(ਸਮਾਜ ਵੀਕਲੀ)
ਮੁੱਕ ਗਿਆ ਰਾਸ਼ਨ, ਭੁੱਖ ਨੇ ਸਿੰਘ ਸਤਾਏ ਸੀ,
ਘੇਰਾ ਮੁਗਲਾਂ ਪਾਇਆ ਸੀ ਕਿਲ੍ਹੇ ਨੂੰ ਭਾਰੀ।
ਲਿਖ ਬੇਦਾਵਾ ਸਿੰਘਾਂ ਘਰ ਨੂੰ ਚਾਲੇ ਪਾਏ ਸੀ,
ਆਖਣ ਜਾਂਦੀ ਨਾ ਹੁਣ ਸਾਥੋਂ ਭੁੱਖ ਸਹਾਰੀ।
ਮਾਈ ਭਾਗੋ ਅੱਗੋਂ ਵੰਗਾਂ ਦੇ ਕੇ ਪਾਵੇ ਲਾਹਨਤਾਂ,
ਆਖੇ ਕੀਤੀ ਤੁਸੀਂ ਸਤਿਗੁਰ ਨਾਲ ਗੱਦਾਰੀ।
ਅਸੀਂ ਲੈ ਕੇ ਜੱਥਾ ਕੋਲ ਗੁਰਾਂ ਦੇ ਜਾਵਾਂਗੇ,
ਆਪਣੇ ਦਿਲ ਵਿੱਚ ਮਾਈ ਭਾਗੋ ਪੱਕੀ ਧਾਰੀ।
ਜੱਥੇ ਨਾਲ ਸਿੰਘਾਂ ਨੇ ਪਾਏ ਦੀਨੇ ਵੱਲ ਚਾਲੇ,
ਦਾਗ਼ ਜੋ ਮੱਥੇ ਲੱਗਾ ਧੋਣ ਦੀ ਕਰ ਕੇ ਤਿਆਰੀ।
ਢਾਬ ਖਿਦਰਾਣੇ ਦੀ ਲਾਗੇ ਹੀ ਹਾਲੇ ਪਹੁੰਚੇ ਸੀ,
ਅੱਗੋਂ ਟੱਕਰ ਗਈ ਸੀ ਫ਼ੌਜ ਖਾਨ ਦੀ ਭਾਰੀ।
ਚੱਲੀ ਗੋਲ਼ੀ,ਸ਼ੂਕੇ ਤੀਰ,ਤਲਵਾਰਾਂ ਤੇ ਭਾਲੇ,
ਖੂਨ ਨਾਲ ਗਈ ਸੀ ਰੰਗੀ ਧਰਤੀ ਸਾਰੀ।
ਆਹੂ ਲਾਹ ਮੁਗਲਾਂ ਦੇ ਸੈਂਤੀ ਸਿੰਘ ਸ਼ਹੀਦ ਹੋਏ,
ਫੌਜਾਂ ਖਾਨ ਦੀਆਂ ਨੂੰ ਦਿੱਤੀ ਭਾਂਜ ਕਰਾਰੀ।
ਪੁੱਜੇ ਗੁਰ ਓਥੇ ਜਦ ਵੇਖਣ ਸਿੰਘ ਸ਼ਹੀਦਾਂ ਨੂੰ,
ਮੁੱਖ ਪੂੰਝਣ ਆਖਣ ‘ਇਹ ਮੇਰੇ ਨੇ ਦਸ ਹਜ਼ਾਰੀ’
ਪੁੱਛੀ ਆਖ਼ਰੀ ਇੱਛਾ ਮਹਾਂ ਸਿੰਘ ਸਹਿਕਦੇ ਨੂੰ,
‘ਬੇਦਾਵਾ ਪਾੜ ਦਿਉ’ ਉਸ ਨੇ ਅਰਜ਼ ਗੁਜ਼ਾਰੀ।
ਟੱਟੀ ਗੰਢੀ ਸਤਿਗੁਰ ਪਾੜ ਬੇਦਾਵਾ ਸਿੰਘਾਂ ਦਾ,
‘ਚਾਲੀ ਮੁਕਤੇ ‘ ਕਹਿ ਕੇ ਜਾਂਦੇ ਸਨ ਸਤਿਕਾਰੀ।
ਲੱਗਦਾ ਹਰ ਵਰ੍ਹੇ ਹੈ ਮੇਲਾ ਮੁਕਤਸਰ ਮਾਘੀ ਦਾ,
ਜਸ ਗਾਉਂਦੀ ਸਿੰਘਾਂ ਦਾ, ਜਾ ਕੇ ਸੰਗਤ ਸਾਰੀ।
ਜੂਝਣਾ ਸਾਨੂੰ ਤੂੰ ਸਿਖਾਇਆ ਹੱਕ ਤੇ ਸੱਚ ਲਈ ,
ਸਰਬੰਸ ਦਾਨੀਆ ਤੈਥੋਂ ਮੈਂ ਜਾਵਾਂ ਬਲਿਹਾਰੀ।
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly