ਪਾਰਟੀ ਨੇ ਮੋੜਿਆ ਕਈ ਸਾਲਾਂ ਦੀ ਮਿਹਨਤ ਦਾ ਮੁੱਲ – ਰਾਜਿੰਦਰ ਕੌਰ ਰਾਜ
ਕਪੂਰਥਲਾ, 28 ਜਨਵਰੀ (ਕੌੜਾ)- ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਪੁਰਾਣੇ ਅਤੇ ਜੁਝਾਰੂ ਵਰਕਰਾਂ ਨੂੰ ਅਹੁਦੇ ਦੇਕੇ ਨਿਵਾਜ ਰਹੀ ਹੈ।ਜਿਸ ਨਾਲ ਪੁਰਾਣੇ ਵਰਕਰਾਂ ਦੀ ਮਿਹਨਤ ਦਾ ਮੁੱਲ ਮੁੜ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਕਪੂਰਥਲਾ ਤੋਂ ਨਵ-ਨਿਯੁਕਤ ਮਹਿਲਾ ਵਿੰਗ ਦੀ ਜ਼ਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਖਾਸ ਮੌਕੇ ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਲੋਕਾਂ ਨੂੰ ਲੁੱਟਦੀਆਂ ਅਤੇ ਕੁੱਟਦੀਆਂ ਆ ਰਹੀਆਂ ਸਨ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਤਾਂ ਲੋਕਾਂ ਨੇ ਸਿਰਫ ਸੁੱਖ ਦਾ ਸਾਹ ਹੀ ਨਹੀਂ ਲਿਆ ਬਲਕਿ ਪੰਜਾਬ ਤਰੱਕੀ ਦੀ ਰਾਹ ਤੇ ਜਾ ਤੁਰਿਆ। ਉਹਨਾਂ ਕਿਹਾ ਕਿ ਜਿਹੜਾ ਅਹੁਦਾ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈਕਮਾਂਡ ਦੇ ਵੱਲੋਂ ਸੌਂਪਿਆ ਗਿਆ ਹੈ ਉਹ ਉਸਨੂੰ ਪੂਰੀ ਜਿੰਮੇਵਾਰੀ ਤੇ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਲੋਕਾਂ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਖ਼ਾਸ ਤੌਰ ਤੇ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਨੇ ਉਹਨਾਂ ਦੀ ਕਾਬਲੀਅਤ ਦੀ ਪਰਖ ਕੀਤੀ ਤੇ ਉਹਨਾਂ ਨੂੰ ਇਸ ਯੋਗ ਸਮਝਿਆ। ਉਹਨਾਂ ਨੇ ਇਸ ਦੌਰਾਨ ਪਾਰਟੀ ਦੇ ਹਰ ਸੀਨੀਅਰ ਤੇ ਹਰ ਉਸ ਸ਼ਖਸ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਉਹਨਾਂ ਦੀ ਹਰ ਵੇਲੇ ਮਦਦ ਨੂੰ ਯਕੀਨੀ ਬਣਾਇਆ ਗਿਆ ਸੀ ਤੇ ਉਸਦੇ ਸਦਕੇ ਹੀ ਅੱਜ ਪਾਰਟੀ ਹਾਈਕਮਾਨ ਨੇ ਉਹਨਾਂ ਦੀ ਕਈ ਸਾਲਾਂ ਦੀ ਮਿਹਨਤ ਦਾ ਮੁੱਲ ਪਾਇਆ ਹੈ। ਉਹਨਾਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਨਾਲ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਹਨ ਤੇ ਜੀ ਤੋੜ ਮਿਹਨਤ ਨਾਲ ਪਾਰਟੀ ਨੂੰ ਵੱਡੀ ਜਿੱਤ ਦਵਾਉਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly