ਅੰਧਵਿਸ਼ਵਾਸ ਦੀ ਦੁਨੀਆਂ

ਮਨਜੀਤ ਕੌਰ ਧੀਮਾਨ,           

(ਸਮਾਜ ਵੀਕਲੀ) -ਜ਼ਮਾਨਾ ਬਹੁਤ ਤੇਜ਼ ਚਾਲ ਨਾਲ਼ ਅੱਗੇ ਵੱਧ ਰਿਹਾ ਹੈ। ਆਦਿ ਮਾਨਵ ਤੋਂ ਹੁਣ ਤੱਕ ਦਾ ਸਫ਼ਰ ਮੁਸ਼ਕਿਲ ਸੀ,ਪਰ ਨਾਮੁਮਕਿਨ ਨਹੀਂ।ਇਸ ਤਰ੍ਹਾਂ ਮਨੁੱਖ ਨੇ ਸਫ਼ਲਤਾ ਦਾ ਝੰਡਾ ਚੁੱਕ ਕੇ ਇਹ ਸਾਬਤ ਕੀਤਾ ਹੈ ਕਿ ਉਹ ਬਾਕੀ ਸਾਰੇ ਜੀਵ ਜੰਤੂਆਂ ਤੋਂ ਵਧੇਰੇ ਉੱਤਮ ਜੀਵ ਹੈ। ਇੱਕਲੇ ਮਨੁੱਖ ਨੂੰ ਕੁਦਰਤ ਨੇ ਐਨੀ ਅਕਲ ਬਖ਼ਸ਼ੀ ਹੈ ਜਿਸ ਨਾਲ਼ ਉਹ ਵਿਕਾਸ ਦੇ ਰਾਹ ਤੇ ਤੁਰਿਆ ਹੈ।

                      ਕੁਦਰਤ ਨੇ ਅਸਮਾਨ ਵਿੱਚ ਪਰਿੰਦੇ ਉਡਾਏ ਅਤੇ ਮਨੁੱਖ ਨੇ ਹਵਾਈ ਜਹਾਜ਼ ਉਡਾ ਦਿੱਤੇ।ਦਵਾਈਆਂ ਬਣਾ ਕੇ ਕਿੰਨੀਆਂ ਬਿਮਾਰੀਆਂ ਦਾ ਇਲਾਜ ਲੱਭ ਲਿਆ। ਹੋਰ ਵੀ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਰਾਹੀਂ ਉਹ ਨਿੱਤ ਨਵੀਂ ਦੁਨੀਆਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਆਸਮਾਨ ਦੇ ਭੇਤ ਲੈ ਕੇ ਚੰਨ ਤਾਰਿਆਂ ਦੇ ਸੀਨੇ ਤੇ ਜਾ ਚੜਿਆ ਹੈ। ਹਰ ਦਿਨ ਹਰ ਪਲ ਕੋਈ ਨਾ ਕੋਈ ਨਵੀਂ ਖੋਜ਼ ਹੁੰਦੀ ਰਹਿੰਦੀ ਹੈ।
               ਇਸ ਸਭ ਦੇ ਬਾਵਜੂਦ ਸਾਡਾ ਦੇਸ਼ ਹਜੇ ਵੀ ਧਰਮ ਕਰਮ ਦੇ ਚੱਕਰਾਂ ਵਿੱਚ ਉਲਝਿਆ ਹੋਇਆ ਹੈ। ਬੇਸ਼ਕ ਭਾਰਤ ਨੇ ਵੀ ਬਹੁਤ ਤਰੱਕੀ ਕੀਤੀ ਹੈ,ਪਰ ਇੱਥੇ ਅੰਧਵਿਸ਼ਵਾਸ ਦੀਆਂ ਗੰਢਾਂ ਐਡੀਆਂ ਪੀਡੀਆਂ ਹਨ ਕਿ ਖੋਲ੍ਹਿਆ ਵੀ ਨਹੀਂ ਖੁੱਲਦੀਆਂ। ਦੇਸ਼ ਦੇ ਨੇਤਾ ਜਿਹਨਾਂ ਨੇ ਵਿਕਾਸ ਦੇ ਨਵੇਂ ਰਾਹ ਖੋਲ੍ਹਣੇ ਸਨ ਉਹ ਆਪੋ ਆਪਣੇ ਧਰਮਾਂ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲੱਗੇ ਹੋਏ ਹਨ। ਸ਼ੁਰੂ ਤੋਂ ਹੁਣ ਤੱਕ ਇਹਨਾਂ ਗੱਲਾਂ ਕਰਕੇ ਲੋਕਾਂ ਨੇ ਇੱਕ ਦੂਜੇ ਦਾ ਖ਼ੂਨ ਵਹਾਇਆ ਹੈ। ਫੇਰ ਹੋਣਾ ਇਹ ਚਾਹੀਦਾ ਸੀ ਕਿ ਧਰਮ ਨੂੰ ਨਿੱਜ ਤੱਕ ਸੀਮਿਤ ਰੱਖਣਾ ਹੈ, ਪਰ ਇੱਥੇ ਤਾਂ ਦਿਖਾਵਿਆਂ ਨੇ ਹਨ੍ਹੇਰੀ ਲਿਆਂਦੀ ਹੋਈ ਹੈ। ਹਰ ਕੋਈ ਆਪਣੇ ਆਪਣੇ ਝੰਡੇ ਲਈ ਫ਼ਿਰਦਾ ਹੈ। ਜੇਕਰ ਅਸੀਂ ਇਹਨਾਂ ਵਖਰੇਵਿਆਂ ਵਿੱਚ ਹੀ ਉਲਝੇ ਰਹਾਂਗੇ ਫ਼ਿਰ ਵਿਕਾਸ ਕੌਣ ਕਰੇਗਾ?ਕਦੋਂ ਬਾਕੀ ਦੇਸ਼ਾਂ ਨਾਲ਼ ਜਾ ਕੇ ਰਲਾਗੇ?
             ਜਦੋਂ ਬਾਕੀ ਦੇਸ਼ਾਂ ਦੇ ਲੋਕ ਨਵੀਆਂ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ ਸਾਡੇ ਦੇਸ਼ ਦੇ ਲੋਕ ਮੰਦਰ, ਮਸਜਿਦ ਤੇ ਗੁਰਦੁਆਰੇ ਬਣਾਉਣ ਦੀਆਂ ਤਿਆਰੀਆਂ ਕਰਦੇ ਹਨ। ਮੈਂ ਕਿਸੇ ਧਰਮ ਦੇ ਖਿਲਾਫ਼ ਨਹੀਂ ਹਾਂ ਪਰ ਧਰਮ ਦੇ ਨਾਂ ਤੇ ਫੈਲੇ ਅੰਧ ਵਿਸ਼ਵਾਸ ਦੇ ਹੱਕ ਵਿੱਚ ਵੀ ਨਹੀਂ ਹਾਂ।
ਸਾਡਾ ਮੁਲਕ ਆਜ਼ਾਦੀ ਦੇ ਐਨੇ ਵਰ੍ਹਿਆਂ ਦੇ ਬਾਅਦ ਵੀ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਹੈ।ਸੋਚ ਬਦਲ ਗਈ ਹੈ ਪਰ ਅਸੀਂ ਅੰਦਰੋਂ ਓਹੀ ਹਾਂ, ਪੁਰਾਣੇ ਢੋਂਗੀ ਇਨਸਾਨ। ਦੇਸ਼ ਵਿੱਚ ਗਰੀਬੀ ਹੈ, ਅਨਪੜ੍ਹਤਾ ਹੈ, ਬੇਵਸੀ, ਲਾਚਾਰੀ ਹੈ, ਬੇਰੁਜ਼ਗਾਰੀ ਹੈ,ਜਨਸੰਖਿਆ ਲਗਾਤਾਰ ਵੱਧ ਰਹੀ ਹੈ, ਮਹਿਗਾਈ ਤੇ ਭੁੱਖਮਰੀ ਫੈਲੀ ਹੋਈ ਹੈ, ਭ੍ਰਿਸ਼ਟਾਚਾਰ ਧੁਰ ਅੰਦਰ ਤੱਕ ਜੜ੍ਹਾਂ ਬਣਾ ਚੁੱਕਿਆ ਹੈ, ਪ੍ਰਦੂਸ਼ਣ ਜਾਨਲੇਵਾ ਹੁੰਦਾ ਜਾ ਰਿਹਾ ਹੈ ਆਦਿ ਹੋਰ ਵੀ ਕਿੰਨੇ ਅਣਗਿਣਤ ਮਸਲੇ ਹਨ ਜਿਨ੍ਹਾਂ ਦਾ ਹੱਲ ਜ਼ਰੂਰੀ ਹੈ ਪਰ ਸਾਡੇ ਮਹਾਨ ਨੇਤਾ ਇਹਨਾਂ ਸਾਰੀਆਂ ਗੱਲਾਂ ਤੋਂ ਪੱਲਾ ਝਾੜ ਕੇ ਪ੍ਰਭੂ ਭਗਤੀ ਵਿੱਚ ਵਿਲੀਨ ਹਨ। ਰੱਬ ਆਪੇ ਹੇਠਾਂ ਆਏਗਾ ਤੇ ਇਹਨਾਂ ਦੀਆਂ ਜ਼ਿੰਮੇਦਾਰੀਆਂ ਨੂੰ ਨਿਭਾਏਗਾ।
        ਵਾਹ ਬਈ ਵਾਹ! ਉੱਤੋਂ ਜਨਤਾ ਇਹੋ ਜਿਹੀ ਸੁੱਤੀ ਹੋਈ ਕਿ ਚਾਹੇ ਜੋ ਮਰਜ਼ੀ ਹੋਈ ਜਾਵੇ, ਸਾਨੂੰ ਕੀ ਲੈਣਾ ਦੇਣਾ। ਅਸੀਂ ਤਾਂ ਵੋਟਾਂ ਬਦਲੇ ਸ਼ਰਾਬਾਂ ਪੀਣੀਆਂ ਤੇ ਮੁਫ਼ਤ ਦੀਆਂ ਕੁਝ ਚੀਜ਼ਾਂ ਲੈ ਕੇ ਚਾਰ ਦਿਨ ਵਧੀਆ ਗੁਜਾਰਨੇ ਹਨ। ਫ਼ੇਰ ਭਵਾਂ ਚੱਕੀ ਪੀਹੀ ਜਾਈਐ ਤੇ ਭਾਵੇਂ ਕੋਹਲੂ ਦੇ ਬੈਲ ਬਣੇ ਫਿਰੀਏ।
                ਸਾਡੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ। ਵਡਭਾਗੇ ਹਾਂ ਕਿ ਅਜਿਹੀ ਧਰਤੀ ਤੇ ਜਨਮ ਹੋਇਆ ਹੈ। ਬੜੇ ਬੜੇ ਗ੍ਰੰਥ ਤੇ ਵੇਦਾਂ ਦੀ ਰਚਨਾਂ ਏਥੇ ਹੋਈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਜਿਸ ਮਕਸਦ ਲਈ ਸਾਡੇ ਗੁਰੂ- ਪੀਰਾਂ ਨੇ ਆਪਣੀਆਂ ਜ਼ਿੰਦਗੀਆਂ ਲਗਾ ਦਿੱਤੀਆਂ ਉਹ ਮਕਸਦ ਅਸੀਂ ਜਮਾਂ ਹੀ ਭੁੱਲ ਗਏ ਹਾਂ। ਅਸੀਂ ਬੱਸ ਫ਼ੋਕੀ ਭਗਤੀ ਤੇ ਦਿਖਾਵਾ ਲੈ ਕੇ ਤੁਰੇ ਹੋਏ ਹਾਂ।ਅਸਲ ਵਿੱਚ ਪਿਆਰ ਨਾ ਰੱਬ ਨਾਲ਼ ਹੈ ਤੇ ਨਾ ਹੀ ਓਹਦੀ ਪੈਦਾ ਕੀਤੀ ਇਨਸਾਨੀਅਤ ਨਾਲ਼।
              ਕਦੇ ਕਦੇ ਬਹੁਤ ਹੈਰਾਨੀ ਹੁੰਦੀ ਹੈ ਕਿ ਅਸੀਂ ਰੱਬ ਨੂੰ ਸੋਨੇ,ਚਾਂਦੀ ਤੇ ਨਗਦੀ ਚੜ੍ਹਾਉਂਦੇ ਹਾਂ। ਅਜ਼ੀਬ ਗੱਲ ਹੈ ਕਿ ਅਸੀਂ ਦਾਤੇ ਨੂੰ ਹੀ ਦਾਨ ਦਾ ਪਾਤਰ ਬਣਾ ਦਿੱਤਾ ਹੈ। ਮੇਰੇ ਖ਼ਿਆਲ ਨਾਲ਼ ਇੰਝ ਰੱਬ ਨੇ ਖ਼ੁਸ਼ ਨਹੀਂ ਹੋਣਾ ਪਰ ਜੇਕਰ ਇਹੀ ਪੈਸਾ ਅਸੀਂ ਗਰੀਬ ਜਾਂ ਜ਼ਰੂਰਤਮੰਦ ਲੋਕਾਂ ਨੂੰ ਦੇਈਏ ਤਾਂ ਸ਼ਾਇਦ ਰੱਬ ਖੁਸ਼ ਹੋ ਜਾਵੇ।      ਭਲਿਓ ਲੋਕੋ! ਸਾਰੀ ਜ਼ਿੰਦਗ਼ੀ ਵਹਿਮਾਂ ਤੇ ਪੱਥਰਾਂ ਨਾਲ ਮੱਥਾ ਮਾਰਦੇ ਰਹਿੰਦੇ ਹੋ ਜਦਕਿ ਉਸ ਵਿਸ਼ਾਲ ਕਾਇਨਾਤ ਦੇ ਮਾਲਕ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਲੱਭ ਸਕਦੇ ਹੋ।
              ਗਿਆਨ ਕੋਈ ਦਿਖਾਵਾ ਨਹੀਂ ਹੈ। ਜੇਕਰ ਤੁਹਾਡੇ ਕੋਲ਼ ਗਿਆਨ ਵਧੇਰੇ ਹੈ ਤਾਂ ਵੰਡੋ, ਪਰ ਹੰਕਾਰ ਕਰ ਲਿਆ ਤਾਂ ਰਾਵਣ ਵਾਂਗ ਹਮੇਸ਼ਾਂ ਜਲਾਏ ਜਾਓਗੇ। ਰੱਬ ਕੋਈ ਖਿਡੌਣਾ ਨਹੀਂ ਹੈ ਜੋ ਤੁਸੀਂ ਫੜ ਕੇ ਕਿਤੇ ਵੀ ਬਿਠਾ ਦਿਓਗੇ।ਰੱਬ ਇੱਕ ਅਜਿਹੀ ਸ਼ਕਤੀ ਹੈ ਜਿਸ ਨੂੰ ਸੱਚੇ ਦਿਲ ਨਾਲ਼ ਮਹਿਸੂਸ ਕੀਤਾ ਜਾ ਸਕਦਾ ਹੈ, ਜ਼ਬਰਦਸਤੀ ਕਬਜ਼ਾ ਨਹੀਂ ਕੀਤਾ ਜਾ ਸਕਦਾ।
                ਹਜੇ ਵੀ ਵਕਤ ਹੈ। ਭੁੱਲੇ ਭੱਟਕੇ ਜੇ ਮੰਜ਼ਿਲ ਵੱਲ ਮੁੜ ਪੈਣ ਤਾਂ ਕਦੇ ਨਾ ਕਦੇ ਪਹੁੰਚ ਹੀ ਜਾਂਦੇ ਹਨ। ਪਰ ਜੇਕਰ ਅੱਖਾਂ ਬੰਦ ਕਰਕੇ ਹਨ੍ਹੇਰੇ ਖੂਹ ਵਿੱਚ ਡਿੱਗ ਪਏ ਤਾਂ ਕੋਈ ਬਚਾਅ ਨਹੀਂ ਹੋ ਸਕਦਾ। ਮਨ ਦੀ ਭਟਕਣ ਨੂੰ ਦੂਰ ਕਰਕੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਓ ਤੇ ਗੁਰੂ ਨਾਨਕ ਦੇਵ ਜੀ ਵਾਂਗ ਹੱਥੀਂ ਕਿਰਤ ਤੇ ਨਾਮ ਦੀ ਕਮਾਈ ਕਰਕੇ ਆਪਣਾ ਜੀਵਨ ਸਫ਼ਲ ਕਰੋ। ਮਾਨਵਤਾ ਦੀ ਸੇਵਾ ਤੇ ਕੁਦਰਤ ਨਾਲ ਮੁਹੱਬਤ ਕਰਕੇ ਦੇਖੋ ਹਰ ਪਾਸੇ ਰੱਬ ਨਜ਼ਰ ਆਵੇਗਾ।ਬਾਹਰ ਦੇ ਬਿੱਖਰੇ ਹੋਏ ਧਿਆਨ ਨੂੰ ਇੱਕਠਾ ਕਰੋ ਤੇ ਓਸ ਅਸਲ ਨਾਲ਼ ਇੱਕਮਿਕ ਹੋ ਜਾਓ।
          ਜਾਗੋ ਤੇ ਮਨੁੱਖਤਾ ਨੂੰ ਜਾਗ੍ਰਿਤ ਕਰੋ। ਆਧੁਨਿਕ ਪਹਿਰਾਵੇ ਦੇ ਨਾਲ਼ ਆਧੁਨਿਕ ਸੋਚ ਦੇ ਧਾਰਨੀ ਬਣੋ।
ਮਨਜੀਤ ਕੌਰ ਧੀਮਾਨ, 
 ਸ਼ੇਰਪੁਰ, ਲੁਧਿਆਣਾ।   
 ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਆਕਾਸ਼ਵਾਣੀ ਜਲੰਧਰ ਹੁਣ ਕਿੱਧਰ ਨੂੰ ?
Next articleਤਿੰਨ ਪੱਪੇ-