“ਖੂਬਸੂਰਤ ਕਾਵਿ ਸਿਰਜਣਾ ਦਾ ਨਮੂਨਾ ‘ਅੱਖਰਾਂ ਦੇ ਸਰਚਸ਼ਮੇਂ’”
(ਸਮਾਜ ਵੀਕਲੀ)- ‘ਅੱਖਰਾਂ ਦੇ ਸਰਚਸ਼ਮੇਂ’ ਰਾਮਪਾਲ ਸ਼ਾਹਪੁਰੀ ਦਾ ਤੀਸਰਾ ਕਾਵਿ-ਸੰਗ੍ਰਹਿ ਹੈ । ਇਸ ਤੋਂ ਪਹਿਲਾਂ ਉਸਦੇ ਦੋ ਕਾਵਿ-ਸੰਗ੍ਰਹਿ ‘ਗੁਲਦਸਤਾ’ ਅਤੇ ‘ਮਲਾਲ’ ਪ੍ਰਕਾਸ਼ਿਤ ਹੋ ਚੁੱਕੇ ਹਨ । ਰਾਮਪਾਲ ਬੜਾ ਸਾਂਤ ਤੇ ਘੱਟ ਬੋਲਣ ਵਾਲ਼ਾ ਕਵੀ ਹੈ । ਉਸ ਦੀ ਕਵਿਤਾ ਉਸਦੇ ਆਪੇ ਵਰਗੀ ਸੁਹਿਰਦ ਅਤੇ ਸੁਲਝੀ ਹੋਈ ਹੈ । ‘ਅੱਖਰਾਂ ਦੇ ਸਰਚਸ਼ਮੇਂ’ ਕਾਵਿ-ਸੰਗ੍ਰਹਿ ਉਸ ਦੀ ਪ੍ਰਪੱਕ ਸੂਝ ਦਾ ਪ੍ਰਤੀਫ਼ਲ ਹੈ । ਇਸ ਕਾਵਿ-ਸੰਗ੍ਰਹਿ ਦੀ ਪਹਿਲੀ ਕਵਿਤਾ ‘ਜਾਇਦਾਦ’ ਪੜ੍ਹਦਿਆਂ ਹੀ ਵਿਰਾਸਤ ਰੂਪੀ ਹੌਂਸਲਾ ਮਿਲਦਾ ਹੈ । ‘ਤੀਸਰਾ ਨੇਤਰ’ ਯਥਾਰਤਕ ਬੋਧ ਅਤੇ ਦੁਨੀਆਂ ਦੇ ਸੱਤ ਰੰਗ ਸਾਂਭ ਕੇ ਬੈਠੀ ਹੈ । ਇਸ ਨੇਤਰ ਦੀ ਪ੍ਰਾਪਤੀ ਲਈ ਸਾਰੇ ਰੰਗਾਂ ਨਾਲ਼ ਘੁਲਣਾ-ਮਿਲਣਾ ਪੈਂਦਾ ਹੈ । ਰਾਮਪਾਲ ਸ਼ਾਹਪੁਰੀ ਦੀ ਕਵਿਤਾ ਖ਼ੂਬਸੂਰਤੀ ਅਤੇ ਅਨੁਸ਼ਾਸਨ ਦਾ ਸੁਮੇਲ ਹੈ ਜੋ ਕੁਦਰਤ ਦੇ ਨੇਮਾਂ ਦੀ ਬਾਤ ਪਾਉਂਦਿਆਂ ਥੱਕਦੀ ਨਹੀਂ:-
ਹੇ ਕਾਦਰ !
ਤੇਰੀ ਰਹਿਮਤ ਦਾ ਖੂਹ
ਨਿਰੰਤਰ ਗਿੜ ਰਿਹਾ ਏ
ਜਿੱਥੇ ਚੰਨ ਤੇ ਸੂਰਜ
ਇਕੱਠੇ ਪਾਣੀ ਪੀਂਦੇ
ਪਿਆਸ ਬੁਝਾਉਂਦੇ
ਮੁੜ
ਆਪਣੇ-ਆਪ ਨੂੰ
ਤੇਰੇ ਕਾਰਜ ਲਾਉਂਦੇ
ਕਵੀ ਧਰਤੀ ’ਤੇ ਬਹਿਸ਼ਤ ਦੀ ਹੋਂਦ ਚਿਤਵਦਾ ਹੋਇਆ, ਕੁਦਰਤ ਨੂੰ ਮੁੱਢਲੇ ਤੇ ਅਸਚਰਜਤਾ ਵਾਲ਼ੇ ਰੂਪ ਵਿੱਚ ਵੇਖਣਾ ਲੋਚਦਾ ਹੈ । ਉਹ ਗ਼ੁਲਾਮੀ ਤੇ ਹਨੇਰੇ ਦੀਆਂ ਜੰਜ਼ੀਰਾਂ ਨੂੰ ਤੋੜਨ ਵਾਲ਼ੀ ਸੋਚ ਦਾ ਧਾਰਨੀ ਹੈ । ‘ਵਕਤ ਦਾ ਸਲਵਾਨ’ ਭਾਵੇਂ ਉਸਦਾ ਰਾਹ ਕਿੰਨੀ ਵਾਰ ਵੀ ਰੋਕੇ ਪਰ ਕਵੀ ਆਪਣੇ ਲਫ਼ਜ਼ਾਂ ਤੇ ਬੌਧਿਕਤਾ ਨਾਲ਼ ਫਿਰ ਜੀਅ ਉੱਠਣ ਲਈ ਤਾਂਘਦਾ ਨਜ਼ਰ ਆਉਂਦਾ ਹੈ ।
ਕੁਦਰਤ ਤੋਂ ਵਿੱਥ ਬਣਾ ਚੁੱਕਾ ਮਨੁੱਖ ਸਚਮੁੱਚ ਹੀ ਕੁਦਰਤੀ ਮੋਹ ਅਤੇ ਪਨਾਹ ਗਵਾ ਚੁੱਕਾ ਹੈ । ਕਵੀ ਆਪਣੀਆਂ ਕਵਿਤਾਵਾਂ ਵਿੱਚ ਮਨੁੱਖ ਨੂੰ ਕੁਦਰਤ ਤੇ ਉਸਦੀਆਂ ਨਿਆਮਤਾਂ ਦਾ ਨਿੱਘ ਮਾਨਣ ਲਈ ਪ੍ਰੇਰਦਾ ਹੈ । ਸਾਦਾ ਜੀਵਨ ਜਿਉਂਣ ਦੀ ਸ਼ੈਲੀ ਕਾਰਨ ਕਵੀ ਦੀ ਕਵਿਤਾ ਵੀ ਪਾਣੀ ਵਾਂਗ ਪਾਰਦਰਸ਼ਕ ਹੈ । ਕਵੀ ਸਮੇਂ ਦੀ ਤ੍ਰਾਸਦੀ ਨੂੰ ਖ਼ੂਬਸੂਰਤੀ ਨਾਲ਼ ਬਿਆਨ ਕਰਦਾ ਹੋਇਆ, ਸ਼ਬਦਾਂ ਦਾ ਜਾਦੂਗਰ ਬਣ ਗਿਆ ਹੈ । ਅੱਜ ਪਰਿਵਾਰਕ ਜੀਵਨ ਅਤੇ ਪਿਆਰ- ਮੁਹੱਬਤ ਆਪਣਾ ਸਹਿਜ ਰੂਪ ਗੁਆ ਚੁੱਕੇ ਹੈ ਅਤੇ ਦਿਲਾਂ ਦੀ ਸਾਂਝ ਕੁਰੱਖਤ ਰੂਪ ਧਾਰਨ ਕਰ ਗਈ ਹੈ । ਜਿਸ ਬਾਰੇ ਕਵੀ ਲਿਖਦਾ ਹੈ :-
ਹੁਣ ਬੱਚੇ
ਦਿਲ ਦੀਆਂ ਗੱਲਾਂ
ਮਾਂ ਜਾਂ ਪਿਤਾ ਨਾਲ਼ ਨਹੀਂ
ਬਾਰਬੀ ਡਾਲ ਨਾਲ਼ ਕਰਦੇ ਨੇ……
ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਇੱਕਲਤਾ, ਕੁਦਰਤ, ਪਰਵਾਸ, ਨਸ਼ਾ ਅਤੇ ਮਾਨਸਿਕ ਤਨਾਓ ਵਰਗੇ ਵਿਸ਼ਿਆਂ ਨੂੰ ਛੋਹਿਆ ਹੈ । ਕਵੀ ਕੁਦਰਤ ਨੂੰ ਆਪਣੇ ਅੰਗ- ਸੰਗ ਅਨੁਭਵ ਕਰਦਿਆਂ, ਹਰਿਆਂ ਪੱਤਿਆ ਦੀ ਛਾਂ ਅਤੇ ਠੰਡਕ ਨੂੰ ਕਿਸੇ ਪੀਰ ਦੀ ਬਖ਼ਸੀ ਰਹਿਮਤ ਤੋਂ ਘੱਟ ਨਹੀਂ ਸਮਝਦਾ । ‘ਪਾਣੀ ਬਿਨ੍ਹਾਂ ਜੀਵਨ ਨਹੀਂ’ ਦਾ ਸੁਨੇਹਾ ਦਿੰਦਾ, ਉਹ ਮਨੁੱਖ ਨੂੰ ਆਪਣੇ ਸੁਆਰਥੀ ਅਤੇ ਖ਼ੁਦਰਗਜ਼ੀ ਸੁਭਾਅ ਨੂੰ ਛੱਡਣ ਲਈ ਪ੍ਰੇਰਦਾ ਹੈ । ਆਪਣੇ ਅਨੁਭਵ ਸਹਾਰੇ ਉਹ ਜੀਵਨ ਬਾਰੇ ਲਿਖਦਾ ਹੈ-
ਸੱਚ ਹੈ
ਜੀਵਨ ਨਹੀਂ ਵਿਰਾਸਦਾ
ਕਦੇ
ਸਿੱਧੀਆਂ ਰੇਖਾਵਾਂ ’ਚ
ਟੇਢੇ ਮੇਢੇ ਰਾਹ ਹੀ
ਵਧਾਉਂਦੇ ਨੇ
ਜੀਵਨ ਦੇ
ਨੈਣ-ਨਕਸ਼ਾਂ ਦੀ ਰੌਣਕ
ਜਿੱਥੇ ਕਵੀ ਦੀ ਕਲਮ ਮਹਾਨ ਚਿੰਤਕਾਂ ਦੇ ਵਿਚਾਰਾਂ ਨੂੰ ਅਧਾਰ ਬਣਾਉਂਦੀ ਹੈ । ਉੱਥੇ ਕਵੀ ਇਤਿਹਾਸਕ-ਮਿਥਿਹਾਸਕ ਪਾਤਰਾਂ ਦੀ ਅਥਾਹ ਜਾਣਕਾਰੀ ਆਪਣੇ ਅੰਦਰ ਆਤਮਸਾਤ ਕਰੀ ਬੈਠਦਾ ਹੈ । ਉਹ ਆਪਣੀਆਂ ਕਵਿਤਾਵਾਂ ਵਿੱਚ ਥਾਂ ਪਰ ਥਾਂ ਸਲਵਾਨ, ਪੂਰਨ, ਭੀਸ਼ਮ ਪਿਤਾਮਾ, ਸੱਸੀ, ਭਰਥਰੀ, ਮਨਸੂਰ, ਅਬਲੀਸ, ਹਰੀਸ਼ ਚੰਦਰ, ਕਰਨ, ਦੁੱਲਾ, ਪ੍ਰਹਿਲਾਦ, ਸਰਵਣ, ਹਿਟਲਰ ਅਤੇ ਪਿਕਾਸੋ ਦੇ ਜੀਵਨ ਫ਼ਲਸਫਿਆਂ ਨੂੰ ਰਚਨਾਵਾਂ ਦੇ ਪ੍ਰਵਾਹ ਲਈ ਵਰਤਦਾ ਹੈ । ਉਹ ਸਦਾਚਾਰਕ ਸਾਂਝ ਲੋਚਦਾ ਇਸਤਰੀ ਨੂੰ ਸ਼ੈਤਾਨੀ ਹਵਸ ਤੋਂ ਬਚਣ ਲਈ ਪ੍ਰੇਰਦਾ ਹੈ ਰਾਮਪਾਲ ਵਰਤਮਾਨ ’ਚ ਜਿਉਂਦਾ ਭਵਿੱਖ ਦੇ ਤਰਾਜੂ ਵਿੱਚ ਬੈਠ ਕੇ ਕਲਪਨਾ ਦੀਆਂ ਉਡਾਰੀਆਂ ਵੀ ਭਰਦਾ ਹੈ । ਨੇਕ ਕਮਾਈ ਬਣਨ ਲਈ ਉਹ ਸੁੱਖਾਂ ਨੂੰ ਤਿਆਗ ਚਿੱਕੜ ਨਾਲ਼ ਚਿੱਕੜ ਹੋ ਕਮਲ ਬਣਨਾ ਚਾਹੁੰਦਾ ਹੈ । ਕਿਸੇ ਆਦਰਸ਼ਵਾਨ ਦੀ ਛੋਹ ਪਾ ਕੇ ਹਨੇਰੇ ’ਚੋਂ ਬਾਹਰ ਨਿਕਲਣ ਦੀ ਸੋਝੀ ਵਾਲ਼ਾ ਉਸ ਦਾ ਇਕ -ਇਕ ਸ਼ਬਦ ਉਸ ਦੀ ਕਵਿਤਾ ਨੂੰ ਸ਼ੋਭਾ ਦੇ ਰਿਹਾ ਹੈ ।
ਮਨੁੱਖਤਾ ’ਤੇ ਹੋਏ ਅੰਨ੍ਹੇ ਤਸ਼ੱਦਦ ਨੂੰ ਕਵੀ ਨੇ ਬੇ-ਖੌਫ਼ ‘ਕਿਬੀਆ’ ਅਤੇ ‘ਟੂਟਸੀ ਲੋਕ’ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ । ਉਹ ਕਵਿਤਾ ਦੇ ਆਰੰਭ ਵਿੱਚ ਪ੍ਰਸ਼ਨ ਉਠਾਉਂਦਾ ਹੈ ਅਤੇ ਕਵਿਤਾ ਦੇ ਅੰਤ ਵਿੱਚ ਸਾਰਥਕ ਸਿੱਟੇ ਤੇ ਪੁੱਜਦਿਆਂ , ਉਹ ਪਾਠਕ ਅਤੇ ਆਪਣੇ ਆਪ ਨੂੰ ਨਿਰਾਸ ਹੋਣੋ ਬਚਾ ਲੈਂਦਾ ਹੈ । ਮਿੱਟੀ ਦੀ ਪਕੜ ਨਾਲ਼ ਬੀਜ ਪੁੰਗਰਦਾ ਹੈ ਤੇ ਫਿਰ ਮੌਲਦਾ ਹੈ, ਫਿਰ ਦਰੱਖਤ ਬਣ ਕੇ ਫ਼ਲ ਦਿੰਦਾ ਹੈ । ਕਵੀ ਖੁਦ ਮਿੱਟੀ ’ਚ ਪੁੰਗਰਕੇ, ਵਿੱਦਿਆ ਦੇ ਤੀਸਰੇ ਨੇਤਰ ਰਾਹੀਂ ਕਵਿਤਾ ਦੇ ਨਵੇਂ ਰੰਗ ਵੰਡ ਰਿਹਾ ਹੈ । ਉਸ ਦੀ ਪ੍ਰੋੜ ਹੋ ਚੁੱਕੀ ਕਵਿਤਾ, ਉਸਨੂੰ ਵੱਡੇ ਕਵੀ ਹੋਣ ਦਾ ਮਾਣ ਦਿੰਦੀ ਹੈ । ਉਸਨੇ ਇਸ ਕਾਵਿ- ਸੰਗ੍ਰਹਿ ਵਿੱਚ ਆਪਣੇ ਅਨੁਭਵਾਂ ਦੀ ਥੈਲੀ ਵਿੱਚੋਂ ਸਿੱਕਿਆਂ ਦੀ ਖੁਣਕਾਰ ਮਹਿਸੂਸ ਕਰਵਾਈ ਹੈ । ਉਰਦੂ ਫ਼ਾਰਸੀ ਦੇ ਸ਼ਬਦ ਉਸਦੀ ਕਵਿਤਾ ਨੂੰ ਹੋਰ ਰੌਚਕ ਬਣਾ ਰਹੇ ਹਨ । ਕਲਾਮਈ ਬਿੰਬਕਾਰੀ ਅਤੇ ਖ਼ੂਬਸੂਰਤ ਅਲੰਕਾਰਾਂ ਨਾਲ਼ ਉਹ ਕਵਿਤਾ ਵਿੱਚ ਸਮੂਰਤ ਚਿਤਤ ਸਿਰਜ ਰਿਹਾ ਹੈ । ਇਉਂ ਲੱਗਦਾ ਹੈ ਕਿ ਸ਼ਬਦ ਉਸਦੇ ਇਰਦ ਗਿਰਦ ਘੁੰਮ ਰਹੇ ਹੋਣ ਤੇ ਉਸ ਉਨ੍ਹਾਂ ਨੂੰ ਫੜ-ਫੜ ਤਰਤੀਬ ਵਿੱਚ ਜੜ੍ਹਦਿਆਂ ਕਵਿਤਾ ਲਿਖ ਰਿਹਾ ਹੋਵੇ । ਮੇਰਾ ਜੀਵਨ, ਬਾਰਬੀ ਸੰਸਾਰ, ਵੇਲ, ਜੀਵਨ, ਨੇਕ ਕਮਾਈ, ਸਿੰਬਲ ਰੁੱਖ, ਸੁਪਨਿਆਂ ਦੇ ਦੇਸ਼, ਕਰਾਮਾਤ, ਸਾਰਿਕਾ, ਅੱਖਾਂ ਦੇ ਸਰਚਸ਼ਮੇਂ, ਯੁੱਗ ਦਾ ਜਨਮ, ਬੁੱਤ, ਸਿਆਸਤ ਦੀ ਮੰਡੀ, ਮੈਂ ਫਿਰ ਉੱਗਾਗਾਂ, ਮੈਪਲ, ਕੁੰਭਰਾਗ, ਨਫਾਸਤੀ ਬੰਦਾ, ਚਿੱਤਰ ਤੇ ਚਿੱਤਰਕਾਰ, ਕਾਂਗਿਆਰੀ ਅਤੇ ਹਾਸੇ ਕਵਿਤਾਵਾਂ ਵਾਰ-ਵਾਰ ਪੜ੍ਹਦਿਆਂ ਦੀ ਮਨ ਨਹੀਂ ਉੱਕਦਾ । ਸ਼ਾਲਾ ! ਉਸਦੀ ਕਲਮ ਨੂੰ ਹੋਰ ਤਾਕਤ ਮਿਲੇ ਤੇ ਉਹ ਸਦਾ ਪਾਠਕਾਂ ਦੇ ਦਿਲਾਂ ਵਿੱਚ ਵੱਸ ਕੇ, ਆਪਣਾ ਕਵੀ ਧਰਮ ਪਾਲ਼ੇ । ਖ਼ੂਬਸੂਰਤ ਕਾਵਿ-ਸੰਗ੍ਰਹਿ ਲਈ ਰਾਮਪਾਲ ਸ਼ਾਹਪੁਰੀ ਨੂੰ ਮੁਬਾਰਕਬਾਦ ।
ਬਹਾਦਰ ਸਿੰਘ ਗਿੱਲ
ਸ.ਹ. ਸਕੂਲ ਰਾਊਵਾਲ ਮੇਲਕ ਕੰਗਾਂ
(ਮੋਗਾ)
ਮੋਬਾ- 99145-40531