(ਸਮਾਜ ਵੀਕਲੀ)
ਇੱਕ ਪਾਸੇ ਲੁੱਟ ਲਿਆ ਈਮਾਨ ਨੂੰ,
ਦੇਹਧਾਰੀ ਗੁਰੂਆਂ ਦੇ ਵੱਗ ਨੇ।
ਦੂਜੇ ਪਾਸੇ ਚੂਸ ਲਿਆ ਜਵਾਨੀ ਨੂੰ,
ਨਸ਼ੇ ਦੇ ਬਨਾਰਸੀ ਠੱਗ ਨੇ।
ਤੀਜੇ ਪਾਸੇ ਮਾਰ ‘ਤਾ ਕਿਸਾਨੀ ਨੂੰ,
ਨਕਲੀ ਦਵਾਈਆਂ ਤੇ ਬਨਾਉਟੀ ਖਾਦਾਂ ਨੇ।
ਰੰਗਲਾ ਪੰਜਾਬ ਲੁੱਟ ਖਾ ਲਿਆ,
ਨਸ਼ੇ ਦੇ ਵਿਪਾਰੀ ਤੇ ਪਾਖੰਡੀ ਸਾਧਾਂ ਨੇ।
ਆਸ਼ਰਮ ਡੇਰੇ ਥਾਂ-ਥਾਂ ਖੁੱਲ੍ਹ ਗਏ,
ਮੱਲਿਆ ਪੰਜਾਬ ਸਾਧਾਂ ਮੁਨੀਆਂ।
ਡੇਰਿਆਂ ‘ਚ ਜੋ-ਜੋ ਗੱਲਾਂ ਹੁੰਦੀਆਂ,
ਕੰਨਾਂ ਨਾਲ ਜਾਦੀਆਂ ਨਾ ਸੁਣੀਆਂ।
ਕੋਰਟਾਂ ‘ਚ ਲੈਣ ਲਈ ਜ਼ੁਬਾਨਤਾਂ,
ਜੱਜਾਂ ਅੱਗੇ ਹੋਣ ਫਰਿਆਦਾਂ ਨੇ।
ਰੰਗਲਾ ਪੰਜਾਬ ਲੁੱਟ ਖਾ ਲਿਆ •••••
ਪਿੰਡਾਂ ਵਿੱਚ ਸ਼ਰੇਆਮ ਵਿੱਕਦਾ ਐ,
ਨਸ਼ਿਆਂ ਦੇ ਖੁੱਲ੍ਹ ਗਏ ਥੋਕ ਨੇ।
ਘੁਣ ਬਣ ਲੱਗਿਆ ਸਮਾਜ ਨੂੰ,
ਚੂਸ ਲਈ ਜਵਾਨੀ ਇਸ ਜੋਕ ਨੇ।
ਰੋਲਤੀ ਇੱਜਤ ਮਾਂ ਬਾਪ ਦੀ,
ਅੱਜ ਦੀਆਂ ਭੈੜੀਆਂ ਉਲਾਦਾਂ ਨੇ।
ਰੰਗਲਾ ਪੰਜਾਬ ਲੁੱਟ ਖਾ ਲਿਆ ••••••
ਹੱਦੋਂ ਵੱਧ ਅੱਤ ਚੁੱਕੀ ਹਾਕਮਾਂ,
ਅੰਨ ਦਾਤਾ ਸੜਕਾਂ ‘ਤੇ ਰੁਲਦਾ।
ਚਿੱਟੇ ਦਿਨ ਸ਼ਰੇਆਮ ਕੁੱਟਿਆ,
ਜ਼ਖਮੀ ਸਿਰਾਂ ‘ਚੋਂ ਲਹੂ ਡੁੱਲ੍ਹਦਾ।
ਲਹੂ ਨਾਲ ਭਿੱਜਿਆਂ ਸਰੀਰਾਂ ‘ਤੇ,
ਜ਼ਰਾ ਵੀ ਨਾ ਰਹਿਮ ਕਰਿਆ ਜ਼ਲਾਦਾਂ ਨੇ।
ਰੰਗਲਾ ਪੰਜਾਬ ਲੁੱਟ ਖਾ ਲਿਆ•••••••
ਹਾਕਮ ਸ਼੍ਰੇਣੀ ਸੁੱਤੀ ਪਈ ਏ,
ਏ•ਸੀ• ਰੂਮਾਂ ਵਿੱਚ ਤਸ਼ਰੀਫ ਏ।
ਚੋਰਾਂ ਨਾਲ ਪੈਂਦੀਆਂ ਨੇ ਜੱਫੀਆਂ,
ਥਾਣਿਆਂ ‘ਚ ਕੁੱਟੀਦੇ ਸ਼ਰੀਫ ਨੇ।
ਸੱਚਾ ਬੰਦਾ ਹਵਾਲਾਤ ਬੰਦ ਹੈ,
ਹੱਥ ਬੁਰੇ ਨਾ ਮਿਲਾ ਲਿਆ ਜਨਾਬਾਂ ਨੇ।
ਰੰਗਲਾ ਪੰਜਾਬ ਲੁੱਟ ਖਾ ਲਿਆ •••••
ਸਾਧਾਂ ਵਿੱਚ ਲੁੱਚ-ਪੁਣਾ ਫੈਲਿਆ,
ਲੁੱਚਿਆਂ ਨੂੰ ਬਹੁਤ ਪਿੱਛੇ ਛੱਡ ਗਏ।
ਕਤਲਾਂ ਤੇ ਰੇਪਾਂ ਵਾਲੇ ਪਰਚੇ,
ਨੋਟਾਂ ਦੇ ਜ਼ੋਰਾਂ ਨਾਲ ਦੱਬ ਗਏ।
ਸਾਧਪੁਣਾ ਪੱਟ ਦਿੱਤਾ ‘ਭੁੱਲੜਾ’
ਜੀਭ ਦਿਆਂ ਚਸਕੇ ਸੁਆਦਾਂ ਨੇ।
ਰੰਗਲਾ ਪੰਜਾਬ ਲੁੱਟ ਖਾ ਲਿਆ,
ਨਸ਼ੇ ਦੇ ਵਿਪਾਰੀ ਤੇ ਪਾਖੰਡੀ ਸਾਧਾਂ ਨੇ।
ਸੁਖਦੇਵ ਸਿੰਘ ‘ਭੁੱਲੜ’
ਸੁਰਜੀਤ ਪੁਰਾ ਬਠਿੰਡਾ
9417046117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly