(ਸਮਾਜ ਵੀਕਲੀ)-ਵੋਟਾਂ ਦੇ ਦਿਨ, ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ ਸੀ। ਲੀਡਰ ਆਪੋ ਆਪਣੀ ਡਫਲੀ ਵਜਾ ਲੋਕਾਂ ਨੂੰ ਸਬਜ਼ਬਾਗ਼ ਦਿਖਾ ਰਹੇ ਸਨ।
ਵੋਟਾਂ ਪੈਣ ਤੋਂ ਇੱਕ ਦੋ ਦਿਨ ਪਹਿਲਾਂ ਪ੍ਰਚਾਰ ਬੰਦ ਸੀ, ਕਿ
ਵੋਟਰਾਂ ਨੂੰ ਸੋਚਣ ਦਾ ਸਮਾਂ ਦਿੱਤਾ ਜਾਵੇ, ਪਰ ਘਰੋ ਘਰੀਂ ਜਾ ਕੇ ਵੋਟਾਂ ਨੂੰ ਕਹਿਣਾ ਅਜੇ ਬੰਦ ਨਹੀਂ ਸੀ ਹੋਇਆ। ਹਰ ਪਾਸਿਓਂ ਵੋਟਾਂ ਵਟੋਰਨ ਵਾਸਤੇ ਲੀਡਰਾਂ ਦਾ ਪੂਰਾ
ਜ਼ੋਰ ਲੱਗਿਆ ਹੋਇਆ ਸੀ।
ਤਾਏ ਬਚਨੇ ਕੋਲ ਵੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ
ਪਹੁੰਚ ਕੀਤੀ। ਤਾਇਆ ਸਾਰਿਆਂ ਨੂੰ ਲੱਕੜ ਦਾ ਮੁੰਡਾ ਦੇ ਛੱਡਦਾ।
ਬਚਨਾਂ ਦੋਚਿੱਤੀ ਵਿੱਚ ਸੀ ਕਿ ਐਤਕੀਂ ਵੋਟ ਕਿਸ ਨੂੰ ਪਾਈਏ,
ਸਵਾਰਦਾ ਕਿਸੇ ਦਾ ਕੋਈ ਨਹੀਂ।
ਇੱਕ ਮਨ ਆਖੇ ਵੋਟ ਪਾ ਈ ਨਾ।
ਦੁਜਾ ਮਨ ਕਹਿੰਦਾ ਜਦੋਂ ਵੋਟ ਬਣੀ ਆ ਤਾਂ ਇਸ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਹ ਲੀਡਰਾਂ ਦਾ ਤਾਂ ਇਹ ਕੰਮ ਆ “ਮੋਚਨਾ ਮਚਾਈ ਦਾ ਜੀਹਦੀ,
ਮੁੱਠੀ ਆਵੇ ਲ਼ੈ ਕੇ ਭੱਜ ਜਾਈਦਾ”। “ਰਾਜਨੀਤੀ ਇੱਕ ਸਿਆਸਤਦਾਨਾਂ ਦੀ ਖੇਡ ਬਣ ਕੇ ਰਹਿ ਗਈ, ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੀ ਜਾਂਦੀ ਹੈ”। ਪੰਜਾਹ ਸਾਲ ਹੋ ਗਏ ਵੋਟਾਂ ਪਾਉਂਦਿਆਂ, ਲੀਡਰਾਂ ਦੇ ਮੂੰਹ ਵੱਲ ਵੇਖਦਿਆਂ।”ਉਠ ਦੇ ਬੁੱਲ ਵਾਲੀ ਗੱਲ, ਹੁਣ ਡਿੱਗਿਆ ਕਿ ਹੁਣ ਡਿੱਗਿਆ”, ਇਹ ਸੋਚਾਂ ਸੋਚਦੇ ਤਾਏ ਨੇ, ਐਤਕੀ ਨੋਟਾਂ ਬਟਨ ਨੱਪਣ ਦਾ ਵਿਚਾਰ ਕਰ ਲਿਆ ਭਾਵ (ਕਿਸੇ ਨੂੰ ਵੀ ਵੋਟ ਨਹੀਂ ਪਾਉਣੀ)। ਸਵੇਰੇ ਦਸ ਕੁ ਵਜੇ ਤਾਇਆ ਘਰੋਂ ਤਿਆਰ ਹੋ ਵੋਟ ਪਾਉਣ ਤੁਰ ਪਿਆ। ਰਸਤੇ ਚ’ ਕਈ ਪੋਲਿੰਗ ਸਟੇਸ਼ਨ ਆਏ ਸਾਰਿਆਂ ਨੇ ਆਪੋ ਆਪਣੇ ਚੋਣ ਨਿਸ਼ਾਨ ਹੱਥਾਂ ਵਿੱਚ ਫੜੇ ਹੋਏ ਸਨ। “ਕਿਉਂ ਬਈ ਕਿਵੇਂ ਆ, ਤਾਇਆਂ ਖ਼ਿਆਲ ਰੱਖੀਂ ਆਪਣੇ ਚੋਣ ਨਿਸ਼ਾਨ ਦਾ,” ਬੰਤਾ ਦੂਰੋਂ ਹੀ ਤਾਏ ਨੂੰ ਚੋਣ ਨਿਸ਼ਾਨ ਹਲਾ ਕੇ ਦਿਖਾ ਰਿਹਾ ਸੀ। ਸਭ ਆਪਣਾ ਆਪਣਾ ਚੋਣ ਨਿਸ਼ਾਨ ਦਿਖਾਉਂਦੇ। ਪਰ ਤਾਇਆ ਸਾਰਿਆਂ ਨੂੰ ਸਿਰ ਹਿਲਾ ਅੱਗੇ ਲੰਘ ਗਿਆ। ਵੋਟ ਵਾਲੀ ਪਰਚੀ ਕੋਲ ਸੀ। ਕਿਸੇ ਦੇ ਪੋਲਿੰਗ ਤੇ ਜਾਣ ਦੀ ਲੋੜ ਨਾ ਪਈ। ਸਿੱਧਾ ਬੂਥ ਤੇ ਗਿਆ ਸਾਰੇ ਨਿਸ਼ਾਨਾ ਵੱਲ ਧਿਆਨ ਮਾਰਿਆ। ਇਹ ਉਹੀ ਨਿਸ਼ਾਨ ਸਨ, ਜਿਨ੍ਹਾਂ ਤੇ ਮੋਹਰ ਲਾਉਂਦਿਆਂ ਉਮਰ ਨਿਕਲ ਗਈ ਸੀ। ਪਰ ਕਿਸੇ ਨੇ ਅੱਜ ਤੱਕ ਤਾਏ ਦਾ ਤਾਂ ਕੀ ਕਿਸੇ ਦਾ ਕੁਝ ਵੀ ਨਹੀਂ ਸੀ ਸਵਾਰਿਆ। ਫੋਕੇ ਲਾਰਿਆਂ ਦੇ ਸਿਵਾਏ। ਅਖੀਰ ਵਿੱਚ ਤਾਏ ਦੀ
ਉਂਗਲ ਉਸ ਟਿਕਾਣੇ ਤੇ ਪਹੁੰਚ ਗਈ ਜੋ ਘਰੋਂ ਸੋਚ ਕੇ ਤੁਰਿਆ ਸੀ। ਲ਼ੈ ਬਈ ਤਾਏ ਦੇ ਮੂੰਹੋਂ ਨਿਕਲਣ ਦੀ ਦੇਰ ਸੀ। ਮਸ਼ੀਨ ਚੋਂ ਟੀਂ ਦੀ ਅਵਾਜ਼ ਤਾਏ ਕੰਨਾਂ ਨੂੰ ਚੀਰ ਗਈ। “ਲਓ ਜੀ, ਵੋਟ ਪੈ ਗਈ” ਪਾਸਿਓਂ ਅਫਸਰ ਦੀ ਅਵਾਜ਼ ਆਈ। ਤਾਇਆ ਬਾਹਰ ਨਿਕਲਿਆ, “ਤਾਇਆਂ ਸਾਨੂੰ ਵੋਟ ਪਾ ਆਇਆ,” ਇੱਕ ਹੱਥ ਵਿੱਚ ਚੋਣ ਨਿਸ਼ਾਨ ਫੜੀ ਖੜ੍ਹੇ ਭਾਈ ਨੇ ਤਾਏ ਵੱਲ ਔਲ੍ਹਦਿਆਂ ਕਿਹਾ,” ਹਾਂ ਮੈਂ ਸਾਰਿਆਂ ਨੂੰ ਜਿੱਤਾਂ ਆਇਆ,” ਇਹ ਕਹਿ ਤਾਇਆ ਬਚਨਾਂ ਮਿੰਨੀ ਜੇਹੀ ਹਾਸੀ ਹੱਸਦਿਆਂ ਚੱਕਵੇਂ ਪੈਰੀਂ ਘਰ ਵੱਲ ਨੂੰ ਹੋ ਤੁਰਿਆ। ਅੱਜ ਤਾਏ ਨੂੰ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਉਹ ਸਾਰਿਆਂ ਨੂੰ ਹਰਾ ਇਕੱਲਾ ਜਿੱਤ ਕੇ ਆਇਆ ਹੋਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly