(ਸਮਾਜ ਵੀਕਲੀ) -ਸੰਸਾਰ ਵਿੱਚ ਕਿਰਤੀ ,ਕਾਮੇ ਜਾਂ ਮਜ਼ਦੂਰ ਛੋਟੀ ਤੋਂ ਛੋਟੀ ਇਕਾਈ ਤੋਂ ਲੈਕੇ ਵੱਡੇ ਤੋਂ ਵੱਡੇ ਨਿਰਮਾਣ ਤੱਕ ਦਾ ਦਾ ਥੰਮ੍ਹ ਹੁੰਦੇ ਹਨ।ਜੇ ਸਾਰੀ ਦੁਨੀਆਂ ਅਮੀਰ ਅਤੇ ਸਰਮਾਏਦਾਰ ਲੋਕਾਂ ਦੀ ਬਣ ਜਾਵੇ ਤਾਂ ਦੁਨੀਆਂ ਦੇ ਦਰਵਾਜ਼ਿਆਂ ਦੇ ਮੂੰਹ ਬੰਦ ਗਲੀਆਂ ਵੱਲ ਹੋ ਜਾਣਗੇ। ਸਾਰੀ ਦੁਨੀਆਂ ਦੀ ਪ੍ਰਗਤੀ ਇਹਨਾਂ ਥੰਮ੍ਹਾਂ ਉੱਪਰ ਹੀ ਖੜ੍ਹੀ ਹੈ ਕਿਉਂਕਿ ਕਿਸੇ ਵੀ ਸਮਾਜ ਵਿੱਚ, ਦੇਸ਼ ਵਿੱਚ, ਸੰਸਥਾ ਵਿੱਚ, ਅਤੇ ਉਦਯੋਗ ਵਿੱਚ ਕਿਰਤੀਆਂ,ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ ਲੋਕਾਂ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਦੀ ਵੱਡੀ ਗਿਣਤੀ ਆਪਣੇ ਆਪਣੇ ਖ਼ੇਤਰ ਦੀ ਕਾਮਯਾਬੀ ਲਈ ਹੱਥੀਂ ਕਿਰਤ ਨਾਲ, ਅਕਲ ਨਾਲ, ਗਿਆਨ ਨਾਲ ਅਤੇ ਤਨਦੇਹੀ ਨਾਲ ਜੀ ਜਾਨ ਲਗਾ ਰਹੀ ਹੁੰਦੀ ਹੈ। ਕਿਸੇ ਵੀ ਖੇਤਰ ਦੀ ਕਾਮਯਾਬੀ ਲਈ ਮਾਲਕ, ਸਰਮਾਏਦਾਰ ਅਤੇ ਸਰਮਾਇਆ, ਕਾਮੇ ਅਤੇ ਸਰਕਾਰ ਨਿਰਮਾਣ ਪੱਖ ਹੁੰਦੇ ਹਨ। ਕਾਮਿਆਂ ਜਾਂ ਕਿਰਤੀਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਨਾ ਖੜਾ ਕੀਤਾ ਜਾ ਸਕਦਾ ਹੈ ਨਾ ਕੀਤਾ ਹੋਇਆ ਖੜ੍ਹਾ ਢਾਂਚਾ ਖੜ੍ਹਾ ਰਹਿ ਸਕਦਾ ਹੈ।
ਸਿੱਖ ਧਰਮ ਵਿੱਚ ਤਾਂ ਕਿਰਤ ਅਤੇ ਕਿਰਤੀ ਦੀ ਅਹਿਮੀਅਤ ਦੇ ਗੁਣਗਾਨ ਕਰਕੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਰਤ ਕਰਨ ਤੇ ਜ਼ੋਰ ਦਿੱਤਾ ਸੀ। ਭਾਈ ਲਾਲੋ ਦੀ ਉਦਾਹਰਣ ਦੇ ਕੇ ਸੱਚੀ ਦਸਾਂ ਨੌਂਹਾਂ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਸੀ।ਜੇ ਆਪਾਂ ਮਈ ਦਿਵਸ ਜਾਂ ਮਜ਼ਦੂਰ ਦਿਵਸ ਦੀ ਗੱਲ ਕਰੀਏ ਤਾਂ ਇਹ ਦਿਵਸ ਵੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਪੈਰਵੀ ਕਰਦਾ ਹੈ।ਇਹ ਦਿਨ ਵੀ ਕਿਰਤੀਆਂ, ਕਾਮਿਆਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਦਿਵਸ ਹੈ। ਚਾਹੇ ਇਸ ਦਾ ਇਤਿਹਾਸਕ ਪਿਛੋਕੜ ਹੋਰ ਰਿਹਾ ਹੋਵੇਗਾ ਪਰ ਸਿਧਾਂਤ ਉਹੀ ਹੈ।
ਭਾਰਤ ਵਿੱਚ ਸਭ ਤੋਂ ਪਹਿਲਾਂ ਮਦਰਾਸ ਵਿੱਚ ਇੱਕ ਮਈ1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨਿਤ ਕਰ ਲਿਆ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ।ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜ਼ਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਕਾਮੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸ ਦਿਨ, ਪਹਿਲੀ ਵਾਰ, ਮਜ਼ਦੂਰ ਦਿਵਸ ਦੇ ਪ੍ਰਤੀਕ ਵਜੋਂ ਲਾਲ ਝੰਡੇ ਦੀ ਵਰਤੋਂ ਕੀਤੀ ਗਈ ਸੀ।
ਪਹਿਲਾਂ ਜਦ ਕਿ ਇਸਦੀ ਸ਼ੁਰੂਆਤ 1886 ਵਿੱਚ ਸ਼ਿਕਾਗੋ ਵਿੱਚ ਉਸ ਸਮੇਂ ਹੋਈ ਸੀ, ਜਦੋਂ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਮਜ਼ਦੂਰ ਇਕੱਠੇ ਹੋਕੇ ਮੰਗ ਕਰ ਰਹੇ ਸਨ ਕਿ ਇੱਕ ਦਿਹਾੜੀ ਵਿੱਚ ਕੰਮ ਦੇ 8 ਘੰਟੇ ਹੋਣ ਅਤੇ ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਹੋਵੇ।ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਬੰਬ ਚਲਾ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਫਾਈਰਿੰਗ ਵਿੱਚ ਕੁਝ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕੁਝ ਪੁਲਿਸ ਵਾਲੇ ਵੀ ਮਾਰੇ ਗਏ। ਇਸਤੋਂ ਬਾਅਦ 1889 ਵਿੱਚ ਪੈਰਿਸ ਵਿੱਚ ਅੰਤਰਰਾਸ਼ਟਰੀ ਮਹਾਂਸਭਾ ਦੀ ਦੂਜੀ ਬੈਠਕ ਵਿੱਚ ਫਰੈਂਚ ਕ੍ਰਾਂਤੀ ਨੂੰ ਯਾਦ ਕਰਦੇ ਹੋਏ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਕਿ ਇਸਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਹੁਣ ਇਸ ਦਿਨ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਜੇ ਮਜ਼ਦੂਰਾਂ ਜਾਂ ਕਿਰਤੀਆਂ ਦੇ ਹੱਕਾਂ ਤੇ ਝਾਤੀ ਮਾਰੀਏ ਤਾਂ ਸਮੇਂ ਸਮੇਂ ਤੇ ਉਹਨਾਂ ਦੇ ਹੱਕਾਂ ਨੂੰ ਕੁਚਲਣ ਲਈ ਸਰਮਾਏਦਾਰ ਲੋਕਾਂ ਵੱਲੋਂ ਮਜ਼ਦੂਰਾਂ ਨੂੰ ਵੀ ਦੋ ਧੜਿਆਂ ਵਿੱਚ ਵੰਡ ਕੇ ਇੱਕ ਧੜਾ ਆਪਣੇ ਨਾਲ ਖੜ੍ਹਾ ਕਰਕੇ ਕਈ ਹੱਥਕੰਡੇ ਅਪਨਾਏ ਜਾਂਦੇ ਰਹੇ ਹਨ। ਕਿਰਤੀਆਂ ਨੂੰ ਆਪਣੇ ਇਤਿਹਾਸ ਨੂੰ ਜਾਨਣਾ, ਆਪਣੀ ਤਾਕਤ ਨੂੰ ਪਹਿਚਾਨਣਾ ਪਵੇਗਾ, ਆਪਣੀ ਆਪਣੀ ਆਪਣੀ ਸ਼੍ਰੇਣੀ ਦੇ ਆਧਾਰ ’ਤੇ ਇੱਕਮੁੱਠ ਹੋ ਕੇ ਸਰਮਾਏਦਾਰਾਂ ਜਾਂ ਮਾਲਕਾਂ ਦੀ ਗੁਲਾਮੀ ਖ਼ਿਲਾਫ਼ ਲੜਨ ਲਈ ਇੱਕਮੁੱਠ ਹੋਣਾ ਪਵੇਗਾ । ਬੇਸ਼ੱਕ ਸਰਕਾਰ ਵਲੋਂ ਮਜ਼ਦੂਰਾਂ ਦੀ ਭਲਾਈ ਲਈ ਵੱਖ ਵੱਖ ਵਿਭਾਗ ਬਣਾਏ ਗਏ ਹਨ ਪਰ ਮਜ਼ਦੂਰਾਂ ਦੇ ਇਨਸਾਫ਼ ਅਤੇ ਭਲਾਈ ਲਈ ਬਣਾਏ ਗਏ ਬੋਰਡ ਅਤੇ ਵਿਭਾਗ ਵੀ ਬਹੁਤੀ ਵਾਰ ਮਜ਼ਦੂਰਾਂ ਦੀ ਥਾਂ ਅਪਣੇ ਹੀ ਅਧਿਕਾਰੀਆਂ ਅਤੇ ਆਗੂਆਂ ਦਾ ਭਲਾ ਕਰਨ ਵਿੱਚ ਲਾਭ ਮਹਿਸੂਸ ਕਰਦੇ ਹੋਏ ਪੱਖਪਾਤੀ ਰਾਜਨੀਤੀ ਕਰਦੇ ਹਨ। ਕਿਰਤੀਆਂ ਦੇ ਸੰਘਰਸ਼ਾਂ ਦੀਆਂ ਕਹਾਣੀਆਂ ਤੋਂ ਜੱਗ ਜ਼ਾਹਰ ਹੈ ਕਿ ਸਰਕਾਰਾਂ ਮਜ਼ਦੂਰਾਂ ਦੀ ਸੁਰੱਖਿਆ ਲਈ ਕਿੰਨੀ ਕੁ ਗੰਭੀਰ ਹਨ। ਅੱਜ ਵੀ ਕਰੋੜ੍ਹਾਂ ਮਜ਼ਦੂਰਾਂ ਨੂੰ ਹਜੇ ਤੱਕ ਮਈ ਦਿਵਸ ਅਤੇ ਇਸ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ । ਲੱਖਾਂ ਕਰੋੜਾਂ ਮਜ਼ਦੂਰਾਂ ਲਈ ਮਜ਼ਦੂਰ ਦਿਵਸ ਦੇ ਮਹੱਤਵ ਦੀ ਕਦੋਂ ਮਹਾਨਤਾ ਪਤਾ ਲੱਗੇਗੀ ਅਤੇ ਉਹਨਾਂ ਦੇ ਹੁਨਰਾਂ ਦੀ ਕਦੋਂ ਕਦਰ ਪਵੇਗੀ ਇਹ ਅੱਜ ਵੀ ਇੱਕ ਵੱਡੀ ਬੁਝਾਰਤ ਹੈ। ਸੰਘਰਸ਼ ਕਰਕੇ ਹਾਸਿਲ ਕੀਤੇ ਹੱਕਾਂ ਨੂੰ ਲੈਣ ਤੋਂ ਬਿਨ੍ਹਾਂ ਅੱਜ ਦੀ ਮਜ਼ਦੂਰ ਸ਼੍ਰੇਣੀ ਨੂੰ ਆਪਣੀ ਸੱਤਾ ਆਪਣੇ ਹੱਥਾਂ ’ਚ ਲੈਣ ਲਈ ਫੈਸਲਾਕੁੰਨ ਜਤਨ ਕਰਨੇ ਪੈਣਗੇ। ਕਿਰਤੀਆਂ, ਕਾਮਿਆਂ, ਮਜ਼ਦੂਰਾਂ ਦੀਆਂ ਜਿੱਤਾਂ ਦੀਆਂ ਕਹਾਣੀਆਂ ਹਮੇਸ਼ਾ ਸੁਨਹਿਰੇ ਅੱਖਰਾਂ ਵਿੱਚ ਛਪਦੀਆਂ ਹਨ। ਇਸ ਲਈ ਯਾਦ ਰੱਖੋ,ਜਦੋਂ ਤੱਕ ਸਰਮਾਏਦਾਰੀ ਢਾਂਚਾ ਰਹੇਗਾ ਤਦ ਤੱਕ ਮਜ਼ਦੂਰਾਂ ਨੂੰ ਦਬਾਇਆ ਕੁਚਲਿਆ ਜਾਂਦਾ ਰਹੇਗਾ। ਪੂੰਜੀਵਾਦ ਨੂੰ ਤਬਾਹ ਕਰਕੇ ਮਜ਼ਦੂਰ ਸ਼੍ਰੇਣੀਆਂ ਦੀ ਸੱਤਾ ਨੂੰ ਕਾਇਮ ਕਰਨਾ ਹੀ ਮਈ ਦਿਵਸ ਭਾਵ ਕੌਮਾਂਤਰੀ ਮਜ਼ਦੂਰ ਦਿਵਸ ਦੇ ਸ਼ਹੀਦਾਂ ਦਾ ਸੁਫ਼ਨਾ ਸੀ। ਮਈ ਦਿਵਸ ਦੇ ਸ਼ਹੀਦਾਂ ਦੇ ਸੁਨੇਹੇ ਨੂੰ ਹਰੇਕ ਦੱਬੇ-ਕੁਚਲੇ ਤੱਕ ਲੈਕੇ ਜਾਣਾ ਪਵੇਗਾ। ਇਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly