ਗੁਰਦੁਆਰਾ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)-ਸਾਲ ਪਹਿਲਾਂ ਜਸਵੰਤ ਸਿੰਘ ਦੀ ਨੂੰਹ ਦੇ ਮਾਮੇ ਦੇ ਮੁੰਡੇ ਅਮਰੀਕ ਦਾ ਸਕੂਟਰ  ਫੋਰ ਵੀਲਰ ਨਾਲ ਟਕਰਾ ਗਿਆ ਸੀ। ਉਸ ਦੀ ਸੱਜੀ ਬਾਂਹ ਤੇ ਕਾਫੀ ਸੱਟ ਲੱਗ ਗਈ ਸੀ। ਉਸ ਦੀ ਸੱਜੀ ਬਾਂਹ ਦੀਆਂ ਦੋ, ਤਿੰਨ ਨਾੜਾਂ ਵੱਢ ਹੋ ਗਈਆਂ ਸਨ। ਇਸ ਕਰਕੇ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਹਿਲਜੁਲ ਨਹੀਂ ਸੀ ਕਰ ਰਹੀਆਂ। ਕਈ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਪਿੱਛੋਂ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਹਿਲਜੁਲ ਕਰਨ ਲੱਗੀਆਂ ਸਨ। ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਜਸਵੰਤ ਸਿੰਘ ਦੀ ਨੂੰਹ ਦੇ ਮਾਮੇ ਨੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਸੀ। ਉਸ ਨੂੰ ਵੀ ਇਸ ਪਾਠ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਪਾਠ ਸਵੇਰੇ ਨੌਂ ਵਜੇ ਸ਼ੁਰੂ ਹੋਣਾ ਸੀ। ਇਸ ਕਰਕੇ ਉਹ ਸਵੇਰੇ ਸਮੇਂ ਸਿਰ ਉੱਠ ਕੇ ਆਪਣੀ ਨੂੰਹ ਦੇ ਮਾਮੇ ਦੇ ਪਿੰਡ ਮੀਰ ਪੁਰ ਲੱਖਾ ਨੂੰ ਸਕੂਟਰ ਤੇ ਚੱਲ ਪਿਆ। ਨਵਾਂ ਸ਼ਹਿਰ ਤੋਂ ਔੜ ਵਾਲੀ ਸੜਕ ਤੇ ਜਿੱਥੋਂ ਇਸ ਪਿੰਡ ਦੀ ਲਿੰਕ ਰੋਡ ਨੂੰ ਮੁੜਨਾ ਸੀ, ਪਿੰਡ ਦੇ ਨਾਂ ਦਾ ਬੋਰਡ ਲੱਗਾ ਨਾ ਹੋਣ ਕਰਕੇ ਉਸ ਤੋਂ ਮੁੜ ਨਾ ਸਕਿਆ ਤੇ ਦੋ ਕਿਲੋਮੀਟਰ ਅੱਗੇ ਲੰਘ ਗਿਆ। ਜਿਉਂ ਹੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਸ ਨੇ ਸਕੂਟਰ ਪਿੱਛੇ ਵੱਲ ਮੋੜ ਲਿਆ। ਕੁੱਝ ਸਮੇਂ ਪਿੱਛੋਂ ਇੱਕ ਮੋਟਰਸਾਈਕਲ ਵਾਲਾ ਸੜਕ ਪਾਰ ਕਰਕੇ ਉਸ ਦੇ ਅੱਗੇ ਹੋ ਗਿਆ। ਪਿੱਛੇ ਤੋਂ ਉਸ ਨੇ ਮੋਟਰਸਾਈਕਲ ਵਾਲੇ ਨੂੰ ਪੁੱਛਿਆ,” ਮੀਰ ਪੁਰ ਲੱਖੇ ਪਿੰਡ ਨੂੰ ਕਿੱਥੋਂ ਕੁ ਮੁੜ ਹੋਣਾ?”

” ਮੈਂ ਵੀ ਉਸੇ ਪਿੰਡ ਜਾਣਾ ਆਂ। ਮੇਰੇ ਪਿੱਛੇ ਪਿੱਛੇ ਆ ਜਾਉ।”                         ” ਠੀਕ ਆ।”                                                                                 ” ਤੁਸੀਂ ਉੱਥੇ ਕਿਸ ਦੇ ਘਰ ਜਾਣਾ ਆਂ?”
” ਮੈਂ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਸੁਖਮਨੀ ਸਾਹਿਬ ਦੇ ਪਾਠ ਤੇ ਜਾਣਾ ਆਂ।”
ਜਸਵੰਤ ਸਿੰਘ ਦੇ ਇਹ ਲਫਜ਼ ਸੁਣ ਕੇ ਉਸ ਨੂੰ ਪਤਾ ਨਹੀਂ ਕੀ ਹੋਇਆ। ਉਸ ਨੇ ਆਪਣਾ ਮੋਟਰਸਾਈਕਲ ਤੇਜ਼ ਕਰ ਲਿਆ ਅਤੇ ਜਸਵੰਤ ਸਿੰਘ ਤੋਂ ਕਾਫੀ ਅੱਗੇ ਨਿਕਲ ਗਿਆ।
ਮਹਿੰਦਰ ਸਿੰਘ ਮਾਨ 
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਰਚਨਾਂ
Next articleਜੋੜੀ