ਭਾਰਤੀ ਹਰ ਵਰਗ ਦੀ ਔਰਤ ਨੂੰ ਅਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਹਿਲੀ ਭਾਰਤੀ ਮੁਸਲਿਮ ਅਧਿਆਪਕਾ ਮਾਤਾ ਫ਼ਾਤਿਮਾ ਸ਼ੇਖ ਜੀ ਦੇ ਕ੍ਰਾਂਤੀਕਾਰੀ ਜੀਵਨ ਤੋ ਸਿੱਖਿਆ ਲੈਣੀ ਅੱਜ ਸਮੇਂ ਦੀ ਮੰਗ

ਭਾਰਤੀ ਹਰ ਵਰਗ ਦੀ ਔਰਤ ਨੂੰ ਅਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਹਿਲੀ ਭਾਰਤੀ ਮੁਸਲਿਮ ਅਧਿਆਪਕਾ ਮਾਤਾ ਫ਼ਾਤਿਮਾ ਸ਼ੇਖ ਜੀ ਦੇ ਕ੍ਰਾਂਤੀਕਾਰੀ ਜੀਵਨ ਤੋ ਸਿੱਖਿਆ ਲੈਣੀ ਅੱਜ ਸਮੇਂ ਦੀ ਮੰਗ ਹੈ:-

                  ਇੰਜ:- ਵਿਸ਼ਾਲ ਖੈਰਾ

ਇੰਜ:- ਵਿਸ਼ਾਲ ਖੈਰਾ – ਵਾਸਤਵਿਕ ਕਲਮ ਤੋਂ।

(ਸਮਾਜ ਵੀਕਲੀ)

ਇੱਕ ਕ੍ਰਾਂਤੀਕਾਰੀ ਸਖਸ਼ੀਅਤ – ਇੱਕ ਇਨਸਾਨ ਆਪਣੀ ਮਿੱਥੀ ਮੰਜਿਲ ਵੱਲ ਆਪਣੇ ਮਜ਼ਬੂਤ ਸਾਹਸ ਅਤੇ ਇਰਾਦੇ ਨਾਲ ਹੀ ਅੱਗੇ ਵੱਧਦਾ ਹੈ ਪਰ ਲੋਕ ਸ਼ੁਕਰ ਮਨਾਉਂਦੇ ਹਨ ਆਪਣੀ ਕਿਸਮਤ ਦਾ, ਉਹ ਕਿਸਮਤ ਜਿਸ ਦਾ ਕੋਈ ਵਜੂਦ ਹੀ ਨਹੀਂ। ਇੱਕ ਇਨਸਾਨ ਦਾ ਮਜ਼ਬੂਤ ਇਰਾਦਾ ਉਸਨੂੰ ਆਪਣੀ ਮਿੱਥੀ ਮੰਜਿਲ ਤੱਕ ਹੀ ਨਹੀਂ ਪਹੁੰਚਾਉਂਦਾ ਬਲਕਿ ਦੁਨੀਆ ਵਿੱਚ ਕੀਤੇ ਸੱਚੇ ਕਰਮ ਦੀ ਅਮਿੱਟ ਛਾਪ ਵੀ ਛੱਡਦਾ ਹੈ, ਜਿਸ ਨਾਲ ਉਸ ਇਨਸਾਨ ਦੀ ਵੱਖਰੀ ਸਖਸ਼ੀਅਤ ਨਿੱਖਰ ਕੇ ਸਾਹਮਣੇ ਆਉਂਦੀ ਹੈ। ਇਸ ਸਾਹਸ ਦੀ ਸੱਭ ਤੋਂ ਵੱਡੀ ਮਿਸਾਲ ਹੈ ਮਾਤਾ ਫਾਤਿਮਾ ਸ਼ੇਖ, ਜਿੰਨਾ ਦਾ ਜਨਮ 9 ਜਨਵਰੀ 1831 (ਮੌਤ 9 ਅਕਤੂਬਰ 1900) ਨੂੰ ਹੋਇਆ ਸੀ। ਇੱਕ ਚੰਗੇ, ਸਮਾਜਿਕ ਸੁਧਾਰ, ਕ੍ਰਾਂਤੀਕਾਰੀ ਅਤੇ ਤਰਕਸ਼ੀਲ ਅਧਿਆਪਕ ਅਤੇ ਵਿਦਿਆਰਥੀ ਦਾ ਤੁਹਾਡੀ ਜਾਤ ਜਾਂ ਧਰਮ ਨਾਲ ਸਬੰਧ ਹੋਣਾ ਜ਼ਰੂਰੀ ਨਹੀਂ ਹੈ। ਉਹ ਕਿਸੇ ਵੀ ਸਮੁਦਾਏ ਵਿੱਚ ਹੋ ਸਕਦੇ ਹਨ ਅਤੇ ਪ੍ਰਸੰਸਾ ਦੇ ਪਾਤਰ ਹੋਣੇ ਹੀ ਚਾਹੀਦੇ ਹਨ । ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਹਰ ਇਨਸਾਨ ਦੀ ਇੱਜ਼ਤ ਕਰੀਏ ਅਤੇ ਉਸਨੂੰ ਪੜੀਏ, ਜਿਸ ਨੇ ਸਮੇਂ ਦੀਆਂ ਮਨੁੱਖੀ ਵਿਰੋਧੀ ਕੁਰੀਤੀਆਂ ਦੇ ਖਿਲਾਫ ਵਿਚਾਰਕ ਲੜਾਈ ਲੜੀ ਹੋਵੇ ਅਤੇ ਸਮਾਜ ਲਈ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਨੂੰ ਸਥਾਪਿਤ ਕਰਨ ਲਈ ਜਿੰਦ ਜਾਨ ਲਗਾਈ ਹੋਵੇ। ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀ ਗੱਲ ਕਰਾਂਗੇ ਭਾਰਤ ਦੀ ਪਹਿਲੀ ਮੁਸਲਿਮ ਅਧਿਆਪਿਕਾ ਮਾਤਾ ਫਾਤਿਮਾ ਸ਼ੇਖ ਜੀ ਦੀ, ਜਿੰਨਾ ਨੇ ਆਪਣੀ ਜਿੰਦਗੀ ਵਿੱਚ ਮੌਜੂਦਾ ਮਨੁੱਖੀ ਵਿਰੋਧੀ ਕੁਰੀਤੀਆਂ ਦੀ ਪ੍ਰਵਾਹ ਨਾ ਕਰਦੇ ਹੋਏ, ਹਰ ਵਰਗ ਦੇ ਸਮਾਜ ਨੂੰ ਪੜਾਉਣ ਲਈ , ਭੇਦ ਭਾਵ, ਊਚ-ਨੀਚ ਖਤਮ ਕਰਨ ਲਈ ਮਾਤਾ ਸਵਿਤਰੀ ਬਾਈ ਫੁਲੇ ਜੀ ਦਾ ਮੌਕੇ ਦੀ ਹਕੂਮਤਾਂ ਨਾਲ ਲੜਾਈ ਲੜਦੇ ਹੋਏ, ਭਾਰਤ ਵਿੱਚ 1848 ਨੂੰ ਸਰਵ ਸਮਾਜ ਲਈ ਪਹਿਲਾ ਸਕੂਲ ਖੋਲਣ ਲਈ ਸਹਿਯੋਗ ਦਿੱਤਾ।

ਇੱਕ ਦਇਆਵਾਨ ਰੁਤਬਾ ਅਤੇ ਸੰਘਰਸ਼ ਮਈ ਜੀਵਨ – ਫਾਤਿਮਾ ਸ਼ੇਖ ਇੱਕ ਭਾਰਤੀ ਮੁਸਲਿਮ ਅਧਿਆਪਕ ਸੀ, ਜੋ ਸਮਾਜ ਸੁਧਾਰਕ ਜੋਤੀ ਰਾਓ ਫੂਲੇ ਅਤੇ ਸਾਵਿਤਰੀਬਾਈ ਫੂਲੇ ਜੀ ਦੀ ਸਹਿਯੋਗੀ ਸੀ।ਫਾਤਿਮਾ ਸ਼ੇਖ ਮੀਆਂ ਉਸਮਾਨ ਸ਼ੇਖ ਦੀ ਭੈਣ ਸੀ, ਜਿਸ ਦੇ ਘਰ ਜੋਤੀ ਰਾਓ ਅਤੇ ਸਾਵਿਤਰੀਬਾਈ ਫੂਲੇ ਜੀ ਨੇ ਨਿਵਾਸ ਕੀਤਾ ਸੀ, ਫਾਤਿਮਾ ਸ਼ੇਖ ਆਧੁਨਿਕ ਭਾਰਤ ਦੀਆਂ ਪਹਿਲੀਆਂ ਮੁਸਲਿਮ ਮਹਿਲਾ ਅਧਿਆਪਕਾਂ ਵਿੱਚੋਂ ਇੱਕ ਸੀ, ਜਿਸਨੇ ਜੋਤੀਰਾਓ ਫੁਲੇ ਜੀ ਦੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਫਾਤਿਮਾ ਸ਼ੇਖ ਦੇ ਨਾਲ ਜੋਤੀ ਰਾਓ ਅਤੇ ਸਾਵਿਤਰੀਬਾਈ ਫੂਲੇ ਨੇ ਦੱਬੇ-ਕੁਚਲੇ ਸਮਾਜ ਲਈ ਸਿੱਖਿਆ ਫੈਲਾਉਣ ਦਾ ਨਿਡਰ ਜ਼ਿੰਮਾ ਲਿਆ ਅਤੇ ਸਤੀ ਪ੍ਰਥਾ ਅਤੇ ਬਾਲ ਵਿਆਹ ਦਾ ਡੱਟ ਕੇ ਵਿਰੋਧ ਕੀਤਾ।

ਮਹਾਂਪੁਰਸ਼ਾਂ ਦੇ ਸੰਘਰਸ਼ਾਂ ਨੂੰ ਅਣਦੇਖਿਆ ਕਰਨਾ – ਫਾਤਿਮਾ ਸ਼ੇਖ ਨੇ ਸਾਵਿਤਰੀਬਾਈ ਫੂਲੇ ਨਾਲ ਮੁਲਾਕਾਤ ਕੀਤੀ ਜਦੋਂ ਦੋਵੇਂ ਇੱਕ ਅਮਰੀਕੀ ਮਿਸ਼ਨਰੀ (ਸਿੰਥੀਆ ਫਰਾਰ) ਦੁਆਰਾ ਚਲਾਏ ਜਾ ਰਹੇ ਇੱਕ ਅਧਿਆਪਕ ਸਿਖਲਾਈ ਸੰਸਥਾ ਵਿੱਚ ਦਾਖਲ ਸਨ। ਉਨ੍ਹਾਂ ਨੇ ਕਈ ਸਕੂਲਾਂ ਦੇ ਉਦਘਾਟਨ ਵੀ ਕੀਤੇ ਤੇ ਬਹੁਤ ਸਾਰੇ ਸਕੂਲ ਵੀ ਸਥਾਪਿਤ ਕੀਤਾ। ਸਾਰੇ ਧਰਮਾਂ ਅਤੇ ਜਾਤਾਂ ਦੇ ਬੱਚਿਆਂ ਨੂੰ ਪੜ੍ਹਾਇਆ, ਜਿਸ ਇੱਕ ਛੋਟੇ ਜਿਹੇ ਸਕੂਲ ਦੀ ਸਥਾਪਨਾ ਜੋਤਿਰਾਓ ਫੂਲੇ, ਮਾਤਾ ਸਵਿੱਤਰੀ ਬਾਈ ਫੂਲੇ ਅਤੇ ਫਾਤਿਮਾ ਸ਼ੇਖ ਜੀ ਨੇ ਕੀਤੀ ਸੀ, ਉਸ ਇਤਿਹਾਸਕ ਸਕੂਲ ਨੂੰ ਅੱਜ ਮੌਜੂਦਾ ਸਮੇਂ ਦੀਆਂ ਮਨੂੰਵਾਦੀ ਸਰਕਾਰਾਂ ਨੇ ਜਾਣ ਬੁੱਝ ਕੇ ਬਿਨਾ ਸਾਂਭ ਸੰਭਾਲ ਇੱਕ ਖੰਡਰ ਹਾਲਤ ਵਿੱਚ ਤਬਦੀਲ ਕਰ ਦਿੱਤਾ, ਜਦੋਂ ਕਿ ਇਸ ਜਗ੍ਹਾ ਤੇ ਯਾਦਗਾਰੀ ਦੇ ਤੌਰ ਤੇ ਹੋਰ ਵੀ ਆਲੀਸ਼ਾਨ ਇਮਾਰਤ ਹੋਣੀ ਚਾਹੀਦੀ ਸੀ। ਇਹ ਸੱਭ ਅਚਨਚੇਤ ਨਹੀਂ ਹੁੰਦਾ ਬਲਕਿ ਇਹ ਜਾਣ ਬੁੱਝ ਕੇ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੀਆਂ ਯਾਦਗਾਰਾਂ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ ਤਾਂ ਬਹੁਜਨ ਇਤਿਹਾਸ ਨੂੰ ਦਫ਼ਨ ਕੀਤਾ ਜਾ ਸਕੇ, ਜਿਵੇਂ-ਜਿਵੇਂ ਮਨੂੰਵਾਦ ਵੱਲੋਂ ਬਹੁਜਨ ਮਹਾਪੁਰਸ਼ਾ ਨਾਲ ਸੰਬੰਧਿਤ ਇਮਾਰਤਾਂ ਅਤੇ ਇਤਿਹਾਸ ਖੰਡਰ ਕੀਤਾ ਜਾ ਰਿਹਾ ਹੈ , ਉਸੇ ਤਰ੍ਹਾਂ ਸਾਡੇ ਮਹਾਂਪੁਰਸ਼ਾਂ ਦੀਆਂ ਮਹਾਨ ਯਾਦਗਾਰਾਂ ਅਤੇ ਵਿਚਾਰਾਂ ਨੂੰ ਤੀਲਾ ਤੀਲਾ ਕਰਕੇ ਇਸੇ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਬਹੁਜਨ ਸਮਾਜ ਦੇ ਨੌਜਵਾਨਾਂ ਨੂੰ ਖਾਸ ਕਰਕੇ ਔਰਤਾਂ ਨੂੰ ਆਪਣੇ ਰਹਿਬਰਾਂ ਦੇ ਨਾਲ ਨਾਲ ਮਾਤਾ ਫ਼ਾਤਿਮਾ ਸ਼ੇਖ ਫਰਗੀਆਂ ਦਲੇਰ ਅਧਿਆਪਕਾ ਨੂੰ ਵੀ ਪੜਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀ ਭਾਰਤੀ ਸੰਵਿਧਾਨ ਨੂੰ ਬਚਾ ਸਕੀਏ ਅਤੇ ਪੜ ਸਕੀਏ ਜਿਸ ਨੂੰ ਮਨੂੰਵਾਦੀਆਂ ਵੱਲੋਂ ਦਿਨੋ ਦਿਨ ਖਤਮ ਅਤੇ ਕਮਜ਼ੋਰ ਕੀਤਾ ਜਾ ਰਿਹਾ ਹੈ।

ਅੰਤ – ਮੈਂ ਇੱਕ ਭਾਰਤੀ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਸਾਰੇ ਨੌਜੁਆਨਾਂ ਨੂੰ ਅਗਾਂਹ ਕਰਨਾ ਚਾਹੁੰਦਾ ਹਾਂ ਜੋ ਬਿਨ੍ਹਾ ਕਿਸੇ ਕਾਰਨ ਅੱਜ ਦੇ ਮੀਡੀਆ ਦੇ ਨਜਰੀਏ ਨਾਲ ਆਪਣੇ ਹਰ ਆਂਡ- ਗੁਆਂਢ ਰਹਿੰਦੇ ਮੁਸਲਿਮ ਜਾਂ ਆਪਣੇ ਧਰਮ ਤੋ ਇਲਾਵਾ ਕਿਸੇ ਹੋਰ ਧਾਰਮਿਕ ਵਿਆਕਤੀ ਨੂੰ ਆਪਣੇ ਦੁਸ਼ਮਣ ਦੀ ਨਜ਼ਰ ਨਾਲ ਵੇਖ ਰਹੇ ਹਨ ਅਤੇ ਉਹਨਾਂ ਨੂੰ ਆਪਣੇ ਧਾਰਮਿਕ ਸ਼ਤਰੂ ਸਮਝਦੇ ਹਨ। ਸ਼ਤਰੂ ਧਾਰਮ ਜਾਂ ਜਾਤੀ ਦੇਖ ਕੇ ਨਹੀਂ ਹੋਣੇ ਚਾਹੀਦੇ ਹਨ ! ਹਾਂ ਉਹ ਸੱਭ ਸਾਡੇ ਸ਼ਤਰੂ ਹਨ ਜੋ ਇਨਸਾਨ ਨੂੰ ਇਨਸਾਨ ਨਾਲ ਨਫਰਤ, ਭੇਦ – ਭਾਵ ਅਤੇ ਊਚ-ਨੀਚ ਕਰਨੀ ਸਿਖਾਉਂਦੇ ਹਨ। ਉਹ ਭਾਵੇਂ ਧਰਮ ਹੋਵੇ ਭਾਵੇਂ ਜਾਤ। ਇਸ ਲਈ ਜਾਤਪਾਤ ਅਤੇ ਧਰਮ ਤੋਂ ਉੱਪਰ ਉੱਠਕੇ ਉਹਨਾਂ ਸੱਭ ਨਾਲ ਪਿਆਰ ਸਤਕਾਰ ਕਰੋ ਅਤੇ ਸਿੱਖਣ ਦੀ ਭਾਵਨਾ ਰੱਖੋ ਜਿਹਨਾਂ ਨੇ ਆਪਣਾ ਆਪ ਅਤੇ ਪਰਿਵਾਰ ਸਮਾਜ ਹਿੱਤ ਲਈ ਜੀਆ ਹੋਵੇ, ਉਹ ਭਾਵੇਂ ਕਿਸੇ ਵੀ ਧਰਮ ਜਾਂ ਜਾਤ ਦਾ ਹੀ ਕਿਉਂ ਨਾ ਹੋਵੇ।

Previous articleਸਿੱਖ ਸੰਘਰਸ਼ ਕਰ ਸਕਦੇ ਹਨ, ਪਰ ਜਿੱਤ ਨਹੀਂ ਸਕਦੇ?
Next articleBabasaheb Ambedkar Writing and Speeches-BAWS volumes donated to the Arizona State University