ਬਲਬੀਰ ਸਿੰਘ ਬੱਬੀ -ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਸਿਆਸੀ ਪੱਧਰ ਉੱਤੇ ਜੋ ਕੁਝ ਹੋ ਰਿਹਾ ਹੈ ਇਹ ਸਮਝ ਨਹੀਂ ਆ ਰਹੀ ਕਿ ਇਸ ਸਿਆਸਤ ਨੂੰ ਕਿਹੜਾ ਨਾਮ ਦਿੱਤਾ ਜਾਵੇ ਇਹ ਤਾਂ ਗੱਲ ਸਿੱਧ ਹੋ ਹੀ ਗਈ ਹੈ ਕਿ ਬਹੁਤੇ ਸਿਆਸੀ ਆਗੂ ਜੋ ਕਿ ਸਿਰਫ ਕੁਰਸੀ ਦੇ ਭੁੱਖੇ ਹਨ ਉਹਨਾਂ ਨੂੰ ਆਪਣੀ ਪਾਰਟੀ ਆਪਣੇ ਸਿਆਸੀ ਸਿਧਾਂਤਾਂ ਨਾਲ ਕੋਈ ਮਤਲਬ ਨਹੀਂ ਸਿੱਧੇ ਰੂਪ ਵਿੱਚ ਇਹ ਕਹਿ ਦਈਏ ਕਿ ਆਪੋ ਆਪਣੀ ਸਿਆਸੀ ਜਮਾਤ ਦੇ ਨਾਲ ਗੱਦਾਰੀ ਕਰਨ ਲਈ ਇਹ ਸਿਆਸੀ ਆਗੂ ਇੱਕ ਮਿੰਟ ਵਿੱਚ ਹੀ ਗਦਾਰ ਬਣ ਜਾਂਦੇ ਹਨ। ਇਸ ਵੇਲੇ ਲੋਕ ਸਭਾ ਦੀਆਂ ਚੋਣਾਂ ਸਿਰ ਉੱਤੇ ਹਨ ਪੰਜਾਬ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਜਿਨਾਂ ਵਿੱਚ ਅਕਾਲੀ, ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਆਦਿ ਪ੍ਰਮੁੱਖ ਹਨ ਪਰ ਜਦੋਂ ਇਨਾਂ ਦੀ ਕਾਰਗੁਜ਼ਾਰੀ ਵੱਲ ਦੇਖਦੇ ਹਾਂ ਤਾਂ ਹੈਰਾਨ ਰਹਿ ਜਾਈਦਾ ਕਿ ਇਹ ਉਹੀ ਆਗੂ ਹਨ ਜਿਹੜੇ ਅੱਜ ਦਲ ਬਦਲਣ ਲਈ ਇੱਕ ਪਲ ਵੀ ਨਹੀਂ ਲਾਉਂਦੇ ਇਹਨਾਂ ਨੂੰ ਵੇਖ ਕੇ ਗਿਰਗਟ ਨੇ ਰੰਗ ਬਦਲਣੇ ਬੰਦ ਕਰ ਦਿੱਤੇ ਹਨ ਕਿਉਂਕਿ ਪੰਜਾਬ ਨਾਲ ਸੰਬੰਧਿਤ ਸਿਆਸੀ ਆਗੂ ਹੀ ਰੰਗ ਬਦਲਣ ਲਈ ਬਹੁਤ ਹਨ।
ਪੰਜਾਬ ਦੇ ਵਿੱਚ ਕਾਂਗਰਸ ਨਾਲ ਸੰਬੰਧਿਤ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਤੂਤੀ ਬੋਲਦੀ ਰਹੀ ਹੈ ਬੇਅੰਤ ਸਿੰਘ ਪਰਿਵਾਰ ਦੇ ਵਿੱਚ ਸਿਆਸਤ ਕਾਂਗਰਸ ਵੱਲੋਂ ਗੁੜਤੀ ਦੇ ਰੂਪ ਵਿੱਚ ਚਲਦੀ ਆ ਰਹੀ ਹੈ ਪਰ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਆਗੂ ਆਪਣੀ ਮਾਂ ਪਾਰਟੀ ਦੇ ਨਾਲ ਗੱਦਾਰੀ ਹੀ ਨਹੀਂ ਕਰਦੇ ਸਗੋਂ ਪੰਜਾਬ ਦੇ ਲੋਕਾਂ ਨਾਲ ਵੀ ਗਦਾਰੀ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ ਕਾਂਗਰਸ ਦੇ ਵੱਡੇ ਆਗੂ ਉਹ ਛਾਲ ਮਾਰ ਕੇ ਭਾਜਪਾ ਚ ਚਲੇ ਗਏ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਮੁੱਖ ਆਗੂ ਤੇ ਪ੍ਰਧਾਨ ਰਹੇ ਸੁਨੀਲ ਜਾਖੜ ਨੇ ਵੀ ਕਾਂਗਰਸ ਦੇ ਹੱਥ ਪੰਜੇ ਨੂੰ ਛੱਡਣ ਲੱਗਿਆ ਪਲ ਨਹੀਂ ਲਾਇਆ ਤੇ ਤੁਰੰਤ ਹੀ ਕਮਲ ਦੇ ਫੁੱਲ ਨੂੰ ਫੜ ਲਿਆ ਹੋਰ ਵੀ ਅਨੇਕਾਂ ਆਗੂ ਹਨ ਜਿਹੜੇ ਕਾਂਗਰਸ ਵਿੱਚੋਂ ਭਾਜਪਾ ਵਿੱਚ ਜਾ ਰਹੇ ਹਨ ਹੁਣ ਇਹ ਤਾਂ ਉਹੀ ਗੱਲ ਹੋ ਗਈ ਕਿ ਜਿਵੇਂ ਮੋਦੀ ਸਾਹਿਬ ਕਹਿੰਦੇ ਹਨ ਕਿ ਭਾਰਤ ਕਾਂਗਰਸ ਮੁਕਤ ਕਰਨਾ ਹੈ ਪੰਜਾਬ ਤਾਂ ਹੁਣ ਕਾਂਗਰਸ ਮੁਕਤ ਹੋ ਹੀ ਰਿਹਾ ਹੈ ਜੇਕਰ ਕੋਈ ਰਹਿੰਦੀ ਖੂੰਦੀ ਕਸਰ ਸੀ ਤਾਂ ਅੱਜ ਰਵਨੀਤ ਸਿੰਘ ਬਿੱਟੂ ਨੇ ਪੂਰੀ ਕਰ ਦਿੱਤੀ ਹੈ ਬਾਕੀ ਹਾਲੇ ਲੋਕ ਸਭਾ ਚੋਣਾਂ ਦੇ ਵਿੱਚ ਦੋ ਕੁ ਮਹੀਨੇ ਹਨ ਉਸ ਤੋਂ ਪਹਿਲਾਂ ਪਤਾ ਨਹੀਂ ਕਿਹਨੇ ਕਿੱਧਰ ਆਉਣਾ ਹੈ ਕਿਹਨੇ ਕਿੱਧਰ ਜਾਣਾ ਹੈ। ਲੋਕਾਂ ਦੀ ਨਜ਼ਰ ਵਿੱਚ ਗੱਦਾਰ ਅਖਵਾਉਣਾ ਹੈ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਦਲ ਬਦਲ ਕੇ ਟਪੂਸੀਆਂ ਮਾਰਨ ਵਾਲੇ ਆਗੂਆਂ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਜੋ ਨਾ ਘਰ ਦੇ ਰਹਿਣ ਤੇ ਨਾ ਘਾਟ ਦੇ… ਧੋਬੀ ਦੇ ਕੁੱਤੇ ਵਾਂਗੂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly