(ਸਮਾਜ ਵੀਕਲੀ)
ਪੁਰਾਣੀਆਂ ਸਹੇਲੀਆਂ, ਪੁਰਾਣੇ ਦੋਸਤ ਸਕੂਲ ਜਾਂ ਕਾਲਜ ਤੋਂ ਬਾਅਦ ਰੋਜ਼ੀ ਰੋਟੀ ਕਮਾਉਣ ਲਈ ਖਿੰਡ ਪੁਡ ਜਾਂਦੇ ਹਨ। ਫਿਰ ਰਬੀਂ ਜਾ ਸਬੱਬੀ ਹੀ ਮੇਲ ਹੁੰਦੇ ਹਨ। ਪਰ ਜਦੋਂ ਦਿਲ ਵਿਚ ਕਿਸੇ ਦੀ ਚਾਹਤ ਹੋਵੇ ਤਾਂ ਸੰਜੋਗ ਬਣ ਹੀ ਜਾਂਦੇ ਹਨ।
ਜਿਆਦਾਤਰ ਕੁੜੀਆਂ ਵਿੱਛੜ ਜਾਂਦੀਆਂ ਹਨ। ਵਿਆਹ ਕੇ ਕੂੰਜਾਂ ਕਿਤੇ ਦੀ ਕਿਤੇ ਉਡਾਰੀਆਂ ਮਾਰ ਜਾਂਦੀਆਂ ਹਨ। ਮੁੰਡੇ ਤਾਂ ਫ਼ੇਰ ਵੀ ਮਿਲ਼ਦੇ ਗਿਲਦੇ ਰਹਿੰਦੇ ਹਨ ਯਾਰਾਂ ਦੋਸਤਾਂ ਨੂੰ ਪਰ ਕੁੜੀਆਂ ਤਾਂ ਕਦੇ ਕਦਾਈਂ ਪੇਕੇ ਆਈਆਂ ਸਬੱਬ ਨਾਲ ਹੀ ਮਿਲਦੀਆਂ ਹਨ।ਅੱਜਕਲ ਤਾਂ ਵੈਸੇ ਵੀ ਸੱਤ ਸਮੁੰਦਰੋਂ ਪਾਰ ਤੁਰ ਜਾਣ ਦਾ ਰਿਵਾਜ਼ ਜਿਹਾ ਹੀ ਹੋ ਗਿਆ ਹੈ।
ਇਸੇ ਤਰ੍ਹਾਂ ਮੇਰੀ ਇੱਕ ਕਾਲਜ ਦੀ ਸਹੇਲੀ ਹੈ, ਜੀਹਦੇ ਨਾਲ ਅੰਤਾਂ ਦਾ ਪਿਆਰ ਹੈ। ਇੱਕੋ ਜਿੱਦ ਅਖੇ ਮੈਂ ਤਾਂ ਬਾਹਰਲੇ ਦੇਸ਼ ਹੀ ਜਾਣਾ ਹੈ। ਚਲੋ ਰੱਬ ਨੇ ਓਹਦੀ ਇੱਛਾ ਪੂਰੀ ਕਰ ਦਿੱਤੀ। ਵਿਆਹ ਤੋਂ ਦਸ ਕੁ ਸਾਲਾਂ ਮਗਰੋਂ ਓਹਦੇ ਘਰਵਾਲ਼ੇ ਨੇ ਜਰਮਨ ਬੁਲਾ ਲਿਆ ਦੋਵਾਂ ਮਾਂ ਪੁੱਤ ਨੂੰ।ਉੱਥੇ ਜਾ ਕੇ ਪਰਮਾਤਮਾ ਨੇ ਇੱਕ ਹੋਰ ਪੁੱਤ ਬਖ਼ਸ਼ ਦਿੱਤਾ। ਸੋਹਣੀ ਜ਼ਿੰਦਗ਼ੀ ਹੋ ਗਈ। ਮੈਨੂੰ ਓਹਦਾ ਰੋਜ਼ ਫ਼ੋਨ ਆਉਣਾ, ਕਦੇ ਵੀਡੀਓ ਕਾਲ ਜਾਂ ਕਦੇ ਵਟਸਅਪ ਤੇ ਸੁਨੇਹਾਂ ਘੱਲ ਛੱਡਣਾ।ਹਮੇਸ਼ਾਂ ਮੇਰੀਆਂ ਤਰੀਫਾਂ ਕਰਨੀਆਂ। ਅਖੇ ਮੈਨੂੰ ਤਾਂ ਬਹੁਤ ਮਾਣ ਹੈ ਕਿ ਮੇਰੀ ਸਹੇਲੀ ਲੇਖਕਾ ਹੈ। ਮੇਰੀਆਂ ਕਹਾਣੀਆਂ ਤੇ ਕਵਿਤਾਵਾਂ ਪੜ੍ਹ ਕੇ ਰੱਜ ਰੱਜ ਤਾਰੀਫ਼ ਕਰਨੀ।
ਫ਼ਿਰ ਅਚਾਨਕ ਹੀ ਓਹਦਾ ਫ਼ੋਨ ਆਉਣਾ ਬੰਦ ਹੋ ਗਿਆ। ਮੈਂ ਫ਼ੋਨ ਕਰਨਾ ਤਾਂ ਲੱਗਣਾ ਹੀ ਨਹੀਂ। ਦਿਲ ਬਹੁਤ ਤੜਫਣਾ ਕਿ ਪਤਾ ਨਹੀਂ ਇੰਝ ਅਚਾਨਕ ਕਿਉਂ ਫ਼ੋਨ ਬੰਦ ਹੋ ਗਿਆ। ਹਰ ਵੇਲ਼ੇ ਯਾਦ ਕਰਨਾ ਤੇ ਓਹਦੀ ਸੁੱਖ ਮੰਗਣੀ। ਬਹੁਤੀ ਵਾਰ ਏਧਰੋਂ ਓਧਰੋਂ ਕੋਸ਼ਿਸ਼ ਕੀਤੀ ਪਰ ਕੋਈ ਅਤਾ ਪਤਾ ਨਹੀਂ ਮਿਲ਼ਿਆ। ਓਹਦਾ ਪਿੰਡ ਤਾਂ ਮੇਰੇ ਪੇਕੇ ਪਿੰਡ ਦੇ ਨੇੜੇ ਹੀ ਹੈ ਪਰ ਕਦੇ ਵਕਤ ਨਹੀਂ ਹੁੰਦਾ ਕਿ ਜਾ ਕੇ ਪਤਾ ਕਰ ਆਵਾਂ। ਵੈਸੇ ਵੀ ਪਿੰਡ ਕਈ ਸਾਲਾਂ ਬਾਅਦ ਹੀ ਗੇੜਾ ਵੱਜਦਾ ਹੈ। ਇੱਕ ਵਾਰ ਮਿੰਤ ਜਿਹੀ ਕਰਕੇ ਪਿੰਡ ਰਹਿੰਦੇ ਇੱਕ ਕਜਨ ਭਰਾ ਨੂੰ ਓਹਦੇ ਪਿੰਡੋਂ ਸੁੱਖ ਸੁਨੇਹਾਂ ਲਿਆਉਣ ਲਈ ਕਿਹਾ। ਉਹ ਮੇਰੇ ਆਖੇ ਚਲਾ ਤਾਂ ਗਿਆ ਪਰ ਘਰਬਾਰ ਨਾ ਪਤਾ ਹੋਣ ਕਰਕੇ ਕੁਝ ਹੱਥ ਪੱਲੇ ਨਾ ਪਿਆ। ਹਾਰ ਕੇ ਮਨ ਮਾਰਿਆ ਕਿ ਹੁਣ ਤਾਂ ਰੱਬ ਹੀ ਮੇਲ ਕਰਵਾਊ ਕਦੇ।
ਅੱਜ ਕੁਦਰਤੀ ਪਿੰਡ ਜਾਣ ਦਾ ਮੌਕਾ ਮਿਲਿਆ ਤੇ ਜਦੋਂ ਰਾਹ ਚ ਉਹਦੇ ਪਿੰਡ ਦਾ ਬੋਰਡ ਪੜ੍ਹਿਆ ਤਾਂ ਮੈਂ ਰੌਲ਼ਾ ਪਾ ਦਿੱਤਾ ਕਿ ਇਹ ਤਾਂ ਮੇਰੀ ਪਿਆਰੀ ਸਹੇਲੀ ਦਾ ਪਿੰਡ ਹੈ। ਮੇਰੇ ਪਿਆਰੇ ਸਰਦਾਰ ਜੀ ਨੇ ਇੱਕ ਪਲ਼ ਚ ਹੀ ਗੱਡੀ ਉਧਰ ਮੋੜ ਲਈ ਅਖੇ ਅੱਜ ਤੇਰੀ ਸਹੇਲੀ ਦਾ ਘਰ ਲੱਭ ਹੀ ਲੈਂਦੇ ਹਾਂ। ਫ਼ੇਰ ਕੀ ਸੀ! ਪੁੱਛਦੇ ਪਛਾਦੇ ਆਖ਼ਰ ਅਸੀਂ ਸੱਚੀਓਂ ਲੱਭ ਹੀ ਲਿਆ ਓਹਦਾ ਘਰ। ਵੇਹੜੇ ਵੱਡਦੀਆਂ ਹੀ ਓਹਦੇ ਬੇਬੇ ਬਾਪੂ ਤੇ ਭਾਬੀ ਜੀ ਮਿਲ਼ ਗਏ। ਆਂਟੀ ਜੀ ਨੇ ਤਾਂ ਮੈਨੂੰ ਝੱਟ ਹੀ ਪਛਾਣ ਲਿਆ। ਉਹਨਾਂ ਨੂੰ ਮਿਲ਼ ਕੇ ਇੰਝ ਲਗਿਆ ਕਿ ਮੈਂ ਆਪਣੀ ਸਹੇਲੀ ਕੁਲਦੀਪ ਨੂੰ ਮਿਲ਼ ਲਈ ਹੋਵਾਂ। ਵਕਤ ਬਹੁਤ ਥੋੜ੍ਹਾ ਸੀ ਪਰ ਭਾਬੀ ਜੀ ਨੇ ਮੇਰੀ ਫ਼ੋਨ ਤੇ ਗੱਲ ਕਰਵਾ ਦਿੱਤੀ। ਓਹਦੀ ਵੀ ਖ਼ੁਸ਼ੀ ਦਾ ਠਿਕਾਣਾ ਨਹੀਂ ਸੀ ਤੇ ਮੇਰੀ ਵੀ। ਓਹਨੇ ਦੱਸਿਆ ਕਿ ਓਹਦਾ ਛੋਟਾ ਪੁੱਤਰ ਬੜਾ ਸ਼ਰਾਰਤੀ ਹੈ ਤੇ ਓਹਨੇ ਫ਼ੋਨ ਹੀ ਖਰਾਬ ਕਰ ਛੱਡਿਆ ਸੀ। ਫ਼ੋਨ ਨੰਬਰ ਯਾਦ ਨਹੀਂ ਸੀ ਇਸ ਲਈ ਗੱਲ ਨਹੀਂ ਹੋ ਸਕੀ ਦੋਵਾਰਾ। ਪਰ ਪਿਆਰ ਦੋਵਾਂ ਪਾਸੇ ਬਹੁਤ ਸੀ ਇਸ ਲਈ ਗੱਲਬਾਤ ਦਾ ਸਿਲਸਿਲਾ ਇੱਕ ਵਾਰ ਫਿਰ ਸ਼ੁਰੂ ਹੋ ਗਿਆ। ਤਾਹੀਓਂ ਕਹਿੰਦੇ ਹਨ ਕਿ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly