(ਸਮਾਜ ਵੀਕਲੀ)
ਬੜੀ ਪੁਰਾਣੀ ਵਾਰਤਾ, ਕਹਿੰਦੇ ਇੱਕ ਪਿੰਡ ਵਿੱਚ ਇੱਕ ਦਾਣੇ ਭੁੰਨਣ ਵਾਲੀ ਬੜੀ ਗਰੀਬਣੀ ਝਿਉਰੀ ਰਿਹਾ ਕਰਦੀ ਸੀ। ਉਸ ਦੀਆਂ ਛੋਟੀਆਂ ਛੋਟੀਆਂ ਤਿੰਨ ਧੀਆਂ ਸਨ। ਉਹ ਦਾਣੇ ਭੁੰਨ ਕੇ ਮਸਾਂ ਆਪਣਾ ਟਾਇਮ ਪਾਸ ਕਰਦੀ। ਇੱਕ ਦਿਨ ਉਹ ਬਿਮਾਰ ਹੋ ਗਈ, ਜਦੋਂ ਉਸ ਦਾ ਅੰਤ ਸਮਾਂ ਆਇਆ ਤਾਂ ਧਰਮਰਾਜੇ ਨੇ ਆਪਣੇ ਦੂਤ ਨੂੰ ਉਸ ਦਾਣੇ ਭੁੰਨਣ ਵਾਲੀ ਨੂੰ ਮਾਰ ਕੇ ਲਿਆਉਣ ਲਈ ਕਿਹਾ।ਜਦੋਂ ਉਹ ਜਮਦੂਤ ਧਰਤੀ ਤੇ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਗਰੀਬਣੀ ਬੁੱਢੀ ਜਿਸ ਦੀਆਂ ਕਮਜ਼ੋਰ ਛੋਟੀਆਂ ਛੋਟੀਆਂ ਤਿੰਨ ਧੀਆਂ ਬੜੀ ਬੁਰੀ ਹਾਲਤ ਵਿੱਚ ਉਸ ਦੀ ਸੁੱਕੀ ਛਾਤੀ ਨੂੰ ਚੂੰਡ ਭਾਵ ,(ਚੁੰਘ) ਰਹੀਆਂ ਸਨ।
ਉਸ ਦੂਤ ਦੇ ਮਨ ਵਿੱਚ ਤਰਸ ਆ ਗਿਆ। ਉਹ ਆਪਣੇ ਮਾਲਕ ਦੇ ਹੁਕਮ ਨੂੰ ਭੁੱਲ ਬੈਠਾ। ਸੋਚਣ ਲੱਗਿਆ ਕਿ ਜੇ ਮੈਂ ਇਸ ਨੂੰ ਮਾਰ ਕੇ ਲ਼ੈ ਗਿਆ ਤਾਂ ਇਹਨਾਂ
ਮਾਸੂਮ ਕੁੜੀਆਂ ਦੀ ਪਾਲਣਾ ਪਲੋਸਣਾ ਕੌਣ ਕਰੂ। ਉਹ ਸੋਚ ਉਸ ਦੀ ਜਾਨ ਕੱਢੇ ਬਿਨਾਂ ਵਾਪਸ ਚਲਾ ਗਿਆ। ਜਦੋਂ ਵਾਪਸ ਸਵਰਗ ਵਿੱਚ ਧਰਮਰਾਜੇ ਕੋਲ ਗਿਆ ਤਾਂ ਧਰਮਰਾਜੇ ਨੇ ਦੂਤ ਨੂੰ ਉਸ ਬੁੱਢੀ ਨੂੰ ਛੱਡ ਆਉਣ ਦਾ ਕਾਰਣ ਪੁੱਛਿਆ ਤਾਂ ਦੂਤ ਨੇ ਸਾਰੀ ਗੱਲ ਦੱਸ ਦਿੱਤੀ, ਧਰਮਰਾਜੇ ਨੇ ਕਿਹਾ ਤੇਰੀ ਡਿਊਟੀ ਸਿਰਫ ਉਸ ਨੂੰ ਮਾਰ ਕੇ ਲ਼ੈ ਆਉਣ ਤੇ ਲਾਈ ਸੀ ਨਾ ਕਿ ਚੰਗੇ ਮਾੜੇ ਦੀ ਵਿਚਾਰ ਕਰਨ ਤੇ, ਤੂੰ ਉਹਨਾਂ ਕੁੜੀਆਂ ਦੇ (ਭਵਿੱਖ) ਆਉਣ ਵਾਲੇ ਸਮੇਂ ਬਾਰੇ ਨਹੀਂ ਜਾਣਦਾ, ਤੂੰ ਹੁਕਮ ਦੀ ਅਦੂਲੀ ਕੀਤੀ ਭਾਵ ਹੁਕਮ ਨਹੀਂ ਮੰਨਿਆ ਜਿੰਨਾਂ ਚਿਰ ਆਪਣੀ ਇਸ ਗਲਤੀ ਤੇ ਤਿੰਨ ਵਾਰ ਹੱਸ ਕੇ ਸਜ਼ਾ ਨਹੀਂ ਭੁਗਤ ਲੈਂਦਾ ਉਨਾਂ ਚਿਰ ਵਾਪਸ ਸਵਰਗ ਵਿੱਚ ਨਾ ਆਈਂ। ਇਹ ਕਹਿ ਧਰਮਰਾਜੇ ਨੇ ਦੂਤ ਨੂੰ ਵਾਪਸ ਧਰਤੀ ਤੇ ਸੁੱਟ ਦਿੱਤਾ। ਦੂਜੇ ਦੂਤ ਨੂੰ ਭੇਜ ਉਸ ਬੁੱਢੀ ਮਾਰ ਕੇ ਉਸ ਦੀ ਰੂਹ ਨੂੰ ਲ਼ੈ ਕੇ ਆਉਣ ਲਈ ਕਿਹਾ। ਉਸ ਵੇਲੇ ਠੰਡ ਦੀ ਰੁੱਤ ਸੀ ਕੋਰਾ ਪਵੇ ਠੰਡੀ ਸੀਤ ਹਵਾ ਵਰਗੇ ਪੋਹ ਮਾਘ ਦੇ ਦਿਨ ਬਿਲਕੁਲ ਨੰਗ ਧੜੰਗਾ ਸ਼ਹਿਰ ਤੋਂ ਬਾਹਰ ਬਾਹਰ ਖੁੱਲੀ ਜਗਾ ਤੇ ਪਿਆ ਸੀ ਉਹ ਦੂਤ, ਪਾਲੇ ਨਾਲ (ਕੁਗੜ) ਭਾਵ ਠਰਿਆ ਹੋਇਆ ਸੀ। ਉੱਥੋਂ ਦੀ ਰੋਜ਼ ਇੱਕ ਜੁੱਤੀਆਂ ਗੰਢਣ ਵਾਲਾ ਚਮਿਆਰ ਚਮੜਾ ਖ੍ਰੀਦਣ ਜਾਂਦਾ ਜਿਸ ਦੀਆਂ ਜੁੱਤੀਆਂ ਬਣਾ ਕੇ ਸ਼ਹਿਰ ਵੇਚ ਆਪਣੇ ਘਰ ਦਾ ਗੁਜ਼ਾਰਾ ਕਰਦਾ, ਤਿੰਨ ਚਾਰ ਬੱਚੇ ਛੋਟਾਂ ਜਿਹਾ ਘਰ ਮਸਾਂ ਟਾਇਮ ਪਾਸ ਹੁੰਦਾ ਸੀ।ਉਸ ਦੀ ਨਿਗ੍ਹਾ ਉਸ ਆਦਮੀ ਤੇ ਪਈ ਤਾਂ ਉਸ ਨੇ ਸੋਚਿਆ ਕਿ ਇਹ ਬਿਚਾਰਾ ਐਨੀ ਠੰਡ ਵਿੱਚ ਕਿਵੇਂ ਰਾਤ ਕੱਟਦਾ ਹੋਊ, ਉਸ ਦੇ ਮਨ ਵਿੱਚ ਤਰਸ ਆ ਗਿਆ। ਤੇ ਆਪਣੇ ਘਰ ਦੇ ਸਮਾਨ ਨੂੰ ਭੁਲਾ ਉਸ ਵਾਸਤੇ ਚਮੜਾ ਵੇਚ ਕੱਪੜੇ ਤੇ ਜੁੱਤੀ ਲ਼ੈ ਆਇਆ ਤੇ ਆ ਕੇ ਕਹਿਣ ਲੱਗਿਆ ‘ਲ਼ੈ ਫੱਕਰਾਂ? ਇਹ ਕੱਪੜੇ ਪਾ ਤੇ ਮੇਰੇ ਨਾਲ ਮੇਰੇ ਘਰ ਚੱਲ,” ਉਹ ਦੂਤ ਨੂੰ ਆਪਣੇ ਘਰ ਲ਼ੈ ਆਇਆ ਜਦੋਂ ਉਸ ਚਮਿਆਰ ਦੇ ਘਰ ਵਾਲੀ ਨੂੰ ਪਤਾ ਲੱਗਿਆ ਤਾਂ ਉਹ ਚਮਿਆਰ ਨੂੰ ਕਹਿਣ ਲੱਗੀ
ਕਿ’ “ਆਪਾਂ ਤਾਂ ਗਰੀਬ ਤੇ ਆਪਣਾ ਛੋਟਾ ਜਿਹਾ ਘਰ ਹੈ, ਤੂੰ ਇਸ ਨੂੰ ਕਿਉਂ ਲ਼ੈ ਕੇ ਆਇਆ,” ਗ਼ੁੱਸੇ ਦੇ ਵਿੱਚ ਆਪਣੇ ਘਰ ਵਾਲੇ ਨੂੰ ਵੱਧ ਘੱਟ ਬੋਲੀ, ਚਮਿਆਰ ਗੁੱਸੇ ਵਿੱਚ ਆ ਕੇ ਉਸ ਨੂੰ ਮਾਰ ਲੱਗਿਆ, ਇਹ ਵੇਖ ਦੂਤ ਉੱਚੀ ਉੱਚੀ ਹੱਸਣ ਲੱਗ ਪਿਆ। ਉਹ ਸੋਚਦਾ ਸੀ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਦੂਤ ਅਜਨਬੀ ਹੈ ਨਾ ਕੋਈ ਸਧਾਰਨ ਮਨੁੱਖ, ਜਿਸ ਦੇ ਆਉਣ ਨਾਲ ਘਰ ਵਿੱਚ ਲਹਿਰਾ ਬਹਿਰਾ ਲੱਗ ਜਾਣਗੀਆਂ। ਜਦੋਂ ਦੂਤ ਹੱਸ ਰਿਹਾ ਸੀ, ਤਾਂ ਜੁੱਤੀਆਂ ਗੰਢਣ ਵਾਲਾ ਦੂਤ ਨੂੰ ਗੁੱਸੇ ਨਾਲ ਕਹਿਣ ਲੱਗਿਆ, “ਵੇਖ ਤੇਰੇ ਕਰਕੇ ਸਾਡੇ ਘਰੇ ਲੜਾਈ ਪੈ ਗਈ, ਤੇ ਤੂੰ ਹੱਸ ਰਿਹਾ”। ਇਹ ਹੱਸਣ ਦਾ ਕਾਰਣ ਸਿਰਫ਼ ਦੂਤ ਹੀ ਜਾਣਦਾ ਸੀ। ਕਿ ਮੈਂ ਆਪਣੇ ਮਾਲਕ ਦੇ ਕਿਹੇ ਨੂੰ ਨਹੀਂ ਸਮਝ ਸਕਿਆ, ਉਸ ਤਰਾਂ ਇਹ ਵੀ ਇਸ ਗੱਲ ਬਾਰੇ ਅਣਜਾਣ ਹਨ। ਉਸ ਨੂੰ ਉਸ ਨੇ ਜੁੱਤੀਆਂ ਦਾ ਕੰਮ ਸਿਖਾ ਦਿੱਤਾ, ਉਹ ਦੂਤ ਬੜੀ ਛੇਤੀ ਕੰਮ ਸਿੱਖ ਗਿਆ, ਕਿਉਂਕਿ ਉਸ ਦੀ ਬੁੱਧੀ ਬੜੀ ਸੂਖਮ ਤੇ ਸੁਚੇਤ ਸੀ। ਉਸ ਦਾ ਜੁੱਤੀਆਂ ਬਣਾਉਣ ਵਾਲਾ ਅੱਡਾ ਵੱਖ ਲਵਾਂ ਦਿੱਤਾ। ਉਸ ਦੀਆਂ ਬਣੀਆਂ ਜੁੱਤੀਆਂ ਦੂਰ ਤੱਕ ਮਸ਼ਹੂਰ ਹੋ ਗਈਆਂ। ਲੋਕ ਬੜੀ ਦੂਰੋਂ ਦੂਰੋਂ ਚੱਲ ਕਿ ਆਉਣ ਲੱਗ ਪਏ। ਉਸ ਚਮਿਆਰ ਦੇ ਘਰ ਰੌਣਕਾਂ ਲੱਗਣ ਲੱਗ ਪਈਆ, ਥੋੜ੍ਹੇ ਸਮੇਂ ਵਿੱਚ ਉਹ ਬਹੁਤ ਅਮੀਰ ਹੋ ਗਿਆ। ਵਧੀਆ ਜੀਵਨ ਬਤੀਤ ਹੋਣ ਲੱਗਿਆ ਵੱਡੇ ਵੱਡੇ ਅਮੀਰ ਲੋਕ ਰਥਾਂ ਤੇ ਆਇਆ ਕਰਨ ਜੁੱਤੀਆਂ ਬਣਵਾਉਣ। ਘਰੇ ਲਹਿਰਾਂ ਬਹਿਰਾਂ ਹੋ ਗਈਆਂ। ਇੱਕ ਦਿਨ ,ਇੱਕ ਰੱਥ ਬਾਰ ਵਿੱਚ ਆ ਕੇ ਰੁੱਕਿਆ ਤੇ ਉਸ ਵਿੱਚੋਂ ਤਿੰਨ ਕੁੜੀਆਂ ਤੇ ਬੁੱਢੀ ਮਾਈ ਉੱਤਰੀ ਤੇ ਪੁੱਛਣ ਲੱਗੀ, ” ਭਾਈ ਇੱਥੇ ਜੁੱਤੀਆਂ ਬਣਾਉਣ ਵਾਲੇ ਕੌਣ ਹਨ। ਅਸੀਂ ਉਸ ਨੂੰ ਜੁੱਤੀਆਂ ਦਾ ਮੇਚਾ ਦੇਣਾ ਸੀ”। ਉੱਥੇ ਖੜ੍ਹੇ ਲੋਕਾਂ ਨੇ ਦੱਸਿਆ ਕਿ, “ਮਾਈ ਔਹ ਘਰੇ, ਇੱਕ ਮੁੰਡਾ ਜੁੱਤੀਆਂ ਸਿਆਉਦਾ”, ਉਹ ਉਸ ਕੋਲ ਚਲੀਆਂ ਗਈਆਂ ਤੇ ਕਹਿਣ ਲੱਗੀਆਂ,” ਵੇ ਭਾਈ ਆਹ ਕੁੜੀਆਂ ਦੇ ਪੈਰਾਂ ਦਾ ਮੇਚਾਂ ਲੈ, ਤੇ ਵਧੀਆ ਜੁੱਤੀਆਂ ਬਣਾਈ”।
ਜਦੋਂ ਉਹ ਦੂਤ ਮੇਚਾਂ ਲੈਣ ਲੱਗਿਆ ਤਾਂ ਉੱਪਰ ਝਾਕ ਕੇ ਕਹਿਣ ਲੱਗਿਆ,” ਮਾਈ ਇਹ ਕੁੜੀਆਂ ਕੌਣ ਆ? ਥੋਡੀਆਂ,”
ਮਾਈ ਕਹਿਣ ਲੱਗੀ,” ਨਹੀਂ ਭਾਈ ,ਸਾਡੇ ਗੁਆਂਢ ਇੱਕ ਗਰੀਬਣੀ ਝਿਉਰੀ ਰਿਹਾ ਕਰਦੀ ਸੀ। ਉਹ ਇਹਨਾਂ ਕੁੜੀਆਂ ਨੂੰ ਛੱਡ ਕੇ ਮਰ ਗਈ। ਮੈਂ ਬਹੁਤ ਅਮੀਰ ਸੀ ਤੇ ਮੇਰੇ ਕੋਈ ਔਲਾਦ ਨਹੀਂ ਹੋਈ, ਮੈਂ ਸੋਚਿਆ ਕਿ ਕਿਉਂ ਨਾ ਇਹਨਾਂ ਕੁੜੀਆਂ ਨੂੰ ਪਾਲ ਲਵਾਂ, ਇਹ ਉਹ ਕੁੜੀਆਂ ਜੋ ਮੈਂ ਛੋਟੀਆਂ ਛੋਟੀਆਂ ਨੂੰ ਪਾਲਿਆ ਤੇ ਅੱਜ ਇਹਨਾਂ ਦੇ ਵਿਆਹ ਮੈਂ ਉੱਚਿਆਂ ਘਰਾਣਿਆਂ ਵਿੱਚ ਕਰਨੇ ਹਨ”। ਦੂਤ ਨੇ ਸੋਚਿਆ, ਮੈਂ ਕੁਝ ਹੋਰ ਸੋਚਦਾ ਦਾ ਸੀ ਬਣ ਕੁਝ ਹੋਰ ਰਿਹਾ। ਉਹ ਉਸ ਗੱਲ ਨੂੰ ਯਾਦ ਕਰ , ਉੱਚੀ ਉੱਚੀ ਹੱਸਣ ਲੱਗ ਪਿਆ। ਚਮਿਆਰ ਨੂੰ ਫੇਰ ਗੁੱਸਾ ਚੜ ਗਿਆ ਮਾਰਨ ਲੱਗਿਆ ਦੂਤ ਨੂੰ ਕਹਿਣ ਲੱਗਿਆ, ” ਇਹ ਕੁੜੀਆਂ ਸਾਡੇ ਕੋਲੋਂ ਜੁੱਤੀਆਂ ਬਣਵਾਉਣ ਲਈ ਆਈਆਂ, ਤੂੰ ਇਹਨਾਂ ਨੂੰ ਵੇਖ ਕੇ ਹੱਸਦਾ,”। ਉਸ ਬੁੱਢੀ ਨੇ ਹਟਾ ਦਿੱਤਾ। ਉਹ ਮੇਚਾਂ ਦੇ ਕੇ ਚਲੀਆਂ ਗਈਆਂ। ਜਿੱਥੇ ਅੱਗੇ ਉਸ ਜੁੱਤੀਆਂ ਗੰਢਣ ਵਾਲੇ ਕੋਲ ਇੱਕ ਸਿਰਫ ਝੁੱਗੀ ਸੀ। ਉੱਥੇ ਮਹਿਲ ਮੁਨਾਰੇ ਬਣ ਗਏ। ਬੱਚੇ ਰਥਾਂ ਚ’ਸਵਾਰ ਹੋ ਪੜਨ ਜਾਇਆ ਕਰਨ। ਉਸ ਦੂਤ ਦੀ ਇੰਨੀ ਮਸ਼ਹੂਰੀ ਹੋਈ ਕਿ ਉੱਥੋ ਦੇ ਰਾਜੇ ਤੱਕ ਗੱਲ ਪਹੁੰਚ ਗਈ। ਕਿ ਉਸ ਪਿੰਡ ਇੱਕ ਚਮਿਆਰ ਦੇ ਘਰ ਇੱਕ ਮੁੰਡਾ ਜੁੱਤੀਆਂ ਬੜੀਆਂ ਵਧੀਆ ਸਿਉਦਾ। ਤੇ ਰਾਜੇ ਨੇ ਬੜਾ ਕੀਮਤੀ ਚਮੜਾ ਦੇ ਕੇ ਨੌਕਰਾਂ ਨੂੰ ਉਸ ਕੋਲੋਂ ਜੁੱਤੀ ਬਣਵਾਉਣ ਲਈ ਭੇਜਿਆ। ਨਾਲ ਇਹ ਵੀ ਤਾਗੀਦ ਕੀਤੀ ਕਿ ਇਹ ਚਮੜਾ ਬੜਾ ਕੀਮਤੀ ਹੈ। ਵਧੀਆ ਜੁੱਤੀ ਬਣਾਉਣ ਤੇ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ, ਜੇ ਜੁੱਤੀ ਸਹੀ ਨਾ ਬਣੀ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਉਹ ਵਜ਼ੀਰ ਦੂਤ ਨੂੰ ਰਾਜੇ ਦੀ ਜੁੱਤੀ ਦਾ ਮੇਚਾ ਦੇ ਅੱਠ ਦਿਨਾਂ ਦਾ ਇਕਰਾਰ ਕਰਕੇ ਚਲੇ ਗਏ।
ਪਿੱਛੋਂ ਚਮਿਆਰ ਨੇ ਦੂਤ ਨੂੰ ਕਿਹਾ।” ਧਿਆਨ ਨਾਲ ਜੁੱਤੀ ਬਣਾਈ, ਵੇਖੀ ਕਿਤੇ ਆਪਾਂ ਰਾਜੇ ਦੇ ਗ਼ੁੱਸੇ ਦਾ ਸ਼ਿਕਾਰ ਨਾ ਹੋ ਜਾਈਏ”।
ਜਦੋਂ ਦੋ ਤਿੰਨ ਦਿਨ ਲੰਘੇ ਚਮਿਆਰ ਨੇ ਦੂਤ ਨੂੰ ਜੁੱਤੀ ਬਾਰੇ ਪੁੱਛਿਆ ਤਾਂ ਦੂਤ ਨੇ ਕਿਹਾ “ਅਜੇ ਨਹੀਂ ਬਣੀ, ਦੋ ਦਿਨ ਬਾਅਦ ਫਿਰ ਜਦੋਂ ਪੁੱਛਿਆ ਤਾਂ ਦੂਤ ਨੇ ਕਿਹਾ ਬਣਾ ਦਿੱਤੀ,” ਚਮਿਆਰ ਨੇ ਕਿਹਾ, “ਦਿਖਾ ਕਿਸ ਤਰ੍ਹਾਂ ਦੀ ਬਣਾਈ ਹੈ। ਜਦੋਂ ਜੁੱਤੀ ਵੇਖੀ ਤਾਂ ਜੁੱਤੀ ਦੀ ਥਾਂ ਦੂਤ ਨੇ ਸਲੀਪਰ ਬਣਾ ਦਿੱਤੇ, ਉੱਥੇ ਰਿਵਾਜ ਸੀ ਜਦੋਂ ਕੋਈ ਮਰਦਾ ਤਾਂ ਅੰਤ ਸਮੇਂ ਇਹ ਪਾਏ ਜਾਂਦੇ ਸਨ। ਸਲੀਪਰ ਵੇਖ ਚਮਿਆਰ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ,” ਇਹ ਤੂੰ ਸਲੀਪਰ ਬਣਾ ਦਿੱਤੇ, ਇਹ ਤਾਂ ਮਰੇ ਹੋਏ ਬੰਦੇ ਦੇ ਪਾਏ ਜਾਂਦੇ ਹਨ। ਤੈਨੂੰ ਪਤਾ ਨੀ ਬਾਦਸ਼ਾਹ ਕਿੰਨਾਂ ਭੈੜਾ ਮੇਰਾ ਸਾਰਾ ਟੱਬਰ ਕੋਹਲੂ ਵਿੱਚ ਪੀੜ ਦੇਵੇਗਾ”। ਚਮਿਆਰ ਗੁੱਸੇ ਵਿੱਚ ਆ ਦੂਤ ਨੂੰ ਮਾਰਨ ਲੱਗਿਆ। ਉਸੇ ਵੇਲੇ ਰਾਜੇ ਦੇ ਸਿਪਾਹੀ ਭੱਜੇ ਆਏ
ਤੇ ਕਹਿਣ ਲੱਗੇ,” ਜੁੱਤੀ ਨੀ, ਸਲੀਪਰ ਬਣਾ ਦਿਓ, ਕਿਉਂਕਿ ਰਾਜਾ ਰਾਤ ਚੜ੍ਹਾਈ ਕਰ ਗਿਆ”।(ਭਾਵ ਮਰ ਗਿਆ) ਉਹ ਮਿਹਨਤ ਭਾਵ ਪੈਸੇ ਦੇ ਕੇ ਸਲੀਪਰ ਲ਼ੈ ਗਏ। ਹੁਣ ਉਹ ਦੂਤ ਤਿੰਨ ਵਾਰ ਹੱਸ ਕੇ ਅਤੇ ਆਪਣੇ ਕੀਤੇ ਤੇ ਪਛਤਾ, ਸਜ਼ਾ ਪੂਰੀ ਕਰ ਚੁੱਕਿਆ ਸੀ। ਜਿਵੇਂ ਉਸ ਨੂੰ ਆਪਣੇ ਮਾਲਕ ਦੇ ਹੁਕਮ ਦੀ ਪਹਿਚਾਣ ਨਹੀਂ ਸੀ, ਭਾਵ ਸਮਝ ਨਹੀਂ ਸੀ, ਇਸ ਤਰ੍ਹਾਂ ਇਹ ਵੀ ਇਸ ਨੂੰ ਨਹੀਂ ਸਮਝ ਸਕੇ, ਕਿ ਇਹ ਜੋ ਸਾਡੇ ਘਰ ਕਰਾਮਾਤ ਵਰਤ ਰਹੀ ਹੈ। ਉਹ
ਇਸ ਕਰਕੇ ਇਹ ਕੋਈ ਸਧਾਰਨ ਮਨੁੱਖ ਨਹੀਂ । ਹੁਣ ਉਸ ਦਾ ਸਮਾਂ ਪੂਰਾ ਹੋ ਗਿਆ ਤੇ ਉਸ ਨੇ ਸਾਰੇ ਪਰਿਵਾਰ ਨੂੰ ਇੱਕਠੇ ਕਰਕੇ ਸਾਰਾ ਕੁਝ ਦੱਸ ਦਿੱਤਾ, ਕਿ ਮੈਂ ਕੌਣ ਸੀ? ਉਹ ਦੂਤ ਵੇਖਦੇ ਵੇਖਦੇ ਉਹਨਾਂ ਨੂੰ ਛੱਡ ਵਾਪਸ ਸਵਰਗ ਵਿੱਚ ਚਲਾ ਗਿਆ।
ਹੁਣ ਉਹ ਉਦੋਂ ਸਮਝ ਭਾਵ ਪਛਾਣ ਸਕੇ ਜਦੋਂ ਸਮਾਂ ਹੱਥੋਂ ਲੰਘ ਗਿਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly