(ਸਮਾਜ ਵੀਕਲੀ)- ਲਾਛੀ ਸਰਕਾਰੀ ਨੌਕਰੀ ਕਰਦਾ ਕਰਕੇ ਰਿਸ਼ਤੇਦਾਰਾਂ ਦੇ ਮੁਕਾਬਲੇ ਚਾਰ ਪੈਸੇ ਵੱਧ ਹੋਣ ਕਰਕੇ ਹੰਕਾਰ ਦੇ ਫੁੰਕਾਰੇ ਆਏਂ ਮਾਰਦਾ ਸੀ ਕਿ ਦੁਨੀਆਂ ਤੇ ਉਸ ਤੋਂ ਬਾਅਦ ਰੱਬ ਨੇ ਬੰਦੇ ਘੜਨੇ ਬੰਦ ਕਰ ਦਿੱਤੇ ਹੋਣ। ਸਾਰਾ ਦਿਨ ਸਿਗਰਟਾਂ ਦੇ ਧੂੰਏਂ ਮਾਰਦਾ ਦੇਖ ਕੇ ਰੀਨਾ ਨੂੰ ਉਸ ਵਿੱਚੋਂ ਪੁਰਾਣੀਆਂ ਫਿਲਮਾਂ ਵਾਲ਼ਾ ਖਲਨਾਇਕ ਪ੍ਰੇਮ ਚੋਪੜਾ ਯਾਦ ਆ ਜਾਂਦਾ। ਵੈਸੇ ਵੀ ਉਹ ਇੱਕ ਖਲਨਾਇਕ ਤੋਂ ਘੱਟ ਨਹੀਂ ਸੀ ਕਿਉਂਕਿ ਰੀਨਾ ਨਾਲ਼ ਐਨੀ ਜ਼ਿੱਦ ਕਰਦਾ ਸੀ ਕਿ ਜਿਵੇਂ ਉਹ ਉਸ ਦੀ ਸ਼ਰੀਕ ਹੋਵੇ। ਰੀਨਾ ਦੀ ਉਮਰ ਚਾਹੇ ਉਸ ਦੀ ਨੂੰਹ ਤੇ ਧੀ ਤੋਂ ਸੱਤ ਅੱਠ ਸਾਲ ਹੀ ਵੱਡੀ ਸੀ ਪਰ ਉਸ ਨੂੰ ਉਹ ਭਾਜੀ ਕਹਿਕੇ ਬੁਲਾਉਂਦੀ ਸੀ। ਹੁਣ ਤਾਂ ਰਿਟਾਇਰ ਹੋ ਕੇ ਚਾਰ ਪੈਸੇ ਹੋਰ ਹੱਥ ਵਿੱਚ ਆ ਜਾਣ ਕਾਰਨ ਅਸਮਾਨੀ ਟਾਕੀਆਂ ਲਾਉਂਦਾ ਸੀ। ਉਸ ਦੀ ਜ਼ਨਾਨੀ ਨੂੰ ਛੱਡ ਕੇ ਉਸ ਦਾ ਸਾਰਾ ਪਰਿਵਾਰ ਹੀ ਬਹੁਤ ਹੰਕਾਰੀ ਸੀ। ਰੀਨਾ ਉਸ ਨੂੰ ਮੂੰਹ ਨਹੀਂ ਸੀ ਲਾਉਂਦੀ,ਚਾਹੇ ਉਸ ਦਾ ਘਰ ਉਹਨਾਂ ਦੇ ਸਾਹਮਣੇ ਹੀ ਸੀ।
ਲਾਛੀ ਦੀ ਨੂੰਹ ਕੁਸਮ ਦੀ ਜਦੋਂ ਸੱਸ ਸਹੁਰੇ ਨਾਲ਼ ਨਹੀਂ ਬਣਦੀ ਹੁੰਦੀ ਸੀ ਤਾਂ ਉਸ ਨੇ ਰੀਨਾ ਕੋਲ਼ੇ ਖੜ੍ਹ ਕੇ ਇੱਕ ਦੋ ਮਿੰਟ ਵਿੱਚ ਹੀ ਉਸ ਨੂੰ ਪੰਜਾਹ ਗਾਲ਼ਾਂ ਕੱਢ ਦੇਣੀਆਂ। ਕਈ ਵਾਰੀ ਤਾਂ ਉਹਨਾਂ ਦੋਹਾਂ ਦੀ ਆਪਸ ਵਿੱਚ ਕੁੱਤੇਖਾਣੀ ਕਰਦਿਆਂ ਦੀਆਂ ਅਵਾਜ਼ਾਂ ਸਾਫ਼ ਸੁਣਨੀਆਂ ਪਰ ਲੋਕਾਂ ਸਾਹਮਣੇ ਹੱਸ ਹੱਸ ਕੇ ਐਦਾਂ ਪੇਸ਼ ਆਉਣਾ ਕਿ ਜਿਵੇਂ ਉਹਨਾਂ ਵਿੱਚ ਕਦੇ ਵੀ ਕੋਈ ਤੂੰ ਤੂੰ ਮੈਂ ਮੈਂ ਨਾ ਹੋਈ ਹੋਵੇ। ਲਾਛੀ ਨੇ ਪੋਤੇ ਦੇ ਜੰਮਣ ਤੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਘਰ ਜਗਰਾਤਾ ਕਰਵਾਉਣਾ ਸੀ। ਪਰਿਵਾਰ ਵਿੱਚ ਵਾਧਾ ਹੋਣ ਦੀ ਖੁਸ਼ੀ ਤਾਂ ਸਭ ਨੂੰ ਹੁੰਦੀ ਹੈ। ਉਸ ਦੇ ਘਰ ਹੋਣ ਵਾਲੇ ਜਗਰਾਤੇ ਦੀ ਤਰੀਕ ਨਿਸ਼ਚਿਤ ਹੋ ਗਈ। “ਰੱਬ ਨੇ ਸਾਡੀ ਨੇੜੇ ਹੋ ਕੇ ਸੁਣੀ ਐ…….ਹਾ ਹਾ ਹਾ…. ਐਡੀ ਵੱਡੀ ਖੁਸ਼ੀ ਦਿੱਤੀ ਹੈ…… ਰੱਬ ਦਾ ਨਾਂ ਲੈਣਾ ਤਾਂ ਬਣਦਾ ਹੀ ਹੈ…… ਮੈਂ ਤਾਂ ਐਨਾ ਵੱਡਾ ਫੰਕਸ਼ਨ ਕਰਦਾ ਹੁੰਦਾਂ……. ਕਿ ਮੁਹੱਲੇ ਵਿੱਚ ਮੇਰੇ ਨਾਲ ਦਾ ਕੋਈ ਹੋਰ ਨਹੀਂ ਕਰਦਾ…..।” ਸਿਗਰਟ ਦੇ ਧੂੰਏਂ ਨੂੰ ਉੱਪਰ ਨੂੰ ਮੂੰਹ ਕਰਕੇ ਛੱਡਦਾ ਹੋਇਆ ਗਲ਼ੀ ਵਿੱਚ ਲੰਘਦੇ ਹੋਏ ਕਿਸੇ ਨਾ ਕਿਸੇ ਵਿਅਕਤੀ ਨੂੰ ਘੇਰ ਕੇ ਉਸ ਨਾਲ਼ ਹੰਕਾਰ ਨਾਲ਼ ਜਦ ਗੱਲਾਂ ਕਰਦਾ ਤਾਂ ਅਗਲਾ “ਹਾਂ” ਹੂੰ ਕਰਕੇ ਹੁੰਗਾਰਾ ਭਰਦੇ ਹੋਏ ਅਗਾਂਹ ਤੁਰਦਾ ਬਣਦਾ। ਕਿਉਂਕਿ ਸਭ ਨੂੰ ਉਸ ਦੇ ਸੁਭਾਅ ਦਾ ਪਤਾ ਸੀ ਕਿ ਉਸ ਨੂੰ ਫੁਕਰਪੁਣੇ ਦੀ ਆਦਤ ਕੁਛ ਜਿਆਦਾ ਹੀ ਸੀ।
ਜਗਰਾਤੇ ਤੋਂ ਇੱਕ ਦਿਨ ਪਹਿਲਾਂ ਟੈਂਟ ਲਾਉਣ ਵਾਲੇ ਆਏ ਤਾਂ ਉਨ੍ਹਾਂ ਨੂੰ ਦੱਸ ਕੇ ਟੈਂਟ ਇਸ ਤਰ੍ਹਾਂ ਲਗਵਾਏ ਕਿ ਰੀਨਾ ਦੇ ਘਰ ਵੱਲ ਨੂੰ ਪੂਰੀ ਤਰ੍ਹਾਂ ਪਿੱਠ ਕਰ ਦਿੱਤੀ। ਉਹਨਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਟੈਂਟ ਇਸ ਤਰ੍ਹਾਂ ਕਸ ਦਿਓ ਕਿ ਗਲ਼ੀ ਦੇ ਉਸ ਤਰਫ਼ ਤੋਂ ਇੱਕ ਝਲਕ ਵੀ ਨਜ਼ਰ ਨਾ ਆਵੇ ਤੇ ਕੋਈ ਉਸ ਵਿੱਚੋਂ ਨਿਕਲ ਕੇ ਨਾ ਆ ਸਕੇ। ਜਦ ਕਿ ਮੁਹੱਲੇ ਦੇ ਬਹੁਤੇ ਲੋਕ ਓਧਰੋਂ ਹੀ ਆਉਣ ਵਾਲੇ ਸਨ। ਹੁਣ ਸਾਰਿਆਂ ਨੂੰ ਉਸ ਦੇ ਜਗਰਾਤੇ ਤੇ ਜਾਣ ਲਈ ਪਿੱਛਿਓਂ ਦੀ ਘੁੰਮ ਘੁਮਾ ਕੇ ਇੱਕ ਡੇਢ਼ ਕਿਲੋਮੀਟਰ ਦਾ ਫਾਸਲਾ ਤਹਿ ਕਰਨਾ ਪੈ ਰਿਹਾ ਸੀ। ਜਦ ਸਾਰੇ ਐਨਾ ਲੰਮਾ ਪੈਂਡਾ ਤੈਅ ਕਰਕੇ ਥੱਕੇ ਹੋਏ ਪਹੁੰਚ ਰਹੇ ਸਨ ਤਾਂ ਉਹ ਭਜਨ ਮੰਡਲੀ ਵਾਲ਼ਿਆਂ ਕੋਲ ਬੈਠਾ ਲੋਕਾਂ ਨੂੰ ਜ਼ਿਆਦਾ ਸਫ਼ਰ ਤੈਅ ਕਰਕੇ ਆਉਂਦਿਆਂ ਨੂੰ ਦੇਖ਼ ਦੇਖ਼ ਕੇ ਬਹੁਤ ਖੁਸ਼ ਹੋ ਰਿਹਾ ਸੀ। ਰੀਨਾ ਜਦ ਆਪਣੇ ਪਤੀ ਨਾਲ ਗਈ ਤੇ ਮੱਥਾ ਟੇਕ ਕੇ ਬੈਠਣ ਲੱਗੇ ਤਾਂ ਉਹਨਾਂ ਕੋਲ ਆ ਕੇ ਓਪਰਾ ਜਿਹਾ ਉੱਚਾ ਹਾਸਾ ਹੱਸ ਕੇ ਪਖੰਡੀਆਂ ਵਾਂਗ ਹੱਥ ਜੋੜ ਕੇ ਆਖਣ ਲੱਗਿਆ,”ਜੀ ਆਇਆਂ ਨੂੰ….. ਤੁਸੀਂ ਥੱਕ ਗਏ ਹੋਵੋਗੇ… ਔਹ ਵੇਖੋ……ਦੂਰ ਤੱਕ ਖਾਣਾ ਲੱਗਿਆ ਹੋਇਆ…… ਠੰਡਾ ਪੀਓ……. ਖਾਣਾ ਖਾਓ…….।”
“ਭਾਜੀ ਅਸੀਂ ਤਾਂ ਖਾਣਾ ਖਾ ਕੇ ਆਏ ਹਾਂ……. ਬਸ ਐਥੇ ਤਾਂ ਜਗਰਾਤੇ ਦਾ ਆਨੰਦ ਮਾਨਣ ਹੀ ਆਏ ਹਾਂ….. ਸਾਨੂੰ ਤਾਂ ਭਜਨ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ…… ਵੈਸੇ….. ਭਾਜੀ ਕਈਆਂ ਨੂੰ ਦੂਰੋਂ ਚੱਲ ਕੇ ਆਈ ਸੰਗਤ ਦੇ ਦਰਸ਼ਨ ਕਰ ਕੇ ਈ ਬਹੁਤ ਸਕੂਨ ਮਿਲਦਾ ਹੈ….. ਬਸ ਗੱਲ ਤਾਂ ਸਕੂਨ ਦੀ ਐ…..!” ਰੀਨਾ ਇਹ ਕਹਿ ਕੇ ਮੁਸਕਰਾ ਪਈ ਤੇ ਉਸ ਦਾ ਪਤੀ ਵੀ ਹੱਸ ਪਿਆ। ਲਾਛੀ ਰੀਨਾ ਦੀ ਗੱਲ ਸਮਝ ਗਿਆ ਸੀ ਤੇ ਆਪਣੀ ਟੈਂਟ ਲਾ ਕੇ ਲੋਕਾਂ ਦੇ ਆਉਣ ਵਾਲ਼ਾ ਸਿੱਧਾ ਰਸਤਾ ਬੰਦ ਕਰਵਾਉਣ ਵਾਲ਼ੀ ਕੋਝੀ ਹਰਕਤ ਤੇ ਅੰਦਰੋਂ ਅੰਦਰ ਸ਼ਰਮਿੰਦਾ ਹੋ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਗੱਲ ਤਾਂ ਸੱਚੀ ਹੈ ਕਿ ਮਨ ਵਿੱਚੋਂ ਵੈਰ ਵਿਰੋਧ ਤਿਆਗ ਕੇ ਹਰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324