਰ ਉਸੇ ਚੌਕ ਵਿੱਚੋਂ ਦੀ ਬੱਸ ਨੇ ਲੰਘਣਾ ਸੀ।ਇਸ ਲਈ ਫਾਲਤੂ ਸਮਾਂ ਕਿਉਂ ਬਰਬਾਦ ਕਰਨਾ।ਦਿਨ ਛਿਪਣ ਲੱਗ ਪਿਆ ਸੀ। ਦਿਲ ਨੂੰ ਘਬਰਾਹਟ ਜਿਹੀ ਹੋਣ ਲੱਗੀ ਸੀ।
“ਭਾਈ ਨੇੜੇ ਪਹੁੰਚ ਕੇ…. ਖਿੜਕੀ ਨੇੜੇ ਨੂੰ ਹੋ ਜਾਇਓ….!” ਕੰਡਕਟਰ ਐਨੀ ਗੱਲ ਕਹਿ ਕੇ ਹੋਰ ਸਵਾਰੀਆਂ ਦੀਆਂ ਟਿਕਟਾਂ ਕੱਟਣ ਲੱਗਿਆ। ਮੈਨੂੰ ਹੁਣ ਉਤਰਨ ਵਾਲੀ ਥਾਂ ਦੀ ਚਿੰਤਾ ਲੱਗ ਗਈ ਸੀ।
          ਜਿਹੜੇ ਚੌਂਕ ਵਿੱਚ ਮੈਂ ਕਿਹਾ ਸੀ ਉਸੇ ਚੌਂਕ ਵਿੱਚ ਉਤਾਰ ਕੇ, ਬੱਸ ਚਲੀ ਗਈ, ਸਿਰਫ਼ ਮੈਂ ਹੀ ਉੱਥੇ ਉਤਰੀ ਸੀ। ਉਸ ਜਗ੍ਹਾ ਦਾ ਜਿਹੜਾ ਪਹਿਲਾਂ ਵਾਲ਼ਾ ਹੁਲੀਆ ਮੈਨੂੰ ਯਾਦ ਸੀ ,ਉਹ ਤਾਂ ਫਲਾਈਓਵਰ ਬਣਨ ਕਰਕੇ ਪੂਰੀ ਤਰ੍ਹਾਂ ਬਦਲਿਆ ਪਿਆ ਸੀ। ਉੱਥੇ ਤਾਂ ਕਾਰਾਂ ਵਗੈਰਾ ਤੇਜ਼ ਸ਼ੁਰਕ ਸ਼ੁਰਕ ਕਰਕੇ ਲੰਘ ਰਹੀਆਂ ਸਨ। ਉੱਪਰੋਂ ਸੂਰਜ ਦੇਵਤਾ ਵੀ ਬਾਏ ਬਾਏ ਕਰਦੇ ਦਿਖਾਈ ਦੇ ਰਹੇ ਸਨ। ਆਥਣ ਦਾ ਵੇਲ਼ਾ, ਚੌੜੀਆਂ ਚੌੜੀਆਂ ਸੜਕਾਂ ਦਾ ਚੁਰਸਤਾ,ਅੱਧਾ ਘੰਟਾ ਕੋਈ ਬੱਸ ਨਾ ਆਈ, ਕੋਲ ਲੰਘਦੀ ਕੋਈ ਕੋਈ , ਬੰਦਿਆਂ ਦੀ ਭਰੀ ਗੱਡੀ ਜਦ ਮੇਰੇ ਕੋਲ਼ ਨੂੰ ਆ ਕੇ ਹੌਲ਼ੀ ਹੋਵੇ ਤਾਂ ਵਿੱਚੋਂ ਅੱਖਾਂ ਟੱਡੀ ਝਾਕਦੇ ਉਹ ਲੋਕ ਵੀ ਰਾਕਸ਼ਸਾਂ ਵਰਗੇ ਜਾਪਣ ਲੱਗਣ ਤੇ ਮੈਂ ਹੋਰ ਘਬਰਾ ਜਾਵਾਂ। ਪੁਲ ਹੇਠਾਂ ਬੈਠੇ ਤਿੰਨ ਪੁਲਿਸ ਵਾਲੇ ਮੇਰੇ ਵੱਲ ਨੂੰ ਬਿਟ ਬਿਟ ਤੱਕ ਰਹੇ ਸਨ। ਦੂਰ ਇੱਕ ਪਾਸੇ ਨਿੰਬੂ ਪਾਣੀ ਵਾਲ਼ੀ ਰੇਹੜੀ ਸੀ। ਮੈਂ ਉਸ ਕੋਲ ਗਈ ਤੇ ਉਸ ਨੂੰ ਪੁੱਛਿਆ,”ਭਾਈ… ਲੁਧਿਆਣੇ ਨੂੰ ਜਾਣ ਵਾਲੀ ਬੱਸ ਕਿੰਨੇ ਕੁ ਵਜੇ ਆਊਗੀ…?”
“ਸਾਰੀਆਂ ਬੱਸਾਂ ਤਾਂ ਸਿੱਧੀਆਂ ਬੱਸ ਅੱਡੇ ਤੋਂ ਫਲਾਈਓਵਰ ਦੇ ਉੱਤੋਂ ਦੀ ਹੀ ਹੋ ਕੇ ਲੰਘਦੀਆਂ ਨੇ ਮੈਡਮ ਜੀ… ਇੱਥੋਂ ਕਿਸੇ ਬੱਸ ਨੇ ਨੀ ਨਿਕਲਣਾ….”
“ਬੱਸ ਅੱਡੇ ਜਾਣ ਲਈ ਇੱਥੇ ਕੀ ਮਿਲੂ ਵੀਰੇ….?”ਮੈਂ ਪੁੱਛਿਆ।
“ਤੁਹਾਨੂੰ ਐਥੋਂ ਕੁਛ ਨਹੀਂ ਮਿਲ਼ਣਾ….?” ਤੁਰ ਕੇ ਵੀ ਤੁਹਾਨੂੰ ਫਲਾਈਓਵਰ ਉੱਤੋਂ ਲੰਘ ਕੇ ਜਾਣਾ ਪਊ…. ।”ਉਹ ਬੋਲਿਆ।
ਫਲਾਈਓਵਰ ਚੜ੍ਹਨ ਲਈ ਵੀ ਅੱਧਾ ਕਿਲੋਮੀਟਰ ਪਿੱਛੇ ਜਾਣਾ ਪੈਣਾ ਸੀ, ਫੇਰ ਪਤਾ ਨਹੀਂ ਕਿੱਥੋਂ ਤੇ ਕਿੰਨਾ ਪੈਦਲ ਸਫ਼ਰ…. ਮੂੰਹ ਹਨ੍ਹੇਰਾ ਹੋਣ ਲੱਗ ਪਿਆ ਸੀ….ਇਹ ਸੋਚ ਕੇ ਮੇਰਾ ਦਿਲ ਬਹੁਤ ਘਬਰਾਇਆ, ਮੈਂ ਫੋਨ ਕੱਢ ਕੇ ਆਪਣੀ ਭੈਣ ਨੂੰ ਫੋਨ ਲਾਇਆ ਤੇ ਬਹੁਤ ਰੋਣ ਲੱਗੀ ਤੇ ਉਹਨਾਂ ਨੂੰ ਸਾਰੀ ਵਿਥਿਆ ਸੁਣਾਈ ਤੇ ਆਖਿਆ,” ਮੈਨੂੰ ਲੈ ਜਾਓ ਛੇਤੀ ਦੇਣੇ ਆ ਕੇ….!”
ਮੈਨੂੰ ਰੋਂਦੇ ਦੇਖ਼ ਕੇ ਪੁਲਿਸ ਵਾਲੇ ਉੱਠ ਕੇ ਮੇਰੇ ਕੋਲ ਆਏ ਤੇ ਇੱਕ ਪੁੱਛਣ ਲੱਗਿਆ,”…. ਕੀ ਗੱਲ ਹੋ ਗਈ ਮੈਡਮ….!”
ਮੇਰਾ ਫੋਨ ਆਨ ਹੀ ਸੀ,ਮੇਰੀ ਭੈਣ ਨੇ ਕਿਹਾ ਤੂੰ ਪੁਲਿਸ ਵਾਲਿਆਂ ਦੀ ਮਦਦ ਲੈ ਪਰ ਫੇਰ ਵੀ ਚੌਕਸ ਰਹੀਂ। “ਮੈਂ ਪੁਲਿਸ ਵਾਲੇ ਨੂੰ ਸਾਰੀ ਗੱਲ ਦੱਸੀ।
ਪੁਲਿਸ ਵਾਲੇ ਨੇ ਕਿਹਾ,” ਮੈਡਮ…. ਅਸੀਂ ਤੁਹਾਡੀ ਐਨੀ ਕੁ ਮੱਦਦ ਕਰ ਸਕਦੇ ਹਾਂ….ਕਿ ਜੇ…..ਏਧਰੋਂ ਕੋਈ ਫੈਮਿਲੀ ਵਾਲ਼ੀ ਗੱਡੀ ਲੰਘਦੀ ਹੈ ਤਾਂ ਉਸ ਵਿੱਚ ਅਸੀਂ ਤੁਹਾਨੂੰ ਬਿਠਾ ਦਿੰਦੇ ਆਂ…. ਤੁਸੀਂ ਬੱਸ ਅੱਡੇ ਤੇ ਪਿੱਛੇ ਨੂੰ ਜਾਣ ਦੀ ਬਜਾਏ…. ਫਿਰੋਜ਼ਪੁਰ ਰੋਡ ਵਾਲੇ ਅੱਡੇ ਤੇ ਛੇ ਸੱਤ ਕਿਲੋਮੀਟਰ ਅਗਾਂਹ ਉਤਰ ਜਾਇਓ….. ਉੱਥੋਂ ਸਿੱਧੀਆਂ ਲੰਮੇ ਰੂਟ ਵਾਲੀਆਂ ਬੱਸਾਂ ਜਾਂਦੀਆਂ ਨੇ…. ਉਹ ਲੈ ਲਿਓ….!”
ਮੇਰੀ ਭੈਣ ਓਨੀ ਦੇਰ ਮੇਰੇ ਨਾਲ ਫੋਨ ਤੇ ਹੀ ਰਹੀ…. ਪੁਲਿਸ ਵਾਲੇ ਨੇ ਦੋ ਤਿੰਨ ਗੱਡੀਆਂ ਨੂੰ ਰੋਕਿਆ, ਕਿਸੇ ਵਿੱਚ ਬੰਦੇ ਹੀ ਸਨ, ਕਿਸੇ ਨੇ ਹੋਰ ਪਾਸੇ ਜਾਣਾ ਸੀ…. ਫਿਰ ਇੱਕ ਪਰਿਵਾਰ ਨਾਲ਼ ਭਰੀ ਹੋਈ ਕਾਰ ਨੂੰ ਰੋਕਿਆ।ਉਹ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਸੀ ਤੇ ਬਠਿੰਡੇ ਤੋਂ ਵੀ ਅੱਗੇ ਜਾਣਾ ਸੀ । ਉਹਨਾਂ ਨੂੰ ਕਹਿ ਕੇ ਮੈਨੂੰ ਉਹਨਾਂ ਦੀ ਕਾਰ ਵਿੱਚ ਬਿਠਾਇਆ ਤੇ ਉਹਨਾਂ ਨੂੰ ਮੈਨੂੰ ਸਹੀ ਸਲਾਮਤ ਉੱਥੇ ਪਹੁੰਚਾਉਣ ਲਈ ਤਾਕੀਦ ਕੀਤੀ । ਉਸ ਸਮੇਂ ਮੈਨੂੰ ਪੁਲਿਸ ਵਾਲੇ ਦੇਵਤਾ ਨਜ਼ਰ ਆ ਰਹੇ ਸਨ। ਮੈਂ ਉਹਨਾਂ ਭਲੇ ਪੁਰਸ਼ਾਂ (ਪੁਲਿਸ ਵਾਲਿਆਂ) ਦਾ ਧੰਨਵਾਦ ਕੀਤਾ। ਫਿਰ ਸੜਕ ਕਿਨਾਰੇ ਵਾਲੇ ਅੱਡੇ ਤੇ ਪਹੁੰਚ ਕੇ ਕਾਰ ਵਿੱਚੋਂ ਉੱਤਰ ਕੇ ਮੈਂ ਉਸ ਪਰਿਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਸਹੀ ਜਗ੍ਹਾ ਉਤਾਰਿਆ। ਉਹਨਾਂ ਦੀ ਕਾਰ ਵਿੱਚੋਂ ਉੱਤਰ ਕੇ ਜਿਵੇਂ ਹੀ ਮੈਂ ਵੇਖਿਆ ਤਾਂ ਲੰਮੇ ਰੂਟ ਦੀਆਂ ਬੱਸਾਂ ਵਾਲੇ ਕੰਡਕਟਰ ‘ਲੁਧਿਆਣਾ ਚੰਡੀਗੜ੍ਹ ,ਲੁਧਿਆਣਾ ਚੰਡੀਗੜ੍ਹ ,ਲੁਧਿਆਣਾ ਚੰਡੀਗੜ੍ਹ… ਓਏ ਰਾਹ ਆਲ਼ਾ ਕੋਈ ਨਾ ਬੈਠਿਓ ‘ ਕਰਕੇ ਹਾਕਾਂ ਮਾਰ ਰਹੇ ਸਨ । ਇਹ ਕਾਵਾਂ ਰੌਲੀ ਵੀ ਮੈਨੂੰ ਕਿੰਨੀ ਚੰਗੀ ਲੱਗ ਰਹੀ ਸੀ। ਜਿਵੇਂ ਕਿਸੇ ਮੁਰਦਾ ਰੂਹ ਵਿੱਚ ਜਾਨ ਪਾ ਰਹੀ ਹੋਵੇ। ਮੈਂ ਭੱਜ ਕੇ ਏ ਸੀ ਬੱਸ ਵਿੱਚ ਚੜ੍ਹੀ ਤੇ ਕੰਡਕਟਰ ਨੂੰ ਪੁੱਛਿਆ,”ਵੀਰੇ….ਆਰਤੀ ਚੌਂਕ ਉਤਾਰ ਦਿਓਂਗੇ…..?” “….ਬੈਠੋ ਭਾਈ….ਜਲਦੀ ਕਰੋ….. ਜਦੋਂ ਆਰਤੀ ਚੌਂਕ ਆਇਆ ਤਾਂ ਖਿੜਕੀ ਕੋਲ਼ ਆਜਿਓ….?” ਮੈਨੂੰ ਵਧੀਆ ਜਿਹੀ ਮੂਹਰੇ ਹੀ ਸੀਟ ਮਿਲ਼ ਗਈ ਤੇ ਮੇਰੇ ਚਿਹਰੇ ਦੀ ਰੌਣਕ ਦੁੱਗਣੀ ਹੋ ਗਈ ਸੀ। ਹੁਣ ਮੈਨੂੰ ਕੋਈ ਚਿੰਤਾ ਨਹੀਂ ਸੀ ਕਿਉਂਕਿ ਅੱਗੇ ਮੇਰੇ ਪਤੀ ਮੈਨੂੰ ਲੈਣ ਆ ਰਹੇ ਸਨ ।
      ਪਰ ਇੱਕ ਗੱਲ ਦਾ ਮੈਂ ਪ੍ਰਣ ਕਰ ਲਿਆ ਸੀ ਕਿ ਜੇ ਕਦੇ ਵੀ ਅੱਗੇ ਤੋਂ ਬੱਸ ਦਾ ਸਫ਼ਰ ਕਰਨਾ ਪਵੇ ਤਾਂ ਸ਼ਾਮ ਦੇ ਸਮੇਂ ਨਹੀਂ ਜਾਵਾਂਗੀ। ਇੱਕ ਘਰੋਂ ਦੇਰ ਨਾਲ ਨਿਕਲਣ ਕਰਕੇ ਅਤੇ ਦੂਜੇ ਰਸਤਿਆਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਮੈਂ ਵੱਡੀ ਮੁਸ਼ਕਲ ਵਿੱਚ ਫ਼ਸ ਸਕਦੀ ਸੀ ਕਿਉਂਕਿ ਇਹ ਮੇਰੀ ਬਹੁਤ ਵੱਡੀ ਭੁੱਲ ਸੀ। ਇਹੋ ਜਿਹੀ ਭੁੱਲ ਤੋਂ ਸਬਕ ਸਿੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤਾ ’ਚ ਰਹੀਆਂ ਪਾਰਟੀਆਂ 75 ਸਾਲਾਂ ’ਚ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦੇ ਸਕੀਆਂ : ਐਡਵੋਕੇਟ ਬਲਵਿੰਦਰ ਕੁਮਾਰ
Next articleਐੱਸ ਡੀ ਕਾਲਜ ਵਿਖੇ ਲੇਬਰ ਡੇ ਮੌਕੇ ਸੇਵਾਦਾਰ ਸਨਮਾਨਿਤ