(ਸਮਾਜ ਵੀਕਲੀ)- ਕਿਸੇ ਵੀ ਵਿਅਕਤੀ ਨਾਲ ਗੱਲਬਾਤ ਕਰਦਿਆਂ ਉਸ ਦੇ ਸੁਭਾਅ ਦੇ ਕਈ ਪੱਖ ਸਹਿਜ ਸੁਭਾਅ ਹੀ ਉਜਾਗਰ ਹੋ ਜਾਂਦੇ ਹਨ ਜਿਵੇਂ ਹਉਮੈ, ਨਿਮਰਤਾ,ਕ੍ਰੋਧ ਅਤੇ ਆਪਣਾਪਣ ਆਦਿ। ਪਰ ਕੋਈ ਨਾ ਕੋਈ ਗੁਣ ਜਾਂ ਔਗੁਣ ਇਹੋ ਜਿਹਾ ਹੁੰਦਾ ਹੈ ਜੋ ਉਸ ਦੀਆਂ ਗੱਲਾਂ ਵਿੱਚੋਂ ਵਾਰ ਵਾਰ ਉੱਭਰ ਕੇ ਸਾਹਮਣੇ ਆਉਂਦਾ ਹੈ। ਆਮ ਕਰਕੇ ਲੋਕਾਂ ਨੂੰ ਉਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਸ ਅੰਦਰ ਕਿੰਨਾ ਕੁ ਅਹੰਕਾਰ ਹੈ ਤੇ ਕਿੰਨੀ ਕੁ ਨਿਮਰਤਾ। ਉਸ ਸਮੇਂ ਵੀ ਸਾਡੇ ਸਮਝਣ ਵਿੱਚ ਇੱਕ ਗ਼ਲਤੀ ਹੁੰਦੀ ਹੈ ਕਿਉਂਕਿ ਅਹੰਕਾਰ ਅਤੇ ਅਣਖ ਨੂੰ ਬਹੁਤੇ ਲੋਕ ਇੱਕ ਹੀ ਗੱਲ ਸਮਝ ਲੈਂਦੇ ਹਨ। ਕਈ ਵਾਰ ਅਣਖੀ ਬਣਨ ਦੇ ਚੱਕਰ ਵਿੱਚ ਬਹੁਤੇ ਲੋਕ ਆਪਣੇ ਅੰਦਰ ਅਹੰਕਾਰ ਨੂੰ ਹੀ ਪਾਲ਼ੀ ਜਾਂਦੇ ਹਨ ਜਿਸ ਦਾ ਅਸਰ ਉਨ੍ਹਾਂ ਦੇ ਜੀਵਨ, ਉਹਨਾਂ ਨਾਲ ਜੁੜੇ ਲੋਕਾਂ, ਪਰਿਵਾਰ ਅਤੇ ਕੰਮਾਂਕਾਰਾਂ ਤੇ ਪੈਂਦਾ ਹੈ।ਇਸ ਤੋਂ ਵੀ ਵੱਧ ਨਾਕਾਰਾਤਮਕ ਅਸਰ ਉਨ੍ਹਾਂ ਦੀ ਸ਼ਖ਼ਸੀਅਤ ਉੱਪਰ ਪੈਂਦਾ ਹੈ। ਹਉਮੈ ਕਾਰਨ ਮਨੁੱਖ ਦਾ ਦੂਜਿਆਂ ਪ੍ਰਤੀ ਵਰਤਾਰਾ ਰੁੱਖਾ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਬਹੁਤ ਨਾਢੇ ਖਾਂ ਸਮਝ ਕੇ ਕਿਸੇ ਦੇ ਵੀ ਮੂੰਹ ਤੇ ਕੋਈ ਵੀ ਗੱਲ ਪੱਥਰ ਵਾਂਗ ਠਾਹ ਦੇਣੇ ਮਾਰ ਦੇਣਾ ਤੇ ਸਾਹਮਣੇ ਵਾਲੇ ਦੇ ਮਾਣ ਸਨਮਾਨ ਦਾ ਕੋਈ ਧਿਆਨ ਨਾ ਰੱਖਣਾ , ਕਿਸੇ ਸਾਹਮਣੇ ਵੀ ਆਪਣੀ ਉੱਚੀ ਅਵਾਜ਼ ਵਿੱਚ ਕਿਸੇ ਨੂੰ ਨੀਵਾਂ ਦਿਖਾਉਣਾ ਤੇ ਆਪਣੇ ਆਪ ਨੂੰ ਅਣਖ ਵਾਲੇ ਜਾਂ ਸਵੈਮਾਨੀ ਕਹਿ ਕੇ ਵੱਡੇ ਬਣਨ ਦੀ ਕੋਸ਼ਿਸ਼ ਕਰਨਾ।
ਅਸਲ ਵਿੱਚ ਅਹੰਕਾਰ ਅਤੇ ਅਣਖ ਦੋ ਅਲੱਗ ਅਲੱਗ ਵਿਸ਼ੇ ਤੇ ਵਿਵਹਾਰ ਦੇ ਪੱਖ ਹਨ। ਜੇ ਇਹਨਾਂ ਨੂੰ ਬਰੀਕੀ ਨਾਲ ਪੜਚੋਲੀਏ ਤਾਂ ਇਹ ਇੱਕ ਦੂਜੇ ਦੇ ਵਿਰੋਧਾਭਾਸੀ ਹੀ ਹਨ। ਜਿੱਥੇ ਅਹੰਕਾਰ ਇੱਕ ਨਾਕਾਰਾਤਮਕ ਪੱਖ ਹੈ ਉੱਥੇ ਹੀ ਅਣਖ ਜਾਂ ਸਵੈਮਾਣ ਇੱਕ ਸਾਕਾਰਾਤਮਕ ਪੱਖ ਹੈ। ਅਹੰਕਾਰ ਇੱਕ ਇਹੋ ਜਿਹੀ ਬੁਰਾਈ ਹੈ ਜੋ ਮਨੁੱਖ ਦੇ ਰਿਸ਼ਤਿਆਂ ਨੂੰ ਖ਼ਤਮ ਕਰ ਦਿੰਦੀ ਹੈ,ਆਪਸੀ ਪਿਆਰ, ਭਾਈਚਾਰਕ ਸਾਂਝ ਨੂੰ ਖੋਖਲਾ ਕਰ ਦਿੰਦੀ ਹੈ। ਅਹੰਕਾਰ ਵਿੱਚ ਮਨੁੱਖ ਅੰਦਰ ਸਾਰਿਆਂ ਨੂੰ ਆਪਣੇ ਤੋਂ ਨੀਵਾਂ ਅਤੇ ਘਟੀਆ ਸਮਝਣ ਦੀ ਸੋਚ ਪੈਦਾ ਹੋ ਜਾਂਦੀ ਹੈ ਜਦ ਕਿ ਅਣਖੀ ਮਨੁੱਖ ਆਪਣਾ ਮਾਣ ਵੀ ਬਣਾਈ ਰੱਖਦਾ ਹੈ ਅਤੇ ਦੂਜੇ ਦੀ ਇੱਜ਼ਤ ਨੂੰ ਠੇਸ ਨਹੀਂ ਪਹੁੰਚਾਉਂਦਾ। ਜਿੱਥੇ ਅਹੰਕਾਰ ਇੱਕ ਘਟੀਆਪਣ ਦੀ ਨਿਸ਼ਾਨੀ ਹੈ ਉੱਥੇ ਹੀ ਅਣਖੀ ਮਨੁੱਖ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ।
ਮਨੁੱਖ ਸਮਾਜ ਵਿੱਚ ਆਪਣੇ ਆਪ ਨੂੰ ਅਣਖੀ ਹੋਣ ਦਾ ਪ੍ਰਗਟਾਵਾ ਕਰਦਾ ਕਰਦਾ ਅਹੰਕਾਰ ਨੂੰ ਸਿਰ ਚਾੜ੍ਹ ਬੈਠਦਾ ਹੈ।ਉਸ ਦਾ ਦੂਜਿਆਂ ਪ੍ਰਤੀ ਰਵੱਈਆ ਗੁੱਸੇ ਵਾਲਾ ਹੋ ਜਾਂਦਾ ਹੈ।ਉਹ ਛੋਟੀ ਜਿਹੀ ਗੱਲ ਤੇ ਵੀ ਰੋਹਬ ਝਾੜਦੇ ਹਨ, ਬਹਿਸਬਾਜ਼ੀ ਕਰਦੇ ਹਨ ਅਤੇ ਆਪਣੇ ਆਪ ਨੂੰ ਗਿਆਨਵਾਨ ਅਤੇ ਤਾਕਤਵਰ ਹੋਣ ਦਾ ਪ੍ਰਗਟਾਵਾ ਕਰਦੇ ਹਨ। ਜਦ ਕਿ ਅਣਖੀ ਮਨੁੱਖ ਨੂੰ ਇਹਨਾਂ ਸਭ ਗੱਲਾਂ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅਣਖ਼ ਰੱਖਣ ਵਾਲੇ ਮਨੁੱਖ ਨੂੰ ਜੇ ਕਿਸੇ ਦੀ ਕੋਈ ਗੱਲ ਪਸੰਦ ਨਾ ਆਵੇ ਜਾਂ ਸਹਿਮਤੀ ਨਾ ਬਣੇ ਤਾਂ ਉਹ ਸਹਿਜਤਾ ਨਾਲ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਸਮਝਾਉਣਾ ਚਾਹੁੰਦਾ ਹੈ ਪਰ ਜੇ ਸਾਹਮਣੇ ਵਾਲਾ ਉਸ ਦੇ ਸਮਰੱਥ ਨਾ ਹੋਵੇ ਤਾਂ ਉਹ ਚੁੱਪ ਕਰ ਕੇ ਉੱਥੋਂ ਕਿਨਾਰਾ ਕਰਦਾ ਹੈ ਅਤੇ ਅਗਲੀ ਵਾਰ ਉਹੋ ਜਿਹੀ ਗਲਤੀ ਕਰਨ ਤੇ ਆਪਣੀ ਕੋਈ ਰਾਇ ਜਾਂ ਦਖਲ ਅੰਦਾਜੀ ਨਾ ਦੇ ਕੇ ਉਸ ਨੂੰ ਆਪਣੇ ਅਣਖੀ ਹੋਣ ਅਹਿਸਾਸ ਕਰਵਾਉਂਦਾ ਹੈ।
ਆਮ ਕਰਕੇ ਅੱਜ ਕੱਲ੍ਹ ਹਰ ਕਿਸੇ ਦੇ ਮੂੰਹੋਂ ਇਹ ਗੱਲ ਸੁਣੀ ਜਾ ਸਕਦੀ ਹੈ,” ਮੈਂ ਨੀ ਕਿਸੇ ਤੋਂ ਕੋਈ ਗੱਲ ਕਹਾਉਂਦੀ ਜਾਂ ਕਹਾਉਂਦਾ,ਮੇਰੇ ਵਿੱਚ ਬੜੀ ਅਣਖ ਐ… ਆਪਾਂ ਤਾਂ ਅਗਲੇ ਨੂੰ ਮੂੰਹ ਤੇ ਚਾਰ ਗੱਲਾਂ ਸੁਣਾ ਕੇ ਅਗਲੇ ਨੂੰ ਟਿਕਾਣੇ ਲਾ ਦਈਦਾ…!” ਇਸ ਨੂੰ ਅਹੰਕਾਰ ਨਹੀਂ ਆਖਾਂਗੇ ਤਾਂ ਹੋਰ ਕੀ ਆਖਿਆ ਜਾਵੇ? ਜੇ ਇਸੇ ਗੱਲ ਨੂੰ ਨਿਮਰਤਾ ਨਾਲ ਸਾਹਮਣੇ ਵਾਲੇ ਆਖ ਕੇ ਮੁੜਕੇ ਉਸ ਵਿੱਚ ਉਲਝਣ ਦੀ ਕੋਸ਼ਿਸ਼ ਹੀ ਨਾ ਕੀਤੀ ਜਾਵੇ, ਸਗੋਂ ਚੁੱਪ ਚਾਪ ਕਿਨਾਰਾ ਕਰ ਲਿਆ ਜਾਵੇ, ਉਹ ਅਣਖ਼ ਹੁੰਦੀ ਹੈ। ਅਹੰਕਾਰ ਨਾਲ ਭਰਿਆ ਮਨੁੱਖ ਰੌਲ਼ਾ ਪਾ ਪਾ ਕੇ ਆਪਣੀਆਂ ਵਡਿਆਈਆਂ ਕਰਦਾ ਹੈ ਚਾਹੇ ਉਹ ਉਸ ਲਾਇਕ ਹੋਵੇ ਵੀ ਨਾ ਜਦ ਕਿ ਅਣਖੀ ਮਨੁੱਖ ਅੰਦਰੂਨੀ ਤੌਰ ਤੇ ਭਰਪੂਰ ਹੋਣ ਕਾਰਨ ਉਸ ਨਾਲ ਗੱਲ ਕਰਿਆਂ ਹੀ ਸਮਝ ਆਉਂਦੀ ਹੈ ਕਿ ਉਹ ਸੂਝ ਬੂਝ ਦੀ ਪੋਟਲੀ ਹੈ ਇਸ ਲਈ ਉਸ ਅੱਗੇ ਬਹੁਤੇ ਵੱਡੇ ਬਣਨ ਦਾ ਦਿਖਾਵਾ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਸ ਤਰ੍ਹਾਂ ਇਸ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਮਨੁੱਖ ਦਾ ਅਣਖ਼ ਭਰਪੂਰ ਹੋਣਾ ਉਸ ਦੇ ਮੂਲ ਰੂਪ ਸੁਭਾਅ ਵਿੱਚੋਂ ਉਪਜਿਆ ਹੋਇਆ ਇੱਕ ਵਿਸ਼ੇਸ਼ ਗੁਣ ਹੁੰਦਾ ਹੈ ਜਿਸ ਵਿੱਚ ਪਰਖ਼ਣ ਦੀ ਸ਼ਕਤੀ ਹੁੰਦੀ ਹੈ, ਜੋ ਉਸ ਨੂੰ ਵਿਰਸੇ ਵਿੱਚ ਹੀ ਆਪਣੇ ਵਡੇਰਿਆਂ ਤੋਂ ਆਪਣੇ ਹਿੱਸੇ ਆਇਆ ਹੁੰਦਾ ਹੈ ਜਦ ਕਿ ਅਹੰਕਾਰੀ ਮਨੁੱਖ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਲਈ ਹਰ ਵੇਲੇ ਅਣਖੀ ਹੋਣ ਦੀ ਡੌਂਡੀ ਪਿੱਟਦਾ ਹੈ ਤੇ ਉਸ ਵਿੱਚ ਹਉਮੈ ਕੁੱਟ ਕੁੱਟ ਕੇ ਭਰੀ ਹੋਈ ਹੁੰਦੀ ਹੈ। ਅਹੰਕਾਰ ਨਾਲ ਮਨੁੱਖ ਦਾ ਸਮਾਜ ਵਿੱਚ ਕੱਦ ਛੋਟਾ ਹੀ ਹੁੰਦਾ ਹੈ ਜਦ ਕਿ ਅਣਖ ਮਨੁੱਖ ਨੂੰ ਸਿਰ ਉੱਚਾ ਕਰ ਕੇ ਜਿਊਣਾ ਸਿਖਾਉਂਦੀ ਹੈ ਕਿਉਂਕਿ ਉਸ ਵਿੱਚ ਦੂਜਿਆਂ ਦਾ ਮਾਣ ਰੱਖਣ ਦੇ ਨਾਲ ਨਾਲ ਸਵੈਮਾਣ ਵੀ ਛੁਪਿਆ ਹੁੰਦਾ ਹੈ। ਆਪਣੇ ਮਾਣ ਦੇ ਨਾਲ ਦੂਜਿਆਂ ਦਾ ਮਾਣ ਕਾਇਮ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324