(ਸਮਾਜ ਵੀਕਲੀ)- ਜ਼ੀਰਕਪੁਰ ਦੇ ਨੇੜਿਓਂ ਇੱਕ ਪਿੰਡ ‘ਚੋ ਇੱਕ ਕਾਰ ਤੇ ਕੁਝ ਲੋਕ ਆਏ । ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਚੰਗੇ ਭਲੇ ਨਵੇਂ ਸੀਤੇ ਕੱਪੜੇ ਕੱਟੇ ਜਾਂਦੇ ਹਨ । ਉਹ ਕੁਝ ਕੱਟੇ ਹੋਏ ਕੱਪੜੇ ਵਿਖਾਉਣ ਲਈ ਨਾਲ ਵੀ ਲੈਕੇ ਆਏ ਸਨ । ਗੱਲਬਾਤ ਤੋਂ ਪਤਾ ਲੱਗਾ ਕਿ ਸਾਰੇ ਕੱਪੜੇ ਘਰ ਵਿਚਲੀ ਮੁਖੀ ਔਰਤ ਦੇ ਹੀ ਸਨ । ਘਰ ਦੇ ਮੈਂਬਰਾਂ ਬਾਰੇ ਜਾਣਕਾਰੀ ਲਈ ਤਾਂ ਘਰ ਵਿੱਚ ਪੰਜ ਮੈਂਬਰ ਹੀ ਸਨ। ਮਾਂ-ਬਾਪ , ਨੂੰਹ-ਪੁੱਤ ਤੇ ਇੱਕ ਨਵ ਜੰਮੀ ਬੱਚੀ | ਬੱਚੀ ਨੂੰ ਮੈਂ ਪੜਤਾਲ ਚੋਂ ਬਾਹਰ ਰੱਖ ਕੇ ਕੁਝ ਸਵਾਲ ਕੀਤੇ । ਜਦੋਂ ਨੂੰਹ-ਪੁੱਤ ਬੱਚੀ ਦੇ ਜਨਮ ਕਾਰਣ ਹਸਪਤਾਲ ਵਿੱਚ ਸਨ , ਉਦੋਂ ਵੀ ਇੱਕ ਸੂਟ ਕੱਟਿਆ ਗਿਆ ਸੀ । ਹੁਣ ਬਚੇ ਘਰ ਦੇ ਮੁਖੀ ਔਰਤ-ਮਰਦ , ਇਹਨਾਂ ਵਿੱਚੋਂ ਵੀ ਮੈਂ ਮਰਦ ਨੂੰ ਪਾਸੇ ਕਰ ਦਿੱਤਾ ,ਕਿਓਂਕਿ ਹਰ ਕੱਪੜਾ ਉਸ ਔਰਤ ਦਾ ਹੀ ਕੱਟਿਆ ਗਿਆ ਸੀ ਤੇ ਹਰ ਵਾਰ ਉਸ ਔਰਤ ਨੇ ਹੀ ਸਭ ਤੋਂ ਪਹਿਲਾਂ ਵੇਖਿਆ ਸੀ । ਕਈ ਵਾਰ ਬੰਦਾ ਘਟਨਾ ਵੇਲੇ ਆਪਣੇ ਕੰਮ ਤੇ ਸੀ । ਮੈਂ ਉਸ ਔਰਤ ਤੋਂ ਬਿਨ੍ਹਾਂ ਸਭ ਨੂੰ ਬਾਹਰ ਜਾਣ ਲਈ ਕਿਹਾ ।
ਉਹਨਾਂ ਦੇ ਬਾਹਰ ਜਾਂਦੇ ਹੀ, ਮੈਂ ਉਸ ਔਰਤ ਨੂੰ ਕਿਹਾ ,” ਹੁਣ ਇਥੇ ਮੇਰੇ ਤੇ ਤੇਰੇ ਬਿਨ੍ਹਾਂ ਕੋਈ ਨਹੀਂ ਹੈ , ਮੇਰੀ ਗੱਲ ਨੂੰ ਧਿਆਨ ਨਾਲ ਸੁਣੀ ,ਹਰ ਇਨਸਾਨ ਦੀ ਇੱਜਤ ਬੇਜਤੀ ਬਹੁਤ ਕਰਕੇ ਉਹਦੇ ਆਪਣੇ ਹੱਥ ਹੁੰਦੀ ਹੈ । ਅਗਰ ਮੈਂ ਤੇਰੇ ਘਰਦਿਆਂ ਨੂੰ ਦੱਸ ਦੇਵਾਂ ਕਿ ਇਹ ਸਾਰਾ ਕੰਮ ਤੂੰ ਖੁਦ ਕਰਦੀ ਹੈਂ ਤਾਂ ਘਰ ਚ ਤੇਰੀ ਇੱਜਤ ਕਿੰਨੀ ਕੁ ਹੋਊ ?”
ਕਹਿੰਦੀ , ” ਮੈਨੂੰ ਕੀ ਲੋੜ ਹੈ ਆਪਣੇ ਹੀ ਨਵੇਂ ਕੱਪੜੇ ਕੱਟਣ ਦੀ , ਇਹ ਤਾਂ ਕੋਈ ਓਪਰੀ ਚੀਜ਼ ਕੱਟਦੀ ਏ ।”
ਮੈਂ ਕਿਹਾ , ” ਮੈਂ ਤੈਨੂੰ ਇਹ ਨਹੀਂ ਪੁੱਛਿਆ ਕਿ ਕੌਣ ਕੱਟਦਾ ਏ , ਮੈਂ ਤਾਂ ਦੱਸ ਰਿਹਾ ਹਾਂ ਕਿ ਤੂੰ ਕੱਟਦੀ ਹੈ । ਇਹ ਕੰਮ ਤੂੰ ਬਿਨ੍ਹਾਂ ਕਿਸੇ ਕਾਰਣ ਤੋਂ ਨਹੀਂ ਕਰਦੀ , ਬਲਕਿ ਇਹਦੇ ਪਿੱਛੇ ਤੇਰਾ ਕੋਈ ਮਸਲਾ ਹੈ ,ਜਿਸਦਾ ਹੱਲ ਕਰਨਾ ਬਹੁਤ ਜਰੂਰੀ ਹੈ । ਸਭ ਤੋਂ ਪਹਿਲਾਂ ਤੂੰ ਬੇਫਿਕਰ ਹੋਜਾ ਕਿ ਮੈਂ ਤੇਰੀ ਕੋਈ ਬੇਜਤੀ ਹੋਣ ਦਿਆਂਗਾ , ਉਲਟਾ ਤੇਰਾ ਮਸਲਾ ਹੱਲ ਕਰਕੇ ਤੇਰੀ ਘਰੇਲੂ ਜਿੰਦਗੀ ਨੂੰ ਖ਼ੁਸ਼ਨੁਮਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ।”
” ਮੈਂ ਤਾਂ ਨਹੀਂ ਕਰਦੀ ਇਹ ਕੰਮ ।” ਉਹਨੇ ਇੱਕ ਵਾਰ ਫਿਰ ਕਿਹਾ ।
ਮੈਂ ਕਿਹਾ ,” ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਹਾਂ ਕਿ ਤੂੰ ਜਾਣਬੁਝ ਕੇ ਕੁਝ ਨਹੀਂ ਕਰਦੀ ,ਇਹਦੇ ਪਿੱਛੇ ਕੋਈ ਮਸਲਾ ਜਰੂਰ ਹੈ ।” ਝੋਦਟਨ
ਕਹਿੰਦੀ ,” ਹਾਂ , ਹੋ ਸਕਦਾ ਹੈ ਇਹ ਉਦੋਂ ਹੋ ਜਾਂਦਾ ਹੋਵੇ ਜਦੋਂ ਮੈਂ ਹੋਸ਼ ਵਿੱਚ ਨਾ ਹੋਵਾਂ ।”
ਉਹ ਆਪਣਾ ਜ਼ੁਰਮ ਗੋਲਮੋਲ ਗੱਲ ਨਾਲ ਮੰਨ ਚੁੱਕੀ ਸੀ ।
ਮੈਂ ਉਹਨੂੰ ਆਪਣਾ ਮਸਲਾ ਦੱਸਣ ਬਾਰੇ ਕਿਹਾ । ਉਹਨੇ ਦੱਸਿਆ ਕਿ ਉਹਦੇ ਘਰਵਾਲੇ ਦਾ ਸੰਬੰਧ ਕਿਸੇ ਹੋਰ ਔਰਤ ਨਾਲ ਹੈ । ਉਹ ਘਰ ਵਿੱਚ ਕੋਈ ਖਰਚਾ ਨਹੀਂ ਦਿੰਦਾ । ਮੈਂ ਉਹਨੂੰ ਵਿਸ਼ਵਾਸ ਦਵਾਇਆ ਕਿ ਉਹਦਾ ਮਸਲਾ ਹੱਲ ਹੋ ਜਾਵੇਗਾ , ਪਰ ਅੱਜ ਤੋਂ ਉਹ ਇਹੋ ਜਿਹਾ ਕੋਈ ਕੰਮ ਨਹੀਂ ਕਰੇਗੀ , ਜੋ ਓਪਰੀ ਚੀਜ਼ ਦੇ ਨਾਂ ਲੱਗੇ ।
ਉਹ ਫਿਰ ਕਹਿੰਦੀ , ” ਮੈਂ ਖੁਦ ਕੁਝ ਨਹੀਂ ਕਰਦੀ ਓਪਰੀ ਚੀਜ਼ ਹੀ ਕਰਵਾਉਂਦੀ ਹੋਊ ।”
ਮੈਂ ਸਮਝ ਗਿਆ ਕਿ ਇਹਦੇ ਮਨ ਚੋਂ ਵਹਿਮ ਕੱਢਣਾ ਬਹੁਤ ਜਰੂਰੀ ਹੈ । ਮੈਂ ਉਹਦੇ ਘਰਦਿਆਂ ਨੂੰ ਅੰਦਰ ਬੁਲਾਇਆ ਤੇ ਉਸ ਔਰਤ ਨੂੰ ਸੰਮੋਹਿਤ ਕਰਕੇ ਕੁਝ ਆਦੇਸ਼ ਦਿੱਤੇ ਤੇ ਨੀਂਦ ਤੋਂ ਜਗਾ ਦਿੱਤਾ । ਹੁਣ ਵਾਰੀ ਸੀ ਉਸ ਬੰਦੇ ਦੀ । ਮੈਂ ਉਸ ਬੰਦੇ ਤੋਂ ਬਿਨ੍ਹਾਂ ਸਭ ਨੂੰ ਬਾਹਰ ਭੇਜ ਦਿੱਤਾ । ਉਹ ਬੰਦਾ ਅਖਬਾਰਾਂ ਵੰਡਣ ਦਾ ਕੰਮ ਕਰਦਾ ਹੈ । ਉਹਦੇ ਨਾਲ ਇੱਕ ਲੰਮੀ ਵਾਰਤਾ ਨਾਲ ਮੈਂ ਉਹਦੀ ਮਾਨਸਿਕਤਾ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ । ਉਹਨੇ ਖਰਚਾ ਦੇਣਾ ਵੀ ਮੰਨ ਲਿਆ ਤੇ ਆਪਣੇ ਗੁਨਾਹ ਤੋਂ ਤੌਬਾ ਕੀਤੀ । ਸਭ ਕੁਝ ਠੀਕ ਹੋ ਗਿਆ ।