ਰਮਜ਼ਾਨ ਦੇ ਰੋਜ਼ੇ

         (ਸਮਾਜ ਵੀਕਲੀ)
 ਕਦੇ ਕਾਸਦ ਕਦੇ ਹੱਥ ਹਵਾਵਾਂ
 ਸੱਜਣਾਂ ਨੂੰ ਖਤ ਲਿਖ ਲਿਖ ਪਾਵਾਂ,
 ਸਖੀਓ ਮੇਰਾ ਮਿਲ ਜਾਏ ਮਾਹੀ
 ਹਾੜਾ ਨੀਂ ਕੋਈ ਕਰੋ ਦੁਆਵਾਂ,
 ਦੱਸੋ ਨੀਂ ਕੋਈ ਦਰ ਫੱਕਰ ਦਾ
 ਤੁਰ ਨੰਗੇ ਪੈਰੀਂ ਜਾਵਾਂ,
ਰੱਖਾਂ ਨੀਂ ਰਮਜ਼ਾਨ ਦੇ ਰੋਜ਼ੇ
 ਪੀਰ- ਫਕੀਰ ਧਿਆਵਾਂ,
ਨੀਂ ਸਖੀਓ ਕੋਈ ਸਾਗਰ ਐਸਾ
ਹਾਏ ਮਨ ਦੀ ਚੁੱਭੀ ਲਾਵਾਂ,
ਸੱਜਣਾਂ ਬਾਝੋਂ ਮੋਈ ਮੋਈ
 ਨੀਂ ਮੈਂ ਪੀੜ੍ਹ ਹਿਜ਼ਰ ਦੀ ਖਾਵਾਂ,
ਪਲ ਛਿਣ ਸੁਪਨੇ ਦੇ ਵਿੱਚ ਆਵੇ
 ਤੁਰ ਜਾਣ ਦੂਰ ਬਲਾਵਾਂ,
ਬਾਲਾਂ ਨੀਂ ਮੈਂ ਦਿਲ ਦੀ ਬੱਤੀ
 ਰੂਹ ਦਾ ਤੇਲ ਚੜ੍ਹਾਵਾਂ,
 ਲਾਵੋ ਨੀਂ ਸ਼ਗਨਾਂ ਦੀ ਮਹਿੰਦੀ
 ਸੱਜਣਾਂ ਨੂੰ ਭਰਮਾਵਾਂ,
 ਮਾਹੀ ਦਾ ਕਿਧਰੇ ਦੂਰ ਬਸੇਰਾ
 ਮਾਰੂਥਲ ਦੀਆਂ ਰਾਹਾਂ,
 ਪਾਵਾਂ ਨੀਂ ਮੈਂ ਧਾਹ ਗਲਵੱਕੜੀ
 ਜੇ ਸੱਜਣ ਨੂੰ ਭਾਵਾਂ,
ਪਾਕ ਮੁਹੱਬਤ ਨਾਂ ਅੱਲ੍ਹਾ ਦਾ
 ਕਿਵੇਂ ਦਿਲ ਨੂੰ ਚੀਰ ਵਿਖਾਵਾਂ,
ਦਿਲਬਰ ਕਾਦਰ ਕੋਲੇ ਲੱਖਾਂ
ਪਰ ਮੇਰਾ ਉਹ ਸਿਰਨਾਵਾਂ
ਪਰ ਮੇਰਾ ਉਹ ਸਿਰਨਾਵਾਂ……
ਬੇਅੰਤ ਕੌਰ ਗਿੱਲ ਮੋਗਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤਕ ਚਿੰਤਕ 
Next article*ਕਿਉਂ ਗਿਣਤੀ ਵਿੱਚ ਨਾ ਆਇਆ ਏ ?*