ਅੰਬੇਡਕਰ ਭਵਨ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਉਤਸਵ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਚ
ਜਲੰਧਰ ( ਸਮਾਜ ਵੀਕਲੀ ) : ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਉਤਸਵ 14 ਅਪ੍ਰੈਲ 2024 (ਐਤਵਾਰ) ਨੂੰ ਅੰਬੇਡਕਰ ਭਵਨ, ਅੰਬੇਡਕਰ ਮਾਰਗ, ਜਲੰਧਰ ਵਿਖੇ ਵਿਸ਼ਾਲ ਪੱਧਰ ਤੇ ਬਹੁਤ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧ ਵਿਚ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬ ਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ), ਪ੍ਰੋਫੈਸਰ ਬਲਬੀਰ, ਡਾ. ਜੀ ਸੀ ਕੌਲ, ਪਰਮਿੰਦਰ ਸਿੰਘ ਖੁੱਤਣ, ਤਿਲਕ ਰਾਜ, ਡਾ. ਮਹਿੰਦਰ ਸੰਧੂ, ਗੌਤਮ ਸਾਂਪਲਾ ਅਤੇ ਬਲਦੇਵ ਰਾਜ ਭਾਰਦਵਾਜ ਸ਼ਾਮਿਲ ਹੋਏ। ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਭਾਰਦਵਾਜ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਉੱਘੇ ਅੰਬੇਡਕਰੀ ਵਿਚਾਰਕ ਸੁਭਾਸ਼ ਚੰਦ ਮੁਸਾਫਰ, ਪਾਲਮਪੁਰ (ਹਿਮਾਚਲ ਪ੍ਰਦੇਸ਼) ਸਮਾਰੋਹ ਦੇ ਮੁੱਖ ਮਹਿਮਾਨ ਅਤੇ ਡਾ. ਰਿਤੂ ਸਿੰਘ ਅਸਿਸਟੈਂਟ ਪ੍ਰੋਫੈਸਰ (ਦਿੱਲੀ ਯੂਨੀਵਰਸਿਟੀ) ਤੇ ਪੰਜਾਬ ਕੋਆਰਡੀਨੇਟਰ ‘ਮਿਸ਼ਨ ਸੇਵ ਕੋਂਸਟੀਟਿਊਸ਼ਨ’ (ਐਮ ਐਸ ਸੀ) ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਤੇ ਸਰੋਤਿਆਂ ਨੂੰ ਵਿਸ਼ੇਸ਼ ਜਾਣਕਾਰੀਆਂ ਪ੍ਰਦਾਨ ਕਰਨਗੇ। ਉਨ੍ਹਾਂ ਤੋਂ ਇਲਾਵਾ ਹੋਰ ਵਿਦਵਾਨ ਬੁਲਾਰੇ ਵੀ ਬਾਬਾ ਸਾਹਿਬ . ਡਾ. ਅੰਬੇਡਕਰ ਦੇ ਮਿਸ਼ਨ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਮਿਸ਼ਨਰੀ ਕਲਾਕਾਰ ਜੀਵਨ ਮਹਿਮੀ ਅਤੇ ਉਨ੍ਹਾਂ ਦੀ ਪਾਰਟੀ ਆਪਣੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਮਿਸ਼ਨ ਤੇ ਜਾਨਣਾ ਪਾਉਣਗੇ। ਸਮਾਗਮ ਉਪਰੰਤ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਸਮਾਗਮ ਵਿੱਚ ਹੁੱਮ -ਹੁੱਮਾ ਕੇ ਪਹੁੰਚਣ ਲਈ ਸਭ ਨੂੰ ਅਪੀਲ ਕੀਤੀ। ਯਾਦ ਰਹੇ ਕਿ ਅੰਬੇਡਕਰ ਭਵਨ ਜਲੰਧਰ ਵਿਖੇ ਬਾਬਾ ਸਾਹਿਬ ਦੇ ਜਨਮ ਉਤਸਵ ਨਾਲ ਸਬੰਧਿਤ ਇਹ ਸਮਾਗਮ ਪਿਛਲੇ 61 ਸਾਲਾਂ ਤੋਂ ਲਗਾਤਾਰ ਮਨਾਏ ਜਾ ਰਹੇ ਹਨ। ਇਹ ਅੰਬੇਡਕਰ ਭਵਨ ਇੱਕ ਇਤਿਹਾਸਿਕ ਸਥਾਨ ਹੈ ਜਿਥੇ ਬਾਬਾ ਸਾਹਿਬ 27 ਅਕਤੂਬਰ, 1951 ਨੂੰ ਆਏ ਸਨ ਅਤੇ ਇਥੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਨੋਟ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)