ਆਓ ਰੁੱਖਾਂ ਦੀ ਸੰਭਾਲ ਕਰੀਏ

  ਸੁਖਦੇਵ ਸਿੰਘ 'ਭੁੱਲੜ'

(ਸਮਾਜ ਵੀਕਲੀ)-ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੁਆਰਾ ਕਾਦਰ ਦੀ ਕੀਤੀ ਜਾ ਰਹੀ ਆਰਤੀ ਵਿੱਚ ‘ਸਗਲ ਬਨਰਾਇ ਫੂਲੰਤ ਜੋਤੀ’ ਗੁਰ ਵਾਕ ਵਿੱਚ ਮਨੁੱਖ ਤੇ ਬਨਸਪਤੀ ਦੇ ਮੁੱਢ ਕਦੀਮੀ ਪਿਆਰ ਦਾ ਭਾਵ ਦਰਸਾਇਆ ਹੈ।ਇਹ ਦੇ ਨਾਲ ਹੀ ‘ਪਵਣ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੰਦਿਆਂ ਫੁਰਮਾਇਆ ਏ : ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ॥’ ਭਾਵ ਹਵਾ, ਪਾਣੀ ਤੇ ਧਰਤੀ ਨੂੰ ਮਾਤਾ ਪਿਤਾ ਸਮਝ ਕੇ ਇਹਦੀ ਸੰਭਾਲ ਕਰਨੀ ਹੈ।ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਹਰ ਰੋਜ਼ ਇਹ ਪੰਕਤੀਆਂ ਸੁਭਾ-ਸ਼ਾਮ ਪੜ੍ਹਦੇ ਹਾਂ, ਪਰ ਸਭ ਤੋਂ ਜਿਆਦਾ ਹਵਾ,ਪਾਣੀ ਤੇ ਧਰਤੀ ਨੂੰ ਗੰਧਲਾ ਵੀ ਕਰੀ ਜਾ ਰਹੇ ਹਾਂ।ਹਰ ਛਿਮਾਹੀ ਪਿਛੋਂ ਖੇਤਾਂ ਦੀ ਰਹਿੰਦ-ਖੂਹਿੰਦ ਨੂੰ ਸਾੜਨ ਦੇ ਨਾਲ ਨਾਲ ਖੇਤਾਂ ਵਿਚਲੇ ਤੇ ਸੜਕਾਂ ਦੇ ਕੰਢਿਆਂ ‘ਤੇ ਖੜ੍ਹੇ ਰੁੱਖਾਂ ਨੂੰ ਵੀ ਲੂਹ ਸੁੱਟਦੇ ਹਾਂ।ਇਹ ਕਿਰਿਆ ਹਰ ਸਾਲ ਵਿੱਚ ਦੋ ਵਾਰ ਦੁਹਰਾਉਂਦੇ ਹਾਂ।ਕਈ ਵਾਰ ਤਾਂ ਬੇਮਤਲਬ ਹੀ ਸੜਕਾਂ ਨਾਲ ਬਣੇ ਖਤਾਨਾਂ ਵਿੱਚ ਘਾਹ ਫੂਸ ਨੂੰ ਅੱਗ ਲਾ ਕੇ, ਨਵੇਂ ਲੱਗੇ ਬੂਟੇ ਸਾੜ ਦਿੰਦੇ ਹਾਂ, ਜੋ ਕਿ ਬਹੁਤ ਹੀ ਮਾੜੀ ਗੱਲ ਏ।

   ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਬਹੁਤ ਮਹੱਤਤਾ ਹੈ।ਰੁੱਖ ਜਿਥੇ ਵਾਤਾਵਰਣ ਨੂੰ ਸਾਫ ਰੱਖਦੇ ਹਨ, ਓਥੇ ਸਾਨੂੰ ਸਾਹ ਲੈਣ ਲਈ ਆਕਸੀਜਨ ਪ੍ਰਦਾਨ ਕਰਨ ਦੇ ਨਾਲ ਨਾਲ ਧਰਤੀ ਨੂੰ ਖੁਰਨ ਤੋਂ ਵੀ ਬਚਾਉਂਦੇ ਹਨ।ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਰੁੱਖ ਕੁਦਰਤ ਵਲੋਂ ਬਖਸ਼ੇ ਆਕਸੀਜਨ ਦੇ ਸਿਲੰਡਰ ਹਨ।ਪਿਛਲੇ ਦਿਨੀਂ ਅਸੀਂ ਸਭ ਨੇ ਦੇਖਿਆ ਹੈ ਕਿ ਲੋਕ ਆਕਸੀਜਨ ਦੇ ਸਿਲੰਡਰ ਲੈਣ ਲਈ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਖੜੇ ਹੋਏ ਸਨ।ਸ਼ਾਇਦ ਕੁਦਰਤ ਵਲੋਂ ਸਾਨੂੰ ਸਬਕ ਦਿੱਤਾ ਗਿਆ ਏ।
    ਜਿਸ ਤੇਜ਼ੀ ਨਾਲ ਅਸੀਂ ਧਰਤੀ ਦੀ ਹਿੱਕ ਤੋਂ ਰੁੱਖਾਂ ਨੂੰ ਛਾਂਗੀ ਜਾਂਦੇ ਹਾਂ, ਉਸ ਤੋਂ ਏਹੀ ਲੱਗਦਾ ਹੈ ਕਿ ਮਨੁੱਖੀ ਜੀਵਨ ਦੀ ਹੋਂਦ ਬਹੁਤਾ ਚਿਰ ਕਾਇਮ ਰਹਿਣੀ ਨਾ ਮੁਮਕਿਨ ਹੈ।ਦਿਨ ਬਦਿਨ ਧਰਤੀ ਦੀ ਤਪਸ਼ ਵਧ ਰਹੀ ਹੈ  ਤੇ ਇਸ ਆਲਮੀ ਤਪਸ਼ ਨਾਲ ਗਲੇਸ਼ੀਅਰ ਪਿਘਲ ਰਹੇ ਹਨ।ਪ੍ਰਦੂਸ਼ਨ ਵਧ ਰਿਹਾ ਹੈ ਤੇ ਕੈਂਸਰ ਵਰਗੇ ਮਾਰੂ ਰੋਗ ਆਪਣੇ ਪੈਰ ਪਸਾਰਦਾ ਹੋਇਆ ਜਨਜੀਵਨ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ।ਬੇਸ਼ੱਕ ਅਸੀਂ ਹਰ ਸਾਲ 5 ਜੂਨ ਨੂੰ ਵਾਤਾਵਰਣ ਦਿਵਸ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ, ਪਰ ਪੰਜਾਬੀ ਕਹਾਵਤ ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ’ ਵਾਲੀ ਗੱਲ ਹੀ ਹੁੰਦੀ ਏ।ਰੁੱਖਾਂ ਦੇ ਹੱਕ ਜਾਂ ਸੰਬੰਧ ਵਿੱਚ ਵੱਡੇ ਵੱਡੇ ਲੈਕਚਰ ਦੇਣੇ ਜਾਂ ਲੇਖ ਲਿਖਣੇ ਕਾਫੀ ਨਹੀਂ, ਸਗੋਂ ਧਰਤੀ ਦਾ ਸ਼ਿੰਗਾਰ ਰੁੱਖਾਂ ਨੂੰ ਬਚਾਉਣ ਲਈ ਸਾਰਥਿਕ ਕਦਮ ਚੁੱਕਣੇ ਹੋਣਗੇ।ਪਿਛਲੇ ਦਹਾਕਿਆਂ ਤੋਂ ਅੱਜ ਤੱਕ ਸਾਡੇ ਦੇਸ਼ ਵਿੱਚ ਜੰਗਲਾਂ ਦੀ ਕਟਾਈ ਤੇ ਧੜਾਧੜ ਵੱਢੇ ਜਾ ਰਹੇ ਰੁੱਖਾਂ ਨਾਲ ਵਾਤਾਵਰਣ ਦਾ ਕੁਦਰਤੀ ਸਮਤੋਲ ਵਿਗੜ ਚੁੱਕਾ ਹੈ, ਜਿਸ ਨੂੰ ਪਹਿਲੇ ਪੱਧਰ ‘ਤੇ ਲਿਆਉਣ ਲਈ ਸਾਰਥਿਕ ਉਪਰਾਲੇ ਕਰਨ ਦੀ ਲੋੜ ਏ।ਕੁੱਝ ਦਿਨ ਪਹਿਲਾਂ ਫਰੀਦਕੋਟ ਦੇ ਜੰਗਲ ਨੂੰ ਵੱਢਣ ਦਾ ਠੇਕਾ ਦਿੱਤਾ ਗਿਆ, ਪਰ ਵਾਤਾਵਰਣ ਪ੍ਰੇਮੀਆਂ ਦੀ ਹਿੰਮਤ ਸਦਕਾ ਰੁੱਖਾਂ ਦੀ ਕਟਾਈ ਦਾ ਕੰਮ ਰੁੱਕ ਗਿਆ। ਇੱਕ ਕਵੀ ਜਾਰਜ ਪੋਪ ਮੋਰਿਸ ਰੁੱਖ ਵੱਢਣ ਵਾਲੇ ਲੱਕੜਹਾਰੇ ਨੂੰ ਵਾਸਤਾ ਪਾ ਕੇ ਆਖਦਾ ਹੈ: ‘ਐ ਲੱਕੜਹਾਰਿਆ ! ਉਸ ਰੁੱਖ ਨੂੰ ਨਾ ਕੱਟ, ਉਸਨੇ ਮੈਨੂੰ ਪਾਲਿਆ ਤੇ ਸੰਭਾਲਿਆ ਏ।ਮੈਂ ਤਾਂ ਇਹਦੀ ਰਖਵਾਲੀ ਕਰਨੀ ਹੀ ਹੈ।’
    ਇਕ ਸਮੇਂ ਰੁੱਖਾਂ ਨੂੰ ਬਚਾਉਣ ਲਈ ‘ਚਿਪਕੋ ਲਹਿਰ’ ਵੀ ਚੱਲੀ।ਚਿਪਕੋ ਲਹਿਰ ‘ਚ ਰੁੱਖ ਪ੍ਰੇਮੀ ਰੁੱਖਾਂ ਨਾਲ ਚਿਪਕ (ਚਿੰਬੜ) ਗਏ ਤੇ ਆਖਣ ਲੱਗੇ : ‘ਤੁਸੀਂ ਸਾਨੂੰ ਵੱਢ ਕੇ ਮਗਰੋਂ ਹੀ ਰੁੱਖਾਂ ਨੂੰ ਵੱਢ ਸਕੋਗੇ।’ ਕਵੀ ਜਾਇਸ ਕਿਲਮਰ ਨੂੰ ਤਾਂ ਰੁੱਖਾਂ ਵਿੱਚੋਂ ਵੀ ਕਵਿਤਾ ਦੇ ਦਰਸ਼ਨ ਹੁੰਦੇ ਹਨ।ਉਹਦਾ ਕਹਿਣਾ ਹੈ:’ ਮੇਰੀ ਅਜਿਹੀ ਸੋਚਣੀ ਹੈ ਕਿ ਮੈਂ ਕਦੇ ਵੀ ਏਨੀ ਪਿਆਰੀ ਕਵਿਤਾ ਨਹੀਂ ਵੇਖ ਸਕਣੀ, ਜਿੰਨਾ ਪਿਆਰਾ ਕਿ ਇੱਕ ਰੁੱਖ ਹੁੰਦਾ ਏ’
   ਕੁਦਰਤ ਨੇ ਧਰਤੀ ‘ਤੇ ਵੱਸਦੇ ਜੀਵ-ਜੰਤੂਆਂ ਤੇ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਲਈ ਬ੍ਰਹਿਮੰਡ ਨੂੰ ਤਰ੍ਹਾਂ ਤਰ੍ਹਾਂ ਦੀ ਬਨਸਪਤੀ ਨਾਲ ਸ਼ਿੰਗਾਰਿਆ ਹੈ।ਨਿੱਕੇ ਵੱਡੇ ਤੇ ਦਰਮਿਆਨੇ ਅਕਾਰ ਦੇ ਵੰਨ-ਸੁਵੰਨੇ ਫੁੱਲ, ਹਰੀਆਂ-ਭਰੀਆਂ ਪੱਤੀਆਂ ਵਾਲੇ ਬੂਟੇ, ਨਦੀਆਂ ਨਾਲਿਆਂ ਦੀਆਂ ਪੱਟੜੀਆਂ ਤੇ ਪਹਾੜਾਂ ਨੂੰ ਕੱਜੀ ਬੈਠੀਆਂ ਵੇਲਾਂ, ਫਲਦਾਰ ਤੇ ਛਾਂਦਾਰ ਰੁੱਖ,ਭਾਂਤ ਭਾਂਤ ਦੇ ਘਾਹ ਦੀ ਕੁਦਰਤੀ ਵਿਛਾਈ ਨਾਲ ਧਰਤੀ ਦੀ ਸਜਾਵਟ ਕੀਤੀ ਹੈ।ਇਸ ਸਜਾਵਟ ਨੂੰ ਬਰਕਰਾਰ ਰੱਖਣਾ ਮਨੁੱਖ ਦੀ ਜ਼ਿੰਮੇਵਾਰੀ ਹੈ।ਰੁੱਖਾਂ ਜਾਂ ਬੂਟਿਆਂ ਦੀ ਹੋਂਦ ਨੂੰ ਬਣਾਈ ਰੱਖਣ ਵਿੱਚ ਹੀ ਮਨੁੱਖਤਾ ਦਾ ਭਲਾ ਹੈ।ਰੁੱਖ ਤੇ ਮਨੁੱਖ ਦੀ ਮੁੱਢ ਕਦੀਮੀਂ ਸਾਂਝ ਨੂੰ ਪਛਾਨਣਾ ਸਮੇਂ ਦੀ ਲੋੜ ਏ।ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਬਹੁਤ ਅਹਿਮੀਅਤ ਹੈ।ਕਵੀ ਰਵਿੰਦਰ ਨਾਥ ਟੈਗੋਰ ਤਾਂ ਏਥੋਂ ਤੱਕ ਆਖਦਾ ਹੈ: ‘ਰੁੱਖ ਨੂੰ ਜ਼ਮੀਨ ਤੋਂ ਵੱਖ ਕਰਨਾ ਉਹਦੀ ਅਜ਼ਾਦੀ ਨਹੀਂ, ਸਗੋਂ ਮੌਤ ਹੈ।’
   ਸੜਕਾਂ ਕਿਨਾਰੇ ਲੱਗੀ ਅੱਗ ਵਿੱਚ ਸੜਦੇ ਰੁੱਖ ਜਾਂ ਫੁੱਲ ਬੂਟੇ ਦੇਖ ਕੇ ਲੱਗਦਾ ਏ ਕਿ ਵਾਤਾਵਰਣ ਨੂੰ ਬਚਾਉਣ ਲਈ ਅਸੀਂ ਕਿਸ ਕਦਰ ਅਵੇਸਲੇ ਹੋ ਚੁੱਕੇ ਹਾਂ।ਜਿਹੜੇ ਰੁੱਖ ਸਾਡੇ ਲਈ ਸਾਹ ਦੇ ਕਾਰਖਾਨੇ ਹਨ, ਅਸੀਂ ਉਹਨਾਂ ਨੂੰ ਆਪਣੇ ਹੱਥੀਂ ਬਰਬਾਦ ਕਰ ਰਹੇ ਹਾਂ।ਅਜੇ ਵੀ ਕੁੱਝ ਨਹੀਂ ਵਿਗੜਿਆ, ਆਓ ! ਰਲ ਮਿਲ ਕੇ ਰੁੱਖਾਂ ਦੀ ਹਿਫਾਜ਼ਤ ਕਰੀਏ ਤੇ ਵਾਤਾਵਰਣ ਨੂੰ ਸਾਫ ਰੱਖੀਏ।ਸ਼ਿਵ ਕੁਮਾਰ ਬਟਾਲਵੀ ਨੇ ਕਿੰਨੀਆਂ ਭਾਵਪੂਰਤ ਲਾਈਨਾਂ ਲਿਖ ਕੇ ਰੁੱਖਾਂ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ ਹੈ:
    ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ।
    ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ।
    ਕੁਝ ਰੁੱਖ ਮੇਰੇ ਬਾਬੇ ਵਾਂਙਣ, ਪੱਤਰ ਟਾਵਾਂ ਟਾਵਾਂ।
    ਕੁਝ ਰੁੱਖ ਮੇਰੀ ਦਾਦੀ ਵਰਗੇ, ਚੂਰੀ ਪਾਵਣ ਕਾਵਾਂ।
    ਰੁੱਖ ਤਾਂ ਮੇਰੀ ਮਾਂ ਵਰਗੇ ਨੇ,ਜਿਊਣ ਰੁੱਖਾਂ ਦੀਆਂ ਛਾਵਾਂ।
  ਸੁਖਦੇਵ ਸਿੰਘ ‘ਭੁੱਲੜ’ 
  ਸੁਰਜੀਤ ਪੁਰਾ ਬਠਿੰਡਾ
  9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਾ. ਹਰਨੇਕ ਸਿੰਘ ਕਲੇਰ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 25 ਫਰਵਰੀ ਨੂੰ
Next articleਧਾਰਮਿਕ ਅਸਥਾਨ ਤੇ ਦੁੱਖ