ਆਈ ਏ ਐਸ ਬਨਾਮ ਆਈਲੈਟਸ…

ਕਰਨ ਮਹਿਤਾ
         (ਸਮਾਜ ਵੀਕਲੀ)
ਕੋਈ ਸਮਾਂ ਸੀ ਜਦੋਂ ਆਈ ਏ ਐੱਸ ਅਫ਼ਸਰ ਬਣਕੇ ਸਮਾਜ ਦੀ ਸੇਵਾ ਕਰਨਾ ਜਿਆਦਾਤਰ ਨੌਜਵਾਨਾਂ ਦਾ ਸੁਪਨਾ / ਨਿਸ਼ਾਨਾ / ਟੀਚਾ ਹੁੰਦਾ ਸੀ। ਪਰ ਮੌਜੂਦਾ ਸਮੇਂ ਵੱਲ ਝਾਤ ਮਾਰੀ ਜਾਵੇ ਤਾਂ ਪੰਜਾਬ ਦਾ ਜਿਆਦਾਤਰ ਯੂਥ / ਨੌਜਵਾਨ ਪੀੜ੍ਹੀ ਉੱਪਰ ਆਈ ਏ ਐੱਸ ਅਫ਼ਸਰ ਬਣਨ ਨਾਲੋ ਆਈਲੈਟਸ ਕਰਕੇ ਵਿਦੇਸ਼ਾਂ ਵਿੱਚ ਸੈੱਟ ਹੋਣ ਦਾ ਭੂਤ ਸਵਾਰ ਹੋ ਚੁੱਕਿਆ ਹੈ। ਜਿਸਦੇ ਨਤੀਜੇ ਵੱਜੋਂ ਅੱਜ ਹਰ ਸ਼ਹਿਰ ਦੇ ਬੱਸ ਅੱਡੇ ਜਾਂ ਹੋਰ ਢੁੱਕਵੀਆਂ ਥਾਵਾਂ ਤੇ ਇਹ ਆਈਲੈਟਸ ਸੈਂਟਰ ਵੱਡੇ ਪੱਧਰ ਤੇ ਧੜਾ ਧੜ ਖੁੱਲ੍ਹ ਰਹੇ ਹਨ ਅਤੇ ਦੇਖੋ ਦੇਖੀ ਨੌਜਵਾਨ ਪੀੜ੍ਹੀ ਬਸ ਆਈਲੈਟਸ ਕਰਕੇ ਵਿਦੇਸ਼ਾਂ ਵਿੱਚ ਸੈੱਟ ਹੋਣ ਨੂੰ ਹੀ ਆਪਣਾ ਟੀਚਾ ਸਮਝ ਬੈਠੀ। ਹੋਰ ਤਾਂ ਹੋਰ ਇਹ ਇਕ ਭੇਡ ਚਾਲ ਜੇਹੀ ਹੁੰਦੀ ਪ੍ਰਤੀਤ ਹੋ ਰਹੀ ਹੈ।
ਮਾਪੇ ਆਪਣੇ ਬੱਚਿਆਂ ਨੂੰ ਏਥੇ ਪੰਜਾਬ ਵਿੱਚ ਪੜ ਲਿਖ ਕੇ ਆਈ ਏ ਐੱਸ ਅਫ਼ਸਰ ਬਣਾਉਣ ਨਾਲੋ ਵਿਦੇਸ਼ ਭੇਜਣ ਲਈ ਆਪਣੇ ਬੱਚਿਆਂ ਦੀ ਜਿੱਦ ਅੱਗੇ ਹਾਰ ਜਾਂਦੇ ਹਨ। ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ, ਪੰਜਾਬੀ ਲੋਕ ਆਪਣੀਆਂ ਜ਼ਮੀਨਾਂ, ਜਿੰਨਾ ਨੂੰ ਓਹ ਆਪਣੀ ਮਾਂ ਦੇ ਸਮਾਨ ਦਰਜਾ ਦਿੰਦੇ ਹਨ ਓਹ ਜ਼ਮੀਨਾਂ ਵੇਚਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਭਲੇ ਇਹ ਵਰਤਾਰਾ ਇਸ ਦਹਾਕੇ ਵਿੱਚ ਬੜੀ ਤੇਜੀ ਨਾਲ ਵਧਿਆ ਹੈ ਅਤੇ ਪੰਜਾਬ ਲਈ ਖਤਰੇ ਅਤੇ ਸੰਕਟ ਦੀ ਘੜੀ ਬਣ ਸਕਦਾ ਹੈ, ਸ਼ਾਇਦ ਹੁਣ ਪਿੰਡਾਂ ਵਿੱਚ ਆਖ਼ਰੀ ਬਜੁਰਗ ਪੀੜ੍ਹੀ ਬਾਕੀ ਬਚੀ ਹੈ, ਹੁਣ ਪਿੰਡਾਂ ਵਿੱਚ ਦੂਜੇ ਸੂਬਿਆਂ ਦੇ ਲੋਕ ਜ਼ਮੀਨਾਂ ਖਰੀਦ ਕੇ ਏਥੇ ਕੰਮ ਧੰਦਾ ਕਰਕੇ ਆਪਣੀਆਂ ਕੋਠੀਆ ਪਾਕੇ ਸੈੱਟ ਹੋ ਰਹੇ ਹਨ।   ਪੰਜਾਬ ਦੇ ਨੌਜਵਾਨਾਂ ਵਿਚ ਹੁਣ +2 / ਬਾਹਰਵੀਂ ਤੱਕ ਪੜ੍ਹਨ ਤੋ ਬਾਅਦ ਅੱਗੇ ਪੜ੍ਹਨ ਦੀ ਕੋਈ ਰੁਚੀ ਨਹੀਂ ਰਹੀ, ਬਸ ਆਈਲੈਟਸ ਕਰਕੇ ਵਿਦੇਸ਼ ਸੈੱਟ ਹੋਣ ਨੂੰ ਹੀ ਆਪਣੀ ਪਹਿਲ ਸਮਝ ਬੈਠੇ ਹਨ, ਭਲੇ ਹੀ ਓਥੇ ਸੜਕਾਂ ਸਾਫ ਕਰਨੀਆਂ ਪੈਣ, ਸੁਣਨ ਚ / ਖਬਰਾਂ ਚ ਇਹ ਵੀ ਇਹ ਅਕਸਰ ਹੀ ਆਉਂਦਾ ਹੈ ਅਤੇ ਖਬਰਾਂ ਚ ਏਜੰਟਾਂ ਦੁਆਰਾ ਦਿੱਤੇ ਧੋਖੇ ਦੀਆਂ ਖਬਰਾਂ ਵੀ ਆਮ ਹੀ ਆਉਂਦੀਆਂ ਰਹਿੰਦੀਆਂ ਹਨ। ਓਥੇ ਵਿਦੇਸ਼ਾਂ ਵਿੱਚ ਖਰਚੇ ਪੂਰੇ ਕਰਨ ਲਈ ਲੋਕ ਲੋੜ ਤੋ ਵੱਧ ਸ਼ਿਫਟਾਂ ਲਗਾ ਕੇ ਕੰਮ ਕਰਦੇ ਅਕਸਰ ਹੀ ਸੁਣਦੇ ਆ ਰਹੇ ਹਨ ਯਾਨੀ ਜਿਆਦਾ ਕੰਮ ਕਰ ਰਹੇ ਹਨ।
ਵਿਦੇਸ਼ਾਂ ਵਿੱਚ ਜਾਣ ਦਾ ਜੇਕਰ ਅਜਿਹਾ ਹੀ ਵਰਤਾਰਾ ਜਾਰੀ ਰਿਹਾ ਤਾਂ ਪੰਜਾਬ  ਵਿਚਲੀਆਂ ਯੁਨੀਵਰਸਟੀਆਂ ਦੀ ਹੋਂਦ ਖਤਰੇ ਚ ਪੈ ਸਕਦੀ ਹੈ ਕਿਉਂਕਿ ਕੋਈ +2 ਤੋ ਬਾਅਦ ਪੜ੍ਹਨ ਲਈ ਰਾਜੀ ਨਹੀਂ, ਵਿਦਿਆਰਥੀਆਂ ਦੀ ਗਿਣਤੀ ਨਾ ਮਾਤਰ ਰਹਿ ਜਾਣੀ ਹੈ।
ਹੁਣ ਅਸੀ ਆਉਂਦੇ ਹੈ ਆਈ ਏ ਐੱਸ ਅਫ਼ਸਰ ਵੱਲ, ਜਿੱਥੇ ਹੁਣ ਤੱਕ ਯੂਪੀ ਅਤੇ ਬਿਹਾਰ ਵਰਗੇ ਸੂਬਿਆਂ ਤੋ ਸਭ ਤੋਂ ਵੱਧ ਆਈ ਏ ਐੱਸ ਅਫ਼ਸਰ ਬਣੇ ਹਨ, ਅਜਿਹਾ ਸਿਰਫ ਏਥੋਂ ਦੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਹੀ ਮੰਨੀ ਜਾ ਸਕਦੀ ਹੈ, ਜੋ ਸੀਮਤ ਸਾਧਨ ਹੋਣ ਕਰਕੇ ਵੀ ਆਪਣਾ ਟੀਚਾ ਪੂਰਾ ਕਰਨ ਵਿੱਚ ਪੂਰਾ ਜੋਰ ਲਗਾ ਦਿੰਦੇ ਹਨ।
ਜਿਸ ਦੇ ਨਤੀਜੇ ਵੱਜੋਂ ਦੂਜੇ ਸੂਬਿਆਂ ਦੇ ਨੌਜਵਾਨ ਆਈ ਏ ਐਸ ਅਫਸਰ ਬਣਕੇ ਪੰਜਾਬ ਵਿੱਚ ਉੱਚੀਆਂ ਪੁਜੀਸ਼ਨਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਤੇ ਆਪਣੀ ਸੇਵਾ ਦੇ ਰਹੇ ਹਨ। ਸੋ ਜੇਕਰ ਉਹ ਆਪਣੀ ਮਿਹਨਤ ਦੇ ਬਲਬੂਤੇ ਇੱਥੇ ਤੱਕ ਪਹੁੰਚ ਸਕਦੇ ਹਨ ਤਾਂ ਫਿਰ ਆਪਣੇ ਪੰਜਾਬੀ ਕਿਉਂ ਨਹੀਂ ਪਹੁੰਚ ਸਕਦੇ..?
ਸੋ ਦੋਸਤੋ ਤੁਸੀ ਪੰਜਾਬ ਦੇ ਹੋ, ਪੰਜਾਬੀ ਹੋ, ਅਤੇ ਪੰਜਾਬ ਲਈ ਕੁਝ ਸੋਚੋ, ਪੜ ਲਿਖ ਕੇ ਆਈ ਏ ਐੱਸ ਅਫ਼ਸਰ ਬਣੋ ਅਤੇ ਪੰਜਾਬ ਨੂੰ ਤੁਹਾਡੀ ਜਰੂਰਤ ਹੈ, ਕਿਉਂਕਿ ਮੇਰਾ ਮੰਨਣਾ ਹੈ ਕਿ ਪੰਜਾਬ ਨੂੰ ਪੰਜਾਬੀ ਤੋ ਜਿਆਦਾ ਕੋਈ ਨਹੀ ਜਿਆਦਾ ਸਮਝ ਸਕੇਗਾ। ਯਾਨੀ ਤੁਸੀ ਆਪਣੇ ਪੰਜਾਬ ਦੀ ਖੁਸ਼ਹਾਲੀ ,ਤਰੱਕੀ ਵੱਲ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹੋ, ਕਿਉਂਕਿ ਤੁਹਾਡੇ ਹਿਰਦੇ ਵਿੱਚ ਆਪਣੀ ਜਨਮ / ਮਾਤ ਭੂਮੀ ਪ੍ਰਤੀ ਕੁਝ ਚੰਗਾ ਕਰ ਸਕਣ ਦੀ ਲਗਨ ਹੁੰਦੀ ਹੈ, ਸੋ ਆਪਣੇ ਪੰਜਾਬ ਵਿੱਚ ਹੀ ਰਹਿ ਕੇ ਪੜ ਲਿਖ ਕੇ ਉੱਚ ਅਹੁਦਿਆਂ ਤੇ ਪਹੁੰਚ ਕੇ ਆਪਣੇ ਪੰਜਾਬ ਦੀ, ਪੰਜਾਬੀਅਤ ਦੀ ਸੇਵਾ ਕਰੋ ਅਤੇ ਇਕ ਨਰੋਏ ਸਮਾਜ ਦੀ ਰਚਨਾ ਕਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਓ।
ਕਰਨ ਮਹਿਤਾ,
ਰਾਮਪੁਰਾ ਫੂਲ
ਜਿਲ੍ਹਾ ਬਠਿੰਡਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ / ਬੁੱਧ ਸਿੰਘ ਨੀਲੋਂ  ਕੋਈ ਦਿਓ ਜਵਾਬ ?
Next articleਚਿੜੀਏ ਨੀ ਚਿੜੀਏ