ਕਿਸੇ ਵੇਲੇ ਦਫਤਰਾਂ ‘ਚ ਵਖਰਾ ਮਾਹੌਲ ਸਿਰਜਦਾ ਸੀ ਟਾਈਪਰਾਈਟਰ

(ਸਮਾਜ ਵੀਕਲੀ)- ਟਾਈਪਰਾਈਟਰ, ਇਕ ਐਸੀ ਮਸ਼ੀਨ ਜਿਸ ਦੀ ਮਦਦ ਨਾਲ ਕਾਗਜ਼ ‘ਤੇ ਹੱਥਾਂ ਨਾਲੋਂ ਤੇਜ਼ ਅੱਖਰਾਂ ਨੂੰ ਲਿਖਿਆ ਜਾ ਸਕਦਾ ਹੈ। ਕਿਸੇ ਵੇਲੇ ਟਾਈਪਰਾਈਟਰਾਂ ਦੀ ਟਿੱਕ ਟਿੱਕ ਕਰਦੀ ਆਵਾਜ਼ ਦਫ਼ਤਰਾਂ ਵਿੱਚ ਇੱਕ ਵੱਖਰਾ ਮਾਹੌਲ ਸਿਰਜਦੀ।  ਇਨ੍ਹਾਂ ਨੂੰ ਦਫ਼ਤਰਾਂ ਵਿੱਚ ਅਜਿਹੀ ਥਾਂ ਰੱਖਿਆ ਜਾਂਦਾ, ਜਿੱਥੇ ਵੱਧ ਤੋਂ ਵੱਧ ਲੋਕ ਇਸ ਨੂੰ ਵੇਖ ਸਕਣ ਕਿਉਂਕਿ ਲਿਖ਼ਤੀ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਹੋਣ ਦਾ ਅਹਿਸਾਸ ਦਿਵਾਉਂਦਾ ਸੀ ਟਾਈਪਰਾਈਟਰ। ਇਸ ਮਸ਼ੀਨ ਨੂੰ ਦਫ਼ਤਰ ਦਾ ਅਹਿਮ ਹਿੱਸਾ ਬਣਾਕੇ ਇੱਕ ਵੱਖਰਾ ਪਾਤਰ ਬਣਾਇਆ ਜਾਂਦਾ ਰਿਹਾ। ਇਹ ਵੱਡੇ ਪਧਰ ਤੇ ਇੱਕ ਉਪਯੋਗੀ ਮਸ਼ੀਨ ਬਣੀ। ਟਾਈਪਿੰਗ ਦੇ ਗਿਆਨ ਤੋਂ ਬਿਨਾਂ ਨੌਕਰੀ ਵੀ ਨਹੀਂ ਮਿਲਦੀ ਸੀ। ਬਕਾਇਦਾ ਇਸ ਦੀ ਇੱਕ ਪ੍ਰੀਖਿਆ ਹੁੰਦੀ ਸੀ। ਪ੍ਰਤੀ ਮਿੰਟ 80 ਅੱਖਰ ਟਾਈਪ ਕਰਨ ਵਾਲਾ ਸਫਲ ਮੰਨਿਆ ਜਾਂਦਾ ਸੀ।

ਗੱਲ ਕਰੀਏ ਟਿੱਕ ਟਿੱਕ ਕਰਦੀ ਮਸ਼ੀਨ ਟਾਈਪਰਾਈਟਰ ਦੀ ਖ਼ੋਜ ਦੀ ਤਾਂ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਬ੍ਰਿਟਿਸ਼ ਨਾਗਰਿਕ ਹੈਨਰੀ ਮਿਲਰ ਦਾ ਜਿਸ ਦੇ ਮਨ ਵਿਚ ਸੰਨ 1714 ‘ਚ ਇੱਕ ਖ਼ਿਆਲ ਆਇਆ ਕੀ  ਕਿੰਨਾ ਵਧੀਆ ਹੋਵੇ ਜੇ ਲਿਖਣਾ ਹੱਥਾਂ ਤੋ ਬਗੈਰ ਇਕ ਮਸ਼ੀਨ ਨਾਲ ਕੀਤਾ ਜਾਵੇ, ਜਿਸ ਨਾਲ ਲਿਖਾਈ ਵੀ ਸੋਹਣੀ ਆਵੇਗੀ ਅਤੇ ਹਰ ਕੋਈ ਇਸ ਨੂੰ ਬਹੁਤ ਸੌਖੇ ਤਰੀਕੇ ਨਾਲ ਪੜ੍ਹ ਸਕੇਗਾ। ਓਹਨਾਂ ਨੇ ਇਸ ਕਿਸਮ ਦੀ ਇਕ ਮਸ਼ੀਨ ਦਾ ਪੇਟੈਂਟ ਵੀ ਤਿਆਰ ਕਰਵਾਇਆ। ਪਰ ਅਫਸੋਸ ਮਿਲਰ ਇਸ ਵਿਚ ਕਾਮਯਾਬ ਨਾ ਹੋ ਸਕੇ ।
ਓਸ ਤੋ ਬਾਅਦ ਇਟਲੀ ਦੇ ਪੇਲੇਘਿਨੋ ਟੂਰੀ ਅਤੇ ਵਿਲੀਅਮ ਆਸਟਿਨ ਬਰਟ ਵਰਗੇ ਕਈ ਖੋਜਕਾਰਾਂ ਨੇ ਵੀ ਅਜਿਹੀ ਮਸ਼ੀਨ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਕਾਮਯਾਬੀ ‘ਚ ਓਹ ਵੀ ਵਾਂਝੇ ਹੀ ਰਹਿ ਗਏ।  ਫੇਰ ਆਖਿਰਕਾਰ 1867 ਵਿੱਚ ਅਮਰੀਕੀ ਵਪਾਰੀ ਦੋ ਨੌਜਵਾਨਾਂ ਨੇ ਇਸ ਵਿਚ ਕਾਮਯਾਬੀ ਹਾਸਲ ਕੀਤੀ। ਥਾਮਸਨ ਜੇ. ਵਾਟਸਨ ਅਤੇ ਕ੍ਰਿਸਟੋਫਰ ਲੈਥਮ ਸ਼ੋਲਜ਼ ਨਾਮਕ ਦੋ ਵਿਅਕਤੀਆਂ  ਨੇ ਪਿਛਲੇ ਖੋਜਕਾਰਾਂ ਵਲੋਂ ਕੀਤੇ ਗਏ ਸਾਰੇ ਯਤਨਾਂ ਤੋਂ ਸਿੱਖਿਆ ਲੈਕੇ  ਇੱਕ ਐਸਾ ਟਾਈਪਰਾਇਟਰ ਬਣਾਈਆ ਜੋ ਹੱਥਾਂ ਤੋ ਬਗੈਰ ਕਾਗਜ਼ ਉਪਰ ਲਿਖਦਾ ਸੀ। ਫੇਰ ਉਹਨਾਂ ਨੇ 1868 ਵਿੱਚ ਇੱਕ ਪ੍ਰੈਕਟੀਕਲ ਟਾਈਪਰਾਈਟਰ ਬਣਾਇਆ ਅਤੇ ਇਸਨੂੰ ਪੇਟੈਂਟ ਕਰਵਾ ਲਿਆ। ਉਹ ਇੱਕ ਪੇਟੈਂਟ ਪ੍ਰਾਪਤ ਕਰਨ ਵਿੱਚ ਸਫਲ ਰਹੇ। ਆਖਿਰ ਦੁਨੀਆ ਨੂੰ ਉਹ ਯੰਤਰ ਮਿਲ ਹੀ ਗਿਆ ਜਿਸਦੀ ਮਿੱਲਰ ਨੇ ਕਲਪਨਾ ਕੀਤੀ ਸੀ।
ਪਰ ਸ਼ੋਲਜ਼ ਇਸ ਟਾਈਪਰਾਈਟਰ ਨੂੰ ਵੇਚਣ ਵਿੱਚ ਸਫ਼ਲਤਾ ਦਾ ਮੂੰਹ ਨਹੀਂ ਵੇਖ ਸਕੇ ਅਤੇ ਕੁਝ ਸਾਲਾਂ ਬਾਅਦ ਓਹਨਾਂ ਨੇ ਪ੍ਰਸਿੱਧ ਬੰਦੂਕ ਬਨਾਉਣ ਵਾਲੀ ਇੱਕ ਫੈਕਟਰੀ ਈ. ਰੇਮਿੰਗਟਨ ਨੂੰ ਇਸ ਦੇ ਅਧਿਕਾਰ ਅਤੇ ਡਿਜ਼ਾਈਨ ਦੇ ਦਿੱਤੇ। ਰੇਮਿੰਗਟਨ ਕੰਪਨੀ  ਨੇ 1874 ਵਿੱਚ ਜੋ ਟਾਈਪਰਾਈਟਰ ਬਜ਼ਾਰ ਵਿੱਚ ਪੇਸ਼ ਕੀਤਾ, ਉਹ ਹਰ ਪੱਖੋਂ ਸਿੱਧ ਹੋਇਆ ਅਤੇ ਬਾਜ਼ਾਰ ਨੇ ਇਸ ਨੂੰ ਸਵੀਕਾਰ ਕਰ ਲਿਆ। ਰੇਮਿੰਗਟਨ ਕੰਪਨੀ ਤੋ ਬਾਅਦ ਟਾਈਪਰਾਈਟਰ ਨੂੰ ਅਮਰੀਕਾ, ਇੰਗਲੈਂਡ, ਇਟਲੀ, ਜਰਮਨੀ, ਸਵੀਡਨ ਵਰਗੇ ਕਈ ਦੇਸ਼ਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਬਣਾਉਣ ਲਗੀਆਂ। ਭਾਰਤ ਵਿੱਚ ਟਾਈਪਰਾਈਟਰ ਨੂੰ ਸਭ ਤੋਂ ਪਹਿਲਾਂ 1955 ਵਿੱਚ ਗੋਦਰੇਜ ਕੰਪਨੀ ਨੇ ਬਣਾਇਆ ਸੀ।
ਹੁਣ ਗੱਲ ਕਰਦੇ ਹਾਂ ਇਹ ਟਾਈਪਰਾਈਟਰ ਕੰਮ ਕਿਵੇਂ ਕਰਦਾ। ਇਸ ਮਸ਼ੀਨ ‘ਚ ਇੱਕ ਕੀ-ਬੋਰਡ ਹੁੰਦਾ ਹੈ, ਜਿਸ ਵਿਚ ਟਾਈਪ ਕੀਤੇ ਜਾਣ ਵਾਲੇ ਸਾਰੇ ਅੱਖਰ ਜੁੜੇ ਹੁੰਦੇ ਹਨ। ਕਾਗਜ਼ ਨੂੰ ਰੱਖਣ ਲਈ ਸਿਲੰਡਰ ਆਕਾਰ ਦਾ ਇਕ ਡੰਡਾ ਹੁੰਦਾ ਹੈ, ਜੋ ਟਾਈਪਰਾਈਟਰ ਮਸ਼ੀਨ ਚਲਣ ਤੇ ਹੀ ਹਿਲਦਾ ਹੈ। ਟਾਈਪਿੰਗ ਕਰਨ ਵੇਲੇ ਕੀ – ਬੋਰਡ ਦੇ ਅੱਖਰ ( ਜੋ ਅਸੀਂ ਪ੍ਰੈਸ ਕਰਦੇ ਹਾਂ ) ਸਿਆਹੀ ਵਾਲੇ ਰਿਬਨ ਤੇ ਟਕਰਾ ਕੇ ਸਿਲੰਡਰ ਆਕਾਰ ਵਾਲੇ ਡੰਡੇ ਨਾਲ ਟਕਰਾ ਜਾਂਦੇ ਹਨ ਅਤੇ ਇਸ ਤਰ੍ਹਾਂ ਅੱਖਰ ਸਿਲੰਡਰ ਆਕਾਰ ਵਾਲੇ ਡੰਡੇ ਦੇ ਦੁਆਲੇ ਲਪੇਟੇ ਕਾਗਜ਼ ‘ਤੇ ਟਾਈਪ ਹੋ ਜਾਂਦੇ ਹਨ। ਜਦੋ ਇਹ ਮਸ਼ੀਨ ਚਲਦੀ ਹੈ ਤਾਂ ਟਿੱਕ ਟਿੱਕ ਦੀ ਆਵਾਜ਼ ਤੋਂ ਪਛਾਣੀ ਜਾਂਦੀ ਹੈ, ਸਮਝੋ ਇਸ ਮਸ਼ੀਨ ਤੇ ਕੁੱਝ ਨਾ ਕੁਝ ਟਾਈਪ ਹੋ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਛੋਟੇ – ਛੋਟੇ ਕਈ ਪੁਰਜੇ ਇਸ ਮਸ਼ੀਨ ਵਿੱਚ ਫਿੱਟ ਕੀਤੇ ਜਾਂਦੇ ਹਨ। ਜਿੰਨ੍ਹਾ ਦੁਆਰਾ ਅੱਖਰਾਂ ਨੂੰ ਵੱਡੇ ਜਾਂ ਛੋਟੇ  ਟਾਈਪ ਕੀਤਾ ਜਾ ਸਕੇ। ਤਕਰੀਬਨ ਹਰ ਭਾਸ਼ਾ ਨੂੰ ਇਸ ਮਸ਼ੀਨ ਰਾਹੀ ਟਾਈਪ ਕੀਤਾ ਜਾਂਦਾ ਰਿਹਾ ਹੈ।
ਪਤਾ ਨਹੀਂ ਕਿੰਨੇ ਲੋਕਾਂ ਨੇ ਟਾਈਪਰਾਈਟਰਾਂ ਨਾਲ ਆਪਣੀਆਂ ਨਜ਼ਦੀਕੀਆਂ ਬਣਾਈਆਂ। ਅਤੀਤ ਵਿੱਚ ਟਾਈਪਰਾਈਟਰ ਨਾਲ ਜੁੜਿਆ ਹਰ ਵਿਅਕਤੀ ਇਸਦੀ ਹਰਕਤ, ਦਿੱਖ ਅਤੇ ਆਵਾਜ਼ ਤੋਂ ਜ਼ਰੂਰ ਆਕਰਸ਼ਿਤ ਹੋਇਆ ਹੋਵੇਗਾ। ਇੰਨਾ ਹੀ ਨਹੀਂ, ਇਹ ਇਕ ਮਸ਼ੀਨ ਹੋਣ ਦੇ ਬਾਵਜੂਦ ਹਰ ਕਿਸੇ ਦੀ ਦੋਸਤ,ਸਹਿਯੋਗੀ ਤੋਂ ਇਲਾਵਾ ਇੱਕ ਕਮਾਈ ਦਾ ਸਾਧਨ ਵੀ ਬਣੀ।
ਕੰਪਿਊਟਰ ਕ੍ਰਾਂਤੀ ਦੇ ਇਸ ਯੁੱਗ ਨੇ ਪੂਰੀ ਦੁਨੀਆ ‘ਚ ਸਭ ਤੋਂ ਵੱਧ  ਟਾਈਪਰਾਈਟਰ ਨੂੰ ਪ੍ਰਭਾਵਿਤ ਕੀਤਾ। ਟਾਈਪਰਾਈਟਰ, ਜੋ ਕਦੇ ਹਰ ਦਫ਼ਤਰ ਅਤੇ ਹਰ ਘਰ ਦਾ ਇਕ ਅਹਿਮ ਅੰਗ ਮੰਨਿਆ ਜਾਂਦਾ ਸੀ, ਹੌਲੀ-ਹੌਲੀ ਇਤਿਹਾਸ ਦੇ ਪੰਨਿਆਂ ਤੇ ਅਲੋਪ ਹੁੰਦਾ ਜਾ ਰਿਹਾ ਹੈ। ਪਰ ਫੇਰ ਵੀ ਜ਼ਿਆਦਾਤਰ ਅਦਾਲਤੀ ਕੰਮ ਅੱਜ ਵੀ ਟਾਈਪਰਾਈਟਰਾਂ ਦੀ ਮਦਦ ਨਾਲ਼ ਕੀਤਾ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਟਾਈਪਰਾਈਟਰ ਦੀ ਵਰਤੋ ਘੱਟ ਹੋਣ ਦੇ ਬਾਵਜੂਦ ਵੀ ਕਈ ਨੌਜਵਾਨਾਂ ਵਿੱਚ ਟਾਈਪਰਾਈਟਰ ਸਿੱਖਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕਈ ਥਾਵਾਂ ‘ਤੇ ਸਰਕਾਰੀ ਪ੍ਰੀਖਿਆ ਪਾਸ ਕਰਨ ਲਈ ਟਾਈਪਰਾਈਟਰ ‘ਤੇ ਟਾਈਪਿੰਗ ਦਾ ਟੈਸਟ ਵੀ ਲਿਆ ਜਾਂਦਾ ਹੈ। ਜਿਸ ਕਾਰਨ ਕਈ ਨੌਜਵਾਨਾਂ ‘ਚ ਟਾਈਪਰਾਈਟਰ ਸਿੱਖਣ ਦਾ ਜਨੂੰਨ ਅੱਜ ਵੀ ਬਰਕਰਾਰ ਹੈ

 ਬਲਦੇਵ ਸਿੰਘ ਬੇਦੀ
      ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕੰਨਿਆ ਸਕੂਲ ਰੋਪੜ ਵਿਖੇ ਬਲਾਕ ਪੱਧਰੀ ਮੁਕਾਬਲੇ ਹੋਏ 
Next articleਪੰਛੀਆਂ ਨੇ ਹੈ ਰੌਣਕ ਲਾਈ…