ਭੁੱਖ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)-ਅੱਜ ਐਤਵਾਰ ਦਾ ਦਿਨ ਹੈ। ਮਾਸਟਰ ਨਵਤੇਜ ਸੰਧੂ ਦੇ ਸਕੂਲ ਦੇ ਸਟਾਫ਼ ਦੇ ਇੱਕ ਮੈਂਬਰ ਮਨਜੀਤ ਸਿੰਘ ਦੀ ਲੜਕੀ ਦਾ ਵਿਆਹ ਅੱਜ ਨਵਾਂ ਸ਼ਹਿਰ ਦੇ ਬਜੀਦ ਪੈਲੇਸ ਵਿੱਚ ਹੋਣਾ ਹੈ। ਮਨਜੀਤ ਸਿੰਘ ਨੇ ਸਾਰੇ ਸਟਾਫ਼ ਮੈਂਬਰਾਂ ਨੂੰ ਵਿਆਹ ਦੇ ਕਾਰਡ ਦਿੱਤੇ ਹੋਏ ਸਨ। ਦਿਨ ਦੇ ਦਸ ਵੱਜ ਚੁੱਕੇ ਹਨ, ਪਰ ਉਸ ਦਾ ਵਿਆਹ ਨੂੰ ਜਾਣ ਦਾ ਹਾਲੇ ਤੱਕ ਮੂਡ ਨਹੀਂ ਬਣਿਆ ਹੈ। ਅਚਾਨਕ ਉਸ ਨੂੰ ਆਪਣੇ ਸਕੂਲ ਦੇ ਸਟਾਫ਼ ਮੈਂਬਰ ਬਲਵਿੰਦਰ ਸਿੰਘ ਦਾ ਫੋਨ ਆ ਜਾਂਦਾ ਹੈ। ਉਹ ਆਖਦਾ ਹੈ, ” ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਕਿੱਦਾਂ ਅੱਜ ਵਿਆਹ ਨੂੰ ਨ੍ਹੀ ਜਾਣਾ?”

” ਵਿਆਹ ਨੂੰ ਤਾਂ ਜਾਣਾ ਆਂ। ਬੱਸ ਤੁਹਾਨੂੰ ਉਡੀਕਦਾ ਆਂ।” ਮਾਸਟਰ ਨਵਤੇਜ ਸੰਧੂ ਨੇ ਉਂਝ ਹੀ ਆਖ ਦਿੱਤਾ।
” ਮੈਂ ਤੁਹਾਡੇ ਕੋਲ ਅੱਧੇ ਘੰਟੇ ਤੱਕ ਪਹੁੰਚਦਾ ਆਂ। ਫੇਰ ਕੱਠੇ ਵਿਆਹ ਨੂੰ ਚਲੇ ਚਲਾਂਗੇ।” ਬਲਵਿੰਦਰ ਸਿੰਘ ਨੇ ਆਖਿਆ।
” ਠੀਕ ਆ।” ਕਹਿ ਕੇ ਮਾਸਟਰ ਨਵਤੇਜ ਸੰਧੂ ਵਿਆਹ ਨੂੰ ਜਾਣ ਲਈ ਤਿਆਰ ਹੋਣ ਲੱਗ ਪਿਆ।
ਅੱਧੇ ਕੁ ਘੰਟੇ ਵਿੱਚ ਬਲਵਿੰਦਰ ਸਿੰਘ ਉਸ ਦੇ ਘਰ ਪਹੁੰਚ ਗਿਆ। ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਬਲਵਿੰਦਰ ਸਿੰਘ ਦੀ ਨਜ਼ਰ ਉਸ ਦੇ ਪਿਤਾ ਜੀ ਤੇ ਪੈ ਗਈ। ਉਹ ਮੰਜੇ ਤੇ ਲੇਟੇ ਹੋਏ ਸਨ। ਬਲਵਿੰਦਰ ਸਿੰਘ ਨੇ ਉਸ ਦੇ ਪਿਤਾ ਜੀ ਦੇ ਪੈਰੀਂ ਹੱਥ ਲਾਏ।
” ਮੇਰੇ ਪਿਤਾ ਜੀ ਅੱਖਾਂ ਦੀ ਘੱਟ ਨਜ਼ਰ ਕਾਰਨ ਕਿਸੇ ਨੂੰ ਪਛਾਣਦੇ ਨਹੀਂ। ਨਾਲੇ ਉਨ੍ਹਾਂ ਨੂੰ ਸੁਣਦਾ ਵੀ ਕਾਫੀ ਉੱਚਾ ਆ।” ਮਾਸਟਰ ਨਵਤੇਜ ਸੰਧੂ ਨੇ ਆਖਿਆ।
” ਸੰਧੂ ਸਾਹਿਬ, ਕੋਈ ਗੱਲ ਨਹੀਂ। ਸਾਡਾ ਫਰਜ਼ ਬਣਦਾ ਆ ਕਿ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰੀਏ ਤੇ ਉਨ੍ਹਾਂ ਤੋਂ ਪਿਆਰ ਲਈਏ। ਤੁਹਾਨੂੰ ਸ਼ਾਇਦ ਪਤਾ ਨਹੀਂ , ਮੇਰੇ ਪਿਤਾ ਜੀ ਉਦੋਂ ਇਸ ਦੁਨੀਆਂ ਨੂੰ ਛੱਡ ਗਏ ਸਨ, ਜਦੋਂ ਮੈਂ ਕੇਵਲ ਚਾਰ ਸਾਲਾਂ ਦਾ ਸਾਂ। ਮੈਂ ਪਿਤਾ ਦੇ ਪਿਆਰ ਤੋਂ ਸੱਖਣਾ ਆਂ। ਮੇਰੀ ਇਹ ਭੁੱਖ ਤੁਹਾਡੇ ਪਿਤਾ ਜੀ ਦੇ ਪੈਰੀਂ ਹੱਥ ਲਾਣ ਨਾਲ ਪੂਰੀ ਹੋ ਗਈ ਆ। ਚਾਹੇ ਉਨ੍ਹਾਂ ਨੇ ਮੈਨੂੰ  ਪਛਾਣਿਆ, ਚਾਹੇ ਨਹੀਂ।” ਏਨਾ ਕਹਿ ਕੇ ਬਲਵਿੰਦਰ ਸਿੰਘ ਨੇ ਅੱਖਾਂ  ਭਰ ਲਈਆਂ। ਪੰਜ ਕੁ ਮਿੰਟਾਂ ਪਿੱਛੋਂ ਉਹ ਸੰਭਲ ਗਿਆ ਅਤੇ ਫਿਰ ਉਹ ਦੋਵੇਂ ਜਣੇ ਸਕੂਟਰ ਤੇ ਬੈਠ ਕੇ ਨਵਾਂ ਸ਼ਹਿਰ ਦੇ ਬਜੀਦ ਪੈਲੇਸ ਨੂੰ ਚੱਲ ਪਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article26 ਨੂੰ ਪ੍ਰਦਰਸ਼ਨ ਲਈ ਨੰਬਰਦਾਰ ਯੂਨੀਅਨ ਨੇ ਮੁਹੱਲਾ ਕਲੀਨਿਕ ਅੱਗੇ ਟੰਗਿਆ ਪੁਤਲਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
Next article‘ਲੋਕ ਵਿਹਾਰ’ ਲੋਕ ਅਰਪਣ 28 ਜਨਵਰੀ ਨੂੰ