ਏਹੁ ਹਮਾਰਾ ਜੀਵਣਾ ਹੈ – 483

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-  ਮਾਪਿਆਂ ਅਤੇ ਬੱਚਿਆਂ ਵਿੱਚ ਵੈਸੇ ਤਾਂ ਹਰ ਮੌਕੇ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਮਾਪਿਆਂ ਕੋਲ ਜ਼ਿੰਦਗੀ ਦੇ ਤਜ਼ਰਬੇ ਹੋਣ ਦੇ ਨਾਲ ਨਾਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਯੋਜਨਾਵਾਂ ਹੁੰਦੀਆਂ ਹਨ। ਇਹ ਦੋਵੇਂ ਗੱਲਾਂ ਹਰ ਗਰੀਬ ਅਤੇ ਅਮੀਰ ਮਾਪਿਆਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਉਹ ਇਹਨਾਂ ਗੱਲਾਂ ਨੂੰ ਨਿਭਾਉਂਦੇ ਆਪਣੇ ਆਪਣੇ ਤਰੀਕਿਆਂ ਨਾਲ ਹਨ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਾਪਿਆਂ ਕੋਲ ਬੱਚਿਆਂ ਨੂੰ ਦੇਣ ਲਈ ਸਮਾਂ ਨਹੀਂ ਹੈ ਜਦ ਕਿ ਬੱਚੇ ਭਾਰੀ ਸਿਲੇਬਸਾਂ ਦੇ ਬੋਝ ਕਾਰਨ ਥੱਕੇ ਥੱਕੇ ਜਾਪਦੇ ਹਨ। ਇਮਤਿਹਾਨਾਂ ਦੇ ਨੇੜੇ ਆਉਂਦੇ ਹੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਵੱਧ ਅੰਕ ਲੈਣ ਲਈ ਪ੍ਰੇਰਿਤ ਕਰਦੇ ਕਰਦੇ ਦਬਾਅ ਬਣਾਇਆ ਜਾਣ ਲੱਗਦਾ। ਮਾਪਿਆਂ ਨੂੰ ਸਮੇਂ ਸਮੇਂ ਤੇ ਬੱਚਿਆਂ ਦੀ ਰਿਪੋਰਟ ਤੋਂ ਜਾਣੂ ਕਰਵਾ ਕੇ ਪਹਿਲਾਂ ਹੀ ਬੱਚੇ ਦੀ ਪੜ੍ਹਾਈ ਦੀ ਸਥਿਤੀ ਸਾਫ਼ ਕਰ ਦਿੱਤੀ ਜਾਂਦੀ ਹੈ। ਸਪਸ਼ਟ ਜਿਹੇ ਸ਼ਬਦਾਂ ਵਿੱਚ ਸਕੂਲਾਂ ਵਾਲਿਆਂ ਵੱਲੋਂ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ ਜਾਂ ਫਿਰ ਆਪਣਾ ਅੱਧਾ ਬੋਝ ਵੰਡਾ ਲਿਆ ਜਾਂਦਾ ਹੈ। ਕੋਈ ਕੋਈ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਸਕੂਲ ਪ੍ਰਬੰਧਕ ਵਾਧੂ ਸਮਾਂ ਦੇ ਕੇ ਤਿਆਰੀ ਵੀ ਕਰਵਾਉਣਾ ਚਾਹੁੰਦੇ ਹੁੰਦੇ ਹਨ ਪਰ ਬੱਚਿਆਂ ਦੀ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਣ ਜਾਣ ਦੀ ਦਿੱਕਤ ਜਾਂ ਅੱਗੇ ਟਿਊਸ਼ਨ ਪੜ੍ਹਨ ਜਾਣ ਦੇ ਸਮੇਂ ਵਿੱਚ ਤਾਲਮੇਲ ਨਾ ਬਣਨ ਕਾਰਨ ਬਹੁਤੇ ਮਾਪੇ ਰਾਜ਼ੀ ਨਹੀਂ ਹੁੰਦੇ। ਅਸਲ ਵਿੱਚ ਇਮਤਿਹਾਨ ਨੇੜੇ ਆਉਣ ਨਾਲ ਇਹਨਾਂ ਸਾਰੀਆਂ ਗੱਲਾਂ ਦਾ ਬੱਚਿਆਂ ਉੱਤੇ ਮਾਨਸਿਕ ਤੌਰ ਤੇ ਦਬਾਅ ਬਣਦਾ ਹੈ ਜਦ ਕਿ ਇਹ ਸਮਾਂ ਹੁੰਦਾ ਹੈ ਕਿ ਬੱਚਿਆਂ ਨੂੰ ਮਾਨਸਿਕ ਦਬਾਅ  ਹੇਠ ਆਉਣ ਤੋਂ ਬਚਾਇਆ ਜਾਵੇ।

                ਮਾਪੇ ਚਾਹੇ ਕੰਮਕਾਜੀ ਹੋਣ ਜਾਂ ਘਰੇਲੂ ਪਰ ਇਸ ਸਮੇਂ ਉਹਨਾਂ ਦੀ ਬੱਚਿਆਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ। ਬੱਚਿਆਂ ਨੂੰ ਮਾਪੇ ਇੱਕ ਗੱਲ ਤਾਂ ਤੁਰੇ ਫਿਰਦੇ ਵੀ ਆਖ ਦਿੰਦੇ ਹਨ ” ਪੜ੍ਹ ਲੈ…. ਇਮਤਿਹਾਨ ਸਿਰ ਤੇ ਨੇ….. ਪੜ੍ਹ ਲਏਂਗਾ ਤਾਂ ਕੁਛ ਬਣ ਜਾਏਂਗਾ….” ਦਿਨ ਵਿੱਚ ਦੋ ਚਾਰ ਵਾਰ ਮਾਂ ਵੱਲੋਂ ਆਖ ਦੇਣਾ ਤੇ ਹਫ਼ਤੇ ਦਸ ਦਿਨ ਬਾਅਦ ਪਿਤਾ ਵੱਲੋਂ ਕਹਿਕੇ ਆਪਣੀ ਜ਼ਿੰਮੇਵਾਰੀ ਨਿਪਟਾ ਲਈ ਜਾਂਦੀ ਹੈ ਜਾਂ ਫਿਰ ਕੋਈ ਡਰਾਵਾ ਦੇ ਕੇ ਬੱਚੇ ਅੰਦਰ ਡਰ ਪੈਦਾ ਕਰ ਦਿੱਤਾ ਜਾਂਦਾ ਹੈ। ਬੱਚਾ ਸਕੂਲ ਤੋਂ ਘਰ ਫਿਰ ਘਰ ਤੋਂ ਟਿਊਸ਼ਨ ਤੇ ਟਿਊਸ਼ਨ ਤੋਂ ਘਰ ਵਾਪਸ ਪਰਤਣ ਤੱਕ ਮਾਪਿਆਂ ਦੀ ਜ਼ਿੰਮੇਵਾਰੀ ਨਿੱਬੜ ਜਾਂਦੀ ਹੈ ਜਦ ਕਿ ਜਿਹੜੀਆਂ ਗੱਲਾਂ ਵਿੱਚ ਬੱਚੇ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ ਉਹ ਅੱਖੋਂ ਪਰੋਖੇ ਕਰ ਦਿੱਤੀਆਂ ਜਾਂਦੀਆਂ ਹਨ। ਇਮਤਿਹਾਨਾਂ ਦੇ ਨੇੜੇ ਆਉਂਦੇ ਹੀ ਮਾਪਿਆਂ ਨੂੰ ਬੱਚਿਆਂ ਪ੍ਰਤੀ ਸੁਹਿਰਦਤਾ ਦਾ ਰਵੱਈਆ ਅਪਣਾਉਂਦੇ ਹੋਏ ਉਸ ਨਾਲ ਹਲਕੇ ਮਾਹੌਲ ਵਿੱਚ ਗੱਲ ਬਾਤ ਕਰਨੀ ਚਾਹੀਦੀ ਹੈ। ਉਸ ਦੀਆਂ ਸਮੱਸਿਆਵਾਂ ਨੂੰ ਟੋਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ,ਬੱਚਾ ਪੜ੍ਹਾਈ ਪ੍ਰਤੀ ਕਿਸ ਤਰ੍ਹਾਂ ਦੀ ਮਾਨਸਿਕਤਾ ਲੈ ਕੇ ਚੱਲ ਰਿਹਾ ਹੈ ,ਉਹ ਆਪਣੇ ਭਵਿੱਖ ਪ੍ਰਤੀ ਸੰਜੀਦਾ ਹੈ ਕਿ ਨਹੀਂ ,ਜੇ ਉਸ ਦੇ ਵੱਧ ਅੰਕ ਆਂਉਂਦੇ ਹਨ ਤਾਂ ਉਹ ਕੀ ਕਰਨ ਬਾਰੇ ਸੋਚਦਾ ਹੈ ਜਾਂ ਘੱਟ ਅੰਕ ਆਉਣ ਤੇ ਉਹ ਨਿਰਾਸ਼ ਹੋ ਕੇ ਕੁਛ ਗ਼ਲਤ ਕਦਮ ਤਾਂ ਨਹੀਂ ਉਠਾਉਣ ਬਾਰੇ ਸੋਚ ਰਿਹਾ। ਬੱਚੇ ਦੇ ਦਿਮਾਗ਼ ਦੀ ਐਨੀ ਪੜ੍ਹਾਈ ਕਰਨੀ ਮਾਪਿਆਂ ਲਈ ਬਹੁਤ ਜ਼ਰੂਰੀ ਹੁੰਦੀ ਹੈ । ਮਾਪਿਆਂ ਵੱਲੋਂ ਬੱਚੇ ਅੰਦਰ ਕਦੇ ਵੀ ਕਿਸੇ ਹੋਰ ਬੱਚੇ ਨਾਲੋਂ ਜ਼ਿਆਦਾ ਅੰਕ ਲੈਣ ਲਈ ਪੱਕਾ ਨਾ ਕੀਤਾ ਜਾਵੇ,ਰੱਬ ਨਾ ਕਰੇ ਜੇ ਕਿਤੇ ਉਸ ਬੱਚੇ ਨਾਲੋਂ ਅੰਕ ਘੱਟ ਆ ਜਾਣ ਤਾਂ ਇਹੋ ਜਿਹੀਆਂ ਗੱਲਾਂ ਦੇ ਘਾਤਕ ਨਤੀਜੇ ਨਿਕਲ ਸਕਦੇ ਹਨ। ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਦੇ ਮੁੱਦੇ ਤੇ ਬੱਚੇ ਅਧਿਆਪਕ ਅਤੇ ਮਾਪੇ ਇਹਨਾਂ ਚਿੰਤਾਵਾਂ ਤੋਂ ਸੁਰਖ਼ਰੂ ਹੁੰਦੇ ਹਨ ਕਿਉਂ ਕਿ ਬੱਚੇ ਦੀ ਰੁਚੀ ਮੁਤਾਬਕ ਉਹਨਾਂ ਨੂੰ ਉਸੇ ਖੇਤਰ ਵਿੱਚ ਭੇਜ ਦਿੱਤਾ ਜਾਂਦਾ ਹੈ ਪਰ ਸਾਡੇ ਮਾਪੇ ਆਪਣੀ ਰੁਚੀ ਦੀ ਪੜ੍ਹਾਈ ਪੂਰੀ ਨਾ ਕਰਨ ਕਰਕੇ ਉਹ ਆਪਣੇ ਬੱਚੇ ਤੋਂ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ ਚਾਹੇ ਬੱਚੇ ਦੀ ਉਸ ਵਿੱਚ ਕੋਈ ਰੁਚੀ ਨਾ ਹੋਵੇ।
            ਮਾਪੇ ਚਾਹੇ ਦੋਵੇਂ ਮਾਤਾ ਅਤੇ ਪਿਤਾ ਕੰਮਕਾਜੀ ਹੋਣ ਜਾਂ ਘੱਟ ਪੜ੍ਹੇ ਹੋਣ ਜਾਂ ਜ਼ਿਆਦਾ ਪੜ੍ਹੇ ਹੋਣ ਉਹਨਾਂ ਨੂੰ ਹਰ ਸਮੇਂ ਬੌਸ ਦੀ ਭੂਮਿਕਾ ਵਿੱਚ ਨਾ ਰਹਿ ਕੇ ਸਿਰਫ ਚੰਗੇ ਮਾਪੇ ਬਣਨਾ ਚਾਹੀਦਾ ਹੈ,ਜਦ ਬੱਚੇ ਨੂੰ ਕੋਈ ਸਮੱਸਿਆ ਆਵੇ ਉਹ ਇੱਕ ਦੋਸਤ ਵਾਂਗ ਮਾਪਿਆਂ ਨੂੰ ਦੱਸ ਸਕੇ। ਸਿਰਫ਼ ਨਾਮੀ ਸਕੂਲ ਵਿੱਚ ਦਾਖਲਾ ਦਿਵਾਉਣਾ, ਸਕੂਲਾਂ ਦੀਆਂ ਮੋਟੀਆਂ ਫੀਸਾਂ ਭਰਨੀਆਂ, ਵਧੀਆ ਵਰਦੀਆਂ ਖਰੀਦ ਕੇ ਦੇਣੀਆਂ ਤੇ ਮਹਿੰਗੀਆਂ ਟਿਊਸ਼ਨਾਂ ਤੇ ਭੇਜਣਾ ਹੀ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਜੋ ਅਧਿਆਪਕਾਂ ਵੱਲੋਂ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਕੀ ਬੱਚਾ ਉਹ ਨਾਲ ਦੀ ਨਾਲ ਕਰ ਰਿਹਾ ਹੈ,ਉਹ ਜਮਾਤ ਟੈਸਟਾਂ ਵਿੱਚ ਕੁਝ ਕਰ ਰਿਹਾ ਹੈ ਜਾਂ ਨਹੀਂ, ਉਹ ਆਪਣਾ ਬਸਤਾ ਕਿਸ ਤਰੀਕੇ ਨਾਲ ਸੰਭਾਲਦਾ ਹੈ, ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉਸ ਦੀਆਂ ਰੁਚੀਆਂ ਦਾ ਪਤਾ ਲੱਗ ਜਾਂਦਾ ਹੈ। ਖ਼ਾਸ ਕਰਕੇ ਇਮਤਿਹਾਨਾਂ ਸਮੇਂ ਮਾਪਿਆਂ ਵੱਲੋਂ ਬੱਚਿਆਂ ਨੂੰ ਚੰਗਾ ਪੜ੍ਹਨ ਲਈ ਪਿਆਰ ਨਾਲ ਪ੍ਰੇਰਿਤ ਕੀਤਾ ਜਾਵੇ, ਗੱਲਾਂ ਗੱਲਾਂ ਵਿੱਚ ਉੱਘੀਆਂ ਸਖਸ਼ੀਅਤਾਂ ਦੀਆਂ ਘਾਲਣਾਵਾਂ ਰਾਹੀਂ ਉਹਨਾਂ ਅੰਦਰ ਜਗਿਆਸੂ ਬਿਰਤੀ ਪੈਦਾ ਪੈਦਾ ਕੀਤੀ ਜਾਵੇ, ਬੱਚਿਆਂ ਦਾ ਹੌਸਲਾ ਵਧਾਇਆ ਜਾਵੇ। ਗੱਲ ਗੱਲ ਤੇ ‘ਨਲਾਇਕ’ ਸ਼ਬਦ ਵਰਤ ਕੇ ਉਸ ਨੂੰ ਨੀਵਾਂ ਦਿਖਾਉਣ ਦੀ ਬਜਾਏ ਉਸ ਨੂੰ ਛੋਟੀ ਜਿਹੀ ਪ੍ਰਾਪਤੀ ਤੇ ਵਡਿਆ ਕੇ ਉਸ ਦਾ ਹੌਸਲਾ ਵਧਾਇਆ ਜਾਵੇ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਕਿਸੇ ਵੀ ਬੱਚੇ ਦਾ ਭਵਿੱਖ ਸੰਵਰ ਸਕਦਾ ਹੈ। ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਮੁੱਢਲੇ ਉਪਰਾਲੇ ਕਰਨਾ ਮਾਪਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleHot air balloon crash in Arizona desert kills 4
Next article    ਏਹੁ ਹਮਾਰਾ ਜੀਵਣਾ ਹੈ -485