(ਸਮਾਜ ਵੀਕਲੀ)-ਪਿਛਲੇ ਅੰਦੋਲਨ ਅਤੇ 13 ਫਰਬਰੀ ਦਿੱਲੀ ਚੱਲੋ ਦੌਰਾਨ ਜੋ ਹੋਇਆ ਉਸ ਨੂੰ ਲੈ ਕੇ ਕਿਸਾਨੀ ਅਤੇ ਇਨਸਾਨੀਅਤ ਨਾਲ ਜੁੜੇ ਹਰ ਇਨਸਾਨ ਦੇ ਅੰਦਰ ਇੱਕ ਟੀਸ ਹੈ, ਜੋ ਕਿਤੇ ਨਾ ਕਿਤੇ ਮੇਰੇ ਅੰਦਰ ਵੀ ਸੀ ਅਤੇ ਹੈ। ਔਰਤ ਦਿਵਸ ਤੇ ਮੈਨੂੰ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ 2 ਵਿਚ ਜਾਣ ਦਾ ਮੌਕਾ ਮਿਲਿਆ। ਭਾਵੇਂ ਕੁੱਝ ਲੋਕਾਂ ਨੂੰ ਲੱਗਦਾ ਹੋਵੇ ਕੀ ਇਹ ਅੰਦੋਲਨ ਅਲੱਗ ਹੋਏ ਬਾਗ਼ੀ ਸੰਗਠਨਾਂ ਦਾ ਹੈ ਨਾਮਵਰ ਮੋਹਰੀ ਲੀਡਰ ਇਹਨਾਂ ਦੇ ਨਾਲ ਸ਼ਾਮਲ ਨਹੀਂ ਹਨ। ਦੇਖਿਆ ਜਾਵੇ ਤਾਂ ਇਹ ਉਹੀ ਦੂਜੇ ਦਰਜੇ ਦੀ ਲੀਡਰਸ਼ਿਪ ਹੈ ਜੋ ਪਹਿਲੇ ਅੰਦੋਲਨ ਵਿਚ ਆਪਣੇ ਵੱਡੇ ਲੀਡਰਾਂ ਦੇ ਪਿੱਛੇ ਹੋ ਕੇ ਸਾਰੇ ਇੰਤਜ਼ਾਮ ਅਤੇ ਸਹਿਯੋਗ ਕਰ ਰਹੀ ਸੀ ਤੇ ਅੱਜ ਲੋੜ ਪੈਣ ਤੇ ਮੂਹਰੇ ਹੋ ਤੁਰੀ ਹੈ।
ਚੰਗੀ ਗੱਲ ਇਹ ਹੈ ਕਿ ਇਹ ਲੀਡਰਸ਼ਿਪ ਅੱਜ ਵੀ ਇਕੱਠੇ ਤੁਰਨ ਨੂੰ ਤਿਆਰ ਹੈ ਅਤੇ ਪਹਿਲੀ ਲੀਡਰਸ਼ਿਪ ਦੇ ਸੰਘਰਸ਼ ਅਤੇ ਯੋਗਦਾਨ ਨੂੰ ਸਤਿਕਾਰ ਵਜੋਂ ਦੇਖਦੀ ਹੈ। ਕਿਸਾਨਾਂ ਦੀਆਂ ਮੰਗਾਂ, ਤਕਲੀਫ਼ਾਂ ਸਾਂਝੀਆਂ ਹਨ, ਹੱਕਾਂ ਦੀ ਗੱਲ ਵੀ ਹਮੇਸ਼ਾਂ ਸਾਂਝੀ ਹੀ ਹੁੰਦੀ ਹੈ ਕੋਈ ਦੂਜਾ ਤੀਜਾ ਨਹੀਂ ਹੁੰਦਾ । ਦੂਜੇ ਸੰਗਠਨ ਵੀ ਆਪਣੀ ਤੌਰ ਤੇ ਅਲੱਗ-ਅਲੱਗ ਜਗਾ ਤੇ ਮੋਰਚੇ ਲਾਉਂਦੇ ਰਹੇ ਹਨ ਅਤੇ ਲਾ ਰਹੇ ਹਨ। ਬਾਕੀ, ਵਕਤ ਅਤੇ ਲੋਕ ਆਪਣੇ ਆਗੂ ਆਪ ਚੁਣਦੇ ਹਨ। ਇਤਿਹਾਸ ਗਵਾਹ ਹੈ ਜੋ ਹਿੰਮਤ, ਜਜ਼ਬੇ ਹੌਂਸਲੇ ਨਾਲ ਮੂਹਰੇ ਲੱਗ ਕੇ ਤੁਰਦਾ ਹੈ ਉਹ ਲੋਕਾਂ ਦਾ ਆਗੂ ਹੋ ਨਿਬੜਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕੀ ਇਹ ਅੰਦੋਲਨ ਉੱਠਿਆ ਕਿਉਂ? ਇਹ ਅੰਦੋਲਨ ਉੱਠਿਆ ਹੈ, ਸਬਰਾਂ ਵਿੱਚੋਂ, ਧੋਖਿਆਂ-ਫਰੇਬਾਂ, ਨਿਰਾਸ਼ਾ, ਮੰਗਾਂ ਮੰਨਣ ਦੇ ਝੂਠੇ ਵਾਅਦਿਆਂ ਅਤੇ ਪਿਛਲੇ ਦੋ ਸਾਲਾਂ ਤੋਂ ਸੂਬਾ ਅਤੇ ਸੈਂਟਰ ਸਰਕਾਰਾਂ ਵੱਲੋਂ ਵੱਟੀ ਚੁੱਪ ਵਿੱਚੋਂ… ਹੜ੍ਹਾਂ ਦੀ ਮਾਰ , ਪਹਿਲਵਾਨਾ ਦਾ ਅੰਦੋਲਨ, ਲਖੀਮਪੁਰ ਖੇੜੀ ਦੇ ਦੋਸ਼ੀ ਅਜੇ ਮਿਸ਼ਰਾ ਟੈਨੀ ਦਾ ਅਹੁਦੇ ਤੇ ਬਣਿਆ ਰਹਿਣਾ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ, ਆਦਿ ਬਹੁਤ ਸਾਰੇ ਕਾਰਨ ਹਨ … ਜਿਵੇਂ ਹੀ ਅਸੀਂ ਮੋਰਚੇ ਤੇ ਪੁਹੰਚੇ, ਪੁਲਿਸ ਪ੍ਰਸ਼ਾਸ਼ਨ ਕਿਸਾਨਾਂ ਨੂੰ, ਕਿਸਾਨਾਂ ਦੇ ਵਾਹਨਾਂ ਨੂੰ ਘੂਰਦਾ ਹੋਇਆ ਮਿਲਿਆ, ਕੈਮਰੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾ ਰਹੇ ਸੀ ਸ਼ਾਇਦ ਕਹਿ ਰਹੇ ਹੋਣ ਕੀ ਤੁਸੀਂ ਸਾਡੀਆਂ ਨਿਗਾਹਾਂ ਤੋਂ ਬੱਚ ਨਹੀਂ ਸਕਦੇ…
ਇਸ ਦਿਨ ਔਰਤ ਦਿਵਸ ਮਨਾਇਆ ਜਾ ਰਿਹਾ ਸੀ ਅਤੇ ਕਿਸਾਨ ਔਰਤਾਂ ਦੂਰੋਂ ਨੇੜਿਓਂ ਇਸ ਅੰਦੋਲਨ ਵਿਚ ਪਹੁੰਚ ਰਹੀਆਂ ਸਨ। ਇਥੇ ਪਹੁੰਚੀਆਂ ਕਿਸਾਨ ਬੀਬੀਆਂ ਜਿਵੇਂ ਬਿਲਕੁਲ ਬੇਪਰਵਾਹ ਸਨ ਇਹਨਾਂ ਕੈਮਰਿਆਂ ਤੋਂ, ਸਰਕਾਰੀ ਤੰਤਰ ਉਹਨਾਂ ਨੂੰ ਭੈ-ਭੀਤ ਨਹੀਂ ਸੀ ਕਰ ਰਿਹਾ, ਸਗੋਂ ਇਹਨਾਂ ਦੇ ਚਿਹਰਿਆਂ ਉੱਤੇ ਇੱਕ ਵਿਲੱਖਣ ਉਤਸ਼ਾਹ ਦੇਖਣ ਨੂੰ ਮਿਲਿਆ… ਇਹ ਚਿਹਰੇ ਸਨ ਬਚਪਨ ਤੋਂ ਬੁਢਾਪੇ ਤੱਕ ਦੀ ਹਰ ਉਮਰ ਦੇ… ਤੇ ਹਰ ਚਿਹਰੇ ਉੱਤੇ ਜੋਸ਼, ਜਜ਼ਬੇ ਝਲਕਾਂ ਮਾਰ ਰਹੇ ਸਨ … ਇੱਕ ਵੀ ਚਿਹਰਾ ਮੈਨੂੰ ਥੱਕਿਆ ਹੋਇਆ ਨਹੀਂ ਜਾਪਿਆ…
ਸਾਨੂੰ ਅੰਦਰ ਤੱਕ ਜਾਣ ਦਿੱਤਾ ਗਿਆ ਕਿਉਂਕਿ ਸਾਡੇ ਨਾਲ ਅੰਕਲ ਜੀ ਦਵਾਈਆਂ ਲੈ ਕੇ ਆਏ ਸਨ, ਉਹ ਪਹਿਲਾਂ ਵੀ ਇਥੇ ਆਪਣੀ ਸੇਵਾ ਨਿਭਾ ਰਹੇ ਸਨ । ਪਾਰਕਿੰਗ ਵਿਚ ਤਿਲ ਸੁੱਟਣ ਨੂੰ ਜਗਾ ਨਹੀਂ ਸੀ ਜਾਂ ਕਹਿ ਲਓ ਸ਼ੰਭੂ ਕੋਲੋਂ ਕਿਸਾਨ ਔਰਤਾਂ ਦਾ ਉਤਸ਼ਾਹ ਸਾਂਭਿਆ ਨਹੀਂ ਜਾ ਰਿਹਾ ਸੀ ।
ਪਿਛਲੇ ਪਾਸੇ ਸਟੇਜ ਤੋਂ ਸਿਰਫ ਔਰਤਾਂ ਹੀ ਸੰਬੋਧਨ ਕਰ ਰਹੀਆਂ ਸੀ, ਜ਼ਬਰਦਸਤ ਤਕਰੀਰਾਂ ਚੱਲ ਰਹੀਆਂ ਸਨ । ਸੁਣਨ ਵਾਲਿਆਂ ਵਿਚ ਔਰਤਾਂ ਦੇ ਨਾਲ ਨੌਜਵਾਨ, ਬੱਚੇ ਅਤੇ ਬੁੱਢੇ ਸਭ ਸ਼ਾਮਲ ਸਨ। ਘਰਾਂ ਵਿਚ ਚੁੱਲ੍ਹੇ ਚੌਂਕੇ ਸੰਭਾਲਣ ਵਾਲੀਆਂ ਬੀਬੀਆਂ ਦੀਆਂ ਇਹ ਤਕਰੀਰਾਂ ਪੇਸ਼ਾਵਰ ਬੁਲਾਰਿਆਂ ਨੂੰ ਮਾਤ ਪਾ ਰਹੀਆਂ ਸਨ। ਹਰਿਆਣੇ ਦੇ ਸੰਭੂ ਨੇੜਲੇ ਪਿੰਡਾਂ ਤੋਂ ਆਈਆਂ ਔਰਤਾਂ ਨੇ ਦੱਸਿਆ ਕੇ ਉਹ ਕਿੰਨੀਆਂ ਔਕੜਾਂ ਝੱਲ ਕੇ ਅੱਜ ਇੱਥੇ ਪਹੁੰਚੀਆਂ ਹਨ। ਪੁਲਿਸ ਨੇ ਰਸਤੇ ਬੰਦ ਕੀਤੇ ਹੋਏ ਹਨ, ਖੇਤਾਂ ਵਿੱਚੋਂ ਆਉਣ ਦੇ ਰਸਤੇ ਵੀ ਬੰਦ ਹਨ। ਆਮ ਤੌਰ ਤੇ 15-20 ਮਿੰਟ ਵਿਚ ਮੁੱਕ ਜਾਣ ਵਾਲਾ ਸਫ਼ਰ, ਅੱਜ 2-3 ਘੰਟੇ ਵਿਚ ਤਹਿ ਕਰਕੇ ਆਈਆਂ ਸਨ । ਹਰਿਆਣਾ ਦੇ ਪੁਆਧ ਖੇਤਰ ਦੇ ਪਰਿਵਾਰਾਂ ਨੂੰ ਬਹੁਤ ਤਕਲੀਫ਼ਾਂ ਝੱਲਣੀਆਂ ਪਈਆਂ ਹਨ। ਪਿਛਲੇ ਸਮਿਆਂ ਵਿਚ ਹਕੂਮਤਾਂ ਲੋਕਾਂ ਤੇ ਤਸੱਦਦ ਕਰਦੀਆਂ ਸਨ , ਪੰਜਾਬ ਦਾ ਕਾਲਾ ਦੌਰ ਵੀ ਕੁਝ ਅਜਿਹਾ ਹੀ ਸੀ, ਘਰਾਂ ਦੀਆਂ ਔਰਤਾਂ ਨੂੰ ਡਰਾਇਆ, ਧਮਕਾਇਆ ਜਾਂਦਾ ਸੀ, ਇਹੀ ਸਭ ਕੁਝ ਪੁਆਧੀ ਦੀਆਂ ਔਰਤਾਂ, ਬੱਚਿਆਂ ਨੇ ਇਸ ਅੰਦੋਲਨ ਦੌਰਾਨ ਸਹਿਣ ਕੀਤਾ ਹੈ। ਪਰ, ਇਸਦੇ ਬਾਵਜੂਦ ਵੀ ਇਹਨਾਂ ਔਰਤਾਂ ਵਿਚ ਡਰ ਸਹਿਮ ਨਹੀਂ ਹੈ, ਬਲਕਿ ਰੋਹ ਹੈ। ਉਹਨਾਂ ਦਾ ਕਹਿਣਾ ਸੀ “ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਝਾਤ ਮਾਰਦੀਆਂ ਹਾਂ ਤਾਂ ਇਹ ਤਕਲੀਫ਼ ਬਹੁਤ ਛੋਟੀ ਲਗਦੀ ਹੈ” ਉਹਨਾਂ ਵਿਚ ਹੱਕਾਂ ਲਈ ਲੜ੍ਹਨ ਅਤੇ ਅੜ੍ਹਨ ਦਾ ਜਜ਼ਬਾ ਹੈ ਅਤੇ ਉਹ ਡੱਟ ਕੇ ਮੋਰਚੇ ਨਾਲ ਖੜ੍ਹੀਆਂ ਹਨ… ਇਹ ਹੌਂਸਲੇ, ਇਹ ਜਜ਼ਬੇ, ਗੜ੍ਹਕ ਅਤੇ ਸਭ ਤੋਂ ਵੱਡੀ ਗੱਲ, ਆਪਣੀ ਲੜ੍ਹਾਈ ਦੇ ਮਤਲਬ, ਆਪਣੇ ਅਧਿਕਾਰਾਂ ਦਾ ਪਤਾ ਹੋਣਾ । ਉਮਰਾਂ ਲੰਘਾਂ ਚੁੱਕੀ 75 ਸਾਲ ਦੀ ਬੀਬੀ ਮਾਨਵ ਅਧਿਕਾਰਾਂ ਅਤੇ ਕਿਸਾਨ ਹੱਕਾਂ ਦੀ ਗੱਲ ਕਰਦੀ ਹੈ ਤਾਂ ਜੋਸ਼ ਜਾਗਦਾ ਹੈ, ਕਾਇਰਤਾ ਖੁਦ ਨੂੰ ਲਾਹਨਤ ਪਾਉਂਦੀ ਹੈ…
ਇੱਕ ਹੋਰ ਗੱਲ ਜੋ ਇਸ ਮੋਰਚੇ ਵਿਚ ਵਿਲੱਖਣ ਲੱਗੀ, ਹਰ ਬੰਦੇ ਦੀ ਹਰ ਬੰਦੇ ਤੱਕ ਪਹੁੰਚ ਹੋਣਾ, ਲੋਕ ਆਮ ਹੀ ਆਗੂਆਂ ਨਾਲ ਗੱਲਬਾਤ, ਸਲਾਹ ਮਸ਼ਵਰਾ ਕਰਦੇ ਨਜ਼ਰ ਆਏ । ਇਸ ਮੋਰਚੇ ਵਿਚ ਹਰ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਜਿਹੜਾ ਕਿਸੇ ਵੀ ਮੋਰਚੇ ਨੂੰ ਚਲਦਾ ਰੱਖਣ ਅਤੇ ਕਾਮਯਾਬ ਕਰਨ ਲਈ ਜਰੂਰੀ ਹੈ। ਹਾਂ, ਇੱਕ ਕਮੀ ਨਜ਼ਰ ਆਈ ਉਹ ਸੀ ਪੰਜਾਬੀ ਕਲਾਕਾਰਾਂ ਦੀ, ਪਿਛਲੇ ਮੋਰਚੇ ਵਿਚ ਥੰਮ ਬਣ ਖੜਾ ਪੰਜਾਬੀ ਕਲਾਕਾਰ ਭਾਈਚਾਰਾ ਕਿਤੇ ਨਜ਼ਰ ਨਹੀਂ ਆਇਆ, ਖ਼ੈਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣੀ ਬਣਦੀ ਜੁੰਮੇਵਾਰੀ ਸਮਝਣ…
ਇਤਿਹਾਸ ਪੜ੍ਹੀਏ ਤਾਂ ਜਦੋਂ ਵੀ ਔਰਤਾਂ ਦੀ ਸ਼ਮੂਲੀਅਤ ਮੋਰਚਿਆਂ ਵਿਚ ਹੋਈ ਹੈ ਉਹ ਮੋਰਚੇ ਯਕੀਨਨ ਹੀ ਜਿੱਤ ਵੱਲ ਵੱਧਦੇ ਹਨ । ਔਰਤਾਂ ਨਾਲ ਗੱਲਾਂ ਕਰਦਿਆਂ, ਉਹਨਾਂ ਦੀਆਂ ਤਕਰੀਰਾਂ ਸੁਣਦਿਆਂ ਇਹ ਬਿਲਕੁਲ ਸਾਫ਼ ਸੀ, ਸਾਡੇ ਪਿੰਡਾਂ ਦੀਆਂ ਔਰਤਾਂ ਕਿਸਾਨੀ ਹੱਕਾਂ ਪ੍ਰਤੀ ਕਿੰਨੀਆਂ ਜਾਗਰੂਕ ਹਨ । ਉਹ ਜਾਣਦੀਆਂ ਹਨ ਕੀ ਇਸ ਧਰਨੇ ਵਿਚ ਕਿਉਂ ਆਈਆਂ ਅਤੇ ਮੋਰਚੇ ਸੰਭਾਲਣ ਲਈ ਸਮਰੱਥ ਹਨ । ਇਹਨਾਂ ਔਰਤਾਂ ਨੇ ਵਾਰ ਵਾਰ ਕਿਸਾਨੀ ਮੰਗਾਂ, MSP (ਐਮਐਸਪੀ), ਡੁੱਬਦੀ ਕਿਸਾਨੀ, ਵੱਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦਾ ਹੜ੍ਹ, ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਤਾਨਾਸ਼ਾਹੀ ਰਵਈਏ ਵਿਰੁੱਧ ਅਤੇ ਪਿਛਲੇ ਮੋਰਚੇ ਦੇ ਸ਼ਹੀਦ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਚੁੱਕੀ…
ਕਿਸਾਨਾਂ ਦੀਆਂ ਮੰਗਾਂ ਹੁਣ ਵੀ ਉਹੀ ਹਨ, ਜੋ ਪਿਛਲੇ ਅੰਦੋਲਨ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਬਾਕੀ ਮੰਗਾਂ ਦਾ ਹਿੱਸਾ ਸਨ। ਸਰਕਾਰ ਨੇ ਦੋ ਸਾਲ ਬੀਤ ਜਾਣ ਤੇ ਵੀ ਇਹ ਮੰਗਾਂ ਅਤੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।
– ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ। ਸਰਕਾਰ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਅਤੇ ਇਸ ਦੇ ਤਹਿਤ ਜ਼ਿਆਦਾਤਰ ਫਸਲਾਂ ਦੀ ਖਰੀਦ ਪੰਜਾਬ ਅਤੇ ਹਰਿਆਣਾ ਤੋਂ ਹੁੰਦੀ ਹੈ ਪਰ ਵਿਕਰੀ ਅਕਸਰ ਤਹਿ ਨਾਲੋਂ ਘੱਟ ਮੁੱਲ ਤੇ ਹੁੰਦੀ ਹੈ । ਕਿਸਾਨ ਚਾਹੁੰਦੇ ਹਨ ਕਿ ਹਰ ਫਸਲ ‘ਤੇ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਤੇ C 2+ 50% ਫਾਰਮੂਲੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਵਾਲਾ ਕਨੂੰਨ ਬਣੇ।
– ਪਹਿਲੇ ਅੰਦੋਲਨ ਦੇ ਸ਼ਹੀਦਾਂ (ਲਖੀਮਪੁਰ ਖੇੜ੍ਹੀ) ਲਈ ਇਨਸਾਫ਼ ਦੀ ਮੰਗ ਵੀ ਸ਼ਾਮਲ ਹੈ। ਪਹਿਲਾਂ ਹੋਏ ਸਮਝੌਤੇ ਅਨੁਸਾਰ ਜ਼ਖਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ।
– ਕਿਸਾਨਾਂ ਅਤੇ ਖੇਤ ਮਜ਼ਦੂਰ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ।
– ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ ।
– ਦਿੱਲੀ ਮੋਰਚੇ ਦੇ ਸ਼ਹੀਦੀ ਸਮਾਰਕ ਲਈ ਦਿੱਲੀ ਵਿਚ ਜਗ੍ਹਾ ਦਿੱਤੀ ਜਾਵੇ ।
– ਦਿੱਲੀ ਮੋਰਚੇ ਦੌਰਾਨ ਕੀਤਿਆਂ ਵਾਅਦਿਆਂ ਅਨੁਸਾਰ ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿਚ ਦੇਣ ਵਾਲੇ ਬਿਜਲੀ ਸੋਧ ਬਿੱਲ ਨੂੰ ਰੱਦ ਕੀਤਾ ਜਾਵੇ ।
– ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਨੂੰਨ ਵਿੱਚੋਂ ਬਾਹਰ ਕੀਤਾ ਜਾਵੇ।
– ਵਿਦੇਸ਼ਾਂ ਤੋਂ ਖੇਤੀ ਜਿਣਸਾਂ ਜਿਵੇੰ ਫ਼ਸਲ, ਦੁੱਧ ਉਤਪਾਦ, ਫ਼ਲ, ਸਬਜ਼ੀਆਂ ਅਤੇ ਮੀਟ ਆਦਿ ਉੱਪਰ ਆਯਾਤ ਡਿਊਟੀ ਵਧਾਈ ਜਾਵੇ ਅਤੇ ਭਾਰਤ ਦੇ ਕਿਸਾਨਾਂ ਨੂੰ ਪਹਿਲ ਜਾਵੇ ।
– 58 ਸਾਲ ਤੋਂ ਵਧੇਰੇ ਉਮਰ ਦੇ ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ ਯੋਜਨਾ ਲਾਗੂ ਕਰਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ।
– ਜ਼ਮੀਨ ਐਕਵਾਇਰ ਕਰਨ ਸੰਬੰਧੀ 2013 ਦੇ ਐਕਟ ਨੂੰ ਲਾਗੂ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੁਆਰਾ ਸੂਬਿਆਂ ਨੂੰ ਜ਼ਮੀਨ ਐਕਵਾਇਰ ਸੰਬੰਧੀ ਦਿੱਤੇ ਨਿਰਦੇਸ਼ ਰੱਦ ਕੀਤੇ ਜਾਣ।
ਮੁੱਕਦੀ ਗੱਲ, ਮੰਗਾਂ ਮੰਨਣੀਆਂ ਤਾਂ ਦੂਰ, ਪਹਿਲੇ ਅੰਦੋਲਨ ਤੋਂ ਹੁਣ ਤੱਕ ਸਰਕਾਰ ਦੇ ਤਾਨਾਸ਼ਾਹੀ ਰਵਾਈਏ ‘ਚ ਕੋਈ ਕਮੀ ਨਹੀ ਆਈ। ਸ਼ੰਭੂ ਬਾਰਡਰ ਤੇ ਚੱਲੇ ਅੱਥਰੂ ਗੈਸ ਦੇ ਗੋਲ਼ੇ ਅਤੇ ਗੋਲੀਆਂ ਨਾਲ ਕਿਸਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਜਿਹਨਾਂ ਵਿੱਚੋਂ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। ਕਿਸਾਨਾਂ ਦੇ ਲਹੂ ਨਾਲ ਹੱਥ ਰੰਗਣ ਦੇ ਬਾਵਜੂਦ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ…
ਅਜੇ ਵੀ ਵਕ਼ਤ ਹੈ ਕੀ ਅਸੀਂ ਸਮੇਂ ਦੀ ਨਬਜ਼ ਫੜੀਏ ਅਤੇ ਆਉਣ ਵਾਲੇ ਸਮੇਂ ਵਿਚ ਸੋਚ ਸਮਝ ਕੇ ਲੋਕਾਂ ਦਾ ਹਮਾਇਤੀ ਲੀਡਰ ਚੁਣੀਏ…
ਇੱਕ ਆਦਮੀ ਉਦੋਂ ਮਰ ਜਾਂਦਾ ਹੈ ਜਦੋਂ ਉਹ ਇਨਸਾਫ਼ ਲਈ ਖੜ੍ਹਾ ਹੋਣ ਤੋਂ ਇਨਕਾਰ ਕਰਦਾ ਹੈ। ਇੱਕ ਆਦਮੀ ਉਦੋਂ ਮਰਦਾ ਹੈ ਜਦੋਂ ਉਹ ਸੱਚ ਲਈ ਸਟੈਂਡ ਲੈਣ ਤੋਂ ਇਨਕਾਰ ਕਰਦਾ ਹੈ।
– ਮਾਰਟਿਨ ਲੂਥਰ ਕਿੰਗ ਜੂਨੀਅਰ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly