ਏਹੁ ਹਮਾਰਾ ਜੀਵਣਾ ਹੈ -549

ਬਰਜਿੰਦਰ ਕੌਰ ਬਿਸਰਾਓ
 (ਸਮਾਜ ਵੀਕਲੀ)-  ਇਹ ਕਹਾਵਤ ਆਮ ਹੀ ਵਰਤੀ ਜਾਂਦੀ ਹੈ ਕਿ ਪਿੰਡ ਤਾਂ ਗੁਹਾਰਿਆਂ ਤੋਂ ਪਛਾਣੇ ਜਾਂਦੇ ਹਨ। ਪਰ ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਦੀ ਪਛਾਣ ਗੁਹਾਰਿਆਂ ਤੋਂ ਨਹੀਂ ਸਗੋਂ ਉਸ ਦੇ ਬਾਹਰਵਾਰ ਬਣੀਆਂ ਕਲੋਨੀਆਂ ਜਾਂ ਪਿੰਡਾਂ ਦੀਆਂ ਖੇਤੀਬਾੜੀ ਯੋਗ ਜ਼ਮੀਨਾਂ ਵਿੱਚੋਂ ਭੱਠਿਆਂ ਲਈ ਪਟਾਈ ਜਾਣ ਵਾਲ਼ੀ ਮਿੱਟੀ ਵਾਲ਼ੀਆਂ ਜ਼ਮੀਨਾਂ ਵੱਧ ਨਜ਼ਰ ਆਉਂਦੀਆਂ ਹਨ।
            ਤੇਜ਼ੀ ਨਾਲ ਤਰੱਕੀ ਹੋਣ ਕਰਕੇ ਪਿਛਲੇ ਇੱਕ ਦਹਾਕੇ ਤੋਂ ਪੜ੍ਹਾਈ  ਜਾਂ ਰੋਜ਼ਗਾਰ ਦੀ ਭਾਲ਼ ਕਰਕੇ ਪਿੰਡਾਂ ਦੇ ਲੋਕਾਂ ਨੇ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ਼ ਕੀਤਾ। ਉਹਨਾਂ ਵੱਲੋਂ ਕੁਝ ਚਿਰ ਲਈ ਵਾਪਸ ਪਿੰਡ ਆ ਕੇ ਰਹਿਣ ਦੀ ਖਾਤਰ ਉੱਥੋਂ ਵਰਗੀਆਂ ਸੁੱਖ ਸਹੂਲਤਾਂ ਭਰਪੂਰ ਖੇਤਾਂ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਪਾ ਕੇ ਛੱਡ ਦਿੱਤੀਆਂ ਜਾਂਦੀਆਂ ਹਨ। ਹੁਣ ਪਿੰਡਾਂ ਦੀ ਪਛਾਣ ਗੁਹਾਰਿਆਂ ਤੋਂ ਛੱਡ ਕੇ ਬਾਹਰਵਾਰ ਬਣੀਆਂ ਹੋਈਆਂ ਕੋਠੀਆਂ ਦੇ ਮਿਆਰ ਤੋਂ ਵੀ ਕੀਤੀ ਜਾਂਦੀ ਹੈ ਕਿ ਐਥੋਂ ਦੇ ਕਿੰਨੇ ਕੁ ਲੋਕ ਵਿਦੇਸ਼ਾਂ ਵਿੱਚ ਵਸਦੇ ਹਨ। ਇਹ ਤਾਂ ਹਜੇ ਪਿੰਡ ਦੇ ਬਾਹਰਵਾਰ ਖੇਤਾਂ ਤੱਕ ਦੀ ਬਦਲਦੀ ਨੁਹਾਰ ਦੀ ਕਹਾਣੀ ਹੈ। ਪਿੰਡ ਦੀ ਫਿਰਨੀ ਤੇ ਚੜ੍ਹਦਿਆਂ ਹੀ ਬਹੁਤੇ ਪਿੰਡਾਂ ਵਿੱਚ ਅੱਜ ਕੱਲ੍ਹ ਛੋਟੀ ਜਿਹੀ ਮਾਰਕੀਟ  ਦੁਕਾਨਾਂ ਦੇ ਰੂਪ ਵਿੱਚ ਦਿਖਾਈ ਦੇਣ ਲੱਗ ਪਈ ਹੈ।ਇਹ ਦੁਕਾਨਾਂ ਪਿੰਡ ਨੂੰ ਕਸਬੇ ਦਾ ਰੂਪ ਦਿੰਦੀਆਂ ਨਜ਼ਰ ਆਉਂਦੀਆਂ ਹਨ।ਹਰ ਪਿੰਡ ਵਿੱਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਦੀ ਜਗ੍ਹਾ ਵਿਦੇਸ਼ੀ ਲਜ਼ਤ ਵਾਲੇ ਪਕਵਾਨਾਂ ਜਿਵੇਂ ਬਰਗਰ ਅਤੇ ਪੀਜ਼ਾ ਆਦਿ ਦੀਆਂ ਰੇਹੜ੍ਹੀਆਂ ਨੇ ਲੈ ਲਈ ਹੈ। ਜਿੱਥੇ ਇਹਨਾਂ ਤੋਂ ਨੌਜਵਾਨਾਂ ਵਿੱਚ ਸਵੈ ਰੁਜ਼ਗਾਰ ਦੀ ਰੁਚੀ ਦਾ ਹੋਣਾ ਤਾਂ ਚੰਗਾ ਭਾਸਦਾ ਹੈ ਪਰ ਉੱਥੇ ਹੀ ਅਲੋਪ ਹੋ ਰਹੀ ਵਿਰਾਸਤੀ ਦਿੱਖ ਮਨ ਵਿੱਚ ਚਿੰਤਾਂ ਵੀ ਪੈਦਾ ਕਰਦੀ ਹੈ।
               ਜੇ ਪਿੰਡਾਂ ਦੇ ਅੰਦਰ ਵਸਦੇ ਲੋਕਾਂ ਦੇ ਜੀਵਨ ਵਿੱਚ ਆ ਰਹੇ ਬਦਲਾਅ ਤੇ ਇੱਕ ਪੰਛੀ ਝਾਤ ਮਾਰੀਏ ਤਾਂ ਉੱਥੇ ਤਾਂ ਸਭ ਕੁਝ ਹੀ ਬਦਲਿਆ ਬਦਲਿਆ ਲੱਗਦਾ ਹੈ। ਪਹਿਲਾਂ ਲੋਕਾਂ ਦੇ ਖਾਨਦਾਨਾਂ ਦੀ ਪਛਾਣ ਪਿੰਡ ਵਾਲਿਆਂ ਵੱਲੋਂ ਉਹਨਾਂ ਦੇ ਕਿਸੇ ਪੁਰਖੇ ਦੇ ਕਾਰਨਾਮਿਆਂ ਕਰਕੇ ਜਾਂ ਸਿਹਤ ਜਾਂ ਪੈਸੇ ਪੱਖੋਂ ਚੰਗੇ ਜਾਂ ਮਾੜੇ ਹੋਣ ਕਰਕੇ ਰੱਖੇ ਛੋਟੇ ਨਾਂ ਕਰਕੇ ਹੁੰਦੀ ਸੀ ਜਿਵੇਂ ‘ਭਲਵਾਨਾਂ ਕੇ ‘,ਮਾੜੇ ਕੇ, ਬਾਬਿਆਂ ਕੇ,ਖੂਹੀ ਵਾਲ਼ਿਆਂ ਕੇ ਆਦਿ ਵਰਗੇ ਅਨੇਕਾਂ ਨਾਂ ਵਰਤ ਕੇ ਪਛਾਣ ਕੀਤੀ ਜਾਂਦੀ ਸੀ।ਪਰ ਅੱਜ ਕੱਲ੍ਹ ਕਨੇਡਾ ਵਾਲਿਆਂ ਦੇ, ਅਮਰੀਕਾ ਵਾਲਿਆਂ ਦੇ, ਬਾਹਰਲੀ ਕੋਠੀ ਵਾਲਿਆਂ ਦੇ ਨਾਂ ਨਾਲ ਪਛਾਣ ਕੀਤੀ ਜਾਂਦੀ ਹੈ। ਅੱਜ ਕੱਲ੍ਹ ਪਿੰਡਾਂ ਵਿੱਚੋਂ ਪਾਥੀਆਂ ਦੀ ਵਰਤੋਂ ਨਾ ਹੋਣ ਕਰਕੇ ਲਗਭਗ ਬਹੁਤੇ ਲੋਕਾਂ ਵੱਲੋਂ ਪੱਥਣੀਆਂ ਬੰਦ ਹੀ ਕਰ ਦਿੱਤੀਆਂ ਗਈਆਂ ਹਨ। ਲੱਸੀ ਵੀ ਟਾਵਾਂ ਟਾਵਾਂ ਘਰ ਹੀ ਰਿੜਕਦਾ ਹੈ। ਪੰਜਾਬ ਦੇ ਪਿੰਡਾਂ ਦੇ ਲੋਕਾਂ ਦੁਆਰਾ ਘਰਾਂ ਨੂੰ ਜ਼ਮਾਨੇ ਅਨੁਸਾਰ ਨਵਾਂ ਰੂਪ ਦੇਣ ਕਾਰਨ ਪੁਰਾਣੇ ਕੱਚੇ ਘਰਾਂ ਵਾਲੀ ਮਹਿਕ ਖਤਮ ਹੋਣ ਨਾਲ ਕਿਸੇ ਦੇ ਘਰ ਵਿੱਚ ਬੈਠ ਕੇ ਪਿੰਡ ਵਿੱਚ ਬੈਠੇ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ।
           ਅਸੀਂ ਅੱਜ ਦੇ ਪਿੰਡਾਂਂ ਦੀ ਗੱਲ ਕਰੀਏ ਤਾਂ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਅੱਜ ਉਹ ਦੁੱਖ-ਸੁੱਖ ਵਾਲੀ ਸਾਂਝ ਵੀ ਪਿੰਡਾਂ ਵਿੱਚੋਂ ਗਾਇਬ ਹੋ ਰਹੀ ਹੈ।ਪੰਜਾਬੀ ਪਿੰਡਾਂ ਵਿੱਚ ਜੇਕਰ ਲੋਕਾਂ ਵਿੱੱਚ ਆਪਸੀ ਨਿੱਘ ਦਾ ਰਿਸ਼ਤਾ ਬਣਿਆ ਹੋਇਆ ਸੀ ਤਾਂ ਉਹ ਆਪਸੀ ਅੜਾਂ-ਥੁੜਾਂ,ਅਮੀਰੀ-ਗ਼ਰੀਬੀ ਦੀਆਂ ਭਾਈਵਾਲੀਆਂ ਕਾਰਨ ਹੀ ਸੀ।ਰਿਸ਼ਤਿਆਂ ਦੇ ਗੀਤਾਂ ਦੀ ਘੂਕ ਵੀ ਇਸ ਪੱਧਰ ‘ਤੇ ਅਲੋਪ ਹੋ ਚੁੱਕੀ ਹੈ ਕਿ ਇਹ ਸਿਰਫ਼ ਕਿਤਾਬਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਪਿੰਡਾਂ ਵਿੱਚ ਨਾ ਪਹਿਲਾਂ ਵਰਗੀ ਰੌਣਕ,ਨਾ ਆਪਸੀ ਪਿਆਰ ਅਤੇ ਨਾ ਹੀ ਆਪਣਾਪਣ ਨਜ਼ਰ ਆਉਂਦਾ ਹੈ। ਸ਼ਾਨੋ ਸ਼ੌਕਤ ਵਾਲੇ ਪਿੰਡ ਜਿੱਥੇ ਸਮੇਂ ਦੇ ਬਦਲਾਅ ਦੀ ਹਾਮੀ ਭਰਦੇ ਹਨ ਓਥੇ ਹੀ ਮਨ ਵਿੱਚ ਇੱਕ ਉਦਾਸੀ ਜਿਹੀ ਵੀ ਛੱਡਦੇ ਹਨ ਕਿਉਂਕਿ ਸਾਡਾ ਸਭਿਆਚਾਰ ਅਤੇ ਵਿਰਸਾ ਸਾਡੇ ਪਿੰਡਾਂ ਕਰਕੇ ਹੀ ਅਮੀਰ ਮੰਨਿਆ ਜਾਂਦਾ ਹੈ। ਆਪਣੇ ਵਿਰਸੇ ਦੀਆਂ ਵਿਸਰ ਰਹੀਆਂ ਚੀਜ਼ਾਂ ਨੂੰ ਯਾਦ ਕਰਨਾ ਅਤੇ ਕਰਵਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ ਕਿਉਂਕਿ ਉਹਨਾਂ ਨੂੰ ਸੰਭਾਲਣ ਦਾ ਸਾਹਿਤ ਇੱਕ ਵਧੀਆ ਸਰੋਤ ਹੁੰਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324  

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਸਿਆਸੀ ਕਿਰਦਾਰ
Next articleਰਵਨੀਤ ਬਿੱਟੂ ਤੋਂ ਬਾਅਦ ਜਲੰਧਰ ਦੇ ਆਪ ਆਗੂ ਭਾਜਪਾ ਸ਼ਾਮਿਲ….. ਕੱਲ੍ਹ ਨੂੰ ਕਿਸ ਦੀ ਵਾਰੀ